Mon, 09 December 2024
Your Visitor Number :-   7279165
SuhisaverSuhisaver Suhisaver

ਕਿਸਾਨ ਫੂਲਾ ਸਿੰਘ ਵੱਲੋਂ ਪੁਲੀਸ ਤੋਂ ਇਨਸਾਫ ਦੀ ਮੰਗ

Posted on:- 17-04-2014

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਮੇਘੋਵਾਲ ਦੋਆਬਾ ਦੇ ਵਾਸੀ ਇੱਕ ਕਿਸਾਨ ਨੂੰ ਆਪਣੇ ਸ਼ਰੀਕਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਵੱਢ ਟੁੱਕ ਕਰਨ ਕਾਰਨ ਪਿੱਛਲੇ 4 ਮਹੀਨਿਆਂ ਤੋਂ ਮੰਜੇ ਦਾ ਮਰੀਜ਼ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਉਹ ਰਿਸ਼ਵਤ ਖੋਰ ਥਾਣੇਦਾਰ, ਸੱਤਾਧਾਰੀ ਪਾਰਟੀ ਦੇ ਵਿਧਾਇਕ ਸਮੇਤ ਕਾਤਲਾਨਾ ਹਮਲਾ ਕਰਨ ਵਾਲੇ ਕਥਿੱਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪ੍ਰੰਤੂ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਸਨੇ ਥਾਣੇਦਾਰ ’ਤੇ 25000 ਰੁਪਿਆ ਰਿਸ਼ਵਤ ਲੈ ਕੇ ਬਣਦੇ ਕੇਸ ਨੂੰ ਰਫਾ ਦਫਾ ਅਤੇ ਖੱਜ਼ਲ ਖੁਆਰ ਕਰਨ ਦੇ ਦੋਸ਼ ਲਾਏ ਹਨ। ਉਹ ਆਪਣੇ ਇਲਾਜ ਤੇ ਹੁਣ ਤੱਕ ਦੋ ਲੱਖ ਰੁਪਿਆ ਖਰਚ ਕਰ ਚੁੱਕਾ ਹੈ ਪ੍ਰੰਤੂ ਪੁਲੀਸ ਵਲੋਂ ਅੱਜ ਤੱਕ ਉਸਦੇ ਕੇਸ ਵਿੱਚ ਸ਼ਾਮਿਲ ਕਿਸੇ ਵੀ ਕਥਿੱਤ ਦੋਸ਼ੀ ਨੂੰ ਗਿ੍ਰਫਤਾਰ ਕਰਨ ਦੀ ਬਜ਼ਾਏ ਹਸਪਤਾਲ ਵਿੱਚ ਲਏ ਗਏ ਬਿਆਨ ਅਤੇ ਕੇਸ ਨਾਲ ਸਬੰਧਤ ਲੌੜੀਦੇ ਸਾਰੇ ਕਾਗਜ਼ ਪੱਤਰ ਹੀ ਗੁੰਮ ਕਰ ਦਿੱਤੇ ਹਨ। ਉਸਨੇ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸਨੂੰ ਤੁਰੰਤ ਬਣਦਾ ਇਨਸਾਫ ਦਿੱਤਾ ਜਾਵੇ ਅਤੇ ਖੁਲ੍ਹੇਆਮ ਘੁੰਮ ਰਹੇ ਕਥਿੱਤ ਦੋਸ਼ੀਆਂ ਸਮੇਤ ਰਿਸ਼ਵਤ ਲੈਣ ਵਾਲੇ ਪੰਜਾਬ ਪੁਲੀਸ ਦੇ ਥਾਣੇਦਾਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਥੇ ਸੀਟੂ ਦੇ ਆਗੂ ਕਾਮਰੇਡ ਗੁਰਨੇਕ ਸਿੰਘ ਭੱਜਲ ਦੀ ਹਾਜ਼ਰੀ ਵਿੱਚ ਫੂਲਾ ਸਿੰਘ ਅਤੇ ਉਸਦੇ ਲੜਕੇ ਗੁਰਪਾਲ ਸਿੰਘ ਵਾਸੀ ਮੇਘੋਵਾਲ ਦੋਆਬਾ ਨੇ ਦੱਸਿਆ ਕਿ 14-12-2013ਨੂੰ ਸਵੇਰ ਵੇਲੇ ਉਸਦੇ ਸਕੇ ਸਬੰਧੀ ਪਰਿਵਾਰ ਦੇ ਮੈਂਬਰਾਂ ਹਜ਼ੂਰਾ ਸਿੰਘ ਪੁੱਤਰ ਧੰਨਾ ਸਿੰਘ,ਕੁਲਵੰਤ ਸਿੰਘ ਪੁੱਤਰ ਹਜ਼ੂਰਾ ਸਿੰਘ, ਅਮਨਪ੍ਰੀਤ ਸਿੰਘ ਪੁੱਤਰ ਜ਼ਰਨੈਲ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਪ੍ਰੇਮ ਸਿੰਘ ਆਦਿ ਨੇ ਗਿਣੀਮਿਥੀ ਸ਼ਾਜਿਸ਼ ਤਹਿਤ ਉਸਤੇ ਉਸ ਵਕਤ ਤੇਜਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰਕੇ ਉਸਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਜਦ ਉਹ ਆਪਣੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਦੀ ਸਿੰਚਾਈ ਕਰ ਰਿਹਾ ਸੀ। ਉਕਤ ਹਮਲਾਵਰਾਂ ਦੇ ਹੱਥਾਂ ਵਿੱਚ ਕਿਰਪਾਨਾਂ ਸਮੇਤ ਹੋਰ ਤੇਜ਼ਧਾਰ ਹਥਿਆਰ ਸਨ। ਉਹਨਾਂ ਉਸਨੂੰ ਜਾਨੋ ਖਤਮ ਕਰਨ ਦੀ ਨੀਅਤ ਨਾਲ ਕਿਰਪਾਨ ਨਾਲ ਉਸਦੀ ਸੱਜੀ ਲੱਤ, ਖੱਬੀ ਬਾਂਹ ਅਤੇ ਸੱਜੇ ਹੱਥ ਦਾ ਅਗੂੰਠਾ ਬੁਰੀ ਤਰ੍ਹਾਂ ਟੱਕ ਮਾਰਕੇ ਵੱਢ ਦਿੱਤਾ। ਉਹ ਮੌਕੇ ਤੇ ਹੀ ਲਹੂ ਲੁਹਾਣ ਹੋ ਕੇ ਧਰਤ ਤੇ ਡਿੱਗ ਪਿਆ। ਇਸੇ ਦੌਰਾਨ ਪਤਾ ਲੱਗਣ ਤੇ ਉਸਦੇ ਪਰਿਵਾਰ ਦੇ ਮੈਂਬਰ ਘਟਨਾ ਸਥਾਨ ਤੇ ਪੁੱਜੇ ਤਾਂ ਉਕਤ ਹਮਲਾਵਰ ਉਸਨੂੰ ਜਾਨੋ ਖਤਮ ਕਰਨ ਦੀਆਂ ਧਮਕੀਆਂ ਦਿੰਦੇ ਹੋਏ ਗਾਲੀ ਗਲੋਚ ਕਰਦੇ ਫਰਾਰ ਹੋ ਗਏ। ਉਸਨੂੰ ਇਲਾਜ ਲਈ ਮਾਹਿਲਪੁਰ ਦੇ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਅਤੇ ਵਿਰੋਧੀ ਗਰੁੱਪ ਨਾਲ ਕਥਿੱਤ ਮਿਲੀਭੁਗਤ ਕਰਕੇ ਉਸਨੂੰ ਹੁਸ਼ਿਆਰਪੁਰ ਭੇਜ਼ ਦਿੱਤਾ। ਪੀੜਤ ਫੂਲਾ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਡਾਕਟਰ ਵੀ ਹਮਲਾਵਰਾਂ ਨੇ ਆਪਣੀ ਉਚ ਸਿਆਸੀ ਪਹੁੰਚ ਹੋਣ ਕਾਰਨ ਖਰੀਦ ਲਏ ਜਿਸ ਸਦਕਾ ਉਸਦੀ ਉਥੇ ਵੀ ਕੋਈ ਪੁੱਛਗਿਛ ਨਹੀਂ ਹੋਈ। ਇਸੇ ਦੌਰਾਨ ਥਾਣਾ ਮਾਹਿਲਪੁਰ ਦੇ ਥਾਣੇਦਾਰ ਬਲਵਿੰਦਰ ਸਿੰਘ ਢਿੱਲੋਂ ਉਸਦੇ ਬਿਆਨ ਲੈਣ ਆਇਆ ਉਸਨੂੰ ਦਬਕੇ ਮਾਰਨ ਲੱਗ ਪਿਆ ਅਤੇ ਉਸਨੂੰ ਛੁੱਟੀ ਲੈ ਕੇ ਰਾਜੀਨਾਮਾ ਕਰਨ ਬਾਰੇ ਦਬਾਅ ਪਾਉਣ ਲੱਗ ਪਿਆ। ਉਸਨੇ ਦੱਸਿਆ ਕਿ ਉਕਤ ਥਾਣੇਦਾਰ ਸ਼ਰੇਆਮ ਕਹਿਣ ਲੱਗ ਪਿਆ ਕਿ ਤੁਸੀਂ ਮੈਂਨੂੰ ਲੱਖ ਰੁਪਿਆ ਦੇ ਦਿਓ ਮੈਂ ਤੁਹਾਡਾ ਕੇਸ ਮਜ਼ਬੂਤ ਬਣਾ ਦੇਵਾਂਗਾ। ਉਸਨੇ ਆਪਣੇ ਢੰਗ ਨਾਲ ਸਾਨੂੰ ਡਰਾ ਧਮਕਾਕੇ ਮੇਰੇ ਲੜਕੇ ਗੁਰਪਾਲ ਸਿੰਘ ਕੋਲੋਂ 25000 ਰੁਪਿਆ ਲੈ ਲਿਆ ਪ੍ਰੰਤੂ ਪੈਸੇ ਲੈਣ ਦੇ ਬਾਵਜ਼ੂਦ ਵੀ ਉਸਨੇ ਕਥਿੱਤ ਦੋਸ਼ੀਆਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ। ਉਸਨੇ ਦੱਸਿਆ ਕਿ ਉਹ ਪਿੱਛਲੇ ਸਾਲ ਦੇ 12 ਵੇਂ ਮਹੀਨੇ ਦੀ 14 ਤਰੀਖ ਤੋਂ ਲੈ ਕੇ 7-2-14 ਤੱਕ ਸਿਵਲ ਹਸਪਤਾਲ ਦਾਖਿਲ ਰਿਹਾ। ਉਸਦੀ ਸਿਹਤ ਵਿੱਚ ਕੋਈ ਸੁਧਾਰ ਨਾ ਆਇਆ ਤੇ ਉਸ ਵਲੋਂ ਇਲਾਜ ਤੇ 2 ਲੱਖ ਰੁਪਿਆ ਖਰਚ ਕਰ ਦਿੱਤਾ ਹੈ।

ਉਸਨੇ ਦੱਸਿਆ ਕਿ ਥਾਣਾ ਮਾਹਿਲਪੁਰ ਦੇ ਥਾਣੇਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਡਾਕਟਰਾਂ ਅਤੇ ਉਸਦੇ ਵਿਰੋਧੀਆਂ ਨਾਲ ਮਿਲਕੇ ਉਸਦੇ ਕੇਸ ਨਾਲ ਸਬੰਧਤ ਕਾਗਜ਼ ਪੱਤਰ ਹੀ ਗੁੰਮ ਕਰ ਦਿੱਤੇ ਅਤੇ ਉਸਦੇ ਵਿਰੋਧੀਆਂ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਦੀ ਬਜ਼ਾਏ ਕੇਸ ਵਿੱਚ ਸ਼ਾਮਿਲ ਮੁੱਖ ਦੋਸ਼ੀ ਕੁਲਵੰਤ ਸਿੰਘ ਦਾ ਦਰਜ਼ ਕਰਵਾਏ ਬਿਆਨਾਂ ਵਿੱਚੋਂ ਨਾਂਅ ਹੀ ਬਾਹਰ ਕੱਢ ਦਿੱਤਾ। ਉਸਨੇ ਦੱਸਿਆ ਕਿ ਜਦ ਉਹ ਹੁਣ ਛੁੱਟੀ ਮਿਲਣ ਤੋਂ ਬਾਅਦ ਆਪਣੇ ਅਸਰ ਰਸੂਖ ਨਾਲ ਆਪਣੇ ਕੇਸ ਦੇ ਸਬੰਧ ਵਿੱਚ ਥਾਣੇ ਪਤਾ ਕਰਨ ਗਏ ਤਾਂ ਪਤਾ ਲੱਗਾ ਕਿ ਬਲਵਿੰਦਰ ਸਿੰਘ ਦੀ ਬਦਲੀ ਹੋ ਗਈ ਹੈ ਅਤੇ ਉਕਤ ਮਾਮਲਾ ਥਾਣੇਦਾਰ ਕੁਲਦੀਪ ਸਿੰਘ ਸਿੰਘ ਕੋਲ ਹੈ। ਉਸਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਇਲਾਕੇ ਦੇ ਅਕਾਲੀ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਉਸਦੇ ਵਿਰੋਧੀਆਂ ਦੀ ਠੋਕਕੇ ਮੱਦਦ ਕੀਤੀ ਅਤੇ ਜਿਸ ਸਦਕਾ ਉਸਦੀ ਥਾਣੇ ਅਤੇ ਸਿਵਲ ਹਸਪਤਾਲ ਵਿੱਚ ਹੁਣ ਤੱਕ ਕੋਈ ਸੁਣਵਾਈ ਹੀ ਨਹੀਂ ਹੋਈ। ਉਕ ਵਿਧਾਇਕ ਵਲੋਂ ਉਸ ਵਿਰੁੱਧ ਹੀ ਉਲਟਾ ਝੂਠਾ 25 ਦਾ ਮਾਮਲਾ ਦਰਜ਼ ਕਰਵਾ ਦਿੱਤਾ ਜਦਕਿ ਉਸ ਵਲੋਂ ਦਿੱਤੇ ਬਿਆਨਾ ਤੇ ਸਿਰਫ ਧਾਰਾ 323,324,506,148,149 ਆਈ ਪੀ ਸੀ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।

ਇਸ ਸਬੰਧ ਵਿੱਚ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਫੂਲਾ ਸਿੰਘ ਦੀ ਮੈਡੀਕਲ ਰਿਪੋਰਟ ਸਬੰਧੀ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਕਈ ਚੱਕਰ ਮਾਰ ਚੁੱਕਾ ਹੈ ਪ੍ਰੰਤੂ ਉਸਦੇ ਹੱਥ ਪੱਲੇ ਅਜੇ ਤੱਕ ਕੁੱਝ ਨਹੀਂ ਪਿਆ। ਉਸਨੇ ਦੱਸਿਆ ਫੂਲਾ ਸਿੰਘ ਦੇ ਦਰਜ਼ ਕੇਸ ਵਿੱਚ ਜੁਲਮ ਦਾ ਵਾਧਾ ਤਾਂ ਹੀ ਹੋਵੇਗਾ ਜਦੋਂ ਉਸਨੂੰ ਮੈਡੀਕਲ ਰਿਪੋਰਟ ਮਿਲੇਗੀ। ਇਸ ਸਬੰਧ ਵਿੱਚ ਥਾਣੇਦਾਰ ਬਲਵਿੰਦਰ ਸਿੰਘ ਢਿੱਲੋਂ ਦਾ ਕਹਿਣ ਹੈ ਕਿ ਉਸਨੇ ਫੂਲਾ ਸਿੰਘ ਦੇ ਲੜਕੇ ਤੋਂ ਕੋਈ ਪੈਸਾ ਨਹੀਂ ਲਿਆ । ਉਸਦੀ ਬਦਲੀ ਹੋ ਚੁੱਕੀ ਹੈ ਅਤੇ ਉਕਤ ਮਾਮਲਾ ਥਾਣਾ ਮਾਹਿਲਪੁਰ ਦੀ ਪੁਲੀਸ ਕੋਲ ਹੈ। ਦੂਸਰੇ ਪਾਸੇ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਗੁਰਨੇਕ ਸਿੰਘ ਭੱਜਲ ਨੇ ਐਸ ਐਸ ਪੀ ਹੁਸ਼ਿਆਰਪੁਰ ਨੂੰ ਚੇਤਾਵਨੀ ਦਿੱਤੀ ਹੈ ਕਿ ਫੂਲਾ ਸਿੰਘ ਦੇ ਕੇਸ ਵਿੱਚ ਲੋੜੀਦੀਆਂ ਧਾਰਾਵਾਂ ਤੁਰੰਤ ਜੋੜੀਆਂ ਜਾਣ ਅਤੇ ਜੇਕਰ ਪੁਲੀਸ ਵਲੋਂ ਇੱਕ ਹਫਤੇ ਦੇ ਅੰਦਰ ਅੰਦਰ ਮਾਮਲੇ ਵਿੱਚ ਸ਼ਾਮਿਲ ਕਥਿੱਤ ਦੋਸ਼ੀਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਇਲਸਾਫ ਲਈ ਪੁਲੀਸ ਵਿਰੁੱਧ ਤਿੱਖਾ ਸੰਘਰਸ਼ ਕਰੇਗੀ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ