ਸਰਕਾਰੀ ਪ੍ਰਾਇਮਰੀ ਸਕੂਲ ਹਾਕਮ ਵਾਲਾ ਰੱਬ ਆਸਰੇ- ਜਸਪਾਲ ਸਿੰਘ ਜੱਸੀ
Posted on:- 09-01-2014
ਮਾਨਸਾ: ਪੰਜਾਬ ਸਰਕਾਰ ਨੇ ਮੁਢਲੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਭਾਵੇਂ ਵੱਡੀ ਮੁਹਿੰਮ ਵਿੱਢੀ ਹੋਈ ਹੈ ਅਤੇ ਇਸ ਤਹਿਤ ਅਧਿਆਪਕਾਂ ਦੀ ਦਿਨ ਪ੍ਰਤੀ ਦਿਨ ਭਰਤੀ ਵੀ ਕੀਤੀ ਗਈ ਪਰ ਪ੍ਰਸ਼ਸਾਸਨਿਕ ਖਾਮੀਆਂ ਕਾਰਨ ਹਾਲੇ ਵੀ ਸੂਬੇ ਦੇ ਕਈ ਸਕੂਲ ‘ਅਧਿਆਪਕਾਂ‘ ਨੂੰ ਤਰਸ ਰਹੇ ਨੇ।ਇਸੇ ਤਰਾਂ ਦਾ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਚ ਪੈਂਦੇ ਪਿੰਡ ਹਾਕਮ ਵਾਲਾ ਦਾ, ਜਿਥੇ ਕਰੀਬ 2 ਸੈਕੜਾ ਬੱਚੇ ਆਉਂਦੇ ਤਾਂ ਪੜ੍ਹਨ ਹਨ ਪਰ ਸਕੂਲ ’ਚ ਅਧਿਆਪਕਾਂ ਦੀ ਅਣਹੋਦ ਕਾਰਨ ਮੁੜ ਜਾਂਦੇ ਨੇ।
ਇਸ ਸਕੂਲ ਵਿੱਚ 90 ਫੀਸਦ ਬੱਚੇ ਪਿੰਡ ਦੇ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ੍ਰੇਣੀਆਂ ਨਾਲ ਸਬੰਧਤ ਪਰਿਵਾਰਾਂ ਦੇ ਹਨ।ਜਿਨ੍ਹਾਂ ਨੂੰ ਤਿਆਰ ਕਰਦਿਆਂ ਮਾਪਿਆਂ ਨੇ ਪਤਾ ਨਹੀ ਉਨ੍ਹਾਂ ਦੀ ਪੜਾਈ ਨੂੰ ਲੈਕੇ ਕਿੰਨੀਆਂ ਰੀਝਾਂ ਗੁੰਦੀਆਂ ਹੋਣਗੀਆਂ, ਪਰ ਸਕੂਲ ਚ ਪਿਛਲੇ ਲੰਮੇਂ ਸਮੇਂ ਤੋ ਕੇਵਲ ਤੇ ਕੇਵਲ ਦੋ ਅਧਿਆਪਕਾਵਾਂ ਹੀ ਹਨ। ਸਕੂਲ ਸੈਂਟਰ ਸਕੂਲ ਹੋਣ ਕਾਰਨ ਜਿਨ੍ਹਾਂ ’ਚੋ ਇੱਕ ਅਧਿਆਪਕਾ ਦਾ ਜ਼ਿਆਦਾ ਸਮਾਂ ਦਫਤਰੀ ਕੰਮਾਂ ਕਾਰਾਂ ’ਚ ਲੰਘ ਜਾਂਦੈ ਤੇ ਬਾਕੀ ਇੱਕ ਅਧਿਆਪਕਾ 187 ਬੱਚਿਆਂ ਨੂੰ ਪੜਾ ਸਕਦੀ ਹੋਵੇਗੀ ਜਾਂ ਪੂਰਾ ਦਿਨ ਬੱਚਿਆਂ ਦੀਆਂ ਸ਼ਰਾਰਤਾਂ ਨੂੰ ਕੰਟਰੋਲ ਕਰਦੀ ਹੋਵੇਗੀ।
ਸਕੂਲ ਚ ਅਧਿਆਪਕਾਂ ਦੀ ਕਮੀ ਨੂੰ ਲੈਕੇ ਮਾਪੇ ਅਤੇ ਪਿੰਡ ਵਾਸੀਆਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਸਕੂਲ ਵਿਕਾਸ ਕਮੇਟੀ ਦੇ ਆਗੂ ਜਗਤਾਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਗਿਣਤੀ ਮੁਤਾਬਕ ਸਕੂਲ ਚ ਅਧਿਆਪਕ ਭੇਜੇ ਜਾਣ ਸਬੰਧੀ ਉਹ ਕਈ ਵਾਰ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਨੂੰ ਮਿਲੇ ਹਨ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।ਸਕੂਲ ਚ ਪੜਦੇ ਦੋ ਬੱਚਿਆਂ ਦੇ ਪਿਤਾ ਅੰਮਿ੍ਰਤਪਾਲ ਸਿੰਘ ਨੇ ਕਿਹਾ ਕਿ ਉਨਾਂ ਦੇ ਬੱਚੇ ਪਹਿਲਾਂ ਇੱਕ ਪ੍ਰਾਈਵੇਟ ਸਕੂਲ ਚ ਪੜਦੇ ਸਨ। ਪੰਜਾਬ ਸਰਕਾਰ ਦੁਆਰਾ ਪ੍ਰਾਇਮਰੀ ਵਿੱਦਿਆ ਨੂੰ ਉੱਚਾ ਚੁੱਕਣ ਲਈ ਨਿੱਤ ਦਿਨ ਕੀਤੇ ਜਾ ਰਹੇ ਯਤਨਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਆਪਣੀਆਂ ਦੋਵੇਂ ਧੀਆਂ ਨੂੰ ਪਿੰਡ ਦੇ ਸਰਕਾਰੀ ਸਕੂਲ ਚ ਦਾਖਲ ਕਰਵਾਇਆ ਸੀ, ਪਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਖਾਮੀਆਂ ਦੇ ਚਲਦਿਆਂ ਸਕੂਲ ਚ ਅਧਿਆਪਕਾਂ ਦੀ ਕਮੀ ਹੋਣ ਕਾਰਨ ਉਨ੍ਹਾਂ ਦਾ ਸਰਕਾਰੀ ਸਕੂਲ ਤੋਂ ਮੋਹ ਭੰਗ ਹੋ ਰਿਹਾ ਹੈ।
ਉਨਾਂ ਕਿਹਾ ਕਿ ਜੇ ਸਕੂਲ ਚ ਲੋੜੀਂਦੇ ਅਧਿਆਪਕ ਨਾ ਭੇਜੇ ਗਏ ਤਾਂ ਉਹ ਆਪਣਿਆਂ ਬੱਚਿਆਂ ਨੂੰ ਮੁੜ ਪ੍ਰਾਈਵੇਟ ਸਕੂਲ ਚ ਦਾਖਲ ਕਰਾਉਣ ਜਾਂ ਘਰ ਬਿਠਾਉਣ ਲਈ ਮਜਬੂਰ ਹੋਣਗੇ।ਇਸ ਸਬੰਧੀ ਜਦ ਸਕੂਲ ਮੁਖੀ ਮੈਡਮ ਸਿਮਰਪਾਲ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਕੂਲ ਚ ਬੱਚਿਆਂ ਦੀ ਗਿਣਤੀ 187 ਹੈ ਤੇ ਸਕੂਲ ਚ ਅਧਿਆਪਕ ਕੇਵਲ ਦੋ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਪੰਜ ਆਸਾਮੀਆਂ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ, ਜਿਸ ਬਾਰੇ ਉਨ੍ਹਾਂ ਨੇ ਸਮੇਂ ਸਮੇਂ ’ਤੇ ਵਿਭਾਗ ਨੂੰ ਜਾਣੂ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਸਕੂਲ ਸੈਂਟਰ ਸਕੂਲ ਹੋਣ ਕਾਰਨ ਇੱਕ ਅਧਿਆਪਕ ਦਾ ਜ਼ਿਆਦਾ ਸਮਾਂ ਦਫਤਰੀ ਕੰਮਾਂ/ਮੀਟਿੰਗਾਂ ਆਦਿ ਚ ਲੰਘ ਜਾਂਦੈ ਜਿਸ ਕਾਰਨ ਬੱਚਿਆਂ ਦੀ ਪੜਾਈ ਦਾ ਵੱਡਾ ਨੁਕਸਾਨ ਹੋਣ ਸੰਭਾਵਿਕ ਹੈ।ਇਸ ਸਬੰਧੀ ਜਦ ਬਲਾਕ ਸਿੱਖਿਆ ਅਫਸਰ ਬੁਢਲਾਡਾ (ਪ੍ਰਾਇਮਰੀ) ਨਾਲ ਗੱਲਬਾਤ ਕਰਨੀ ਚਾਹੀ ਤਾ ਵਾਰ ਵਾਰ ਸੰਪਰਕ ਕਰਨ ਤੇ ਵੀ ਦਫਤਰ ’ਚ ਉਨ੍ਹਾਂ ਦੀ ਕੁਰਸੀ ਖਾਲੀ ਮਿਲੀ।
ਇਸ ਪੂਰੇ ਮਾਮਲੇ ਬਾਰੇ ਜਦ ਐਸ.ਡੀ.ਐਮ ਬੁਢਲਾਡਾ ਸ੍ਰ.ਅਨਮੋਲ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਬੁਢਲਾਡਾ ਖੇਤਰ ਨੂੰ ਪੱਛੜਿਆ ਦੱਸਦਿਆਂ ਕਿਹਾ ਕਿ ਇਥੇ ਉਂਝ ਵੀ ਕੋਈ ਅਧਿਆਪਕ ਆ ਕੇ ਖੁਸ਼ ਨਹੀਂ ਹੈ ਫਿਰ ਵੀ ਉਹ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਰਾਬਤਾ ਕਰਕੇ ਸਕੂਲ ਚ ਅਧਿਆਪਕਾਂ ਦੀ ਕਮੀ ਦੂਰ ਕਰਨ ਦੀ ਕੋਸ਼ਿਸ਼ ਕਰਨਗੇ।