Thu, 03 October 2024
Your Visitor Number :-   7228739
SuhisaverSuhisaver Suhisaver

ਕਾਹਦਾ ਪੁੱਤ ਦਾ ਰਾਜ ਭਾਗ ਮਾਂ ਖੜ੍ਹੀ ਦਫ਼ਤਰੋਂ ਬਾਹਰ! - ਜਸਪਾਲ ਸਿੰਘ ਜੱਸੀ

Posted on:- 30-12-2014

ਇੱਕ ਪਾਸੇ ਪੰਜਾਬ ਸਰਕਾਰ, ਔਰਤ ਦੇ ਸਵੈਮਾਣ ਨੂੰ ਉੱਚਾ ਚੁੱਕਣ ਲਈ ਸਿਰਜੋੜ ਯਤਨ ਕਰ ਰਹੀ ਹੈ ਅਤੇ ਸਰਕਾਰ ਨੇ ਨਵੀਂ ਆਟਾ ਦਾਲ ਯੌਜਨਾ ’ਚ ਘਰ ਦਾ ਮੁਖੀ ਪਰਿਵਾਰ ਦੀ ਔਰਤ ਨੂੰ ਦਰਜ ਕਰਕੇ ਪੰਜਾਬ ਨੂੰ ਦੁਨੀਆਂ ਭਰ ’ਚ ਨਿਵੇਕਲੀ ਪਹਿਚਾਣ ਦਿੱਤੀ ਹੈ। ਪਰ ਦੂਜੇ ਪਾਸੇ ਕੁਝ ਅਹਿਜੇ ਲੋਕ ਵੀ ਹਨ, ਜਿਹੜੇ ਮਾਂ, ਭੈਣ ਅਤੇ ਧੀ ਵਰਗੇ ਪਵਿੱਤਰ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਔਰਤ ਨੂੰ ‘‘ਪੈਰ ਦੀ ਜੁੱਤੀ’’ ਤੋਂ ਸਿਵਾਏ ਕੁਝ ਵੀ ਨਹੀਂ ਜਾਣਦੇ।ਇੱਕ ਅਹਿਜੀ ਹੀ ਘਟਨਾ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਟਾਹਲੀਆਂ ਦੀ ਜਿੱਥੇ ਬੁਢਾਪੇ ਦੀ ‘‘ਡੰਗੋਰੀ’’ ਕਹੇ ਜਾਣ ਵਾਲੇ ‘‘ਕਲਯੁਗੀ’’ ਪੁੱਤ ਨੇ ਆਪਣੀ 68 ਸਾਲਾ ਬਿਰਧ ਮਾਤਾ ਨੂੰ ਘਰੋਂ ਕੱਢਕੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤੈ।



ਇਹ ਜੋ ਬਜ਼ੁਰਗ ਔਰਤ ਤੁਸੀ ਦੇਖ ਰਹੋ ਹੋ ਇਹ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਟਾਹਲੀਆਂ ਦੀ ਵਸਨੀਕ ਸੀਤੋ....! ਜਿਸ ਦੇ ਸਿਦਕ ਦਾ ਰੱਬ ਨੇ ਵੀ ਰੱਜਕੇ ਇਮਤਿਹਾਨ ਲਿਆ। ਸੀਤੋ ਨੂੰ ਨਾ ਤਾਂ ਉਸ ਦੀ ਔਲਾਦ ਜਿਉਣ ਦਾ ਆਸਰਾ ਦਿੰਦੀ ਹੈ ਅਤੇ ਨਾ ਰੱਬ ਮੌਤ। ਪੁੱਤ ਨੇ ਐਸੀ ਮਾਂ ਨੂੰ ਘਰੋ ਕੱਢ ਦਿੱਤਾ ਹੈ, ਜਿਸ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਲੋਕਾਂ ਦੇ ਘਰਾਂ ’ਚ ‘ਗੋਹਾ-ਕੂੜਾ’ ਕੀਤਾ।

‘‘ਦੁੱਖਾਂ ਭਰੀ ਕਹਾਣੀ’’ ਸੀਤੋ ਦੀ ਜ਼ਬਾਨੀ...

ਕੜਾਕੇ ਦੀ ਠੰਡ ਚ ਪਿੰਡ ਦੀ ਧਰਮਸ਼ਾਲਾ ਦੇ ਬੇਪਰਦਾ ਬਰਾਂਡੇ ਅੰਦਰ ਦਿਨ ਕੱਟ ਰਹੀ ਇਸ ਬਜ਼ੁਰਗ ਮਾਤਾ ਸੀਤੋ ਕੌਰ ਨੇ ਦੱਸਿਆ ਚਾਰ ਪੁੱਤਰਾਂ ਚੋਂ ਤਿੰਨ ਵੱਖ-ਵੱਖ ਬਿਮਾਰੀਆਂ ਨਾਲ ਰੱਬ ਨੂੰ ਪਿਆਰੇ ਹੋ ਗਏ ਅਤੇ ਤਿੰਨ ਸਾਲ ਪਹਿਲਾਂ ਰੱਬ ਨੇ ਸਿਰ ਦੇ ਸਾਂਈ (ਪਤੀ) ਨੂੰ ਵੀ ਚੁੱਕ ਲਿਆ।ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਇਸ ਬਿਰਧ ਅਵਸਥਾ ’ਚ ਵੀ ਮੇਰੇ ਕੋਲੋ ਕੰਮ ਅਤੇ ਪੈਸੇ ਭਾਲਦੈ।ਉਨ੍ਹਾਂ ਕਿਹਾ ਕਿ ਹੁਣ ਤੱਕ ਉਹ ਘਰ ਦਾ ਪੂਰਾ ਕੰਮ ਵੀ ਕਰਦੀ ਸੀ ਅਤੇ ਲੋਕਾਂ ਦੇ ਘਰਾਂ ’ਚ ਕੰਮ ਕਰਕੇ ਪੈਸੇ ਵੀ ਕਮਾਕੇ ਦਿੰਦੀ ਰਹੀ, ਪਰ ਹੁਣ ਕੰਮ ਲਈ ਉਸ ਦੀ ਸਰੀਰਕ ਸਮਰੱਥਾ ਨਹੀਂ ਰਹੀ ਅਤੇ ਇਸੇ ਕਰਕੇ ਉਸ ਦੇ ਪੁੱਤਰ ਨੇ ਉਸ ਨੂੰ ਇਹ ਕਹਿਕੇ ਘਰੋਂ ਕੱਢ ਦਿੱਤਾ ਕਿ ‘‘ਜਾ ਕਿਤੇ ਮਰਜ਼ੀ ਜਾ ਮੇਰੇ ਤੋਂ ਨੀ ਤੇਰਾ ਸਿਆਪਾ ਹੁੰਦਾ ’’।

ਗੱਡੀ ਦੀ ਲਾਇਨ ਉੱਪਰ ਹੀ ਕੱਟਦੀ ਰਹੀ ਦਿਨ :

ਬਜ਼ੁਰਗ ਮਾਤਾ ਨੇ ਦੁੱਖ ਭਰੀ ਦਾਸਤਾਂ ਸੁਣਾਉਦਿਆਂ ਕਿਹਾ ਕਿ ਪੁੱਤ ਦੇ ਘਰੋਂ ਕੱਢਣ ਉਪਰੰਤ ਉਹ ਜਿਵੇਂ ਕਿਵੇਂ ਮਾਨਸਾ ਪੁੱਜ ਗਈ ਅਤੇ ਉਥੇ ਗੱਡੀ ਦੀ ਲਾਇਨ ਕੋਲ ਝੁੱਗੀ ਚ ਦਿਨ ਕੱਟਣ ਲੱਗੀ। ਇਸੇ ਦੌਰਾਨ ਉਸ ਦੀ ਲੱਤ ਉੱਪਰ ਸੱਟ ਵੀ ਲੱਗ ਗਈ।ਇਲਾਜ ਲਈ ਨਵਾਂ ਪੈਸਾ ਤੱਕ ਨਹੀਂ ਸੀ ਅਤੇ ਦਿਨ ਬੀਤਦੇ ਗਏ। ਸੱਟ ਦੇ ਜ਼ਖਮ ਦੀ ਤਕਲੀਫ ਵੱਧਦੀ ਗਈ ਤੇ ਅੰਤ ਜ਼ਖਮ ਵਾਲੀ ਲੱਤ ਚ ‘‘ਕੀੜੇ’’ ਪੈ ਗਏ।ਬਜ਼ੁਰਗ ਨੇ ਦੱਸਿਆ ਕਿ ਇੱਕ ਭਲੇ ਮਾਣਸ ਨੇ ਉਸ ਦੀ ਇਹ ਹਾਲਤ ਦੇਖਕੇ ਉਸ ਨੂੰ ਮਾਨਸਾ ਦੇ ਹਸਪਤਾਲ ’ਚ ਭਰਤੀ ਕਰਾਇਆ ਅਤੇ ਮੇਰੇ ਪੁੱਤ ਦਾ ਐਡਰੈਸ ਪਤਾ ਕਰਕੇ ਉਸ ਨਾਲ ਮੇਰੇ ਬਾਰੇ ਗੱਲ ਕੀਤੀ।

ਕਲਯੁਗੀ ਪੁੱਤਰ ਨੇ ਕਰ ਦਿੱਤੀ ਮਾਂ ਨੂੰ ਪਹਿਚਾਨਣ ਤੋ ਕੋਰੀ ਨਾਂਹ :

ਬਜ਼ੁਰਗ ਮਾਤਾ ਸੀਤੋ ਕੌਰ ਨੇ ਦੱਸਿਆ ਕਿ ਜਦ ਹਸਪਤਾਲ ਚ ਜ਼ੇਰ ਏ ਇਲਾਜ ਸੀ ਤਾਂ ਸਮਾਜ ਸੇਵੀਆਂ ਨੇ ਪਿੰਡ ਦੇ ਸਰਪੰਚ ਜ਼ਰੀਏ ਮੇਰੇ ਪੁੱਤ ਨਾਲ ਰਾਬਤਾ ਕੀਤਾ।ਦੁਖੀ ਔਰਤ ਨੇ ਭਰੇ ਮਨ ਨਾਲ ਕਿਹਾ ਕਿ ਜਿਸ ਔਲਾਦ ਨੂੰ ਪਾਉਣ ਲਈ ਉਸ ਨੇ ਪਤਾ ਨਹੀਂ ਕਿੰਨੇ ਦੇਵੀ-ਦੇਵਤਿਆਂ ਦੇ ਦਰ ਤੇ ਨੱਕ ਰਗੜੇ ਅਤੇ ਮੰਨਤਾਂ ਮੰਗੀਆਂ ਉਸ ਔਲਾਦ ਨੇ ਮੈਨੂੰ ਪਹਿਚਾਨਣ ਅਤੇ ਘਰ ਲਿਜਾਣ ਤੋਂ ਸਮਾਜ ਸੇਵੀਆਂ ਨੂੰ ਜਵਾਬ ਦਿੱਤਾ।

ਰੱਬ ਮੈਨੂੰ ਵਾਂਝ ਹੀ ਰਹਿਣ ਦਿੰਦਾ ....

ਔਰਤ ਨੇ ਪੁੱਤਰ ਦੁਆਰਾ ਕੀਤੇ ਉਸ ਨਾਲ ਅਣਮਨੁੱਖੀ ਵਿਵਹਾਰ ਦੀ ਗੱਲ ਕਰਕੇ ਇਥੋਂ ਤੱਕ ਕਹਿ ਦਿੱਤਾ ਕਿ ਐਸੀ ਔਲਾਦ ਨਾਲੋਂ ਰੱਬ ਮੈਨੂੰ ‘‘ਵਾਂਝ’’ ਹੀ ਰਹਿਣ ਦਿੰਦਾ।

ਸਮਾਜ ਸੇਵੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਬਜ਼ੁਰਗ ਔਰਤ ਪਿਛਲੇ ਲੱਗਭੱਗ ਡੇਢ-ਦੋ ਮਹੀਨਿਆਂ ਤੋਂ ਪਿੰਡ ਦੀ ਦਲਿਤ ਧਰਮਸ਼ਾਲਾ ਵਿਖੇ ਦਿਨ ਕੱਟ ਰਹੀ ਹੈ, ਜਿਸ ਨੂੰ ਉਸ ਦੇ ਪੁੱਤਰ ਨੇ ਘਰੋਂ ਕੱਢ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਇੰਨੀ ਕੜਾਕੇ ਦੀ ਠੰਡ ਪੈ ਰਹੀ ਹੈ, ਜਦ ਅਸੀਂ ਆਪਣੇ ਘਰਾਂ ਅੰਦਰ ਗਰਮ ਕੱਪੜੇ ਪਾਕੇ ਅਤੇ 2-2 ਰਜਾਈਆਂ ਲੈਕੇ ਬੰਦ ਕਮਰਿਆਂ ਚ ਬੈਠੇ ਹਾਂ। ਅਜਿਹੇ ਹਾਲਾਤ ’ਚ ਇਹ ਔਰ਼ਤ ਧਰਮਸ਼ਾਲਾ ਦੇ ਖੁੱਲੇ ਬਰਾਂਡੇ ਚ ਖੁੱਲੇ ਆਸਮਾਨ ਹੇਠ ਬੈਠੀ ਹੈ। ਉਨ੍ਹਾਂ ਦੱਸਿਆ ਕਿ ਇਸ ਔਰਤ ਦੀ ਸਾਂਭ ਸੰਭਾਲ ਵਾਸਤੇ ਉਨ੍ਹਾਂ ਬਜ਼ੁਰਗ ਦੇ ਪੁੱਤਰ ਨਾਲ ਵੀ ਸੰਪਰਕ ਕੀਤਾ ਸੀ, ਪਰ ਉਸ ਕਲਯੁਗੀ ਪੁੱਤਰ ਨੇ ਆਪਣੀ ਮਾਂ ਨੂੰ ਘਰ ਲਿਜਾਣ ਤੋਂ ਸਾਫ ਇਨਕਾਰ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਸਮਾਜ ਸੇਵੀਆਂ ਨੂੰ ਪਿੰਡ ਦੀ ਪੰਚਾਇਤ ਤੋਂ ਇਸ ਬਜ਼ੁਰਗ ਦੀ ਸਾਂਭ ਸੰਭਾਲ ਕਰਨ ਦੀ ਇਜਾਜ਼ਤ ਵੀ ਨਹੀਂ ਮਿਲੀ।

ਧਰਮਸ਼ਾਲਾ ਅੰਦਰ ਚਲਦੇ ਆਂਗਣਵਾੜੀ ਸੈਟਰ ’ਚ ਤਾਇਨਾਤ ਹੈਲਪਰ ਨਸੀਬ ਕੌਰ ਨੇ ਦੱਸਿਆ ਕਿ ਆਂਗਣਵਾੜੀ ਸੈਂਟਰ ਦੇ ਬੱਚਿਆਂ ਲਈ ਤਿਆਰ ਕੀਤੇ ਖਾਣੇ ਚੋਂ ਉਹ ਇਸ ਔਰਤ ਨੂੰ ਵੀ ਖਾਣਾ ਦਿੰਦੀ ਹੈ।ਉਨ੍ਹਾਂ ਦੱਸਿਆ ਕਿ ਉਸ ਨੇ ਪੀੜਤ ਔਰਤ ਦੇ ਬੇਟੇ ਨਾਲ ਵੀ ਬੇਬੇ ਨੂੰ ਘਰ ਲਿਜਾਣ ਬਾਰੇ ਦੋ ਵਾਰ ਗੱਲ ਕੀਤੀ ਸੀ ਪਰ ਉਸ ਨੇ ਘਰ ਲਿਜਾਣ ਤੋਂ ਸਾਫ ਇਨਕਾਰ ਕਰ ਦਿੱਤਾ।

ਸੰਪਰਕ: +91 98724 68858

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ