ਕਿਵੇਂ ਹੋਂਦ ਵਿੱਚ ਆਇਆ ਦੁਨੀਆਂ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ? -ਡਾ. ਬਲਪ੍ਰੀਤ ਸਿੰਘ
Posted on:- 25-03-2014
ਭਾਰਤ ਦੇਸ਼ ਦੁਨੀਆ ਭਰ ਵਿੱਚ ਆਪਣੇ ਸੱਭਿਆਚਾਰ ਅਤੇ ਖੁਸ਼ਹਾਲੀ ਭਰੀ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ। ਸਿਰਫ ਇਹੀ ਨਹੀਂ, ਭਾਰਤ ਦੁਨੀਆ ਦਾ ਸਭ ਤੋ ਵੱਡਾ ਜਮਹੂਰੀ ਦੇਸ਼ ਵੀ ਹੈ, ਜਿਸ ਕੋਲ ਦੁਨੀਆ ਦਾ ਸਭ ਤੋ ਵੱਡਾ ਲਿਖਤੀ ਸੰਵਿਧਾਨ ਹੋਣ ਦਾ ਮਾਣ ਵੀ ਹਾਸਿਲ ਹੈ। ਪਰ ਆਖਿਰਕਰ ਇਹ ਸੰਵਿਧਾਨ ਹੁੰਦਾ ਕੀ ਹੈ ਅਤੇ ਇਹ ਕਿਵੇਂ ਹੋਂਦ ਵਿੱਚ ਆਇਆ ? ਆਓ ਇਸ ਬਾਰੇ ਜਾਣੀਏ ।
ਕਿਸੇ ਵੀ ਦੇਸ਼ ਨੂੰ ਵਿਧੀਬੱਧ ਤਰੀਕੇ ਨਾਲ ਚਲਾਉਣ ਲਈ ਕਈ ਤਰਾਂ ਦੇ ਨਿਯਮਾਂ ਦੀ ਜ਼ਰੂਰਤ ਹੁੰਦੀ ਹੈ । ਜਿਹਨਾਂ ਦੇ ਸੰਗ੍ਰਹਿ ਨੂੰ ਸੰਵਿਧਾਨ ਕਿਹਾ ਜਾਂਦਾ ਹੈ। ਭਾਰਤ ਦਾ ਸੰਵਿਧਾਨ 26 ਜਨਵਰੀ, 1950 ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਸੀ ।ਉਸ ਸਮੇਂ ਇਸ ਵਿੱਚ ਭੂਮਿਕਾ , 22 ਭਾਗ ,8 ਸ਼ੇਡਿਊਲ ਅਤੇ 395 ਆਰਟੀਕਲ ਸਨ । ਪ੍ਰੰਤੂ ਸਮੇਂ-ਸਮੇਂ ਨਾਲ ਹੋਈਆਂ ਸੋਧਾਂ ਤੋ ਬਾਅਦ ਮੌਜੂਦਾ ਸਮੇ ਇਸ ਵਿੱਚ ਭੂਮਿਕਾ ਤੋਂ ਬਿਨਾਂ 24 ਭਾਗ,12 ਸ਼ੇਡਿਊਲ ਅਤੇ 465 ਆਰਟੀਕਲ ਹਨ । ਸੰਵਿਧਾਨ ਨੂੰ ਬਣਾਉਣ ਦਾ ਕੰਮ ਆਜ਼ਾਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ , ਜਦ ਕੈਬਿਨਟ ਮਿਸ਼ਨ ਪਲਾਨ 1946 ਦੇ ਅਧੀਨ ਸੰਵਿਧਾਨ ਬਣਾਉਣ ਵਾਲੀ ਅਸੈਂਬਲੀ ਦਾ ਗਠਨ ਕੀਤਾ ਗਿਆ।
ਇਸ ਦੀ ਪਹਿਲੀ ਮੀਟਿੰਗ 9 ਦਸੰਬਰ, 1946 ਨੂੰ ਹੋਈ; ਡਾਕਟਰ ਸਚਿਦਾਨੰਦ ਸਿਨਹਾ ਨੂੰ ਇਸਦਾ ਅਸਥਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਡਾਕਟਰ ਰਾਜਿੰਦਰ ਪ੍ਰਸ਼ਾਦ ਨੂੰ ਸਥਾਈ ਚੇਅਰਮੈਨ। ਆਜ਼ਾਦੀ ਤੋਂ ਪਹਿਲਾਂ, ਇਸਦੇ ਕੁਲ 389 ਮੈਂਬਰ ਸਨ; ਜੋ ਬਾਅਦ ਵਿੱਚ ਵੰਡ ਹੋਣ ਪਿਛੋ 299 ਰਹਿ ਗਏ ।
ਅਸੈਂਬਲੀ ਵੱਲੋਂ ਵੱਖ-ਵੱਖ ਕੰਮ-ਕਾਜ ਲਈ ਕੁੱਲ 22 ਕਮੇਟੀਆਂ ਬਣਾਈਆਂ ਗਈਆਂ। ਇਹਨਾਂ
ਕਮੇਟੀਆਂ ਨੇ ਆਪਣੇ-ਆਪਣੇ ਖੇਤਰ ਨਾਲ ਸੰਬੰਧਿਤ ਕੰਮਾਂ ਦੀ ਰਿਪੋਰਟ ਤਿਆਰ ਕਰਕੇ ਖਰੜਾ
ਕਮੇਟੀ ਨੂੰ ਸੋਂਪੀ। ਖਰੜਾ ਕਮੇਟੀ ਦੇ ਕੁਲ 7 ਮੈਂਬਰ ਸਨ, ਜਿਸ ਵਿੱਚ ਡਾਕਟਰ ਬੀ ਆਰ
ਅੰਬੇਦਕਰ ਇਸ ਦੇ ਚੇਅਰਮੈਨ ਸਨ ।
ਖਰੜਾ ਕਮੇਟੀ ਵੱਲੋਂ ਸਾਰੀਆਂ ਰਿਪੋਰਟਾਂ ਦਾ ਵਿਸ਼ਲੇਸ਼ਣ
ਕਰਨ ਤੋਂ ਬਾਅਦ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਗਿਆ l ਇਸ ਪ੍ਰੀਕਿਰਿਆ ਵਿੱਚ ਲੋਕਾਂ ਨੂੰ
ਸ਼ਾਮਿਲ ਕਰਨ ਲਈ ਜਨਵਰੀ 1948 ਨੂੰ ਪ੍ਰਕਾਸ਼ਿਤ ਕੀਤਾ ਗਿਆ ਅਤੇ ਵਿਚਾਰਣ ਲਈ 8 ਮਹੀਨੇ ਦਾ
ਸਮਾਂ ਦਿੱਤਾ ਗਿਆ। ਇਸ ਸਮੇਂ ਦੌਰਾਨ ਇਹ ਖਰੜਾ ਦੇਸ਼ ਦੇ ਵੱਖ-ਵੱਖ ਅਖਬਾਰਾਂ, ਪੰਚਾਇਤਾਂ ਅਤੇ
ਅਸੈਂਬਲੀਆਂ ਵਿੱਚ ਵਿਚਾਰਿਆ ਗਿਆ । ਅੱਠ ਮਹੀਨੇ ਬਾਅਦ ਵੱਖ-ਵੱਖ ਵਿਚਾਰਾਂ ਨੂੰ ਧਿਆਨ ਵਿੱਚ
ਰਖਦੇ ਹੋਏ, ਕਈ ਸੋਧਾਂ ਤੋਂ ਬਾਅਦ ਸੰਵਿਧਾਨ ਦਾ ਅੰਤਿਮ ਖਰੜਾ ਤਿਆਰ ਕਰ ਲਿਆ ਗਿਆ ਅਤੇ 26
ਨਵੰਬਰ, 1949 ਨੂੰ ਅਸੈਂਬਲੀ ਦੇ ਪ੍ਰਧਾਨ ਦੇ ਦਸਤਾਖਰ ਕਰਨ ਤੋਂ ਬਾਅਦ ਅਪਣਾ ਲਿਆ ਗਿਆ ਅਤੇ
24 ਜਨਵਰੀ, 1950 ਨੂੰ ਬਾਕੀ ਸਾਰੇ ਅਸੈਂਬਲੀ ਮੈਂਬਰਾਂ ਦੇ ਹਸਤਾਖਰ ਕਰਨ ਉਪਰੰਤ 26 ਜਨਵਰੀ
1950 ਨੂੰ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ, ਜਿਸ ਨੂੰ ਕਿ ਗਣਤੰਤਰ ਦਿਵਸ ਵਜੋਂ
ਹਰ ਸਾਲ ਮਨਾਇਆ ਜਾਂਦਾ ਹੈ।
ਸੋ, ਦੋਸਤੋ ਇਸ ਤਰਾਂ 2 ਸਾਲ,11 ਮਹੀਨੇ ਅਤੇ 18 ਦਿਨ ਦਾ
ਸਮਾਂ ਲੱਗਣ ਤੋਂ ਬਾਅਦ ਹੋਂਦ ਵਿੱਚ ਆਇਆ ਦੁਨੀਆਂ ਦਾ ਸਭ ਤੋ ਵੱਡਾ ਸੰਵਿਧਾਨ।