Wed, 04 December 2024
Your Visitor Number :-   7275512
SuhisaverSuhisaver Suhisaver

ਮਾਝੇ ਦੀ ਬਿੜਕ ਲੈਂਦਿਆਂ - ਅਮਨਦੀਪ ਹਾਂਸ

Posted on:- 03-02-2017

suhisaver

 (ਚੋਹਲਾ ਸਾਹਿਬ ਹਲਕਾ ਖਡੂਰ ਸਾਹਿਬ ਦਾ ਮਸ਼ਹੂਰ ਕਸਬਾ ਹੈ-  ਇਸ ਹਲਕੇ ਵਿੱਚ ਮੁੱਖ ਮੁਕਾਬਲਾ- ਕਾਂਗਰਸ ਦੇ 48 ਸਾਲਾ ਰਮਨਜੀਤ ਸਿੰਘ ਸਹੋਤਾ ਸਿੱਕੀ, ਆਪ ਦੇ 50 ਸਾਲਾ ਭੁਪਿੰਦਰ ਸਿੰਘ ਬਿੱਟੂ ਅਤੇ ਗੱਠਜੋੜ ਦੇ 52 ਸਾਲਾ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਦਰਮਿਆਨ ਹੈ।  ਉਂਞ ਇਥੇ ਬਸਪਾ ਦੇ ਦਿਆਲ ਸਿੰਘ, ਮਾਨ ਦਲ ਦੇ ਕਰਮ ਸਿੰਘ, ਆਪਣਾ ਪੰਜਾਬ ਪਾਰਟੀ ਦੇ ਦਲਜੀਤ ਸਿੰਘ, ਸੀ ਪੀ ਆਈ ਦੇ ਬਲਦੇਵ ਸਿੰਘ ਧੁੰਦਾ ਤੇ ਇਕ ਅਜ਼ਾਦ ਉਮੀਦਵਾਰ ਆਪਣੀ ਸਿਆਸੀ ਕਿਸਮਤ ਅਜ਼ਮਾਅ ਰਹੇ ਨੇ।)

ਖਡੂਰ ਸਾਹਿਬ ਦੇ ਇਲਾਕਾ ਚੋਹਲਾ ਸਾਹਿਬ ਨੂੰ ਧੜੇਬੰਦੀਆਂ ਨੇ ਵੱਡੀ ਢਾਅ ਲਾਈ ਹੈ। ਇਥੇ ਅਕਾਲੀ ਵਰਸਿਜ਼ ਕਾਂਗਰਸ ਤਾਂ ਵਖਰੇਵਾਂ ਹੈ ਹੀ, ਅਕਾਲੀ ਵਰਸਿਜ਼ ਅਕਾਲੀ ਧੜੇਬੰਦੀ ਵੀ ਵੱਡੀ ਪੱਧਰ 'ਤੇ ਹੈ।

ਚੋਹਲਾ ਸਾਹਿਬ ਵਿੱਚ ਹਾਕਮੀ ਧਿਰ ਦੀ ਵੋਟ ਬੈਂਕ ਨੂੰ ਖੋਰਾ ਲਾਉਣ ਵਾਲੇ ਮੁੱਖ ਮੁੱਦਿਆਂ ਵਿੱਚ ਨਸ਼ਾ, ਪਾਵਨ ਗ੍ਰੰਥ ਦੀ ਬੇਅਦਬੀ ਦੀਆਂ ਘਟਨਾਵਾਂ, ਚਾਪਲੂਸਾਂ ਦੀ ਸੁਣਵਾਈ ਤੇ ਆਮ ਅਕਾਲੀ ਵਰਕਰਾਂ ਦੀ ਅਣਦੇਖੀ, ਪੈਨਸ਼ਨਾਂ 'ਚ ਘਾਲਾ ਮਾਲਾ, ਮਰਿਆਂ ਦੀ ਪੈਨਸ਼ਨ ਆ ਰਹੀ ਹੈ, ਜਿਉਂਦੇ ਲੋੜਵੰਦ ਤਰਸ ਰਹੇ ਨੇ, ਕਣਕ ਦਾਲ ਚਹੇਤਿਆਂ ਦੇ ਘਰੀਂ ਵਰਤਾਈ ਜਾਂਦੀ ਹੈ, ਲੋੜਵੰਦਾਂ ਨੂੰ ਪਰਚੀਆਂ ਦੇ ਕੇ ਤੋਰਿਆ ਜਾਂਦਾ ਰਿਹਾ। ਚੋਹਲਾ ਸਾਹਿਬ ਦੇ ਹਾਕਮੀ ਧਿਰ ਦੇ ਨਰਾਜ਼ ਵਰਕਰਾਂ ਤੇ ਕਾਂਗਰਸੀ ਵਰਕਰਾਂ ਨੇ ਸਾਂਝੀ ਸੁਰ ਵਿੱਚ ਦਾਅਵਾ ਕੀਤਾ ਕਿ ਇਕ ਸਾਲ ਵਿੱਚ 20-25 ਮੁੰਡੇ ਚਿੱਟੇ ਕਰਕੇ ਜਾਨ ਗਵਾ ਗਏ। ਧਾਕੜਾਂ ਨੇ ਸ਼ਾਮਲਾਟਾਂ 'ਤੇ ਕਬਜ਼ੇ ਕੀਤੇ, ਛੱਪੜ ਪੂਰ ਕੇ ਵੇਚ ਦਿੱਤੇ, ਘੜੰਮ ਚੌਧਰੀ ਆਮ ਅਕਾਲੀ ਵਰਕਰਾਂ ਦੇ ਨਿੱਕੇ ਨਿੱਕੇ ਕੰਮਾਂ ਲਈ ਲਿਲਕੜੀਆਂ ਕਢਵਾਉਂਦੇ ਰਹੇ, ਅਣਖ ਨੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਪਾਰਟੀ ਤੋਂ ਦੂਰ ਕਰ ਦਿੱਤਾ। ਚੋਹਲਾ ਸਾਹਿਬ ਦਾ ਸਰਪੰਚ ਦਲਿਤ ਹੈ ਦਲਬੀਰ ਸਿੰਘ, ਪਰ ਸਰਪੰਚੀ ਕਰਦਾ ਹੈ ਰਵਿੰਦਰ ਬ੍ਰਹਮਪੁਰਾ ਦਾ ਕਰੀਬੀ ਸਤਨਾਮ ਸਿੰਘ, ਪੰਚਾਇਤ ਦਾ ਹਰ ਕੰਮ ਉਹੀ ਕਰਦਾ ਹੈ, ਪੈਨਸ਼ਨਾਂ, ਕਣਕ ਦਾਲ ਵੰਡਣ ਵਾਲੇ ਕੰਮਾਂ ਤੋਂ ਲੈ ਕੇ ਥਾਣੇ ਕਚਹਿਰੀਆਂ ਦੇ ਸਾਰੇ ਕੰਮ ਉਸ ਅਨੁਸਾਰ ਹੀ ਹੁੰਦੇ ਨੇ। ਸਤਨਾਮ ਸਿੰਘ ਢਾਈ ਕਿੱਲੇ ਜ਼ਮੀਨ ਦਾ ਮਾਲਕ ਸੀ, ਹੁਣ ਉਸ ਦੇ ਪਰਿਵਾਰ ਕੋਲ 4-5 ਸਾਲਾਂ ਦੇ ਵਿੱਚ ਵਿੱਚ ਦਰਜਨਾਂ ਕਿੱਲੇ ਜ਼ਮੀਨ ਹੋ ਗਈ ਹੈ। ਖੌਰੇ ਕਿਹੜਾ ਝੁਰਲੂ ਫਿਰ ਗਿਆ।

ਚੋਹਲਾ ਸਾਹਿਬ ਵਿੱਚ ਧੜੇਬਾਜ਼ੀ ਐਨੀ ਹੈ ਕਿ ਸਤਨਾਮ ਸਿੰਘ ਦੇ ਕਰੀਬੀਆਂ ਦੇ ਘਰਾਂ ਮੂਹਰੇ  ਤਾਂ ਗਲੀਆਂ  ਲੌਕ ਟਾਈਲਾਂ ਵਾਲੀਆਂ ਬਣੀਆਂ ਨੇ, ਪਰ ਕਾਂਗਰਸੀਆਂ ਤੇ ਸਤਨਾਮ ਸਿੰਘ ਦੀ ਚੌਧਰ ਦੀ ਵਿਰੋਧਤਾ ਕਰਨ ਵਾਲੇ ਅਕਾਲੀਆਂ ਦੀਆਂ ਗਲੀਆਂ ਕੱਚੀਆਂ ਨੇ। ਨਾਲੀਆਂ ਦਾ ਵੀ ਇਹੋ ਹਾਲ ਹੈ।
ਕਈ ਥਾਈਂ ਤਾਂ ਸਥਿਤੀ ਹਾਸੋਹੀਣੀ ਹੈ ਕਿ ਇਕ ਗਲੀ ਵਿੱਚ ਚਾਰ ਕੁ ਘਰ ਅਕਾਲੀਆਂ ਦੇ ਨੇ ਤੇ ਵਿਚਕਾਰ ਚਾਰ ਕੁ ਕਾਂਗਰਸੀਆਂ ਦੇ, ਫੇਰ ਅਕਾਲੀਆਂ ਦੇ..

ਇਥੇ ਅਕਾਲੀਆਂ ਦੇ ਦਰ ਮੂਹਰੇ ਸਰਕਾਰੀ ਗਲੀ ਪੱਕੀ ਹੈ, ਪਰ ਵਿਚਕਾਰ ਕਾਂਗਰਸੀਆਂ ਦੇ ਦਰ ਮੂਹਰੇ ਰੋੜਾ ਤੱਕ ਨਹੀਂ ਲੱਗਿਆ।

ਚੋਹਲਾ ਸਾਹਿਬ ਦੇ ਮੋਹਤਬਰਾਂ ਵਿੱਚ ਬਜ਼ੁਰਗ ਵੀ ਸ਼ਾਮਲ ਸਨ, ਜਿਹਨਾਂ ਗੱਲਬਾਤ ਕਰਦਿਆਂ ਦੁੱਖ ਦਾ ਇਜ਼ਹਾਰ ਕੀਤਾ ਕਿ ਉਹਨਾਂ ਸਾਰੀ ਉਮਰ ਪੰਥਕ ਧਿਰਾਂ ਨਾਲ ਘੁੰਮਦਿਆਂ ਲੰਘਾਈ ਹੈ, ਇਹੋ ਜਿਹੀ ਗੰਦੀ ਸਿਆਸਤ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਕਾਂਗਰਸੀ ਤਾਂ ਵਿਰੋਧੀ ਨੇ, ਤਾਂ ਕਰਕੇ ਕੰਮ ਨਹੀਂ ਹੁੰਦੇ, ਪਰ ਦੂਜੇ ਧੜੇ ਦੇ ਅਕਾਲੀਆਂ ਨਾਲ ਐਨਾ ਵਿਤਕਰਾ ਰਵਿੰਦਰ ਬ੍ਰਹਮਪੁਰਾ ਨੂੰ ਲੈ ਬੈਠੂ। ਇਥੇ ਕਾਂਗਰਸੀਆਂ ਦੇ ਘਰਾਂ ਮੂਹਰਦੀ ਜਾਂਦੇ ਸੀਵਰੇਜ ਵਾਲੇ ਪਾਣੀ ਦੀ ਨਿਕਾਸੀ ਬੰਦ ਕਰਨ ਲਈ ਰੋੜਿਆਂ ਦਾ ਸਹਾਰਾ ਵੀ ਲਿਆ ਜਾਂਦਾ ਹੈ, ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਕਈ ਘਰਾਂ ਦੀਆਂ ਕੰਧਾਂ ਨੂੰ ਤਰੇੜਾਂ ਆ ਗਈਆਂ। ਇਕ ਕਾਂਗਰਸੀ ਸਮਰਥਕ ਦੇ ਘਰ ਦੇ ਮੂਹਰੇ ਰੂੜੀ ਲਵਾ ਦਿੱਤੀ ਗਈ, ਤਾਂ ਜੋ ਰਾਹ ਬੰਦ ਕੀਤਾ ਜਾ ਸਕੇ।

ਚੋਹਲਾ ਸਾਹਿਬ ਦਾ ਬੱਸ ਅੱਡਾ ਵੀ ਧੜੇਬਾਜ਼ੀ ਦਾ ਸ਼ਿਕਾਰ ਹੋ ਗਿਆ, ਮੱਥਾ ਚੋਂਭਲਣ ਲਈ ਟਾਇਲਾਂ ਤਾਂ ਲਵਾ ਦਿੱਤੀਆਂ ਪਰ ਮੇਨ ਸੜਕ ਨਾਲੋਂ ਕਾਫੀ ਨੀਂਵਾਂ ਹੈ, ਸੀਵਰੇਜ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਸਾਰਾ ਪਾਣੀ ਬੱਸ ਅੱਡੇ ਦੇ ਅੰਦਰ ਆ ਖੜਦਾ ਹੈ, ਬੱਸ ਅੱਡੇ ਵਾਲੀਆਂ ਦੁਕਾਨਾਂ ਧਾਕੜ ਅਕਾਲੀਆਂ ਦੇ ਵਿਰੋਧੀਆਂ ਦੀਆਂ ਨੇ, ਸਾਰਾ ਪਾਣੀ ਉਹਨਾਂ ਦੀਆਂ ਦੁਕਾਨਾਂ ਵਿੱਚ ਵੜ ਕੇ ਵੱਡਾ ਨੁਕਸਾਨ ਕਰਦਾ ਹੈ, ਐਤਕੀਂ ਦੀਆਂ ਚੋਣਾਂ 'ਚ ਸਾਰਾ ਹਿਸਾਬ ਬਰਾਬਰ ਕਰਨ ਦੀ ਗੱਲ ਕਰਦੇ ਨੇ ਇਹ ਦੁਕਾਨਦਾਰ।

ਜੇ ਕਿਤੇ ਕੋਈ ਭੁੱਲ ਭੁਲੇਖੇ ਬੱਸ ਵਿੱਚ ਚੋਹਲਾ ਸਾਹਿਬ ਜਾਵੇ ਤਾਂ ਬੱਸ ਅੱਡੇ ਵਿੱਚ ਲੀੜਿਆਂ ਨੂੰ ਗਾਰੇ ਤੋਂ ਬਚਾਉਣ ਤੋਂ ਲੈ ਕੇ ਉਡੀਕ ਘਰ ਤੇ ਪਿਸ਼ਾਬ ਘਰ ਦੀ ਬਦਬੂ ਤੋਂ ਦਿਮਾਗ ਦੇ ਕੀੜੇ ਮਰਨ ਤੱਕ ਲਈ ਆਪ ਹੀ ਜ਼ਿਮੇਵਾਰ ਹੋਣਗੇ। ਉਡੀਕ ਘਰ ਤੇ ਬਾਥਰੂਮ ਬਣਾ ਤਾਂ ਦਿੱਤੇ ਪਰ ਕਦੇ ਸਫਾਈ ਨਹੀਂ ਕਰਵਾਈ, ਪਾਣੀ ਦਾ ਪ੍ਰਬੰਧ ਨਹੀਂ.. ਅੱਡੇ ਵਿੱਚ ਦਾਖਲ ਹੁੰਦਿਆਂ ਹੀ ਸੜਾਂਦ ਸਿਰ ਚਕਰਾਉਂਦੀ ਹੈ, ਕਦੇ ਕਦਾਈਂ ਜਾਣ ਵਾਲੇ ਨੂੰ ਤਾਂ ਸੱਚਮੁਚ ਉਲਟੀ ਆ ਜਾਏ.. ਬਾਥਰੂਮ ਨਾ ਹੋਇਆਂ ਵਰਗੇ ਹੋਣ ਕਰਕੇ ਦੁਕਾਨਾਂ ਵਾਲੇ ਤੇ ਸਵਾਰੀਆਂ ਕੰਧ ਦੀ ਓਟ ਲੈ ਕੇ ਹਲਕੇ ਹੁੰਦੇ ਨੇ, ਬੀਬੀਆਂ ਲਈ ਵੱਡੀ ਮੁਸ਼ਕਲ ਹੁੰਦੀ ਹੈ, ਸਵਾਰੀਆਂ ਦੇ ਤਾਂ ਮੀਂਹ ਕਣੀ ਵਿੱਚ ਬਹਿਣ ਖਲੋਣ ਲਈ ਵੀ ਕੋਈ ਜਗਾ ਨਹੀਂ।
ਚੋਹਲਾ ਸਾਹਿਬ ਦੀ ਦਲਿਤ ਬਸਤੀ ਹੈ, ਜੋ ਸਹਿਜਰੇ ਦੀ ਪੱਤੀ ਅਖਵਾਉਂਦੀ ਹੈ, ਇਥੇ 400 ਘਰ ਨੇ, ਸਹੂਲਤਾਂ ਦੇ ਨਾਮ 'ਤੇ ਲਾਰੇਬਾਜੀ ਮਿਲੀ ਹੈ। ਅੱਧਿਓਂ ਵੱਧ ਘਰਾਂ ਵਿੱਚ ਟਾਇਲਟ ਨਹੀਂ, ਬਾਕੀਆਂ ਨੇ ਕੱਚੀਆਂ ਖੂਹੀਆਂ ਵਾਲੀਆਂ ਆਰਜ਼ੀ ਟਾਇਲਟ ਬਣਾਈਆਂ ਨੇ। ਪਾਣੀ ਕਦੇ ਕਦਾਈਂ ਮਿਲਦਾ ਹੈ, ਸੀਵਰੇਜ ਦਾ ਬਿੱਲ ਵੀ ਲਿਆ ਜਾਂਦਾ ਹੈ, ਪਰ ਸੀਵਰੇਜ ਦਾ ਪ੍ਰਬੰਧ ਕੋਈ ਨਹੀਂ। ਸੀਵਰੇਜ ਵਾਲੀਆਂ ਪਾਈਪਾਂ ਢਾਈ ਇੰਚ ਦੀ ਮੋਟਾਈ ਵਾਲੀਆਂ ਪਾਈਆਂ ਜੋ ਬੰਦ ਹੀ ਰਹਿੰਦੀਆਂ ਨੇ। ਕਿਸੇ ਮਰਜ਼ੀ ਗਲੀ ਵਿੱਚ ਖੜ ਜਾਓ ਸਾਰਾ ਪਾਣੀ ਗਲੀਆਂ ਵਿੱਚ ਫਿਰਦਾ ਦਿਸਦਾ ਹੈ, ਧਾਕੜ ਅਕਾਲੀਆਂ ਤੇ ਉਹਨਾਂ ਦੇ ਸਮਰਥਕਾਂ ਦੀਆਂ ਗਲੀਆਂ ਸਾਫ ਸੁਥਰੀਆਂ ਨੇ। ਸਹਿਜਰੇ ਦੀ ਬਸਤੀ ਵਾਲਾ ਛੱਪੜ ਗਰਮੀਆਂ ਵਿੱਚ ਮੀਂਹ ਨਾਲ ਭਰ ਗਿਆ ਤਾਂ ਬਸਤੀ ਵਾਲਿਆਂ ਨੇ ਬੀ ਡੀ ਓ ਤੋਂ ਟੁੱਲੂ ਪੰਪ ਕਿਰਾਏ 'ਤੇ ਲਿਆਂਦਾ, ਘੜੰਮ ਚੌਧਰੀ ਸਤਨਾਮ ਸਿੰਘ ਨੂੰ ਪੁੱਛੇ ਬਿਨਾ ਮਜ਼ਹਬੀ ਸਿੱਖਾਂ ਨੇ ਐਨੀ ਹਿਮਾਕਤ ਕਿਵੇਂ ਕਰ ਲਈ, ਅਗਲੇ ਦੀ ਸਰਕਾਰ ਦੇ ਪਾਵੇ ਹਿੱਲ ਗਏ ਤਾਂ ਉਹ ਪੰਪ ਚੁੱਕ ਕੇ ਲੈ ਗਿਆ ਤੇ ਪਿਸਤੌਲ ਦੀ ਨੋਕ 'ਤੇ ਕੰਮ ਕਰਨ ਵਾਲਿਆਂ ਨੂੰ ਧਮਕਾਅ ਕੇ ਭਜਾ ਦਿੱਤਾ।

ਨਰੇਗਾ ਵਾਲੇ ਕਾਰਡ ਇਹਨਾਂ ਮਜ਼ਦੂਰ ਪਰਿਵਾਰਾਂ ਵਿਚੋਂ ਕਈਆਂ ਦੇ ਬਣੇ ਪਰ ਪੰਚਾਇਤ ਕੰਮ ਨਹੀਂ ਦਿੰਦੀ, ਜੇ ਕੰਮ ਕਰਵਾਉਂਦੇ ਨੇ ਤਾਂ ਪੈਸੇ ਨਹੀਂ ਦਿੰਦੇ। ਇਕ ਨੌਜਵਾਨ ਨੇ ਸ਼ਮਸ਼ਾਨ ਘਾਟ ਵਿੱਚ ਮਿਸਤਰੀਪੁਣੇ ਦਾ ਕੰਮ ਕੀਤਾ, ਡੂਢ ਸਾਲ ਹੋ ਗਿਆ, ਪਰ ਪੈਸਾ ਹਾਲੇ ਤੱਕ ਨਹੀਂ ਮਿਲਿਆ।
ਚੋਹਲਾ ਸਾਹਿਬ ਦੀ ਇਕ ਹੋਰ ਦਲਿਤ ਬਸਤੀ ਹੈ, ਜੀਹਨੂੰ ਪਲਾਟ ਕਹਿੰਦੇ ਨੇ, ਓਥੇ ਤਾਂ ਕੋਈ ਗਲੀ ਪੱਕੀ ਨਹੀਂ, ਸ਼ਮਸ਼ਾਨਘਾਟ ਤੱਕ ਜਾਂਦਾ ਰਾਹ ਵੀ ਕੱਚਾ ਹੈ, ਮੀਂਹ ਵੇਲੇ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ।

ਲੋੜਵੰਦਾਂ ਨੂੰ ਮਿਲਦੀਆਂ ਸਹੂਲਤਾਂ ਵਿੱਚ 25 ਫੀਸਦੀ ਮਿਲਦੀਆਂ ਨੇ 75 ਫੀਸਦੀ ਗਬਨ ਦੇ ਦੋਸ਼ ਹਲਕੇ ਦੇ ਲੋਕਾਂ ਨੇ ਲਾਏ ਨੇ। ਪੀੜਤ ਲੋਕਾਂ ਨੇ ਜੇ ਰਵਿੰਦਰ ਬ੍ਰਹਮਪੁਰਾ ਤੱਕ ਪਹੁੰਚ ਕਰਕੇ ਮੁਸ਼ਕਲਾਂ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ।

ਜੇ ਕਦੇ ਰਵਿੰਦਰ ਬ੍ਰਹਮਪੁਰਾ ਸਾਹਿਬ ਗੇੜੀ ਮਾਰਦੇ ਵੀ ਨੇ ਤਾਂ ਲੋਕਾਂ ਨਾਲ ਲਾਰੇਬਾਜੀ ਵਾਲੀ ਖੇਡ ਖੇਡ ਜਾਂਦੇ ਨੇ..  ਸੁੱਕਾ ਹੇਜ ਮਤੇਈ ਦਾ.. ਮੂੰਹ ਚੁੰਮੀਦਾ ਟੁੱਕ ਨਾ ਦੇਈਦਾ..

ਹਲਕੇ ਦੇ ਨੌਜਵਾਨਾਂ ਲਈ ਸਟੇਡੀਅਮ ਬਣਾਇਆ ਗਿਆ, ਪਰ ਉਸ ਦੀ ਸੰਭਾਲ ਲਈ ਕੋਈ ਪ੍ਰਬੰਧ ਨਹੀਂ..

ਪਰ ਦਲਿਤ ਬਸਤੀਆਂ ਦੇ ਬੱਚਿਆਂ ਦੇ ਖੇਡਣ ਲਈ ਕੁਝ ਵੀ ਨਹੀਂ।

ਮੋਹਤਬਰ ਦੋਸ਼ ਲਾਉਂਦੇ ਨੇ ਕਿ ਕਰੋੜਾਂ ਰੁਪਏ ਵਿਕਾਸ ਕਾਰਜਾਂ ਲਈ ਆਏ ਪਰ ਘੜੰਮ ਚੌਧੜੀ ਮੋਟਾ ਹਿੱਸਾ ਘਾਊਂ ਘੱਪ ਕਰ ਗਏ..।

ਚੋਹਲਾ ਸਾਹਿਬ ਹਲਕੇ ਵਿੱਚ ਹਾਕਮੀ ਧਿਰ 'ਤੇ ਲੱਗ ਰਹੇ ਦੋਸ਼ਾਂ ਤੇ ਅੱਖੀਂ ਦੇਖੀਆਂ ਸਮੱਸਿਆਵਾਂ ਬਾਰੇ ਸਰਪੰਚ ਦਲਬੀਰ ਸਿੰਘ ਹੁਰਾਂ ਦਾ ਪੱਖ ਲੈਣ ਲਈ ਉਹਨਾਂ ਦੇ ਨਿੱਜੀ ਫੋਨ 'ਤੇ ਕਾਲ ਕੀਤੀ ਤਾਂ ਉਹਨਾਂ ਅਵਾਜ਼ ਨਾ ਸੁਣਨ ਦਾ ਕਹਿ ਕੇ ਫੋਨ ਬੰਦ ਕੀਤਾ ਤੇ ਕਿਸੇ ਹੋਰ ਨੰਬਰ ਤੋਂ ਕਾਲ ਕੀਤੀ, ਸਮੱਸਿਆਵਾਂ ਬਾਰੇ ਪੁੱਛੇ ਜਾਣ ਤੇ ਸਰਪੰਚ ਸਾਹਿਬ ਨੇ ਫੋਨ ਅਕਾਲੀ ਆਗੂ ਸਤਨਾਮ ਸਿੰਘ ਨੂੰ ਫੜਾ ਦਿੱਤਾ। ਸਤਨਾਮ ਸਿੰਘ ਨੇ ਕਿਹਾ ਕਿ ਉਹੀ ਸਰਪੰਚ ਆ, ਜਦ ਮੈਂ ਉਸ ਨੂੰ ਕਿਹਾ ਕਿ ਸਰਪੰਚ ਦਲਬੀਰ ਸਿੰਘ ਹੈ, ਮੈਂ ਸਿਰਫ ਉਹਨਾਂ ਨਾਲ ਹੀ ਗੱਲ ਕਰਨੀ ਹੈ, ਤਾਂ ਸਤਨਾਮ ਨੇ ਦਲਬੀਰ ਸਿੰਘ ਨੂੰ ਫੋਨ ਫੜਾਉਂਦਿਆਂ ਕਿਹਾ ਕਿ ਠੋਕ ਕੇ ਜੁਆਬ ਦੇਹ ਏਹਨੂੰ ਦੱਸ ਅਸੀਂ ਕੀ ਕੀ ਕਰਦੇ ਆਂ.. ਪਰ ਕਾਗਜ਼ੀ ਸਰਪੰਚ ਦਲਬੀਰ ਸਿੰਘ ਨੇ ਇਹ ਕਹਿ ਕੇ ਗੱਲ ਕਰਨ ਤੋਂ ਮਨਾ ਕਰ ਦਿੱਤਾ ਕਿ ਚੋਣਾਂ ਤੋਂ ਬਾਅਦ ਗੱਲ ਕਰਿਓ..।

ਸੋ.. ਇਹ ਹਾਲ ਹੈ ਦਲਿਤ ਸਰਪੰਚਾਂ ਦਾ ਜੋ ਨੌਂਅ ਦੇ ਹੀ ਸਰਪੰਚ ਨੇ, ਸਿਰਫ ਸਟੈਂਪ ਨੇ. ਸਰਪੰਚੀ ਤਾਂ ਅਕਾਲੀ ਚੌਧਰੀ ਕਰਦੇ ਨੇ।

ਇਹ ਸੀ ਕੁਝ ਕੁ ਜਾਣਕਾਰੀ ਚੋਹਲਾ ਸਾਹਿਬ ਦੇ ਵਿਕਾਸ ਦੀ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ