ਅੱਜ ਕੱਲ ਦੇ ਸਮੇਂ ਦੀ ਜੇਕਰ ਗੱਲ ਕਰਨੀ ਹੋਵੇ ਤਾਂ ਸਾਰੀ ਦੁਨੀਆ ਦੇ ਬਾਸ਼ਿੰਦੇ ਇਕ ਸਾਂਝੇ ਸ਼ਬਦ ਦੀ ਵਰਤੋਂ ਕਰਦੇ ਹਨ ਕਿ ‘ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ’ ਤੇ ਅਜਿਹੇ ਦੌਰ ਵਿਚ ਬੰਦਿਆਂ ਦਾ ਇਕ ਥਾਂ ਖੜਨਾ ਤਾਂ ਨਾਮੁਮਕਿਨ ਜਿਹਾ ਪਹਿਲੂ ਹੀ ਹੈ। ਅਜਿਹੇ ਦੌਰ ਵਿਚ ਬੰਦਿਆਂ ਨੇ ਤਾਂ ਆਪਣੀ ਗਤੀ ਸਮੇਂ ਤੋਂ ਵੀ ਤੇਜ਼ ਕਰ ਰੱਖੀ ਹੈ। ਇਸਦਾ ਵੱਡਾ ਕਾਰਨ ਬੰਦੇ ਉਪਰ ਨਿੱਜ ਦਾ ਸਵਾਰ ਹੋਣਾ ਹੈ।
ਪਰ ਇਸ ਦੌਰ ਵਿਚ ਵੀ ਕੁਝ ਅਜਿਹੇ ਬੰਦੇ ਵੀ ਹਨ, ਜੋ ਲੋਕਾਈ ਦੇ ਬਿਰਖ ਹੋ ਨਿੱਬੜੇ ਤੇ ਉਨ੍ਹਾਂ ਦੀ ਛਾਂ ਹਰ ਸਾਲ ਹੋਰ ਘਣੀ ਹੁੰਦੀ ਜਾ ਰਹੀ ਹੈ। ਅਜਿਹੇ ਬੰਦਿਆਂ ਦੀ ਗੱਲ ਕਰਨੀ ਬਣਦੀ ਹੈ, ਪਰ ਉਸਨੂੰ` ਗਾਗਰ ਵਿਚ ਸਾਗਰ` ਵਾਂਗ ਭਰਨਾ ਇਕ ਮੁਸ਼ਕਿਲ ਕਾਰਜ ਹੈ। ਮੈਂ ਜਿਸ ਬੰਦੇ ਦੀ ਬਾਤ ਪਾਵਾਂਗਾ ਉਸਦੀ ਬਾਤ ਦਾ ਮੁਹੱਤਵ ਅੱਜ ਦੇ ਸਮੇਂ ਵਿਚ ਹੋਰ ਵੀ ਵੱਧ ਜਾਂਦਾ ਹੈ। ਜਦੋਂ ਉਹ ਬੰਦਾ ਆਪਣੀ ਵਰ੍ਹਿਆ ਦੀ ਚੁੱਪ ਨੂੰ ਤੋੜਦਾ ਹੋਇਆ ਰਣ-ਤੱਤੇ ਵਿਚ ਇਕ ਬਾਰ ਫਿਰ ਸਾਹਮਣੇ ਆ ਖਲੋਤਾ ਹੈ। ਮੈਂ ਪਿਛਲੇ ਸਵਾ-ਕੁ ਸਾਲ ਤੋਂ ਟਰਾਟੋ ਤੋਂ ਚੱਲਦੇ ਰੇਡੀਓ ‘ਦਿਲ ਆਪਣਾ ਪੰਜਾਬੀ 1320 ਸੀਜੇਐਮਆਰ’ ਤੇ ਰੋਜ਼ਾਨਾ ਪੰਜਾਬ ਖ਼ਬਰਸਾਰ ਲੈ ਕੇ ਹਾਜ਼ਰ ਹੁੰਦਾ ਹਾਂ।
ਅੱਜ ਕੱਲ ਪੰਜਾਬ ਦੀ ਹਰ ਖ਼ਬਰ ਆਉਣ ਵਾਲੇ ਚੋਣ ਦੰਗਲ ਨਾਲ ਜੁੜੀ ਹੋਈ ਹੈ। ਜਿਸ ਕਰਕੇ ਸੂਖਮ ਪਰਤਾ ਵੀ ਫਰੋਲ ਹੋ ਜਾਂਦੀਆਂ ਹਨ। ਇਸੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਲਿਸਟ ਜਾਰੀ ਹੁੰਦੀ ਹੈ। ਉਸ ਵਿਚ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਦੇ ਨਾਮ ਦਾ ਐਲਾਨ ਹੁੰਦਾ ਹੈ। ਡਾਕਟਰ ਧਰਮਵੀਰ ਗਾਂਧੀ ਬਾਰੇ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀ ਡਾਕਟਰ ਗਾਂਧੀ ਦੇ ਵਿਅਕਤੀਤਵ ਬਾਰੇ ਕੀ ਕਹਿਣਾ ਚਾਹੋਂਗੇ.. ..? ਤਦ ਮੇਰੀਆਂ ਅੱਖਾਂ ਮੂਹਰੇ ਹਨੇਰਾ ਛਾ ਜਾਂਦਾ ਹੈ ਤਸਵੀਰਾਂ ਦਾ ਘੜਮੱਸ ਪੈ ਜਾਂਦਾ ਹੈ। ਕੋਈ ਇਕ ਫਿਕਰੇ ਵਿਚ ਮੈਂ ਡਾਕਟਰ ਗਾਂਧੀ ਜਾ ਉਸਦੇ ਵਿਅਕਤੀਤਵ ਦੀ ਗੱਲ ਨਹੀਂ ਕਰ ਪਾਉਂਦਾ।
ਬਿਲਾਸਪੁਰ (ਜੋ ਕਿ ਮੇਰਾ ਪਿੰਡ ਹੈ) ਦੀਆਂ ਕੁਝ ਗੱਲਾਂ ਕਰਦਾ ਹਾਂ ਤੇ ਇਹੀ ਕਹਿ ਛੱਡਦਾ ਹਾਂ ਕਿ ਜੇਕਰ ਮਨੁੱਖਤਾ ਦੇ ਸਮੁੰਦਰ ਦੀ ਗੱਲ ਕਰਨੀ ਹੋਵੇ ਤਾਂ ਉਸ ਵਿਚ ਇਕ ਡਾਕਟਰ ਧਰਮਵੀਰ ਗਾਂਧੀ ਨਾਮੀ ਦਰਿਆ ਦਾ ਮਿਲਣ ਹੁੰਦਾ ਹੈ। ਕੁਝ ਪ੍ਰਦੇਸੀ ਦੋਸਤਾਂ ਨਾਲ ਫੋਨ ਤੇ ਗੱਲ ਹੁੰਦੀ ਹੈ। ਇਕ ਦੋਸਤ ਦਾ ਚਿੱਠੀ ਨੁਮਾਂ ਫੇਸਬੁੱਕੀ ਸੁਨੇਹਾ ਆਉਂਦਾ ਹੈ ਕਿ ਉਹ ਡਾਕਟਰ ਗਾਂਧੀ ਬਾਰੇ ਜਾਨਣਾ ਚਾਹੁੰਦੇ ਹਨ। ਜਿਸ ਲਈ ਉਹ ਮੈਨੂੰ ਡਾਕਟਰ ਧਰਮਵੀਰ ਗਾਂਧੀ ਬਾਰੇ ਮੋਟੇ ਰੂਪ ’ਚ ਇਕ ਲੇਖ ਲਿਖਣ ਬਾਰੇ ਵੀ ਕਹਿੰਦੇ ਹਨ। ਕਿਉਂਕਿ ਉਨ੍ਹਾਂ ਦਾ ਤਰਕ ਹੁੰਦਾ ਜੇਕਰ ਡਾਕਟਰ ਗਾਂਧੀ ਮਨੁੱਖਤਾ ਦਾ ਮੁਦੱਈ ਹੈ ਤਾਂ ਲੋਕਾਂ ਨੂੰ ਅਜਿਹੇ ਵਿਅਕਤੀਤਵ ਉੱਪਰ ਚਰਚਾ ਕਰਨੀ ਬਣਦੀ ਹੈ ਅਤੇ ਉਸਦੇ ਬਲਿਹਾਰੇ ਜਾਣਾ ਵੀ ਬਣਦਾ ਹੈ ਕਿ ਇਕ ਐਡਾ ਵੱਡਾ ਡਾਕਟਰ ਇਕ ਦਮ ਸਿਆਸੀ ਥੰਮ ਬਨਾਮ ਕਿਸੇ ਸਮੇਂ ਦੇ ਸ਼ਾਸਕ ਪਰਿਵਾਰ ਅਤੇ ਮੌਜੂਦਾ ਸੱਤਾਧਾਰੀਆਂ ਦੇ ਖਿਲਾਫ਼ ਸਿਆਸੀ ਰਣ-ਤੱਤੇ ਵਿਚ ਜਾ ਉੱਤਰਦਾ ਹੈ।
ਮੈਂ ਡਾਕਟਰ ਗਾਂਧੀ ਬਾਰੇ ਲਿਖਣ ਵੇਲੇ ਵੀ ਇਹ ਵਾਅਦਾ ਨਹੀਂ ਕਰਦਾ ਕੀ ਮੈਂ ਸਮੁੱਚੀ ਗੱਲ ਕਰ ਪਾਵਾਂਗਾ। ਹਾਂ ਡਾਕਟਰ ਗਾਂਧੀ ਨਾਲ ਮੇਰੀ ਅਤੇ ਮੇਰੇ ਪਰਿਵਾਰ ਦੀ ਤੀਹ-ਪੈਂਤੀ ਸਾਲ ਪੁਰਾਣੀ ਵਿਚਾਰਧਾਰਿਕ ਅਤੇ ਇਕ ਪਰਿਵਾਰਿਕ ਡਾਕਟਰ ਦੀ ਸਾਂਝ ਹੈ। ਇਸ ਸਮੇਂ ਦੌਰਾਨ ਹੀ ਮੇਰਾ ਜਨਮ ਹੁੰਦਾ ਹੈ ਅਤੇ ਸਤਾਈ ਵਰ੍ਹੇ ਮੈਂ ਕੱਟ ਵੀ ਚੁੱਕਾ ਹਾਂ। ਡਾਕਟਰ ਗਾਂਧੀ ਦਾ ਪਿੰਡ ਆਨੰਦਪੁਰ ਸਾਹਿਬ ਦੇ ਨਾਲ ਪੈਂਦਾ ਹੈ ਤੇ ਉਹ ਇਕ ਸਧਾਰਨ ਪਰਿਵਾਰ ਵਿਚ ਇਕ ਸਕੂਲ ਅਧਿਆਪਕ ਦੇ ਘਰ ਪੈਦਾ ਹੁੰਦਾ ਹੈ।
ਪੜ੍ਹਨ ਵਿਚ ਹੁਸ਼ਿਆਰ, ਤੇਜ਼, ਦੇਖਣ ਨੂੰ ਸਧਾਰਨ ਕਿਸੇ ਮਾੜੀ ਹੱਟੀ ਦੇ ਬਾਣੀਏ ਵਰਗਾ ਇਸੇ ਦੌਰਾਨ ਹੀ ਸੱਤਰ ਦਾ ਦਹਾਕਾ ਮੁਲਕ ਵਿਚ ਸਿਆਸੀ ਕਰਵਟਾ ਲੈ ਕੇ ਆਉਂਦਾ ਹੈ। ਮੁੰਡੇ- ਖੁੰਡੇ ਮੁਲਕ ਦੀ ਤਕਦੀਰ ਅਤੇ ਤਕਦੀਰ ਬਦਲਣਾ ਚਾਹੁੰਦੇ ਹਨ। ਵਿਚਾਰਾ ਦੇ ਘਮਸ਼ਾਣ ਦੌਰਾਨ ਧਰਮਵੀਰ ਗਾਂਧੀ ਅੰਮ੍ਰਿਤਸਰ ਡਾਕਟਰੀ ਦੀ ਪੜ੍ਹਾਈ ਜਾਣੀ ਐਮਬੀਬੀਐਸ ਕਰਨ ਜਾਂਦਾ ਹੈ, ਪਰ ਉਹ ਹੋਰਨਾਂ ਡਾਕਟਰੀ ਦੇ ਪੜ੍ਹਾਕੂਆਂ ਵਾਂਗ ਆਪਣੇ ਸੁਨਹਿਰੀ ਭਵਿੱਖ ਬਾਰੇ ਨਹੀਂ ਸੋਚਦਾ, ਉਸਦੇ ਸੁਨਹਿਰੀ ਭਵਿੱਖ ਦੇ ਅਰਥ ਵਿਸ਼ਾਲ ਹੁੰਦੇ ਹਨ। ਕਿਉਕਿ ਉਸ ਸਮੇਂ ਦੇ ਵੱਡੀ ਗਿਣਤੀ ਬੌਧਿਕ ਨੌਜਵਾਨਾਂ ਦੀ ਤਰ੍ਹਾਂ ਉਸ ਉਪਰ ਵੀ ਮਨੁੱਖਤਾ ਤੇ ਸਾਂਝੀ- ਵਾਲਤਾ ਦੀ ਭਾਵਨਾ ਹਾਵੀ ਹੋ ਚੁੱਕੀ ਹੁੰਦੀ ਹੈ। ਉਹ ਡਾਕਟਰਾਂ ਨੂੰ ਡਾਕਟਰੀ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ , ਰਾਜਨੀਤੀ , ਸਾਹਿਤ ਬਾਰੇ, ਪੜ੍ਹਨ ਤੇ ਸੋਚਣ ਲਾਉਂਦਾ ਹੈ।
ਆਪਣੇ ਵਰਗੇ ਡਾਕਟਰਾਂ ਦੀ ਇਕ ਰੈਡੀਕਲ ਟੀਮ ਬਣਾਉਂਦਾ ਹੈ। ਹੋਕਿਆਂ ਨਾਹਰਿਆਂ ਦੀਆਂ ਗੱਲਾਂ ਕਰਦਾ 1977 ਤੱਕ ਡਾਕਟਰੀ ਦੀ ਪੜ੍ਹਾਈ ਕਰ ਡਾਕਟਰ ਬਣ ਜਾਂਦਾ ਹੈ। ਇਸੇ ਦੌਰਾਨ ਹੀ ਮੁਲਕ ਵਿਚ ਐਂਮਰਜੈਂਸੀ ਦਾ ਦੌਰ ਆਉਂਦਾ ਹੈ ਡਾਕਟਰ ਗਾਂਧੀ ਚੁੱਪ ਤੋੜਨ ਵਾਲਿਆਂ ਦੇ ਕਾਫ਼ਲੇ ਸੰਗ ਰਲਕੇ ਜੇਲ੍ਹ ਯਾਤਰਾਂ ਵੀ ਕਰਦਾ ਹੈ। 1983 ਵਿਚ ਪੰਜਾਬ ਦੀ ਸਰਕਾਰੀ ਮੈਡੀਕਲ ਸੇਵਾ ਵਿਚ ਆਉਣ ਤੋਂ ਬਾਅਦ ਸੇਵਾ ਬਿਲਾਸਪੁਰ ਦੇ ਸਰਕਾਰੀ ਹਸਪਤਾਲ ਵਿਚ ਮੈਡੀਕਲ ਅਫ਼ਸਰ ਦੇ ਤੌਰ ’ਤੇ ਤੈਨਾਤ ਹੁੰਦਾ ਹੈ। ਬਿਲਾਸਪੁਰ ਡਾਕਟਰ ਗਾਂਧੀ ਆਉਂਦਾ ਹੈ ਤੇ ਉਸਦੇ ਨਾਲ ਉਸਦੇ ਵਿਚਾਰਾਂ ਦਾ ਸੰਗ੍ਰਹਿ ਜਿਸ ਵਿਚ ਬਿਲਾਸਪੁਰ ਦੇ ਇਕ ਛੋਟੇ ਜਿਹੇ ਹਸਪਤਾਲ ਤੋਂ ਲੈ ਕੇ ਮੌਗੇ, ਬਰਨਾਲੇ, ਭਦੌੜ, ਹਠੂਰ, ਨਿਹਾਲ ਸਿੰਘ ਵਾਲੇ ਤੱਕ ਦੇ ਲੋਕ ਰੰਗੇ ਜਾਂਦੇ ਹਨ। ਉਸਦੇ ਕੰਮ ਨੂੰ ਦੇਖਕੇ ਅਕਾਲੀ, ਕਾਂਗਰਸੀ, ਕਾਮਰੇਡ ਸਭ ਉਸ ਵੱਲ ਭੱਜ ਆਉਦੇ ਹਨ। ਪਹਿਲਾਂ ਸਾਜ਼ਿਸ਼ ਦੇ ਦੌਰ ਚੱਲਦੇ ਹਨ ਫਿਰ ਸਭ ਡਾਕਟਰ ਗਾਂਧੀ ਦੇ ਰੰਗ ਵਿਚ ਰੰਗੀਨ ਹੋ ਜਾਂਦੇ ਹਨ।
ਨੌਜਵਾਨ ਡਾਕਟਰ ਗਾਂਧੀ ਦੇ ਘਰ ਰਾਤਾਂ ਨੂੰ ਗੱਲਾਂ ਕਰਨ ਆਉਂਦਾ ਹਨ। ਉਸਦੇ ਇਕ ਬੋਲ ਤੇ ਇਕੱਠੇ ਹੋ ਜਾਂਦੇ ਹਨ। ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਇੱਕਾ-ਦੁੱਕਾ ਨਹੀਂ ਸੈਂਕੜਿਆਂ ਵਿਚ ਹੁੰਦੀ ਹੈ, ਜੋ ਅਜੀ ਵੀ ਉਹ ਜਿਥੇ ਜਾਂਦਾ ਹੈ ਉਸੇ ਤਰੀਕੇ ਨਾਲ ਜਾਰੀ ਹੈ। ਦਵਾਈਆਂ, ਜਰਨੇਟਰ, ਐਬੂਲੈਂਸ ਆਦਿ ਸਭ ਪ੍ਰਬੰਧ ਲੋਕ ਕਰ ਲੈਂਦੇ ਹਨ।
ਪ੍ਰਾਈਵੇਟ ਹਸਪਤਾਲਾਂ ਵਿਚ ਕਾਂ ਬੋਲਦੇ ਹਨ। ਬੋਲਣ ਵੀ ਕਿਉਂ ਨਾ ਇਕ ਰੁਪਏ ਵਿਚ ਸਰਕਾਰੀ ਹਸਪਤਾਲ ਦਾ ਡਾਕਟਰ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੇ ਇਲਾਜ ਜੋ ਸਕਦਾ ਹੈ ਨੂੰਹਾਂ-ਸੱਸਾਂ ਦੇ ਸਮਝੌਤੇ, ਭਾਈਆ ਦੀ ਆਪਿਸੀ ਲੜਾਈ, ਗਰੀਬਾਂ ਮਜ਼ਲੂਮਾਂ ਦੇ ਮਸਲੇ ਸਭ ਪਾਸੇ ਡਾਕਟਰ ਗਾਂਧੀ ਹੀ ਨਜ਼ਰ ਆਉਂਦਾ ਹੈ। ਗੋਢਿਆ ਤੱਕ ਵਾਲਾ ਕੱਛਾ ਤੇ ਟੀ ਸ਼ਰਟ ਪਾਈ ਡਾਕਟਰ ਗਾਂਧੀ ਪਤਾ ਨਹੀਂ ਰੋਟੀ ਵੇਲੇ ਸਮੇਂ ਕਿਸ ਦੇ ਘਰ ਜਾ ਆਵਾਜ਼ ਮਾਰਦਾ ਹੈ ਕਹਿੰਦਾ ਬੇਬੇ ਲਿਆਈ ਦੋ ਰੋਟੀਆ ਤੇ ਚੱਟਣੀ ਮੱਖਣੀ ਰੱਖ ਕੇ ਸਾਰਾ ਪਿੰਡ ਹੀ ਨਹੀਂ ਸਾਰਾ ਇਲਾਕਾ ਉਸਦਾ ਹੋ ਜਾਂਦਾ ਹੈ। ਹਰ ਮਹੀਨੇ ਕੋਈ ਨਾ ਕੋਈ ਨਾਟਕ ਮੇਲਾ, ਕੋਰੀਓਗ੍ਰਾਫ਼ੀਆਂ ਗਾਂਧੀ ਦੀ ਰਹਿਨੁਮਾਈ ਵਿਚ ਖੇਡੀਆ ਜਾਂਦੀਆਂ। ਇਸੇ ਸਮੇਂ ਦੌਰਾਨ ਹੀ 1984 ਦਾ ਮਾੜਾ ਦੌਰ ਆਉਂਦਾ, ਪਰ ਉਸਦਾ ਉਤਸ਼ਾਹ ਨਾ ਘੱਟਦਾ, ਭੱਜੋ ਮੁੰਡਿਆ ਦਾ ਇਲਾਜ ਵੀ ਕਰਦਾ ਤੇ ਪੁਲਿਸੀਆਂ ਦਾ ਵੀ।
ਸਰਕਾਰ ਦਾ ਦਬਾਅ ਵੀ ਚੜ੍ਹਦਾ ਪਰ ਉਹ ਪ੍ਰਵਾਹ ਨਾ ਕਰਦਾ। ਕਿਸੇ ਮਜਲੂਮ ਦੇ ਮਰਨ ਤੇ ਜਿਸਦਾ ਕਸੂਰ ਹੁੰਦਾ, ਉਸਦੀ ਆਵਾਜ਼ ਬੁਲੰਦ ਹੀ ਹੁੰਦੀ। ਇਹ ਉਹ ਦੌਰ ਸੀ ਜਦੋਂ ਗੈਰ ਸਿੱਖ ਪੰਜਾਬ ਤੋਂ ਬਾਹਰ ਨਿਕਲਣ ਹੀ ਸੋਚਦੇ, ਪਰ ਉਹ ਲੋਕਾਂ ਦੀ ਸੋਚਦਾ। ਉਸਦੇ ਨਿਧੜਕ ਬਿਆਨ ਤੇ ਕਈਆਂ ਦੇ ਮਨਾਂ ਵਿਚ ਧੜਕੂ ੳਠਦੇ ਤੇ ਡਾਕਟਰ ਗਾਂਧੀ ਨੂੰ ਧਮਕੀਆਂ ਵੀ ਆਉਂਦੀਆਂ ਤਾਂ ਲੋਕ ਡਾਕਟਰ ਗਾਂਧੀ ਤੋਂ ਅੱਗੇ ਖੜੇ ਹੁੰਦੇ।
ਇਸੇ ਦੌਰਾਨ ਹੀ ਬਿਲਾਸਪੁਰ ਵਿਚ ਗਿਆਰਾ ਸਾਲ ਦੇ ਕਰੀਬ ਸਮਾਂ ਬਿਤਾਉਣ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਐਮਡੀ ਕਰਨ ਪਟਿਆਲੇ ਰਜਿੰਦਰਾਂ ਮੈਡੀਕਲ ਕਾਲਜ ਆ ਜਾਂਦੇ ਹਨ ਅਤੇ ਫਿਰ ਤਾਇਨਾਤੀ ਵੀ ਇਥੇ ਹੋ ਜਾਂਦੀ ਹੈ। ਇਸ ਦੌਰ ਦੌਰਾਨ ਵੀ ਡਾਕਟਰ ਧਰਮਵੀਰ ਗਾਂਧੀ ਸੰਵਾਦ ਰਚਾਉਦਾ ਰਹਿੰਦਾ ਕਈ-ਕਈ ਦਿਨ ਗਵਾਚ ਜਾਂਦਾ ਕਿਤੇ ਲੁਧਿਆਣੇ ਦੀਆਂ ਮਜ਼ਦੂਰ ਬਸਤੀਆਂ ਵਿਚ ਕੰਮ ਕਰਦਾ ਉਨ੍ਹਾਂ ਨਾਲ ਸੌਦਾ, ਖਾਂਦਾ, ਬਹਿੰਦਾ, ਬੋਲਦਾ, ਰੋਂਦਾ ਪਰ ਖੁਦ ਹੀ ਸੰਸਥਾ ਬਣ ਆਪਣੇ ਕੰਮ ਨਿਰਸੂਆਰਥ ਬਿਨਾਂ ਕਿਸੇ ਭੇਦ-ਭਾਵ, ਉਚ-ਨੀਚ ਜਾਰੀ ਰੱਖਦਾ। ਅੰਤ ਆਪਣੀ 20 ਸਾਲ ਦੀ ਨੌਕਰੀ ਛੱਡ ਆਪਣੇ ਕਿੱਤੇ ਵਿਚ ਉਹ ਹੋਰ ਵੀ ਰੁਝ ਜਾਂਦਾ ਹੈ। ਰਾਜਿੰਦਰਾਂ ਹਸਪਤਾਲ ਦੇ ਨਾਲ ਹੀ ਉਸਦਾ ਇਕ ਛੋਟਾ ਜਿਹਾ ਕਲੀਨਕ ਬਣ ਜਾਂਦਾ ਹੈ। ਜਿਥੇ ਪੂਰੇ ਮਾਲਵੇ ਦੇ ਤਮਾਮ ਤਰ੍ਹਾਂ ਦੇ ਮਰੀਜ਼ਾਂ ਦਾ ਸਵੇਰ ਸੱਤ ਤੋਂ ਰਾਤ ਦੇ 10 ਵਜੇ ਤੱਕ ਜਮ ਘੱਟ ਲਗਦਾ। ਜਿਸਨੇ ਫੀਸ਼ ਦੇਣੀ ਹੁੰਦੀ, ਉਹ ਦੇਈ ਜਾਂਦਾ, ਕਿਸੇ ਕੋਲ ਦਵਾਈ ਲਈ ਪੈਸੇ ‘ਵੀ ਨਾ ਹੁੰਦੇ ਉਹ ਵੀ ਡਾਕਟਰ ਗਾਂਧੀ ਕੋਲ ਹੀ ਆਉਦਾ ਉਸਦੇ ਪੂਰੇ ਕੋਰਸ ਦੀ ਦਵਾਈ ਦਾ ਇੰਤਜ਼ਾਮ ਕਰਕੇ ਵੀ ਉਹ ਭੇਜਦਾ। ਕਿਸੇ ਕੋਲ ਡਾਕਟਰ ਗਾਂਧੀ ਲਈ ਲੱਸੀ, ਕਿਸੇ ਕੋਲ ਸਾਗ, ਕਿਸੇ ਕੋਲ ਗਨੇਰੀਆ ਹੁੰਦੀਆਂ। ਹਰ ਮਰਜ ਦੇ ਮਰੀਜ਼ ਆਉਂਦੇ ਡਾਕਟਰ ਗਾਂਧੀ ਸਬੰਧਿਤ ਮਰਜ ਦੇ ਡਾਕਟਰ ਨੂੰ ਫੋਨ ਕਰਦਾ ਵੀ ਫਲਾਨਾ ਸਿਓ ਆਉਂਦਾ, ਇਹ ਮੇਰਾ ਵੀਰ, ਚਾਚਾ, ਭਤੀਜਾ ਲੱਗਦਾ ਫਲਾਈ ਮਾਤਾ ਆਉਦੀ ਹੈ, ਇਹ ਮੇਰੀ ਮਾਸੀ ਹੈ ਜੇ ਐਨੀ ਫ਼ੀਸ ਤੋਂ ਵੱਧ ਪੈਸੇ ਲਏ ਮੈਥੋ ਬੁਰਾ ਕੋਈ ਨਹੀਂ। ਡਾਕਟਰ ਗਾਂਧੀ ਮਰੀਜ਼ਾਂ ਦੇ ਟੈਸਟ ਕਰਵਾਉਣ ਲਈ ਲੈਬਾਟਰੀਆਂ ਦੇ ਭੇਜਦਾ ਗਾਂਧੀ ਦੀ ਸਲਿਪ ਦੇਖ ਕੇ ਰੇਟ ਇਕ ਦਮ ਅੱਧਿਓ ਵੀ ਘੱਟ ਹੋ ਜਾਵੇ। ਜੋ ਡਾਕਟਰਾਂ ਕੋਲ ਜਾਣ ਤੇ ਆਮ ਬੰਦੇ ਦੀ ਜੀਭ ਕਢਵਾ ਦਿੰਦੇ।
ਅੱਜ ਤੋਂ ਤਕਰੀਬਨ ਦੋ ਕੁ ਸਾਲ ਪਹਿਲਾਂ ਡਾਕਟਰ ਗਾਂਧੀ ਅੱਖਾਂ ਦੀ ਇਕ ਬਿਮਾਰੀ ਤੋਂ ਪੀੜ੍ਹਤ ਹੋ ਗਏ ਇਕ ਅੱਖ ਦੀ ਨਿਗ੍ਹਾ ਚਲੀ ਗਈ, ਪਰ ਉਸਦਾ ਕਲੀਨਕ ਬੰਦ ਨਹੀਂ ਹੋਇਆ। ਉਸਦੀ ਗੈਰ ਹਾਜ਼ਰੀ ਵਿਚ ਲੋਕ ਹੋਰ ਡਾਕਟਰਾਂ ਤੋਂ ਦਵਾਈ ਤਾਂ ਲੈਂਦੇ ਕਿਸੇ ਚੀਜ਼ ਦੇ ਗਵਾਚਣ ਵਾਂਗ ਉਦਾਸ ਹੁੰਦੇ ਨਾਲ ਦੀ ਨਾਲ ਉਸ ਲਈ ਦੁਆਵਾ ਮੁੰਗਦੇ। ਸਾਡੇ ਪਿੰਡ ਮੈਂ ਆਪ ਗੁਰਦੁਆਰੇ ਬੀਬੀਆਂ ਇਕ ਕਾਮਰੇਡ ਵਿਚਾਰਾ ਦੇ ਇਨਸਾਨ ਲਈ ਰੱਬ ਅੱਗੇ ਦੁਆ ਕਰਦੀਆਂ ਮੈਂ ਅੱਖੀ ਦੇਖਿਆ। ਉਨ੍ਹਾਂ ਦਾ ਵਿਸ਼ਵਾਸ ਡਾਕਟਰ ਗਾਂਧੀ ਨੂੰ ਕੁਝ ਦਿਨਾਂ ਵਿਚ ਹੀ ਉਸੇ ਤਰ੍ਹਾਂ ਸ਼ਕਤੀ ਨਾਲ ਕੰਮ ਲਾ ਦਿੰਦਾ ਹੈ। ਸਗੋਂ ਹੁਣ ਧਰਮਵੀਰ ਗਾਂਧੀ ਇਕ ਬਾਰ ਫੇਰ ਪੈਂਤੀ ਸਾਲ ਪੁਰਾਣੇ ਰੂਪ ਵਿਚ ਆਉਣ ਲੱਗਦਾ ਹੈ। ਐਤਵਾਰ ਸੈਮੀਨਾਰਾਂ ਗੋਸ਼ਟੀਆਂ ਵਿਚ ਨਿਕਲਣ ਲੱਗਦੇ ਹਨ।
ਯੂਨੀਵਰਸਿਟੀਆਂ-ਕਾਲਜਾਂ ਦੇ ਨੌਜਵਾਨਾਂ ਨਾਲ ਸੰਵਾਦ ਹੀ ਹੋਣ ਲੱਗਦਾ ਹੈ। ਇਸਦੇ ਨਾਲ ਹੀ ਡਾਕਟਰ ਧਰਮਵੀਰ ਗਾਂਧੀ ਆਪਣੇ ਸਮਕਾਲੀਆਂ ਦੀ ਸਿਆਸਤ ਤੇ ਸਵਾਹ ਵੀ ਖੜੇ ਕਰਨੇ ਸ਼ੁਰੂ ਕਰ ਦਿੰਦਾ ਹੈ। ਇਨਕਲਾਬ ਘਰ ਬੈਠਕੇ ਜਾਂ ਤੀਹ ਬੰਦਿਆਂ ਅੱਗੇ ਭਾਸ਼ਣ ਦੇ ਕੇ ਨਹੀਂ ਆਉਣਾ ਇਸ ਲਈ ਘਰ ਤਿਆਗਣ ਪਵੇਗਾ, ਚਿੱਕੜ ਵਿਚ ਉੱਤਰਨਾ ਪਵੇਗਾ ਅਤੇ ਨਤੀਜਿਆਂ ਤੋਂ ਬੇਪ੍ਰਵਾਹ ਹੋ ਕੇ ਤੁਰਨਾ ਪਵੇਗਾ। ਜਿਸਦੇ ਸਿੱਟੇ ਹੀ ਡਾਕਟਰ ਧਰਮਵੀਰ ਗਾਂਧੀ ਅੱਜ ਆਮ ਆਦਮੀ ਪਾਰਟੀ ਵੱਲੋਂ ਬਦਲਾਓ ਦੇ ਨਾਹਰੇ ਹੇਠ ਪਟਿਆਲਾ ਲੋਕ ਸਭਾ ਜਿਹੇ ਹਲਕੇ ਤੋਂ ਸਾਡੇ ਸਾਹਮਣੇ ਹੈ। ਅੱਜ ਉਹ ਮੈਦਾਨ ਵਿਚ ਹੈ, ਉਸਦਾ ਅਤੀਤ, ਵਤਰਮਾਨ, ਭਵਿੱਖ ਮੈਦਾਨ ਵਿਚ ਹੈ ਜੋ ਸਾਡੇ ਲੋਕਾਂ ਤੇ ਸਵਾਲ ਵੀ ਕਰਦਾ ਹੈ ਕਿ ਅੱਜ ਭਾਰਤ ਚ ਉਹ ਮਿੱਥ ਤੋੜਨ ਲਈ ਕਿ ‘ਚੰਗੇ ਬੰਦਿਆਂ ਲਈ ਰਾਜਨੀਤੀ ਨਹੀਂ ਬਣੀ’ ਕਿੰਨਾ ਕੁ ਅੱਗੇ ਆਉਣਗੇ । ਕੋਈ ਇਕ ਇਨਸਾਨ ਇਹ ਮਿੱਥ ਤੋੜਨ ਲਈ ਸਾਡੇ ਪੰਜਾਬ ਵਿਚ ਸ਼ੁਰੂਆਤ ਕਰ ਰਿਹਾ ਹੈ। ਜਿਸਦਾ ਇਤਿਹਾਸ ਪਟਿਆਲੇ ਦੀਆਂ ਫਿਜ਼ਾਵਾਂ ਦੇ ਪੋਟਿਆਂ ਤੇ ਹੈ ਅਤੇ ਫਿਰ ਵੀ ਜੇਕਰ ਉਹ ਰਾਜਸ਼ਾਹੀ ਅੱਗੇ ਚਿੱਤ ਵੀ ਜੇਕਰ ਮੌਜੂਦਾ ਸੱਤਾਧਾਰੀਆਂ ਜਿਨ੍ਹਾਂ ਨੂੰ ਅਸੀਂ ਭਡਦੇ ਨਹੀਂ ਥੱਕਦੇ, ਹਰ ਬੁਰਾਈ ਨਾਲ ਜੌੜਕੇ ਦੇਖਦੇ ਹਾਂ, ਤੋਂ ਫਾਡੀ ਰਹਿ ਜਾਂਦਾ ਹੈ। ਤਾਂ ਅਸੀਂ ਆਉਣ ਵਾਲੇ ਸਮੇਂ ਵਿਚ ਪਛਤਾਇਆ ਦੀ ਗੱਲ ਕਰਾਂਗੇ। ਕਿਉਕਿ ਇਹ ਧਰਮਵੀਰ ਉਹੀ ਬੰਦਾ ਹੈ, ਜੋ ਪ੍ਰਬੰਧ ਵਿਚ ਤੇਜ਼ੀ ਨਾਲ ਬਦਲਾਓ ਕਰਨਾ ਜਾਣਦਾ ਹੈ। ਲੋਕਾਂ ਦੇ ਦੇ ਦੁੱਖਾਂ ਦਾ ਸਾਂਝਦਾਰ ਹੈ, ਲੋਕਾਈ ਦੀ ਰੂਹ ਦਾ ਵਾਕਿਫ ਹੈ। ਬਹੁਤ ਹੋਰ ਪੱਖ ਵੀ ਨੇ ਜੋ ਆਛੂਤੇ ਰਹਿ ਗਏ ਹੋਣਗੇ। ਅੰਤ ਡਾਕਟਰ ਧਰਮਵੀਰ ਗਾਂਧੀ ਬਾਰੇ ਆਪਣੀਆਂ ਕੁਝ ਕਾਵਿ ਸਤਰਾਂ ਸਮਰਪਿਤ ਕਰਦਾ ਹਾਂ
ਉਸ ਸਫ਼ਰ ’ਤੇ ਹਾਂ ਅਸੀਂ
ਜਿਸ ’ਤੇ ਸੁਪਨੇ ਸਾਜ਼ ਬਣਦੇ ਨੇ
ਇੱਕ ਨਵੇ ਯੁੱਗ ਦਾ ਆਗ਼ਾਜ਼ ਬਣਦੇ ਨੇ
ਤੁਰਦੇ ਹਾਂ ਬੇਸ਼ੱਕ ਨੰਗੇ ਪੈਰੀਂ
ਪਰ ਓਦੋਂ ਕੰਡੇ ਵੀ ਸਿਖਰ ਦਾ ਤਾਜ ਬਣਦੇ ਨੇ
ਆਮੀਨ
ਸੰਪਰਕ: +91 99149 00729
ਰਾਜਪਾਲ ਸਿੰਘ
ਖੂਬ ਲਿਖਿਆ ਹੈ ਪਰ ਇਹ ਗੱਲ ਵੀ ਦਰੁਸਤ ਹੈ ਕਿ ਡਾ. ਗਾਂਧੀ ਦੀ ਸ਼ਖਸੀਅਤ ਨੂੰ ਕਿਸੇ ਇਕ ਲੇਖ ਵਿੱਚ ਸਮੇਟਣਾ ਬਹੁਤ ਔਖਾ ਹੈ। ਉਹ ਸਚਮੁੱਚ ਹੀ ਮਨੁੱਖਤਾ ਦਾ ਆਸ਼ਕ ਹੈ।