Thu, 21 November 2024
Your Visitor Number :-   7253873
SuhisaverSuhisaver Suhisaver

ਵਿੱਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼ - ਡਾ. ਜਗਮੇਲ ਸਿੰਘ ਭਾਠੂਆਂ

Posted on:- 25-03-2014

suhisaver

‘ਕੋਸ਼’ ਸ਼ਬਦ ਦੀ ਵਰਤੋਂ ਭਾਰਤੀ ਸਾਹਿਤ ਵਿਚ ਪ੍ਰਾਚੀਨ ਕਾਲ ਤੋਂ ਹੁੰਦੀ ਆ ਰਹੀ ਹੈ। ਪ੍ਰਾਚੀਨ ਸਮਿਆਂ ਤੋਂ ਸੰਸਾਰ ਭਰ ਦੇ ਚਿੰਤਕਾਂ ਨੇ ਆਪਣੇ ਗਿਆਨ ਭੰਡਾਰ ਨੂੰ ਆਪੋ ਆਪਣੀ ਭਾਸ਼ਾ ਦੇ ਗ੍ਰੰਥਾਂ ਵਿੱਚ ਸੰਕਲਿਤ ਕੀਤਾ ਹੈ। ਕੋਸ਼ਾਂ ਜਾਂ ਵਿਸ਼ਵ ਕੋਸ਼ਾਂ ਦੇ ਰੂਪ ਵਿਚ ਅਜਿਹੀ ਸਮੱਗਰੀ ਨੂੰ ਪ੍ਰਸਤੁਤ ਕਰਨ ਦੀ ਪਹਿਲ ਯੂਨਾਨੀ ਅਤੇ ਲਾਤੀਨੀ ਵਿਦਵਾਨਾਂ ਨੇ ਕੀਤੀ । ਕੋਸ਼ ਸਿਰਫ ਅੱਖਰ ਮਾਤ੍ਰਾ `ਚ ਨੇਮਬੱਧ ਸ਼ਾਬਦਿਕ ਖ਼ਜਾਨਾ ਹੀ ਨਹੀਂ ਹੁੰਦਾ, ਸਗੋਂ ਇਹ ਅੰਤਰਭਾਸ਼ਾਈ ਸੰਚਾਰ ਸਮਰੱਥਾ ਨੂੰ ਵੀ ਕਾਇਮ ਕਰਦਾ ਹੈ। ਕੋਸ਼ ਅੰਤਰ-ਭਾਸ਼ਾ ਦੇ ਅੰਤਰ ਸਭਿਆਚਾਰ ਦੀ ਸਾਂਝ ਨੂੰ ਵੀ ਉਲੀਕਦਾ ਹੈ। ਭਾਸ਼ਾ ਵਿਚ ਨਵੇਂ ਸ਼ਬਦਾਂ ਦੀ ਰਚਨਾ ਨਾਲ ਕਈ ਪੁਰਾਣੇ ਸ਼ਬਦਾਂ ਦੇ ਅਰਥ ਲੁਪਤ ਹੋ ਜਾਂਦੇ ਹਨ, ਕੋਸ਼ ਉਨ੍ਹਾਂ ਸ਼ਬਦਾਂ ਨੂੰ ਵੀ ਸੁਰੱਖਿਅਤ ਰੱਖਦਾ ਹੈ।

‘ਕੋਸ਼’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਸੰਸਕ੍ਰਿਤ ਵਿਚ ਭਾਵੇਂ ਇਸਦੇ ਕਈ ਅਰਥ ਕੀਤੇ ਮਿਲਦੇ ਹਨ, ਪਰੰਤੂ ਅੱਜ ਕਲ੍ਹ ‘ਕੋਸ਼’ ਸ਼ਬਦ ਦੇ ਅਧਿਕ ਪ੍ਰਚੱਲਿਤ ਅਰਥਾਂ ਮੁਤਾਬਿਕ, ਕੋਸ਼ ਇਕ ਅਜਿਹੀ ਕਿਤਾਬ ਹੈ, ਜਿਸ ਵਿਚ ਇਕ ਭਾਸ਼ਾ ਦੇ ਸ਼ਬਦਾਂ ਨੂੰ ਅੱਖਰ ਕ੍ਰਮ ਵਿਚ ਰੱਖਕੇ, ਉਨ੍ਹਾਂ ਦੇ ਅਰਥ ਦਿੱਤੇ ਗਏ ਹੋਣ, ਅਤੇ ਉਨ੍ਹਾਂ ਸ਼ਬਦਾਂ ਦੇ ਸੰਬੰਧ ਵਿਚ ਮਹੱਤਵਪੂਰਨ ਜਾਣਕਾਰੀ ਇਕੱਠੀ ਕੀਤੀ ਗਈ ਹੋਵੇ।

ਭਾਰਤੀ ਸਾਹਿਤ ਵਿਚ ਕੋਸ਼ ਸ਼ਬਦ ਦੇ ਪੁਰਾਣੇ ਨਾਂ ‘ਅਭਿਧਾਨ’ ਅਤੇ ‘ਨਿਘੰਟੂ ‘ ਆਦਿ ਮਿਲਦੇ ਹਨ। ਵੈਦਿਕ ਸਾਹਿਤ ਵਿਚ ਕੋਸ਼ ਵਾਸਤੇ ਸਭ ਤੋਂ ਪ੍ਰਾਚੀਨ ਨਾਂ ਨਿਘੰਟੂ ਹੈ, ਜਿਸ ਵਿਚ ਵੇਦਾਂ ਦੀ ਵਿਆਖਿਆ ਲਈ ਸੰਸਕ੍ਰਿਤ ਸ਼ਬਦਾਂ ਦੇ ਪਰਿਆਇਵਾਚੀ ਸ਼ਬਦ ਲਿਖੇ ਗਏ,ਪ੍ਰੰਤੂ ਅੱਜ ਕੱਲ੍ਹ ਨਿਘੰਟੂ ਕਿਸੇ ਵਿਸ਼ੇਸ਼-ਵਿਸ਼ੇ ਦੀ ਵਿਵੇਚਨਾਤਮਕ ਸ਼ਬਦਾਵਲੀ ਦਾ ਵਾਚਕ ਹੋ ਗਿਆ ਹੈ ਜਿਵੇਂ ਵੈਦਿਕ ਨਿਘੰਟੂ ਆਦਿ।ਇਨਸਾਈਕਲੋਪੀਡੀਆ ਬ੍ਰਿਟੇਨਿਕਾ ਅਤੇ ਕੌਨਸਾਈਜ਼ ਔਕਸਫੋਰਡ ਡਿਕਸ਼ਨਰੀ ਅਨੁਸਾਰ ਅੰਗਰੇਜ਼ੀ ਵਿਚ ਇਸ ਪ੍ਰਕਾਰ ਦੀਆਂ ਰਚਨਾਵਾਂ ਲਈ ਡਿਕਸ਼ਨਰੀ , ਲੈਕਸੀਕਾਨ ,ਗਲੌਸਰੀ ਅਤੇ ਥੇਸਾਰਸ ,ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਰਬੀ, ਫ਼ਾਰਸੀ ਅਤੇ ਉਰਦੂ ਵਿਚ ਸ਼ਬਦ-ਕੋਸ਼ ਨੂੰ ‘ਲੁਗਾਤ’ ਕਹਿੰਦੇ ਹਨ।

ਪੁਰਾਣੇ ਸਮਿਆਂ ਵਿਚ ਭਾਵੇਂ ਕੋਸ਼ਾਂ ਦੀਆਂ ਬਹੁਤੀਆਂ ਕਿਸਮਾਂ ਨਹੀਂ ਸਨ, ਪਰ ਵਰਤਮਾਨ ਸਮੇਂ ਵਿਚ ਵਿਦਿਆ ਵਿਸਥਾਰ ਦੇ ਬਹੁਪੱਖੀ ਹੋ ਜਾਣ ਦੇ ਕਾਰਣ ਅਨੇਕ ਕਿਸਮਾਂ ਦੇ ਛਪੇ ਕੋਸ਼ ਮਿਲਦੇ ਹਨ ਜਿਵੇਂ ਕਿ ਸ਼ਬਦ ਕੋਸ਼, ਲਘੂ ਕੋਸ਼, ਗਿਆਨ ਕੋਸ਼, ਜੀਵਨੀ ਕੋਸ਼, ਉਪ ਬੋਲੀ ਕੋਸ਼, ਮੁਹਾਵਰਿਆਂ ਤੇ ਅਖਾਉਂਤਾਂ ਦੇ ਕੋਸ਼, ਵੱਖ-ਵੱਖ ਵਿਸ਼ਿਆਂ ਦੇ ਕੋਸ, ਬਹੁ ਅਰਥ ਕੋਸ਼, ਸਮਅਰਥ ਕੋਸ਼, ਵਿਸ਼ਵਕੋਸ਼ ਆਦਿ।‘ਵਿਸ਼ਵਕੋਸ਼’ ਦੀ ਪਰਿਭਾਸ਼ਾ ਦਾ ਘੇਰਾ ਉਲੀਕਦਿਆਂ ਯੂਨਾਨੀ ਵਿਦਵਾਨਾਂ ਤੇ ਚਿੰਤਕਾਂ ਨੇ ਇਸਨੂੰ ਵਿਦਿਆ ਦੀ ਸੰਪੂਰਨ ਪ੍ਰਣਾਲੀ ਮੰਨਿਆ ਹੈ।

ਅੰਗਰੇਜ਼ੀ ਵਿਚ ‘ਵਿਸ਼ਵਕੋਸ਼’ ਨੂੰ ‘ਇਨਸਾਈਕਲੋਪੀਡੀਆ’ ਕਿਹਾ ਜਾਂਦਾ ਹੈ। ਵਿਦਵਾਨਾਂ ਅਨੁਸਾਰ, ਅੰਗਰੇਜ਼ੀ ਵਿਚ ਇਨਸਾਈਕਲੋਪੀਡੀਆ ਸ਼ਬਦ ਦੀ ਵਰਤੋਂ ਪਹਿਲੀ ਵਾਰ ਟਾਮਸ ਈਲੀਅਟ ਨੇ 1531 ਈ. ਵਿਚ ਸੰਕਲਿਤ ਆਪਣੀ ਰਚਨਾ ਵਿਚ ਕੀਤੀ। ਫ਼ਰਾਂਸੀਸੀ ਭਾਸ਼ਾ ਵਿਚ ਇਸ ਸ਼ਬਦ ਦਾ ਪ੍ਰਯੋਗ ਪਹਿਲੀ ਵਾਰ 1533 ਈ. ਵਿਚ ਹੋਇਆ ਮਿਲਦਾ ਹੈ। ਪ੍ਰਾਚੀਨ ਕਾਲ ਤੋਂ ਹੀ ਇਸ ਸ਼ਬਦ ਦੀ ਵਰਤੋਂ ਕੇਵਲ ਅਜਿਹੀਆਂ ਪੁਸਤਕਾਂ ਲਈ ਹੁੰਦੀ ਆ ਰਹੀ ਹੈ ਜੋ ਮਨੁੱਖ ਨੂੰ ਸਰਵਪੱਖੀ ਗਿਆਨ ਪ੍ਰਦਾਨ ਕਰਦੀਆਂ ਹਨ।

ਪਿਛਲੀਆਂ ਤਿੰਨ ਸਦੀਆਂ ਵਿਚ ਵਿਸ਼ਵਕੋਸ਼ ਰਚਨਾ ਨੇ ਸਾਰਥਕ ਪ੍ਰਗਤੀ ਕੀਤੀ ਹੈ। ਸਰਬ-ਪੱਖੀ ਸੰਪੂਰਨ ਗਿਆਨ ਪ੍ਰਣਾਲੀ ਦੇ ਆਧਾਰ ਵਾਲੇ ਅਨੇਕ ਉਤਮ ਵਿਸ਼ਵਕੋਸ਼ ਵਿਦਵਾਨਾਂ ਵੱਲੋਂ ਸੰਕਲਿਤ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਵਿਸ਼ੇਸ਼ ਤੌਰ ਤੇ ਵਰਨਣਯੋਗ ਇਹ ਹਨ: ਨਿਊ ਇੰਟਰਨੈਸ਼ਨਲ ਇਨਸਾਈਕਲੋਪੀਡੀਆ, ਚੈਂਬਰਜ਼ ਇਨਸਾਈਕਲੋਪੀਡੀਆ, ਇਨਸਾਈਕਲੋਪੀਡੀਆ ਅਮੈਰੀਕਾਨਾ, ਐਮੇਰੀਕਨ ਪੀਪਲਜ਼ ਇਨਸਾਈਕਲੋਪੀਡੀਆ, ਕੋਲੀਅਰਜ਼ ਇਨਸਾਈਕਲੋਪੀਡੀਆ, ਇਨਸਾਈਕਲੋਪੀਡੀਆ ਰੀਲਿਜਨ ਐਂਡ ਐਥਿਕਸ, ਇਨਸਾਈਕਲੋਪੀਡੀਆ ਆਫ ਸਿਖਇਜ਼ਮ ਅਤੇ ਇਨਸਾਈਕਲੋਪੀਡੀਆ ਬ੍ਰਿਟੇਨਿਕਾ ਆਦਿ। ਪੰਜਾਬੀ ਕੋਸ਼ਕਾਰੀ ਵਿਚ ਵਿਸ਼ਵ-ਕੋਸ਼ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਪਹਿਲੀ ਕਿਰਤ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ ‘ਗੁਰੁਸ਼ਬਦ ਰਤਨਾਕਰ ਮਹਾਨਕੋਸ਼’(ਸਿੱਖ ਲਿਟਰੇਚਰ ਦਾ ਇਨਸਾਈਕਲੋਪੀਡੀਆ) ਹੈ। ਮਹਾਨ ਕੋਸ਼ ਉਪਰੋਕਤ ਇਨਸਾਈਕਲੋਪੀਡੀਆ ਵਰਗਾ ਹੀ ਮਹੱਤਵ ਰੱਖਦਾ ਹੈ ਕਿਉਕਿ ਇਹ ਵਿਸ਼ਵਕੋਸ਼ ਦੀ ਰੂਪ ਰੇਖਾ ਦੀ ਝਲਕ ਪ੍ਰਸਤੁਤ ਕਰਦਾ ਹੈ। ਇਸ ਤੋਂ ਉਪਰੰਤ ਡਾ. ਵਣਜਾਰਾ ਸਿੰਘ ਬੇਦੀ ਰਚਿਤ ‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ‘ਪੰਜਾਬੀ ਵਿਸ਼ਵਕੋਸ਼’ ਡਾ.ਰਤਨ ਸਿੰਘ ਜੱਗੀ ਰਚਿਤ ‘ ਗੁਰੂ ਗ੍ਰੰਥ ਵਿਸ਼ਵਕੋਸ਼’,’ਸਿੱਖ ਪੰਥ ਵਿਸ਼ਵਕੋਸ਼’ ਅਤੇ ਇੰਟਰਨੈਟ ਤੇ ਉਪਲਬਦ ‘ਵਿਕੀਪੀਡੀਆ’ ਆਦਿ ਇਸ ਵੰਨਗੀ ਦੀਆਂ ਕੁਝ ਹੋਰ ਪ੍ਰਮੁੱਖ ਰਚਨਾਵਾਂ ਹਨ।

ਕੋਸ਼ਕਾਰੀ, ਬੋਲੀ ਨਾਲ ਸੰਬੰਧਿਤ ਅਜਿਹਾ ਮਹੱਤਵਪੂਰਣ ਵਿਗਿਆਨ ਹੈ ਜੋ ਸ਼ਬਦ ਦੇ ਮੂਲ ਦੀ ਖੋਜ ਕਰਦਾ ਹੈ ਅਤੇ ਸ਼ਬਦ ਹੀ ਭਾਸ਼ਾ ਦੀ ਸਮੱਗਰੀ ਹੁੰਦੇ ਹਨ। ਕੋਸ਼ ਵਿਗਿਆਨ ਦੱਸਦਾ ਹੈ ਕਿ ਕਿਸੇ ਸ਼ਬਦ ਨੇ ਜਨਮ ਕਿਥੇ ਲਿਆ ਹੈ ਅਤੇ ਜਨਮ ਤੋਂ ਲੈ ਕੇ ਹੁਣ ਤੱਕ ਇਸਨੇ ਕੀ-ਕੀ ਰੂਪ ਬਦਲੇ ਹਨ ਅਤੇ ਇਹਨਾਂ ਦੇ ਅਰਥਾਂ ਨੇ ਕੀ-ਕੀ ਤਬਦੀਲੀਆਂ ਦੇਖੀਆਂ ਹਨ।ਵਿਦਵਾਨਾਂ ਅਨੁਸਾਰ ਰਿਗਵੇਦ ਦੀ ਰਚਨਾ ਪੰਜਾਬ ਵਿਚ ਦਰਿਆ ਰਾਵੀ, ਬਿਆਸ ਤੇ ਸਤਲੁਜ ਦੇ ਕੰਢਿਆਂ ਉਤੇ ਰਿਖੀਆਂ ਦੇ ਮਿਲਵੇਂ ਯਤਨਾਂ ਨਾਲ ਮੰਤ੍ਰਾਂ ਦੇ ਰੂਪ ਵਿਚ ਹੋਈ ਤੇ ‘ਵੈਦਿਕ ਨਿਘੰਟੂ’ ਦੇ ਰੂਪ ਵਿਚ ਵੇਦਾਂ ਦੇ ਸ਼ਬਦ-ਕੋਸ਼ੀ ਹੁਨਰ ਦਾ ਪ੍ਰਾਰੰਭ ਵੀ ਏਥੋਂ ਹੀ ਹੋਇਆ। ਕੋਸ਼ਕਾਰੀ ਦੇ ਮੁੱਢਲੇ ਰੂਪ ਨਿਘੰਟੂ ਤੋਂ ਲੈ ਕੇ ਅੱਜ ਤਕ ਪੰਜਾਬੀ ਕੋਸ਼ਕਾਰੀ ਕਈ ਪੜਾਵਾਂ ਨੂੰ ਪਾਰ ਕਰ ਚੁੱਕੀ ਹੈ।ਹੁਣੇ ਜਿਹੇ ਪੰਜਾਬੀ ਸੇਵੀ ਵਾਈਸ ਚਾਂਸਲਰ ਡਾ.ਜਸਪਾਲ ਸਿੰਘ ਦੇ ਉੱਦਮ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ‘ਵਿਕੀਪੀਡੀਆ’ ਦੀ ਤਰਜ ਤੇ ਆਨ ਲਾਈਨ ‘ਪੰਜਾਬੀ ਪੀਡੀਆ’ ਦਾ ਨਿਰਮਾਣ ਕੀਤਾ ਹੈ। ਵਿਸ਼ਵਾਸ਼ ਨਾਲ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿਚ ਇਹ ਮੀਲ ਪੱਥਰ ਸਾਬਿਤ ਹੋਵੇਗਾ ਅਤੇ ਪੰਜਾਬ ਦੀ ਵਿਸ਼ਵ ਨਾਲ ਸਭਿਆਚਾਰਕ ਸਾਂਝ ਲਈ ਬਹੁਤ ਸਹਾਈ ਹੋਵੇਗਾ।

ਸੰਪਰਕ: +91 98713 12541

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ