Fri, 06 December 2024
Your Visitor Number :-   7277462
SuhisaverSuhisaver Suhisaver

ਮਾਨਸਾ ਜ਼ਿਲ੍ਹੇ ’ਚ ਪਿਛਲੇ ਪੰਦਰਾਂ ਸਾਲਾਂ ਵਿੱਚ 720 ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ - ਜਸਪਾਲ ਸਿੰਘ ਜੱਸੀ

Posted on:- 19-10-2012

suhisaver

ਮੁੱਖ ਮੰਤਰੀ ਨੇ ਵਾਅਦੇ ਮੁਤਾਬਕ ਪੀੜਤ ਪਰਿਵਾਰਾਂ ਦੀ ਆਰਥਿਕ ਮੱਦਦ ਨਹੀਂ ਕੀਤੀ : ਰੁਲਦੂ ਸਿੰਘ

ਕਿਸਾਨਾਂ ਦੇ ਕਰਜ਼ੇ ਮੁਆਫ ਕਰੇ ਸਰਕਾਰ : ਰਾਮ ਸਿੰਘ ਭੈਣੀਬਾਘਾ

ਆਰਥਿਕ ਮੰਦਹਾਲੀ ਦੀ ਦਲਦਲ ’ਚ ਗਲ ਤੱਕ ਧਸ ਚੁੱਕੇ ਮਾਨਸਾ ਜ਼ਿਲ੍ਹੇ ਦੇ 7 ਸੈਂਕੜੇ ਕਿਸਾਨਾਂ ਨੇ ਜ਼ਹਿਰੀਲੀਆਂ ਵਸਤਾਂ ਖਾਕੇ, ਫਾਂਸੀ ਲਗਾਕੇ, ਕੀਟਨਾਸ਼ਕ ਨਿਗਲਕੇ,ਬਿਜਲੀ ਨਾਲ ਲੱਗਕੇ ਅਤੇ ਅੱਗ ਲਗਾਕੇ ਆਤਮ-ਹੱਤਿਆਵਾਂ ਕਰ ਲਈਆਂ ਹਨ।

ਇਹ ਖੁਲਾਸਾ ਇੱਕ ਸਮਾਜ ਸੇਵੀ ਸੰਗਠਨ ਕੁਦਰਤ-ਮਾਨਵ ਵਿਕਾਸ ਮੰਚ ਦੁਆਰਾ ਹਾਲ ਹੀ ਕਰਵਾਏ ਇੱਕ ਸਰਵੇਅ ਰਿਪੋਰਟ ’ਚ ਹੋਇਆ ਹੈ। ਰਿਪੋਰਟ ਮੁਤਾਬਕ 1997 ਤੋਂ ਅਪ੍ਰੈਲ 2012 ਤੱਕ ਮਾਨਸਾ ਜ਼ਿਲ੍ਹੇ ਦੇ 720 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਕਰਜ਼ੇ ਦੇ ਭਾਰ ਤੋਂ ਤੰਗ ਆ ਕੇ ਮੌਤ ਨੂੰ ਗਲੇ ਲਗਾ ਲਿਆ।ਸਰਵੇਅ  ਅਨੁਸਾਰ ਮਾਨਸਾ ਜ਼ਿਲ੍ਹੇ ਦਾ ਪਿੰਡ ਅਕਲੀਆ ਸਭ ਤੋਂ ਅੱਗੇ ਹੈ, ਜਿੱਥੋਂ ਦੇ 42 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਆਰਥਿਕ ਤੰਗੀ ਦੇ ਚਲਦਿਆਂ ਆਤਮ-ਹੱਤਿਆ ਕੀਤੀ ਹੈ। ਇਸ ਸਮੇਂ ਦੌਰਾਨ ਕਰਜ਼ੇ ਦੀ ਪੰਡ ਦਾ ਭਾਰ ਨਾ ਸਹਾਰਦਿਆਂ ਮੰਡੇਰ ਦੇ 14,ਬੁਢਲਾਡਾ ਦੇ 57,ਮਾਨਸਾ ਖੁਰਦ ਦੇ 12,ਖਿਆਲਾ ਦੇ 17,ਹਾਕਮ ਵਾਲਾ ਦੇ 9,ਲੱਖੀਵਾਲਾ ਦੇ 6,ਗੰਢੂ ਦੇ 15,ਰਾਮਪੁਰ ਮੰਡੇਰ ਦੇ 9,ਖਿਆਲੀ ਚਹਿਲਾਂ ਵਾਲੀ ਦੇ 5,ਤਾਮਕੋਟ ਦੇ 10,ਅਤਲਾ ਕਲਾਂ ਦੇ 6,ਬੁਰਜ ਹਰੀ ਦੇ 5,ਖੋਖਰ ਕਲਾਂ ਦੇ 10,ਮੂਸਾ ਦੇ 11,ਖਾਰਾ-ਬਰਨਾਲਾ ਦੇ 6,ਜਟਾਣਾਂ ਦੇ 16,ਮੀਰਪੁਰ ਖੁਰਦ ਦੇ 15,ਮੀਰਪੁਰ ਕਲਾਂ ਦੇ 10,ਟਿੱਬੀ ਹੀਰਾ ਸਿੰਘ ਦੇ 6,ਰਣਜੀਤਗੜ੍ਹ ਬਾਂਦਰਾਂ ਦੇ 11,ਮੱਤੀ ਦੇ 6,ਅਤਲਾ ਖੁਰਦ ਦੇ 6,ਝੱਬਰ ਦੇ 4,ਅਲੀਸ਼ੇਰ ਖੁਰਦ ਦੇ 12,ਬੀਰੋਕੇ ਦੇ 7,ਬਰੇ ਦੇ 12,ਆਲਮਪੁਰ ਮੰਦਰਾਂ ਦੇ 8,ਦਲੇਲ ਸਿੰਘ ਵਾਲਾ ਦੇ 4 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਆਤਮ-ਹੱਤਿਆ ਕਰ ਲਈ।



ਰਿਪੋਰਟ ਮੁਤਾਬਕ ਮਾਨਸਾ ਜ਼ਿਲ੍ਹੇ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਹੈ, ਜਿਸ ’ਚ ਕਰਜੇ ਦੇ ਬੋਝ ਕਾਰਨ ਖੁਦਕੁਸ਼ੀ ਦਾ ਮਾਮਲਾ ਨਹੀਂ ਹੈ। ਮਰਨ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ’ਚ ਜ਼ਿਆਦਾਤਰ ਮਾਮਲੇ ਕੀਟਨਾਸ਼ਕ ਪੀਕੇ, ਜ਼ਹਿਰੀਲੇ ਪਦਾਰਥ ਖਾਕੇ, ਨਹਿਰ ’ਚ ਡੁੱਬਕੇ, ਫਾਂਸੀ ਲਾਕੇ ਆਤਮ-ਹੱਤਿਆ ਕਰਨ ਦੇ ਹਨ।ਇੱਕਾ-ਦੁੱਕਾ ਘਟਨਾਵਾਂ ਬਿਜਲੀ ਨਾਲ ਲੱਗਕੇ ਅਤੇ ਤੇਲ ਪਾਕੇ ਮੱਚਣ ਦੀਆਂ ਵੀ ਹਨ।

ਰਿਪੋਰਟ ਮੁਤਾਬਕ ਮਰਨ ਵਾਲਿਆਂ ਨਾਲ ਸੰਬੰਧਤ ਕਿਸੇ ਵੀ ਪਰਿਵਾਰ ਨੂੰ ਸਰਕਾਰ ਦੁਆਰਾ ਕੋਈ ਆਰਥਿਕ ਮਦਦ ਨਹੀਂ ਦਿੱਤੀ ਗਈ।ਇਸ ਸੰਬੰਧੀ ਗੱਲਬਾਤ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ’ਚ ਆਰਥਿਕ ਤੰਗੀ ਕਾਰਨ ਮਰਨ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਗਿਣਤੀ ਇੱਕ ਹਜਾਰ ਤੋਂ ਜ਼ਿਆਦਾ ਹੈ।17 ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦਾ ਵਫਦ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਪਿਛਲੇ ਵਰ੍ਹੇ ਮਿਲਿਆ ਸੀ,ਜਿੱਥੇ ਉਨ੍ਹਾਂ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਆਰਥਿਕ ਮਦਦ ਦੇਣ ਦੀ ਮੰਗ ਰੱਖੀ ਸੀ।

ਸ੍ਰੀ.ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਆਪਣੇ ਰਾਹਤ ਫੰਡ ’ਚੋਂ ਪ੍ਰਤੀ ਪੀੜਤ ਪਰਿਵਾਰ 2 ਲੱਖ ਰੁਪਏ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਵਫਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ‘ਜਥੇਬੰਦੀ‘ ਪੀੜਤ ਪਰਿਵਾਰਾਂ ਨੂੰ ਆਰਥਿਕ ਮਦਦ ਦਵਾਉਣ ਲਈ ਪੰਜਾਬ ਸਰਕਾਰ ’ਤੇ ਦਬਾਅ ਬਣਾਏਗੀ।

ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਸਾਲ 2004 ’ਚ ਪੰਜਾਬ ਭਰ ’ਚ ਆਰਥਿਕ ਮੰਦਹਾਲੀ ਕਾਰਨ ਖੁਦਕੁਸ਼ੀਆਂ ਦੇ ਮਾਮਲੇ ’ਤੇ ਇੱਕ ਸਰਵੇਅ  ਕਰਵਾਇਆ ਸੀ, ਜਿਸ ’ਚ ਮਾਨਸਾ ਜ਼ਿਲ੍ਹੇ ਦੇ ਵੀ 42 ਪਿੰਡ ਸ਼ਾਮਿਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਮਾਨਸਾ ਜ਼ਿਲ੍ਹੇ ਦੇ 42 ਪਿੰਡਾਂ ’ਚੋਂ 552 ਮਾਮਲੇ ਸਾਹਮਣੇ ਆਏ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਖੁਦਕੁਸ਼ੀਆਂ ਦੇ ਮਾਮਲੇ ਦੱਸੇ ਗਏ ਅੰਕੜਿਆਂ ਤੋਂ ਕਈ ਗੁਣਾ ਵੱਧ ਹਨ।

 ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਸ੍ਰ. ਭਗਵੰਤ ਸਿੰਘ ਸਮਾਂਓ ਨੇ ਕਿਹਾ ਕਿ ਪੰਜਾਬ ਚ ਹਰਾ ਇਨਕਲਾਬ 1961-62 ਆਇਆ ਸੀ,ਉਦੋਂ ਖੇਤੀ ਖਰਚੇ ਕੁਝ ਵੀ ਨਹੀਂ ਸਨ, ਪਰ ਉਸ ਤੋਂ ਬਾਅਦ ਅਧੁਨਿਕ ਖਾਦਾਂ, ਸਪਰੇਅ ਦੀ ਵਰਤੋਂ ਨਾਲ ਦੇਸ਼ ’ਚ ਰਿਕਾਰਡ ਤੋਂ ਅਨਾਜ ਤਾਂ ਪੈਦਾ ਕੀਤਾ, ਉਸ ਦੇ ਨਾਲ ਨਾਲ ਖੇਤੀ ’ਤੇ ਆਈਆਂ ਲਾਗਤਾਂ ਵੀ ਫਸਲਾਂ ਦੁਆਰਾ ਨਾ ਮੋੜਨ ਕਰਕੇ ਕਿਸਾਨ ਦਾ ਕਰਜ਼ ਨਾਲ ਲੱਕ ਵੀ ਟੁੱਟ ਗਿਆ।

ਉਨ੍ਹਾਂ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਕਿਸਾਨਾਂ ਨੂੰ ਸਬ ਸਿਡੀਆਂ ਦੇਵੇ ਤੇ ਉਨ੍ਹਾਂ ਦੇ ਕਰਜ਼ੇ ਮੁਆਫ ਕਰੇ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ