ਦਾਜ ਬਦਲੇ ਵੀ ਹੁੰਦੇ ਹਨ ਬਜ਼ੁਰਗ ਬੇਰੁਖੀ ਦੇ ਸ਼ਿਕਾਰ - ਗੁਰਚਰਨ ਪੱਖੋਕਲਾਂ
Posted on:- 13-02-2014
ਅੱਜ ਦੇ ਸਮੇਂ ਵਿੱਚ ਸਮਾਜ ਵਿੱਚ ਬਜ਼ੁਰਗਾਂ ਜਾਂ ਮਾਪਿਆਂ ਦਾ ਸਤਿਕਾਰ ਕਰਨ ਦੀ ਰੁਚੀ ਘੱਟਦੀ ਜਾ ਰਹੀ ਹੈ। ਕੀ ਅੱਜ ਕੱਲ੍ਹ ਦੇ ਨੌਜਵਾਨ ਹੀ ਇਸ ਲਈ ਜ਼ਿੰਮੇਵਾਰ ਠਹਿਰਾਏ ਜਾ ਸਕਦੇ ਹਨ? ਕਦਾਚਿੱਤ ਨਹੀਂ, ਕਿਉਂਕਿ ਵਰਤਮਾਨ ਪੀੜੀ ਦੀ ਇਹ ਸੋਚ ਬਜ਼ੁਰਗ ਪੀੜੀ ਦੀ ਸਿੱਖਿਆ ਦੀ ਹੀ ਦੇਣ ਹੈ। ਵਰਤਮਾਨ ਪੀੜੀ ਹਮੇਸਾਂ ਆਪਣੀਆਂ ਪਿਛਲੀਆਂ ਪੀੜੀਆਂ ਭਾਵ ਬਜ਼ੁਰਗਾਂ ਤੋਂ ਹੀ ਜ਼ਿਆਦਾਤਰ ਸਿੱਖਦੀ ਹੁੰਦੀ ਹੈ। ਮਾਪਿਆਂ ਦੇ ਸਤਿਕਾਰ ਨੂੰ ਰੱਬ ਦੇ ਬਰਾਬਰ ਦੱਸਣ ਵਾਲੇ ਕਦੀ ਇਹ ਨਹੀਂ ਦੱਸਦੇ ਕਿ ਰੱਬ ਦੇ ਬਰਾਬਰ ਹੋਣਾ ਏਨਾ ਸੌਖਾ ਨਹੀਂ ਹੁੰਦਾ ।
ਰੱਬ ਦਾ ਦੂਜਾ ਨਾਂ ਕੁਦਰਤ ਹੁੰਦਾ ਹੈ, ਜੋ ਸਭ ਨੂੰ ਦਿਖਾਈ ਦਿੰਦੀ ਹੈ । ਕੁਦਰਤ ਕਦੇ ਆਪਣੇ ਆਪ ਨੂੰ ਵੇਚਦੀ ਨਹੀਂ ਹੁੰਦੀ ਅਤੇ ਸਭ ਨੂੰ ਬਰਾਬਰ ਦਾ ਸਤਿਕਾਰ ਅਤੇ ਰੋਟੀ ਪਾਣੀ ਵੀ ਦਿੰਦੀ ਹੈ। ਕੁਦਰਤ ਹਮੇਸਾਂ ਸਭ ਦਾ ਭਲਾ ਮੰਗਦੀ ਹੈ । ਮਨੁੱਖ ਨੇ ਕੁਦਰਤ ਉੱਪਰ ਕਬਜ਼ਾ ਕਰਨ ਦੇ ਯਤਨਾਂ ਤਹਿਤ ਸਾਰੀ ਧਰਤੀ ਦੀ ਵੰਡ ਪਾ ਲਈ ਹੈ। ਸਭ ਦੀ ਸਾਂਝੀ ਕੁਦਰਤ ਦੀ ਧਰਤੀ ਦੇ ਹਰ ਟੁਕੜੇ ’ਤੇ ਬੰਦਿਆਂ ਦਾ ਕਬਜ਼ਾ ਹੈ, ਮਨੁੱਖਤਾ ਦਾ ਨਹੀਂ । ਮਨੁੱਖਤਾ ਤੋਂ ਵਿਕਾਸ ਕਰਦਾ ਮਨੁੱਖ ਤਾਕਤਾਂ ਦਾ ਜ਼ੋਰ ਦਿਖਾਉਣ ਲੱਗ ਪਿਆ ਹੈ। ਇਸ ਤਰ੍ਹਾਂ ਦੀ ਤਾਕਤ ਵਿੱਚੋਂ ਹੀ ਜ਼ੋਰੀ ਜ਼ੋਰੂ ਜ਼ਮੀਨ ਦੀ ਮਾਲਕੀ ਉਪਜਦੀ ਹੈ ਅਤੇ ਇਸ ਤਰ੍ਹਾਂ ਦੀ ਮਾਨਸਿਕ ਸੋਚ ਵਿੱਚ ਪਹੁੰਚਿਆ ਵਿਅਕਤੀ ਹੀ ਅੰਨਾਂ ਬੋਲਾ ਅਖਵਾਉਣ ਵਾਲਾ ਮਾਇਆਧਾਰੀ ਬਣ ਜਾਂਦਾ ਹੈ। ਮਾਇਆਧਾਰੀ ਵਿਅਕਤੀ, ਜੋ ਗਿਆਨ ਅਤੇ ਧਰਮ ਤੋਂ ਕੋਹਾਂ ਦੂਰ ਹੋ ਜਾਂਦਾ ਹੈ ਤੇ ਆਪਣੀ ਔਲਾਦ ਦੇ ਸੌਦੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ ।
ਵਰਤਮਾਨ ਸਮੇਂ ਵਿੱਚ ਜਦ ਕਿਸੇ ਬਜ਼ੁਰਗ ਜੋੜੇ ਜਾਂ ਮਾਪੇ ਰੂਪੀ ਲੋਕਾਂ ਦੀ ਬੇਅਦਬੀ ਦੇਖਦੇ ਹਾਂ ਤਦ ਇਸ ਪਿੱਛੇ ਵੀ ਕੁਝ ਉਪਰੋਕਤ ਦੱਸੇ ਕਾਰਨ ਹੀ ਹੁੰਦੇ ਹਨ ।ਇਹੋ ਜਿਹੇ ਬਜ਼ੁਰਗ ਜੋੜਿਆਂ ਨੇ ਕਿਸੇ ਵਕਤ ਆਪਣੇ ਪੁੱਤਰਾਂ ਜਾਂ ਔਲਾਦ ਨੂੰ ਦਾਜ ਬਦਲੇ ਲੱਖਾਂ ਵਿੱਚ ਵੇਚਿਆ ਹੁੰਦਾ ਹੈ ਕਿਸੇ ਧੀ ਦੇ ਮਾਪੇ ਉਸ ਨੂੰ ਲੱਖਾਂ ਵਿੱਚ ਸਿਰ ਦਾ ਸਾਈਂ ਨਹੀਂ ਇੱਕ ਨੌਕਰ ਖਰੀਦ ਕੇ ਦਿੰਦੇ ਹਨ । ਇਸ ਨੌਕਰ ਨੂੰ ਵੇਚਣ ਵਾਲੇ ਮਾਪੇ ਹੀ ਹੁੰਦੇ ਹਨ ਸੋ ਇਹੋ ਜਿਹੇ ਮਾਪੇ ਜੋ ਆਪਣੀ ਔਲਾਦ ਵੇਚ ਜਾਂਦੇ ਹਨ ਉਹਨਾਂ ਦੀ ਕਿਹੋ ਜਿਹੀ ਇੱਜ਼ਤ ਹੋਣੀ ਚਾਹੀਦੀ ਹੈ ।
ਨੌਜਵਾਨ ਮੁੰਡੇ ਅਤੇ ਕੁੜੀਆਂ ਚੰਗੀ ਤਰਾਂ ਜਾਣਦੀਆਂ ਹਨ ਕਿ ਆਪਣੇ ਪੁੱਤਰਾਂ ਨੂੰ ਵੇਚਣ ਵਾਲਿਆਂ ਨੂੰ ਮਾਪੇ ਆਖਿਆ ਜਾ ਸਕਦਾ ਹੈ? ਮਾਪੇ ਬਣਨਾ ਤਾਂ ਸੌਖਾ ਹੈ, ਪਰ ਮਾਪੇ ਹੋਣ ਦਾ ਫਰਜ਼ ਨਿਭਾਉਣ ਸਮੇਂ ਗਿਆਨ ਰੂਪੀ ਧਰਮ ਤੇ ਨਿਸ਼ਕਾਮਤਾ ਦੀ ਜ਼ਰੂਰਤ ਹੁੰਦੀ ਹੈ। ਅੱਜ ਕੱਲ੍ਹ ਦੇ ਮਾਪੇ ਆਪਣੇ ਬੱਚਿਆਂ ਨੂੰ ਰੱਬੀ ਤੋਹਫੇ ਨਹੀਂ ਸਗੋਂ ਦੁਨੀਆਂ ਦੀ ਇੱਕ ਵਸਤੂ ਅਤੇ ਮਸ਼ੀਨ ਹੀ ਸਮਝਦੇ ਹਨ, ਜਿਸ ਨੂੰ ਜਦੋਂ ਮਰਜ਼ੀ ਵੇਚ ਲਉ , ਵਰਤ ਲਉ ,ਹੁਕਮ ਚਲਾ ਲਉ ਪਰ ਇਸ ਤਰਾਂ ਦੇ ਵਰਤਾਵੇ ਵਿੱਚੋਂ ਮੋਹ ਮਮਤਾ ਅਤੇ ਪਿਆਰ ਦੇ ਭਰੇ ਹੋਏ ਨੌਜਵਾਨ ਨਹੀਂ ਬਣਦੇ , ਸਗੋਂ ਮਸ਼ੀਨਾਂ ਵਰਗੇ ਪੱਥਰ ਦਿਲ ਔਲਾਦ ਹੀ ਨਿਕਲਦੀ ਹੈ। ਪੱਥਰਾਂ ਵਰਗੇ ਬਣਾਏ ਬੱਚੇ ਫਿਰ ਮਾਪਿਆਂ ਵਾਸਤੇ ਪਿਆਰ ਦੀ ਨਰਮਾਈ ਨਾਲ ਭਰੇ ਹੋਏ ਕਿਵੇਂ ਹੋ ਸਕਦੇ ਹਨ ?
ਸਮਾਜ ਅਤੇ ਸਰਕਾਰਾਂ ਦੀ ਸੋਚ ਵਿੱਚ ਬਦਲਾਅ ਕਰਨ ਲਈ ਹਮੇਸਾਂ ਮਨੁੱਖ ਨੂੰ ਹੀ ਪਹਿਲ ਕਰਨੀਂ ਪੈਂਦੀ ਹੈ। ਪਿਛਲੇ 40 ਕੁ ਸਾਲਾਂ ਦੇ ਸਮੇਂ ਵਿੱਚ ਮਨੁੱਖੀ ਸੋਚ ਵਿੱਚ ਪਦਾਰਥਵਾਦ ਦੇ ਕੀੜੇ ਨੇ ਇਹੋ ਜਿਹਾ ਘਰ ਬਣਾਇਆ ਹੈ, ਜਿਸ ਵਿੱਚੋਂ ਵਪਾਰਕ ਸੋਚ ਹੀ ਨਿਕਲ ਰਹੀ ਹੈ। ਹਮਦਰਦੀ ਅਤੇ ਪਿਆਰ ਵਰਗੇ ਮਨੁੱਖੀ ਜਜ਼ਬਿਆਂ ਦੀ ਥਾਂ ਦੁਨਿਆਵੀ ਪਦਾਰਥਾਂ ਨਾਲ ਦੁਨੀਆਂ ਨੂੰ ਵੱਸ ਵਿੱਚ ਕਰਨ ਦਾ ਢੰਗ ਹੀ ਸਭ ਤੋਂ ਵੱਧ ਪਰਚਲਿਤ ਹੋਇਆ ਹੈ। ਵਰਤਮਾਨ ਦੇ ਬੱਚੇ ਅਤੇ ਨੌਜਵਾਨ ਆਪਣੇ ਬਜ਼ੁਰਗਾਂ ਨਾਲੋਂ ਕਈ ਗੁਣਾ ਵੱਧ ਇਸ ਦਲਦਲ ਵਿੱਚ ਧਸ ਗਏ ਹਨ, ਜੋ ਕਿ ਸਾਡੇ ਬਜ਼ੁਰਗਾਂ ਨੇ ਹੀ ਸਾਡੇ ਲਈ ਤਿਆਰ ਕੀਤੀ ਹੈ । ਜਦ ਬਜ਼ੁਰਗ ਆਪਣੇ ਬੱਚਿਆਂ ਲਈ ਰਿਸ਼ਤੇਦਾਰ ਭਾਲਣ ਦੀ ਥਾਂ ਸੌਦੇਬਾਜ਼ ਰਿਸ਼ਤੇਦਾਰ ਭਾਲਕੇ ਦੇਣ ਵਿੱਚ ਹੀ ਵਡੱਪਣ ਸਮਝਦੇ ਹਨ, ਤਦ ਹੀ ਨਵੀਂ ਪੀੜੀ ਵੀ ਇਸ ਭਾਰ ਨੂੰ ਚੁੱਕਣ ਲਈ ਮਜਬੂਰ ਹੁੰਦੀ ਹੈ।
ਸੌਦੇਬਾਜ਼ੀਆਂ ਦੇ ਜੰਗਲ ਵਿੱਚ ਰਹਿਣ ਵਾਲਾ ਇਨਸਾਨ ਹਮੇਸਾਂ ਮੁਨਾਫਿਆਂ ਦ ਸੌਦੇ ਕਰਦਾ ਹੈ । ਮੁਨਾਫਿਆਂ ਦਾ ਸੌਦਾ ਕਰਨਾ ਸਿੱਖ ਚੁੱਕੀ ਪੀੜੀ ਆਪਣੇ ਬਜ਼ੁਰਗਾਂ ਨੂੰ ਸੰਭਾਲਣ ਵਿੱਚ ਜ਼ਿਆਦਾ ਖਰਚਾ ਕਰਕੇ ਘਾਟਾ ਕਿਉਂ ਉਠਾਵੇਗੀ । ਵਰਤਮਾਨ ਪੀੜੀ ਦਾ ਇਹ ਦੋਸ਼ ਬਜ਼ੁਰਗਾਂ ਨੇ ਹੀ ਆਪਣੇ ਬੱਚਿਆਂ ਨੂੰ ਜੰਮਣ ਗੁੜਤੀ ਦੇ ਰੂਪ ਵਿੱਚ ਦਿੱਤਾ ਹੈ। ਨੌਜਵਾਨ ਹੋਣ ਤੱਕ ਇਸ ਲਾਲਚ ਦਾ ਜ਼ਹਿਰ ਪੂਰੀ ਤਰਾਂ ਇਨਸਾਨ ਤੇ ਕਾਬਜ਼ ਹੋ ਜਾਂਦਾ ਹੈ। ਦੂਸਰਿਆਂ ਨੂੰ ਲੁੱਟਣ ਵਾਲੇ ਇੱਕ ਦਿਨ ਖੁਦ ਵੀ ਲੁੱਟੇ ਜਾਂਦੇ ਹਨ । ਵਰਤਮਤਾਨ ਬਜ਼ੁਰਗਾਂ ਵੱਲੋਂ ਰਿਸ਼ਤਿਆਂ ਵਿੱਚ ਵੀ ਲੁੱਟਤੰਤਰ ਦਾ ਕਰਵਾਇਆ ਬੋਲਬਾਲਾ ਹੀ ਉਹਨਾਂ ਦੀ ਦੁਰਦਸ਼ਾ ਦਾ ਮੁੱਖ ਕਾਰਨ ਹੈ । ਜਦ ਤੱਕ ਅਸੀਂ ਖੁਦ ਨਿਸ਼ਕਾਮ , ਦਇਆ ਅਤੇ ਪਿਆਰ ਦੀ ਮੂਰਤ ਨਹੀਂ ਬਣਾਂਗੇ ਤਦ ਤੱਕ ਆਉਣ ਵਾਲੀ ਪੀੜੀ ਤੋਂ ਦਇਆ ਅਤੇ ਸੇਵਾ ਦੀ ਆਸ ਨਹੀਂ ਕਰ ਸਕਦੇ ।
ਸੰਪਰਕ: +91 94177 27245