Mon, 09 December 2024
Your Visitor Number :-   7279120
SuhisaverSuhisaver Suhisaver

ਆਰਥਿਕ ਮੰਦੀ ਦਾ ਪੰਜਾਬ `ਤੇ ਦਿਖਦਾ ਅਸਰ

Posted on:- 24-09-2019

suhisaver

 -ਸੂਹੀ ਸਵੇਰ ਬਿਊਰੋ
             
ਕੇਂਦਰ ਸਰਕਾਰ ਦੀਆਂ ਗ਼ਲਤ ਆਰਥਿਕ ਨੀਤੀਆਂ , ਨੋਟਬੰਦੀ ਤੇ  ਜੀਐੱਸਟੀ ਕਾਰਨ ਦੇਸ਼ `ਚ ਮੰਦੀ ਦਾ ਅਸਰ ਹੁਣ ਪੰਜਾਬ `ਤੇ ਵੀ ਦਿਖਣ ਲੱਗਾ ਹੈ |ਪੰਜਾਬ ਦੇ  ਖੇਤੀ ਮਸ਼ੀਨਰੀ ਉਦਯੋਗ , ਕੱਪੜਾ ਉਦਯੋਗ ਕਾਫੀ ਪ੍ਰਭਾਵਤ ਹੋਏ ਹਨ | ਕਈ ਅਦਾਰੇ ਬੰਦ ਹੋ ਗਏ ਹਨ ਤੇ ਕਈ ਬੰਦ ਹੋਣ ਕਿਨਾਰੇ ਹਨ | ਟਰੈੱਕਟਰਾਂ ਦੀ ਵਿਕਰੀ `ਚ 19 ਫ਼ੀਸਦੀ ਕਮੀ ਆਈ ਹੈ | ਕਾਰਖਾਨੇ ਬੰਦ ਹੋਣ ਨਾਲ ਲੋਕ ਬੇਰੁਜ਼ਗਾਰ ਹੋ ਗਏ ਹਨ | ਸ਼ਹਿਰਾਂ ਵਿਚ ਉਹਨਾਂ ਮਜ਼ਦੂਰਾਂ ਦੀ ਗਿਣਤੀ ਵਧੀ ਹੈ |ਜਿਨ੍ਹਾਂ ਨੂੰ ਮਹੀਨੇ `ਚ ਮਹਿਜ਼ ਪੰਦਰਾਂ ਦਿਨ ਹੀ ਕੰਮ ਮਿਲਦਾ ਹੈ |
            
ਪੰਜਾਬ  ਵਿਚ 72,311.85 ਕਰੋੜ ਰੁਪਏ ਦੀ ਮਾਲੀਆ ਵਸੂਲੀ ਦੇ ਟੀਚੇ ਦੇ ਮੁਕਾਬਲੇ 60832.28 ਕਰੋੜ ਰੁਪਏ ਹੀ ਵਸੂਲੀ ਹੋਈ ਹੈ। ਜੀਐੱਸਟੀ ਵਿਚ ਗਿਰਾਵਟ ਲਗਾਤਾਰ ਜਾਰੀ ਹੈ। ਅਪਰੈਲ ਤੋਂ ਜੂਨ ਤੱਕ ਦਸ ਫ਼ੀਸਦ ਟੈਕਸ ਵਸੂਲੀ ਦਾ ਟੀਚਾ ਸੀ ਪਰ ਵਸੂਲੀ ਦੀ ਦਰ ਸੱਤ ਫ਼ੀਸਦ ਰਹੀ। ਜੁਲਾਈ ਅਤੇ ਅਗਸਤ ਮਹੀਨਿਆਂ ’ਚ ਇਹ ਘਟ ਕੇ ਪੰਜ ਫ਼ੀਸਦ ਉੱਤੇ ਆ ਗਈ। ਸਾਲ 2018-19 ਦੀ ਪਹਿਲੀ ਤਿਮਾਹੀ ਦਾ ਮਾਲੀਆ 3617 ਕਰੋੜ ਸੀ, ਜੋ 2019-20 ਵਿਚ ਘਟ ਕੇ 3252 ਕਰੋੜ ਰੁਪਏ ਰਹਿ ਗਿਆ ਹੈ। ਜੀਐੱਸਟੀ ਦਾ ਇਹ ਘਾਟਾ ਦਸ ਫ਼ੀਸਦੀ ਹੈ।
          
ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਨਾਲ ਸ਼ੁਰੂ ਹੋਈ ਮੰਦੀ ਅਤੇ ਮਗਰੋਂ ਜੀਐੱਸਟੀ ਲਾਗੂ ਹੋਣ ਨਾਲ ਹਾਲਤ ਹੋਰ ਵਿਗੜੀ ਹੈ। ਇਸ ਕਾਰਨ ਛੋਟੇ ਕਾਰੋਬਾਰੀ, ਕਾਰੋਬਾਰ ਵਿਚੋਂ ਬਾਹਰ ਹੋ ਰਹੇ ਹਨ। ਅਰਥ ਸ਼ਾਸਤਰੀ ਪ੍ਰੋਫ਼ੈਸਰ ਰਣਜੀਤ ਸਿੰਘ  ਘੁੰਮਣ ਨੇ ਕਿਹਾ ਕਿ 2022 ਤੱਕ ਤਾਂ ਜੀਐੱਸਟੀ ਦੀ ਭਰਪਾਈ ਕੇਂਦਰ ਸਰਕਾਰ ਨੇ ਕਰਨੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਜੇ ਹਾਲਾਤ ਇਹੀ ਰਹੇ ਤਾਂ 2022 ਮਗਰੋਂ ਪੰਜਾਬ ਦਾ ਕੀ ਬਣੇਗਾ। ਨਿਵੇਸ਼ ਲਈ ਮਾਹੌਲ ਪੈਦਾ ਕਰਨਾ ਹੁੰਦਾ ਹੈ, ਜੋ ਨਹੀਂ ਬਣ ਪਾ ਰਿਹਾ।  ਕਾਰੋਬਾਰ ਵਿਚ ਆਈ ਖੜੋਤ ਕਾਰਨ ਲੋਕਾਂ ਦੀਆਂ ਜੇਬਾਂ ਵਿਚ ਪੈਸਾ ਘਟ ਗਿਆ ਹੈ ਤੇ ਉਨ੍ਹਾਂ ਦੀ ਖਰੀਦ ਸ਼ਕਤੀ ਵੀ ਘਟ ਗਈ ਹੈ।

ਕਿਸੇ ਕਾਰੋਬਾਰੀ ਨੂੰ ਕਾਰੋਬਾਰ ਬਾਰੇ ਪੁੱਛਣ ’ਤੇ ਇਹੀ ਜਵਾਬ ਮਿਲਦਾ ਹੈ , ``ਬੜੀ ਮੁਸ਼ਕਿਲ ਨਾਲ ਗੁਜ਼ਾਰਾ ਹੋ ਰਿਹਾ ਹੈ।`` ਕੈਪਟਨ ਸਰਕਾਰ ਦੀ ਆਮਦ ਤੋਂ ਬਾਅਦ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਦੀਆਂ ਚਿਮਨੀਆਂ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਸੀ ਪਰ ਉਸਾਰੀ ਅਤੇ ਆਧਾਰੀ ਢਾਂਚੇ ਦੇ ਕੰਮ-ਕਾਜ ਦੀ ਗਤੀ ਧੀਮੀ ਹੋਣ ਨਾਲ ਸਟੀਲ ਸਨਅਤਾਂ ਵਿਚ 25 ਫ਼ੀਸਦੀ ਮੰਗ ਘਟ ਗਈ ਹੈ। ਸਟੀਲ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਤੀਹ ਫ਼ੀਸਦੀ ਘਟ ਗਈਆਂ ਹਨ ਪਰ ਫਿਰ ਵੀ ਮੰਗ ਨਹੀਂ ਵਧ ਰਹੀ। ਸਟੀਲ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਗੁਪਤਾ ਨੇ ਕਿਹਾ ਕਿ ਇਸ ਸਾਲ ਅਪਰੈਲ ਤੋਂ ਸਟੀਲ ਦੀ ਮੰਗ 25 ਫ਼ੀਸਦੀ ਘਟੀ ਹੈ।
        
ਅਰਥ ਸ਼ਾਸਤਰੀ ਸੁੱਚਾ ਸਿੰਘ ਗਿੱਲ ਆਖਦੇ ਹਨ ,``ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਬੇਰੁਜ਼ਗਾਰੀ `ਚ ਵਾਧਾ ਹੋਇਆ ਹੈ | ਪਿਛਲੇ ਤਿੰਨ-ਚਾਰ ਮਹੀਨਿਆਂ ਵਿਚ ਸਟੀਲ ਅਤੇ ਆਟੋ ਮੋਬਾਈਲ ਨਾਲ ਜੁੜੇ ਯੂਨਿਟ ਬੰਦ ਹੋਣ ਨਾਲ ਚਾਰ ਲੱਖ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ ਪਰ ਸਰਕਾਰ ਮੰਦੀ ਦੇ ਵਰਤਾਰੇ ਨੂੰ ਹੱਲ ਕਰਨ ਲਈ ਕੋਈ ਠੋਸ  ਕਦਮ ਨਹੀਂ ਚੁੱਕ ਰਹੀ |``  ਪੰਜਾਬ ਵਿਚ ਮੰਦੀ ਦੇ ਪ੍ਰਭਾਵ ਬਾਰੇ ਉਨ੍ਹਾਂ ਕਿਹਾ ਕਿ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਦੀ ਕੱਪੜਾ ਅਤੇ ਸਟੀਲ ਸਨਅਤ ’ਤੇ ਮਾੜਾ ਅਸਰ ਪਿਆ ਹੈ। ਖੇਤੀ ਸੈਕਟਰ ਵਿਚ ਖੜੋਤ ਆਉਣ ਨਾਲ ਕਿਸਾਨ ਖੇਤੀ ਕਰਨੀ ਛੱਡੀ ਜਾ ਰਹੇ ਹਨ। ਇਸ ਕਰਕੇ ਖ਼ੁਦਕੁਸ਼ੀਆਂ ਨਹੀਂ ਰੁਕ ਰਹੀਆਂ।
     
ਪੰਜਾਬ ਸਰਕਾਰ ਨੇ ਬਜਟ ਵਿਚ ਕੀਤੇ ਵਾਅਦਿਆਂ ਉੱਤੇ ਖਾਮੋਸ਼ੀ ਧਾਰ ਰੱਖੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫਰਵਰੀ 2019 ਦੇ ਬਜਟ ਭਾਸ਼ਣ ਵਿਚ ਮੰਨਿਆ ਸੀ ਕਿ ਪੰਜਾਬ ਕਰਜ਼ੇ ਦੇ ਜਾਲ ਵਿਚ ਫਸ ਚੁੱਕਾ ਹੈ ਕਿਉਂਕਿ 2019-20 ਦੌਰਨ ਇਹ ਕਰਜ਼ਾ ਵਧ ਕੇ 2,29,612 ਕਰੋੜ ਰੁਪਏ ਹੋਣ ਦੀ ਉਮੀਦ ਹੈ। ਵਿੱਤ ਮੰਤਰੀ ਨੇ ਇਸੇ ਸੈਸ਼ਨ ਵਿਚ ਖੇਤ ਮਜ਼ਦੂਰਾਂ ਅਤੇ ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕਰਦਿਆਂ ਤਿੰਨ ਹਜ਼ਾਰ ਕਰੋੜ ਰੁਪਏ ਰੱਖੇ ਸਨ ਪਰ ਇਸ ਬਾਰੇ ਹੁਣ ਕੋਈ ਗੱਲ ਨਹੀਂ ਹੋ ਰਹੀ। ਬੈਂਕ ਕਿਸਾਨ ਪਰਿਵਾਰਾਂ ਨੂੰ ਪੈਸਾ ਭਰਨ ਲਈ ਮਜਬੂਰ ਕਰ ਰਹੇ ਹਨ। ਸਰਕਾਰ ਦਾ ਮੰਨਣਾ ਹੈ ਕਿ ਲਗਪਗ 26,979 ਕਰੋੜ ਰੁਪਏ ਤਨਖਾਹ ਅਤੇ ਭੱਤੇ, 10,875 ਕਰੋੜ ਰੁਪਏ ਪੈਨਸ਼ਨਾਂ ਉੱਤੇ ਖਰਚ ਹੋ ਜਾਂਦੇ ਹਨ।
       
ਪੰਜਾਬ ਦੇ ਖੇਤੀ ਸੈਕਟਰ ਨਾਲ ਜੁੜੇ ਉਦਯੋਗਾਂ ਨੂੰ ਵੀ ਮੰਦੀ ਨੇ ਆਪਣੀ ਲਪੇਟ `ਚ ਲੈ ਲਿਆ ਹੈ | ਪੰਜਾਬ ਵਿੱਚ ਖੇਤੀਬਾੜੀ ਦੇ ਸੰਦ ਬਣਾਉਣ ਵਾਲੇ ਛੋਟੇ ਕਾਰਖਾਨੇਦਾਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਅਨੁਸਾਰ ਖੇਤੀ ਦੇ ਧੰਦੇ ਨਾਲ ਜੁੜੇ ਛੋਟੇ ਉਦਯੋਗਾਂ ਨੂੰ ਭਾਵੇਂ ਪਿਛਲੇ ਕਈ ਸਾਲਾਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜਦੋਂ ਤੋਂ ਤਾਜ਼ਾ ਮੰਦਹਾਲੀ ਦਾ ਦੌਰ ਆਰੰਭ ਹੋਇਆ ਹੈ ਉਦੋਂ ਤੋਂ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਟਰੈਕਟਰਾਂ ਦੀ ਵਿਕਰੀ, ਜਿਸ ਤਰ੍ਹਾਂ 19 ਫੀਸਦੀ ਤੱਕ ਘਟ ਗਈ ਹੈ, ਉਸੇ ਹਿਸਾਬ ਨਾਲ ਕੰਬਾਈਨਾਂ ਅਤੇ ਹੋਰ ਮਸ਼ੀਨਰੀ ਦੀ ਵਿਕਰੀ ’ਚ ਵੀ ਗਿਰਾਵਟ ਆਈ ਹੈ। ਭਾਰਤ ਵਿੱਚ ਟਰੈਕਟਰਾਂ ਅਤੇ ਖੇਤੀ ਮਸ਼ੀਨਰੀ ਦਾ ਕੁੱਲ ਕਾਰੋਬਾਰ 40 ਹਜ਼ਾਰ ਕਰੋੜ ਰੁਪਏ ਦਾ ਹੈ ਤੇ ਇਸ ਵਿੱਚੋਂ 25 ਹਜ਼ਾਰ ਕਰੋੜ ਰੁਪਏ ਦੇ ਟਰੈਕਟਰ ਵਿਕਦੇ ਹਨ ਤੇ 15 ਹਜ਼ਾਰ ਕਰੋੜ ਰੁਪਏ ਦੀ ਮਸ਼ੀਨਰੀ ਵਿਕਦੀ ਹੈ। ਪੰਜਾਬ ਦੇ ਮਾਮਲੇ ਵਿੱਚ ਦੇਖਿਆ ਜਾਵੇ ਤਾਂ ਟਰੈਕਟਰਾਂ ਅਤੇ ਮਸ਼ੀਨਰੀ ਦਾ ਕੁੱਲ ਕਾਰੋਬਾਰ 5 ਹਜ਼ਾਰ ਕਰੋੜ ਰੁਪਏ ਦੇ ਕਰੀਬ ਹੈ। ਇਸ ਤਰ੍ਹਾਂ ਨਾਲ ਖੇਤੀ ਮਸ਼ੀਨਰੀ ਇੱਕ ਵੱਡਾ ਉਦਯੋਗ ਹੈ। ਇਸ ਵਿੱਤੀ ਸਾਲ ਦੇ ਮੁੱਢਲੇ ਮਹੀਨਿਆਂ ’ਚ ਵਿਕਰੀ 19 ਫੀਸਦੀ ਤੱਕ ਸੀ। ਟਰੈਕਟਰ ਉਦਯੋਗ ਨਾਲ ਜੁੜੇ ਵਿਅਕਤੀਆਂ ਦਾ ਦੱਸਣਾ ਹੈ ਕਿ ਅਗਸਤ ਮਹੀਨੇ ਦੌਰਾਨ ਟਰੈਕਟਰਾਂ ਦੀ ਵਿਕਰੀ ਨੂੰ ਹੋਰ ਵੀ ਜ਼ਿਆਦਾ ਸੱਟ ਵੱਜੀ ਹੈ। ਖੇਤੀ ਮਸ਼ੀਨਰੀ ਦੇ ਛੋਟੇ ਉਦਯੋਗਾਂ ਨਾਲ ਜੁੜੇ ਵਿਅਕਤੀਆਂ ਦਾ ਕਹਿਣਾ ਹੈ ਕਿ ਇਸ ਧੰਦੇ ਵਿੱਚ ਆਈ ਖੜੋਤ ਦਾ ਸਿੱਧਾ ਅਸਰ ਦਿਹਾਤੀ ਆਰਥਿਕਤਾ ’ਤੇ ਪੈਂਦਾ ਹੈ, ਕਿਉਂਕਿ ਖੇਤੀਬਾੜੀ ਦੇ ਛੋਟੇ ਉਦਯੋਗਾਂ ਨਾਲ 70 ਫੀਸਦੀ ਤੋਂ ਵੱਧ ਵਿਅਕਤੀ ਦਿਹਾਤੀ ਖੇਤਰ ਨਾਲ ਸਬੰਧਤ ਹਨ।
           
ਸਨਅਤੀ ਸ਼ਹਿਰ ਲੁਧਿਆਣਾ ਵੀ ਆਰਥਿਕ ਮੰਦੀ ਦੀ ਮਾਰ ਤੋਂ ਬਚ ਨਹੀਂ ਸਕਿਆ | ਸਨਅਤਕਾਰਾਂ ਅਨੁਸਾਰ ਜੇ ਜਲਦੀ ਹੀ ਹਾਲਾਤ ਠੀਕ ਨਾ ਹੋਏ ਤਾਂ ਆਉਣ ਵਾਲੇ ਸਮੇਂ ਕਈ ਸਨਅਤਾਂ ਬੰਦੀ ਦੀ ਕਗਾਰ ’ਤੇ ਪੁੱਜ ਜਾਣਗੀਆਂ। ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਆਈਸੀਯੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਦਾ ਕਹਿਣਾ ਹੈ ਕਿ ਦੇਸ਼ ਇਸ ਸਮੇਂ ਆਰਥਿਕ ਮੰਦੀ ਦੀ ਮਾਰ ਝੱਲ ਰਿਹਾ ਹੈ। ਇਸ ਦਾ ਸਭ ਤੋਂ ਵੱਧ ਅਸਰ ਆਟੋ ਸੈਕਟਰ ’ਤੇ ਪਿਆ ਹੈ। ਫੈਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਸਰਕਾਰ ਨੇ ਨੋਟਬੰਦੀ ਕਰਕੇ ਆਰਥਿਕਤਾ ਨੂੰ ਕੈਸ਼ਲੈੱਸ ਕਰਨਾ ਸੀ ਪਰ ਅਸਲ ਵਿੱਚ ਸਨਅਤਾਂ ਨੂੰ ਕੈਸ਼ਲੈੱਸ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੰਦੀ ਦਾ ਅਸਰ ਇੰਨਾ ਹੈ ਕਿ ਮੈਨੂਫੈਕਚਰਿੰਗ ਇੰਡੈਕਸ ਜੋ ਕਿਸੇ ਵੇਲੇ 14 ਫੀਸਦੀ ਹੁੰਦਾ ਸੀ, ਉਹ ਮੌਜੂਦਾ ਸਮੇਂ ਵਿੱਚ ਸਿਰਫ਼ 0.6 ਰਹਿ ਗਿਆ ਹੈ। ਹਰ ਸੈਕਟਰ ਵਿੱਚ ਸਨਅਤਾਂ ਹੇਠਾਂ ਜਾ ਰਹੀਆਂ ਹਨ। ਆਟੋ ਇੰਡਸਟਰੀ ਵਿੱਚ 40 ਫੀਸਦੀ, ਸਾਈਕਲ ਸਨਅਤ ਵਿੱਚ 30 ਫੀਸਦੀ, ਹੌਜ਼ਰੀ ਵਿੱਚ ਵੀ 25 ਤੋਂ 30 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਵਾਰ ਤਿਉਹਾਰਾਂ ਦਾ ਸੀਜ਼ਨ ਵੀ ਚੰਗਾ ਦਿਖਾਈ ਨਹੀਂ ਦੇ ਰਿਹਾ।
            
ਜੰਮੂ ਕਸ਼ਮੀਰ ਬਾਰੇ ਲਏ ਫ਼ੈਸਲੇ ਨਾਲ ਤਾਂ ਪੰਜਾਬ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੰਜਾਬ ਵਿਚ ਨਿਵੇਸ਼ ਹੋਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਪੋਲਟਰੀ ਨਾਲ ਸਬੰਧਿਤ ਜੋ ਵਸਤੂਆਂ ਜੰਮੂ ਕਸ਼ਮੀਰ ਨੂੰ ਜਾਂਦੀਆਂ ਸਨ, ਉਹ ਬੰਦ ਹੋ ਗਈਆਂ ਹਨ। ਪਾਕਿਸਤਾਨ ਨਾਲ ਵਪਾਰ ਬੰਦ ਹੋ ਗਿਆ ਹੈ ਤੇ ਸਰਹੱਦ ’ਤੇ ਅਣਸੁਖਾਵੀਂ ਸਥਿਤੀ ਪੈਦਾ ਹੋ ਗਈ ਹੈ, ਜਿਸ ਕਾਰਨ ਕੋਈ ਵੀ ਪੰਜਾਬ ਵਿਚ ਨਿਵੇਸ਼ ਕਰਨ ਲਈ ਤਿਆਰ ਨਹੀਂ ਹੋਵੇਗਾ।
     
ਪਹਿਲਾਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਕੱਪੜਾ ਉਦਯੋਗ (ਟੈਕਸਟਾਈਲ) ਹੁਣ ਕਸ਼ਮੀਰ ਬੰਦ ਕਰਕੇ ਹੋਰ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ | ਸਰਦੀ ਦੇ ਮੌਸਮ ਵਿਚ ਸ਼ਾਲ ਅਤੇ ਗਰਮ ਕੱਪੜਾ ਵਧੇਰੇ ਕਰਕੇ ਅੰਮ੍ਰਿਤਸਰ ਤੋਂ ਹੀ ਕਸ਼ਮੀਰ ਭੇਜਿਆ ਜਾਂਦਾ ਹੈ। ਇੱਥੇ ਬਣਦੇ ਕੰਬਲ, ਟਵੀਡ ਤੇ ਫਿਰਨ ਦੇ ਕੱਪੜਿਆਂ ਦੀ ਵੱਡੀ ਮੰਡੀ ਕਸ਼ਮੀਰ ਹੈ। ਅੰਮ੍ਰਿਤਸਰੋਂ ਗਿਆ ਕੱਪੜਾ ਹੀ ਅੱਗੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਵੀ ਸਪਲਾਈ ਕੀਤਾ ਜਾਂਦਾ ਹੈ। ਅਗਸਤ, ਸਤੰਬਰ, ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿਚ ਇਹ ਵਪਾਰ ਆਪਣੇ ਸਿਖਰ ’ਤੇ ਹੁੰਦਾ ਹੈ। ਇਸ ਦੌਰਾਨ ਮਾਲ ਤਿਆਰ ਕਰਨ ਦੀ ਤੇਜ਼ੀ ਹੁੰਦੀ ਹੈ ਅਤੇ ਤਿਆਰ ਮਾਲ ਕਸ਼ਮੀਰ ਘਾਟੀ ਵਿਚ ਨਿਰੰਤਰ ਸਪਲਾਈ ਹੁੰਦਾ ਹੈ, ਜਿਸ ਦੀ ਰਕਮ ਦਾ ਭੁਗਤਾਨ ਵੀ ਨਾਲ-ਨਾਲ ਚਲਦਾ ਹੈ। ਇਸ ਵਪਾਰ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ ਪਰ ਹੁਣ ਕਸ਼ਮੀਰ ਦੇ ਹਾਲਾਤ ਖ਼ਰਾਬ ਹੋਣ ਕਾਰਨ ਅਤੇ ਪਿਛਲੇ ਕਈ ਦਿਨਾਂ ਤੋਂ ਕਸ਼ਮੀਰ ਬੰਦ ਹੋਣ ਕਾਰਨ ਟੈਕਸਟਾਈਲ ਸਨਅਤ ’ਤੇ ਮਾੜਾ ਅਸਰ ਪਿਆ ਹੈ। ਇਸ ਤੋਂ ਪਹਿਲਾਂ ਨੋਟਬੰਦੀ ਅਤੇ ਜੀਐੱਸਟੀ ਨੇ ਵੀ ਇਸ ਸਨਅਤ ’ਤੇ ਮਾੜਾ ਅਸਰ ਪਾਇਆ ਸੀ।  ਜਿਸ ਕਾਰਨ  ਅੰਮ੍ਰਿਤਸਰ ਵਿਚਲੀ ਕੱਪੜੇ ਦੀ ਸਨਅਤ ਇਸ ਵੇਲੇ ਲਗਪਗ 50 ਫ਼ੀਸਦ ਹੀ ਕੰਮ ਕਰ ਰਹੀ ਹੈ। ਪਾਵਰ ਲੂਮ ਸਨਅਤ ਨਾਲ ਜੁੜੇ ਜੋਗਿੰਦਰ ਮੌਂਗਾ ਨੇ ਦੱਸਿਆ ਕਿ ਉਨ੍ਹਾਂ ਕੋਲ 20-20 ਪਾਵਰ ਲੂਮਜ਼ ਦੇ ਦੋ ਯੂਨਿਟ ਹਨ। ਮੰਦੀ ਕਾਰਨ ਦੋਵੇਂ ਯੂਨਿਟ ਇਕ ਇਕ ਸ਼ਿਫਟ ਵਿਚ ਹੀ ਚਲਾਏ ਜਾ ਰਹੇ ਹਨ ਜਦੋਂਕਿ ਪਹਿਲਾਂ ਦੋਵਾਂ ਯੂਨਿਟਾਂ ਵਿਚ ਦੋ ਦੋ ਸ਼ਿਫਟਾਂ ਵਿਚ ਕੰਮ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਨੋਟਬੰਦੀ ਅਤੇ ਮਗਰੋਂ ਜੀਐੱਸਟੀ ਨੇ ਇਸ ਕਾਰੋਬਾਰ ਨੂੰ ਵੱਡੀ ਸੱਟ ਮਾਰੀ ਹੈ। ਕਸ਼ਮੀਰ ਬੰਦ ਹੋਣ ਕਾਰਨ ਵੀ ਇੱਥੇ ਬਣ ਰਹੇ ਸ਼ਾਲਾਂ ਦੀ ਵਿਕਰੀ ਰੁਕ ਗਈ ਹੈ। ਸਨਅਤਕਾਰਾਂ ਵੱਲੋਂ ਕਸ਼ਮੀਰ ਦੇ ਵਪਾਰੀਆਂ ਕੋਲੋਂ ਲੈਣ ਵਾਲੀ ਰਕਮ ਵੀ ਰੁਕ ਗਈ ਹੈ, ਜਿਸ ਕਾਰਨ ਕਾਰੋਬਾਰ ਵਿਚ ਪੈਸੇ ਦੀ ਆਵਾਜਾਈ ਰੁਕ ਗਈ ਹੈ ਅਤੇ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।
        
ਬਠਿੰਡਾ ’ਚ ਦਰਜਨ ਦੇ ਕਰੀਬ ਬੈਟਰੀ ਅਤੇ ਇਨਵਰਟਰ ਸਨਅਤਾਂ ਨੂੰ ਤਾਲੇ ਲੱਗੇ ਹਨ, ਜਿਨ੍ਹਾਂ ਦੇ ਤਕਨੀਕੀ ਕਾਮੇ ਰੇਹੜੀਆਂ ਲਾਉਣ ਲੱਗੇ ਹਨ। ਨਰਮਾ ਪੱਟੀ ਨੂੰ ਮੰਦਵਾੜੇ ਦਾ ਸੇਕ ਏਨਾ ਲੱਗਿਆ ਹੈ ਕਿ ਲੇਬਰ ਚੌਕਾਂ ’ਚ ਮਜ਼ਦੂਰਾਂ ਦੀ ਭੀੜ ਜੁੜਨ ਲੱਗੀ ਹੈ।ਨਰਮਾ ਪੱਟੀ ’ਚ ਬਾਰਾਂ ਸਾਲ ਪਹਿਲਾਂ 432 ਕਪਾਹ ਮਿੱਲਾਂ ਸਨ, ਜਿਨ੍ਹਾਂ ਵਿਚ ਕਰੀਬ 45 ਹਜ਼ਾਰ ਕਾਮੇ ਸਨ। ਹੁਣ ਸਿਰਫ਼ 56 ਕਪਾਹ ਮਿੱਲਾਂ ਬਾਕੀ ਬਚੀਆਂ ਹਨ, ਜਿਨ੍ਹਾਂ ਵਿਚ ਕਰੀਬ 5 ਹਜ਼ਾਰ ਮਜ਼ਦੂਰ ਰਹਿ ਗਏ ਹਨ। ਸਿੱਧੇ ਤੌਰ ’ਤੇ 40 ਹਜ਼ਾਰ ਮਜ਼ਦੂਰ ਬੇਰੁਜ਼ਗਾਰ ਹੋਏ ਹਨ। ਕਪਾਹ ਮਿੱਲ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਭਗਵਾਨ ਦਾਸ ਬਾਂਸਲ ਆਖਦੇ ਹਨ ਕਿ ਸਰਕਾਰੀ ਨੀਤੀਆਂ ਨੇ ਮਿੱਲ ਮਾਲਕ ਝੰਬ ਦਿੱਤੇ ਹਨ ਅਤੇ ਮਜ਼ਦੂਰਾਂ ਕੋਲੋਂ ਰੁਜ਼ਗਾਰ ਖੁਸਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕਪਾਹ ਮਿੱਲਾਂ ਦੀ ਮਾਰਕੀਟ ਫੀਸ ਰਾਜਸਥਾਨ ਦੇ ਬਰਾਬਰ ਕੀਤੀ ਜਾਵੇ। ਇੱਕ ਕਪਾਹ ਮਿੱਲ ਵਿਚ ਕਰੀਬ 80 ਮਜ਼ਦੂਰ ਕੰਮ ਕਰਦੇ ਸਨ। ਕਈ ਕਪਾਹ ਮਿੱਲਾਂ ਵਾਲੀ ਥਾਂ ’ਤੇ ਕਲੋਨੀਆਂ ਕੱਟ ਦਿੱਤੀਆਂ ਗਈਆਂ ਹਨ।  
     
ਬਠਿੰਡਾ ਦੀ ਐੱਸਐੱਮ ਬੈਟਰੀਜ਼ ਦੇ ਮਾਲਕ ਧਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਕਿਉਂਕਿ ਰੁਜ਼ਗਾਰ ਦਾ ਵੱਡਾ ਮੌਕਾ ਛੋਟੇ ਉਦਯੋਗ ਦਿੰਦੇ ਹਨ ਜਦੋਂਕਿ ਵੱਡੇ ਉਦਯੋਗਾਂ ਵਿਚ ਮਨੁੱਖੀ ਸਰੋਤਾਂ ਦੀ ਖ਼ਪਤ ਨਾਮਾਤਰ ਰਹਿ ਗਈ ਹੈ। ਵੇਰਵਿਆਂ ਅਨੁਸਾਰ ਮਾਲਵਾ ਖ਼ਿੱਤੇ ਸਨਅਤੀ ਗਰੋਥ ਸੈਂਟਰ ਹਾਲੇ ਤੱਕ ਸਫ਼ਲ ਨਹੀਂ ਹੋ ਸਕੇ ਹਨ। ਨਰਮਾ ਪੱਟੀ ਵਿੱਚ ਮਜ਼ਦੂਰ ਤਬਕਾ ਕੰਮ ਦੀ ਤਲਾਸ਼ ਵਿਚ ਹੈ। ਬਠਿੰਡਾ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ ਤੇ ਹੋਰਨਾਂ ਵੱਡੇ ਸ਼ਹਿਰਾਂ ਚੋਂ ਹੁਣ ਮਜ਼ਦੂਰ ਖਾਲੀ ਹੱਥ ਘਰਾਂ ਨੂੰ ਪਰਤਦੇ ਹਨ। ਨਰਮੇ ਹੇਠਲਾ ਰਕਬਾ ਘਟਿਆ ਹੈ, ਜਿਸ ਕਰਕੇ ਪਿੰਡਾਂ ਵਿੱਚ ਖੇਤ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਦਾ।
     
ਬਠਿੰਡਾ ਦੇ ਲੇਬਰ ਚੌਕ ਵਿੱਚ ਪਿੰਡਾਂ ’ਚੋਂ ਲੇਬਰ ਦੀ ਆਮਦ ਵਧੀ ਹੈ। ਇਸ ਚੌਕ ਵਿਚ ਹੁਣ ਮਲੋਟ, ਅਬੋਹਰ ਤੇ ਜੈਤੋ ਦੇ ਮਜ਼ਦੂਰ ਵੀ ਖੜ੍ਹਦੇ ਹਨ। ਬਠਿੰਡਾ ਚੌਕ ਵਿਚ ਕਰੀਬ 2 ਹਜ਼ਾਰ ਮਜ਼ਦੂਰ ਜੁੜਨ ਲੱਗਾ ਹੈ। ਸਾਲ ਪਹਿਲਾਂ ਕਦੇ ਗਿਣਤੀ 1300 ਤੋਂ ਟੱਪੀ ਨਹੀਂ ਸੀ। ਬੀਬੀ ਵਾਲਾ ਪਿੰਡ ਦਾ ਮਜ਼ਦੂਰ ਗੁਰਦੀਪ ਸਿੰਘ ਦੱਸਦਾ ਹੈ ਕਿ ਇੱਕ ਵਰ੍ਹੇ ਤੋਂ ਏਨਾ ਮੰਦਾ ਆ ਗਿਆ ਹੈ ਕਿ ਇੱਕ ਮਹੀਨੇ ’ਚੋਂ 10 ਤੋਂ 12 ਦਿਨ ਖਾਲੀ ਮੁੜਨਾ ਪੈਂਦਾ ਹੈ। ਹੁਣ ਪਿੰਡਾਂ ’ਚੋਂ ਕਾਫੀ ਮਜ਼ਦੂਰ ਚੌਕ ਵਿਚ ਆ ਕੇ ਖੜ੍ਹਦੇ ਹਨ। ਬੀੜ ਤਲਾਬ ਦਾ ਮਜ਼ਦੂਰ ਨੱਥਾ ਸਿੰਘ ਦੱਸਦਾ ਹੈ ਕਿ ਮਹੀਨੇ ’ਚੋਂ 15 ਦਿਨ ਕੰਮ ਨਹੀਂ ਮਿਲਦਾ, ਜਿਸ ਕਰ ਕੇ ਲੜਕੀ ਨੂੰ ਸਕੂਲ ’ਚੋਂ ਪੜ੍ਹਨੋਂ ਹਟਾਉਣਾ ਪਿਆ ਹੈ।
          
ਅਸਲ `ਚ  ਆਰਥਕ ਮੰਦੀ ਨੇ ਪੰਜਾਬ ਨੂੰ  ਹਰ ਪੱਖ ਤੋਂ ਪ੍ਰਭਾਵਤ  ਕੀਤਾ ਹੈ  |

Comments

MlgCU

Medicament prescribing information. What side effects can this medication cause? <a href="https://viagra4u.top">get generic viagra without prescription</a> in the USA. Actual trends of medicine. Read information here. <a href=https://www.bestattung-glueck.at/sterbefall.php?id=96&name=Ernestine-Kr%25C3%25BCckl>All news about pills.</a> <a href=http://meblimaru.com.ua/product/shkaf-kupe-v-gostinuyu-7021-236/>Actual what you want to know about drug.</a> <a href=https://www.kjpub.com/cn/node/50673?page=3832#comment-756911>Best information about drugs.</a> 24e00ff

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ