ਮਜ਼ਦੂਰ ਜਮਾਤ ਦੀ ਜਿੱਤ ਦਾ ਪ੍ਰਤੀਕ ਮਈ ਦਿਵਸ- ਗੁਰਚਰਨ ਪੱਖੋਕਲਾਂ
Posted on:- 01-05-2014
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ, 1886 ਤੋਂ ਮੰਨੀ ਜਾਂਦੀ ਹੈ, ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ। ਇਹ ਬੰਬ ਕਿਸ ਨੇ ਸੁੱਟਿਆ ਕੋਈ ਪਤਾ ਨਹੀਂ। ਇਸਦੇ ਸਿੱਟੇ ਵਜੋਂ ਪੁਲੀਸ ਨੇ ਮਜ਼ਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਸੱਤ ਮਜ਼ਦੂਰ ਮਾਰ ਦਿੱਤੇ। ਭਰੋਸੇਯੋਗ ਗਵਾਹਾਂ ਨੇ ਤਸਦੀਕ ਕੀਤੀ ਕਿ ਪਿਸਟਲਾਂ ਦੀਆਂ ਸਾਰੀਆਂ ਫਲੈਸ਼ਾਂ ਗਲੀ ਦੇ ਕੇਂਦਰ ਵਲੋਂ ਆਈਆਂ ਜਿਥੇ ਪੁਲਿਸ ਖੜੀ ਸੀ, ਅਤੇ ਭੀੜ ਵਲੋਂ ਇੱਕ ਵੀ ਗੋਲੀ ਨਹੀਂ ਆਈ । ਇਸ ਤੋਂ ਵੀ ਅਗਲੀ ਗੱਲ, ਮੁਢਲੀਆਂ ਅਖਬਾਰੀ ਰਿਪੋਰਟਾਂ ਵਿੱਚ ਭੀੜ ਵਲੋਂ ਗੋਲੀਬਾਰੀ ਦਾ ਕੋਈ ਜ਼ਿਕਰ ਨਹੀਂ। ਮੌਕੇ ਤੇ ਇੱਕ ਟੈਲੀਗ੍ਰਾਫ ਖੰਭਾ ਗੋਲੀਆਂ ਨਾਲ ਹੋਈਆਂ ਮੋਰੀਆਂ ਨਾਲ ਪੁਰ ਹੋਇਆ ਪਿਆ ਸੀ, ਜੋ ਸਾਰੀਆਂ ਦੀਆਂ ਸਾਰੀਆਂ ਪੁਲਿਸ ਵਾਲੇ ਪਾਸੇ ਤੋਂ ਆਈਆਂ ਸਨ ।
ਭਾਵੇਂ ਇਨ੍ਹਾਂ ਘਟਨਾਵਾਂ ਦਾ ਅਮਰੀਕਾ ਉੱਤੇ ਇਕਦਮ ਕੋਈ ਵੱਡਾ ਪ੍ਰਭਾਵ ਨਹੀਂ ਪਿਆ ਸੀ ਪਰ ਕੁਝ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ। ਇੱਕ ਮਈ ਦੀ ਮਜ਼ਦੂਰਾਂ ਦੀ ਹੜਤਾਲ ਅਤੇ ਸੰਘਰਸ਼ ਦੀ ਇਹ ਪਹਿਲੀ ਜਿੱਤ ਸੀ । ਮੌਜੂਦਾ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸਬੰਧੀ ਕਾਨੂੰਨ ਲਾਗੂ ਹੈ। ਮਜ਼ਦੂਰ ਜਮਾਤ ਦੁਨੀਆਂ ਦੀ ਸਭ ਤੋਂ ਵੱਡੀ ਕਿਰਤੀ ਜਮਾਤ ਹੈ ਅਤੇ ਦੁਨੀਆਂ ਦੀ ਇਹ ਧੌਲ ਰੂਪੀ ਜਮਾਤ ਤੋਂ ਬਿਨਾਂ ਦੁਨੀਆਂ ਦਾ ਵਿਕਾਸ ਸੋਚਿਆਂ ਵੀ ਨਹੀਂ ਜਾ ਸਕਦਾ ।
ਵਰਤਮਾਨ ਸਮੇਂ ਵਿੱਚ ਦੁਨੀਆਂ ਨੂੰ ਸਰਮਾਏਦਾਰ ਲੋਕ ਲੋਕ ਹਿੱਤ ਦੀ ਥਾਂ ਨਿੱਜੀ ਹਿੱਤ ਅਤੇ ਅੱਯਾਸੀ ਲਈ ਵਰਤਣ ਦੇ ਜੁਗਾੜ ਵਿੱਚ ਦੁਨੀਆਂ ਦੇ ਕਿਰਤੀ ਲੋਕਾਂ ਦੇ ਹਿੱਤ ਸੋਚਣਾਂ ਹੀ ਭੁੱਲ ਚੁਕੇ ਹਨ । ਇੱਕ ਦੂਜੇ ਕਾਰਪੋਰੇਟ ਘਰਾਣੇ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਸਰਮਾਏਦਾਰ ਲੋਕ ਕੁਦਰਤ ਅਤੇ ਕਿਰਤੀ ਮਜ਼ਦੂਰ ਜਮਾਤ ਦਾ ਸੋਸਣ ਕਰਨ ਨੂੰ ਪਹਿਲ ਦੇਣ ਵਿੱਚ ਇੱਕ ਦੂਜੇ ਤੋਂ ਅੱਗੇ ਲੰਘ ਰਹੇ ਹਨ। ਦੁਨੀਆਂ ਭਰ ਦਾ ਮਜ਼ਦੂਰ ਇਸ ਖਪਤਕਾਰੀ ਸੰਸਾਰ ਵਿੱਚ ਆਪਣੀਆਂ ਮੁਢਲੀਆਂ ਲੋੜਾਂ ਵੀ ਪੂਰੀਆਂ ਕਰਨ ਵਿੱਚ ਅਸਮਰਥ ਹੋ ਰਿਹਾ ਹੈ ।
ਸਭ ਤੋਂ ਵੱਡੀ ਗੱਲ ਕਿਰਤੀ ਮਜ਼ਦੂਰ ਲੋਕ ਰੋਜਾਨਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਹੀ ਏਨਾਂ ਕੁ ਮਜਬੂਰ ਹੋਈ ਜਾ ਰਿਹਾ ਹੈ ਕਿ ਉਹ ਘਸਿਆਰਾ ਬਣਨ ਦੀ ਹੱਦ ਤੇ ਪਹੁੰਚ ਕੇ ਸੰਘਰਸ਼ ਕਰਨ ਬਾਰੇ ਸੋਚਣਾਂ ਵੀ ਬੰਦ ਕਰੀ ਜਾ ਰਿਹਾ ਹੈ। ਵਪਾਰਕ ਘਰਾਣੇ ਅਤੇ ਸਰਕਾਰਾਂ ਇਸ ਜਮਾਤ ਨੂੰ ਗੁਲਾਮਾਂ ਵਾਂਗ ਵਰਤਣ ਦੀ ਕੋਸਿਸ ਕਰ ਰਹੀਆਂ ਹਨ । ਇਸ ਖਤਰਨਾਕ ਸਥਿਤੀ ਵਿੱਚੋਂ ਨਿਕਲਣ ਲਈ ਮਜ਼ਦੂਰ ਜਮਾਤ ਨੂੰ ਚੇਤਨ ਹੋਣਾਂ ਹੀ ਪਵੇਗਾ ਭਾਵੇਂ ਕਿ ਵਰਤਮਾਨ ਦੁਨੀਆਂ ਦਾ ਪਰਬੰਧਕੀ ਸਿਸਟਮ ਇਸ ਨੂੰ ਰੋਕਣ ਦੀ ਹਰ ਸੰਭਵ ਕੋਸਿਸ ਜਾਰੀ ਰੱਖ ਰਿਹਾ ਹੈ। ਵਰਤਮਾਨ ਸੰਸਾਰ ਵਿੱਚ ਬਰਾਬਰੀ ਦਾ ਸਿਧਾਂਤ ਖਤਮ ਕੀਤਾ ਜਾ ਰਿਹਾ ਹੈ, ਜਿਸਦੀ ਸਭ ਤੋਂ ਵੱਡੀ ਮਾਰ ਮਜ਼ਦੂਰ ਜਮਾਤ ਤੇ ਪੈ ਰਹੀ ਹੈ।
ਗੁਰੂ ਨਾਨਕ ਜੀ ਵੱਲੋਂ ਜਪੁਜੀ ਸਾਹਿਬ ਵਿੱਚ ਦੁਨੀਆਂ ਨੂੰ ਧੌਲ ਬਣਕੇ ਟਿਕਾਈ ਰੱਖਣ ਵਾਲਾ , ਧਰਮ ਅਤੇ ਦਇਆਂ ਵਿੱਚੋਂ ਪੈਦਾ ਹੁੰਦਾਂ ਹੈ ਅਤੇ ਸਬਰ ਉਸਦੀ ਨਿਸਾਨੀ ਹੁੰਦੀ ਹੈ।
ਧੌਲ , ਧਰਮ ਦਇਆ ਕਾ ਪੂਤ । ਸੰਤੋਖ ਥਾਪ ਰੱਖਿਆ ਜਿਨ ਸੂਤ ॥
ਵਰਤਮਾਨ ਸਮੇਂ ਵਿੱਚ ਮਜ਼ਦੂਰ ਜਮਾਤ ਹੀ ਉਹ ਧੌਲ ਹੈ ਜਿਸ ਦੇ ਸਿਰ ਤੇ ਹੀ ਦੁਨੀਆਂ ਦਾ ਵਿਕਾਸ ਹੋ ਰਿਹਾ ਹੈ ਅਤੇ ਇਹ ਜਮਾਤ ਆਪਣਾਂ ਗਿਆਨ ਰੂਪੀ ਧਰਮ ਸਮਝਦਿਆਂ ਕਿਰਤ ਕਰਦੀ ਹੈ ਤੇ ਘਾਟੇ ਸਹਿੰਦਿਆਂ ਹੋਇਆਂ ਸਿਰਫ ਦਇਆਂ ਕਾਰਨ ਹੀ ਬਗਾਵਤ ਦਾ ਰਾਹ ਨਹੀਂ ਚੁਣਦੀ ਜਦੋਂ ਕਿ ਵਿਹਲੜ ਮਾਲਕ ਲੋਕ ਐਸਪ੍ਰਸਤੀਆਂ ਕਰਦੇ ਹਨ । ਵਿਹਲੜ ਲੋਕਾਂ ਦੇ ਹੱਥ ਸਰਦਾਰੀਆਂ ਦੇਖਕੇ ਵੀ ਸਬਰ ਦੀਆਂ ਨਿਸ਼ਾਨੀਆਂ ਤੇ ਪਹਿਰਾ ਦੇ ਰਹੀ ਮਜ਼ਦੂਰ ਜਮਾਤ ਸੰਸਾਰ ਵਿੱਚ ਅਮਨ ਚੈਨ ਦੀ ਅਲੰਬਰ ਦਾਰ ਹੈ ਪਰ ਜਿਸ ਦਿਨ ਵੀ ਦੁਨੀਆਂ ਦੀ ਇਹ ਧੌਲ ਰੂਪੀ ਮਜ਼ਦੂਰ ਕੌਮ ਆਪਣਾਂ ਸਿਰ ਹਿਲਾਉਣਾਂ ਸੁਰੂ ਕਰ ਦੇਵੇਗੀ ਅਮੀਰ ਲੋਕਾਂ ਦੀ ਦੁਨੀਆਂ ਵਿੱਚ ਭੂਚਾਲ ਆ ਜਾਵੇਗਾ ।
ਦੁਨੀਆਂ ਦੇ ਸਰਕਾਰਾਂ ਚਲਾਉਣ ਵਾਲਿਆਂ ਅਤੇ ਉਦਯੋਗਿਕ ਘਰਾਣਿਆਂ ਦੇ ਮਾਲਕਾਂ ਨੂੰ ਵੀ ਬੇਰਹਿਮ ਬਣਨ ਤੋਂ ਗੁਰੇਜ ਕਰਨ ਦੀ ਜ਼ਰੂਰਤ ਹੈ । ਸੋ ਅੰਤ ਵਿੱਚ ਮਜ਼ਦੂਰ ਜਮਾਤ ਨੂੰ ਵੀ ਆ।ਪਣੀ ਤਾਕਤ ਪਛਾਨਣੀ ਚਾਹੀਦੀ ਹੈ । ਮਜ਼ਦੂਰ ਜਮਾਤ ਹੀ ਦੁਨੀਆਂ ਦੀ ਅਸਲੀ ਤਾਕਤ ਹੈ ਅਤੇ ਇਸ ਜਮਾਤ ਨੂੰ ਘਸਿਆਰੇ ਬਣਨ ਦੀ ਬਜਾਇ ਆਪਣੀ ਤਾਕਤ ਦੁਨੀਆਂ ਦੇ ਝੂਠੇ ਮਾਲਕਾਂ ਨੂੰ ਦੱਸਣ ਦੀ ਹਰ ਸੰਭਵ ਕੋਸਿਸ ਕਰਨੀਂ ਚਾਹੀਦੀ ਹੈ । ਇੱਕ ਮਈ ਦਾ ਸੰਘਰਸ਼ ਅਤੇ ਇਸ ਦਿਨ ਮਜ਼ਦੂਰ ਜਮਾਤ ਵੱਲੋਂ ਮਨਾਇਆ ਜਾਣ ਵਾਲਾ ਮਈ ਦਿਵਸ ਦੁਨੀਆਂ ਦੇ ਸਰਮਾਏਦਾਰ ਲੋਕਾਂ ਨੂੰ ਆਪਣੀ ਹੋਂਦ ਜਤਾਉਣ ਦਾ ਮੌਕਾ ਹੁੰਦਾਂ ਹੈ ਅਤੇ ਇਸ ਦਿਨ ਨੂੰ ਦੁਨੀਆਂ ਭਰ ਦੇ ਮਜਦੂਰਾਂ ਨੂੰ ਏਕੇ ਦਾ ਵਿਖਾਵਾ ਕਰਦਿਆਂ ਨਅਰਾ ਬੁਲੰਦ ਕਰਨਾ ਚਾਹੀਦਾ ਹੈ ਦੁਨੀਆਂ ਭਰ ਦੇ ਕਾਮਿਉਂ ਇੱਕ ਹੋ ਜਾਉ ।
ਸੰਪਰਕ: +91 94177 27245