Fri, 06 December 2024
Your Visitor Number :-   7277459
SuhisaverSuhisaver Suhisaver

ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਵਿੱਚ ਹੋਵੋ ਸ਼ਾਮਿਲ

Posted on:- 19-09-2018

suhisaver

ਮਿਹਨਤਕਸ਼ ਲੋਕੋ,

29 ਜੁਲਾਈ 97 ਨੂੰ ਮਾ.ਦਰਸ਼ਨ ਸਿੰਘ ਮਹਿਲਕਲਾਂ ਦੀ ਕਾਲਜ ਵਿੱਚ ਪੜ੍ਹਦੀ ਧੀ ਕਿਰਨਜੀਤ ਕੌਰ ਨੂੰ ਕਾਲਜ ਤੋਂ ਵਾਪਸ ਘਰ ਪਰਤਦਿਆਂ ਦਿਨ ਦਿਹਾੜੇ ਅਗਵਾ ਕਰਕੇ ਸਮੂਹਿਕ ਜਬਰ ਜਿਨਾਹ ਦਾ ਸ਼ਿਕਾਰ ਬਨਾਉਣ ਤੋਂ ਕਤਲ ਕਰਕੇ ਲਾਸ਼ ਨੂੰ ਆਪਣੇ ਹੀ ਖੇਤਾਂ'ਚ ਦੱਬ ਦਿੱਤਾ ਸੀ। ਇਸ  ਘਿਨਾਉਣੀ ਵਾਰਦਾਤ ਦਾ ਜ਼ਿੰਮੇਵਾਰ ਮਹਿਲਕਲਾਂ ਦੇ ਵੱਡੇ ਘਰਾਂ ਦਾ ਬਦਨਾਮ ਗੁੰਡਾ ਟੋਲਾ ਸੀ। ਇਹ ਗੁੰਡਾ ਟੋਲਾ ਕਈ ਸਾਲਾਂ ਤੋਂ ਪੁਲਿਸ ਅਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠ ਪਲ ਰਿਹਾ ਸੀ। ਅਜਿਹੇ ਕੁਕਰਮ ਕਰਨਾ ਜਿਨ੍ਹਾ ਦਾ ਸ਼ੌਕ ਸੀ। ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ'ਚ ਲੜੇ ਗਏ ਵਿਸ਼ਾਲ ਸਾਂਝੇ ਅਧਾਰ ਤੇ ਸਹੀ ਦਿਸ਼ਾ 'ਚ ਅੱਗੇ ਵਧ ਰਹੇ ਲੋਕ ਸੰਘਰਸ਼ ਦੀ ਬਦੌਲ਼ਤ ਹੀ ਸਾਰੇ ਦੋਸ਼ੀਆਂ ਨੂੰ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਬੰਦ ਕਰਵਾਕੇ ਉਮਰ ਕੈਦ ਵਰਗੀਆਂ ਮਿਸਾਲੀ ਸਜ਼ਾਵਾਂ ਕਰਵਾਈਆਂ ਸਨ।

ਕਿਰਨਜੀਤ ਦੇ ਕਾਤਲਾਂ ਦੀ ਮੱਦਦ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦੇ ਨਾਲ-ਨਾਲ ਗੁੰਡਿਆਂ ਨੂੰ ਪਾਲਣ ਵਾਲੇ ਸਿਆਸਤਦਾਨਾਂ ਦਾ ਪਿੰਡਾਂ ਦੀਆਂ ਸੱਥਾਂ 'ਚ ਪਰਦਾਚਾਕ ਕੀਤਾ ਸੀ। ਐਕਸ਼ਨ ਕਮੇਟੀ ਦੀ ਅਗਵਾਈ 'ਚ ਉੱਸਰਿਆਂ ਲੋਕ ਤਾਕਤ ਦਾ ਕਿਲਾ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੀ ਅੱਖ ਵਿੱਚ ਰੋੜ ਵਾਂਗ ਰੜਕਦਾ ਸੀ। ਜੋ ਕਿਸੇ ਅਜਿਹੇ ਮੌਕੇ ਦੀ ਭਾਲ ਵਿੱਚ ਸੀ ਕਿ ਜਿਸ ਬਹਾਨੇ ਇਸ ਲੋਕ ਤਾਕਤ ਦੇ ਉੱਸਰੇ ਕਿਲੇ ਉੱਪਰ ਹੱਲਾ ਬੋਲਕੇ ਇਸ ਨੂੰ ਖੇਰੂੰ-ਖੇਰੂੰ ਕੀਤਾ ਜਾ ਸਕਦਾ ਹੋਵੇ।

3 ਮਾਰਚ 2001 ਨੂੰ ਬਰਨਾਲਾ ਕਚਿਹਰੀ ਵਿੱਚ ਕਿਰਨਜੀਤ ਦੇ ਕਾਤਲਾਂ ਦੇ ਗੁੰਡਾ ਲਾਣੇ ਦੀ ਕਿਸੇ ਪੁਰਾਣੀ ਦੁਸ਼ਮਣੀ ਵਾਲੇ ਲੋਕਾਂ ਨਾਲ ਹੋਈ ਲੜਾਈ ਵਿੱਚ ਗੁੰਡਾ ਲਾਣੇ ਦੇ ਬਜੁਰਗ ਦਲੀਪੇ ਦੇ ਕਤਲ ਹੋ ਗਿਆ ਸੀ । ਇਸ ਨੂੰ ਵਧੀਆਂ ਮੌਕਾ ਸਮਝਦਿਆਂ ਪੂਰੀ ਸਾਜਿਸ਼ ਨਾਲ ਹੋਰਨਾਂ ਸਮੇਤ ਐਕਸ਼ਨ ਕਮੇਟੀ ਵਿੱਚ ਮੋਹਰੀ ਭੂਮਿਕਾ ਰਹੇ ਤਿੰਨ ਲੋਕ ਆਗੂਆਂ ਮਨਜੀਤ ਧਨੇਰ,ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਸ਼ਾਮਿਲ ਕਰ ਦਿੱਤਾ। ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੀ ਇਸ ਸਜਿਸ਼ ਦਾ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ'ਚ ਜੁੜੇ ਲੋਕ ਤਾਕਤ ਦੇ ਕਾਫਲੇ ਨੇ ਬਾਖੂਬੀ ਜਵਾਬ ਦਿੰਦਿਆਂ ਪੁਲਿਸ ਨੂੰ ਤਿੰਨਾਂ ਲੋਕ ਆਗੂਆਂ ਨੂੰ ਨਿਰਦੋਸ਼ ਕਹਿਣ ਲਈ ਮਜਬੂਰ ਕਰਨ ਤੋਂ ਅੱਗੇ ਅਦਾਲਤ ਵਿੱਚ ਵੀ ਪੰਜਾਬ ਸਰਕਾਰ ਨੂੰ ਕੇਸ ਵਾਪਸ ਲੈਣ ਲਈ ਮਜਬੂਰ ਕੀਤਾ। ਪਰ ਅਦਾਲਤੀ ਪ੍ਰਬੰਧ ਨੇ ਆਪਣਾ ਲੋਕ ਵਿਰੋਧੀ ਚਿਹਰਾ ਮੋਹਰਾ ਨੰਗਾ ਕਰਦਿਆਂ 28-30 ਮਾਰਚ ਨੂੰ ਸੱਚ ਨੂੰ ਦਰਕਿਨਾਰ ਕਰਕੇ ਹੋਰਨਾਂ ਸਮੇਤ ਐਕਸ਼ਨ ਕਮੇਟੀ ਦੇ ਤਿੰਨ ਲੋਕ ਆਗੂਆਂ ਨੂੰ ਉਮਰ ਕੈਦ ਸਜ਼ਾ ਸੁਣਾ ਦਿੱਤੀ।
     
ਇੱਕ ਵਾਰ ਫੇਰ ਮਹਿਲਕਲਾਂ ਦੇ ਸੰਗਰਾਮੀ ਕਾਫਲੇ ਲਈ ਪਰਖ ਦੀ ਘੜੀ ਆਈ। ਲੋਕ ਆਗੂਆਂ ਦੀ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜਨਤਕ ਜਮਹੂਰੀ ਜਥੇਬੰਦੀਆਂ ਦਾ ਕਾਫਲਾ ਹੋਰ ਵਿਸ਼ਾਲ ਹੋਇਆ। ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੜੇ ਗਏ ਸਿਰੜੀ ਸੰਘਰਸ਼ ਦੀ ਬਦੌਲਤ ਗਵਰਨਰ ਪੰਜਾਬ ਨੂੰ 24 ਜੁਲਾਈ 2007 ਨੂੰ ਤਿੰਨਾਂ ਲੋਕ ਆਗੂਆਂ ਦੀ ਸਜ਼ਾ ਖਤਮ ਕਰਨ ਲਈ ਮਜਬੂਰ ਕੀਤਾ। ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਗਵਰਨਰ ਪੰਜਾਬ ਦੇ ਇਸ ਹੁਕਮ ਨੂੰ ਰੱਦ ਕਰ ਦਿੱਤਾ। ਪਰ ਸੁਪਰੀਮ ਕੋਰਟ ਨੇ ਗਵਰਨਰ ਪੰਜਾਬ ਨੂੰ ਕੇਸ ਮੁੜ ਵਿਚਾਰਨ ਲਈ ਭੇਜੇ ਨੂੰ ਸੱਤ ਸਾਲ ਤੋਂ ਵਧੇਰੇ ਦਾ ਅਰਸਾ ਬੀਤ ਚੁੱਕਾ ਹੈ। ਗਵਰਨਰ ਅਤੇ ਪੰਜਾਬ ਸਰਕਾਰ ਚੁੱਪ ਹਨ। ਇਸੇ ਦੌਰਾਨ ਅਪੀਲ ਵਿੱਚ ਹਾਈਕੋਰਟ ਨੇ ਦੋ ਆਗੂਆਂ ਨਰਾਇਣ ਦੱਤ ਅਤੇ  ਪ੍ਰੇਮ ਕੁਮਾਰ ਨੂੰ ਬਰੀ ਕਰਦਿਆਂ ਮਨਜੀਤ ਧਨੇਰ ਦੀ ਉਮਰ ਕੇਦ ਸਜ਼ਾ ਬਰਕਰਾਰ ਰੱਖ ਦਿੱਤੀ। ਇਹ ਅਤਿ ਗੰਭੀਰ ਚੁਣੌਤੀ ਦਰਪੇਸ਼ ਹੈ। ਇਸ ਸੰਘਰਸ਼ ਨੇ ਸਾਂਝੇ ਸੰਘਰਸ਼ਾਂ ਦੀ ਦਰੁੱਸਤ ਬੁਨਿਆਦ ਰੱਖੀ ਹੈ।
           
ਹੁਣ 'ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ,ਪੰਜਾਬ' ਕਿਸਾਨਾਂ-ਮਜਦੂਰਾਂ ਦੇ ਹੱਕੀ ਸੰਘਰਸ਼ਾਂ ਸਮੇਤ ਮਹਿਲਕਲਾਂ ਲੋਕ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਾਥੀ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਪੜਾਅਵਾਰ ਸੰਘਰਸ਼ ਦੇ ਮੈਦਾਨ'ਚ ਹੈ। ਇਸ ਤੋਂ ਪਹਿਲਾਂ ਗਵਰਨਰ ਪੰਜਾਬ ਸਮੇਤ ਪੰਜਾਬ ਦੇ ਵਿਧਾਇਕਾਂ,ਮੰਤਰੀਆਂ,ਪਾਰਲੀਮੈਂਟ ਮੈਂਬਰਾਂ ਨੂੰ ਵੱਡੇ ਵਫਦਾਂ ਰਾਹੀਂ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੋਈ ਹੈ। ਅਜਿਹੀ ਹਾਲਤ ਵਿੱਚ ਜਦ ਔਰਤਾਂ ਉੱਪਰ ਜਬਰ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ। ਔਰਤਾਂ ਉੱਪਰ ਜਬਰ ਜੁਲਮ ਦੀ ਇਹ ਦਾਸਤਾਂ ਇਕੱਲੇ ਇਕਹਰੇ ਰੂਪ'ਚ ਨਾਂ ਹੋਕੇ ਸਮੂਹਿਕ ਰੂਪ ਧਾਰਨ ਕਰ ਚੁੱਕੀ ਹੈ। ਵੱਡੀ ਗਿਣਤੀ ਵਿੱਚ ਵਿਧਾਇਕ,ਪਾਰਲੀਮੈਂਟ ਮੈਂਬਰ,ਜੱਜ,ਵਕੀਲ,ਵੱਡੀ ਅਫਸਰਸ਼ਾਹੀ,ਮੀਡੀਆ ਮਾਲਕ ਇਸ ਹਮਾਮ'ਚ ਸਭ ਨੰਗੇ ਹਨ। ਇਸੇ ਕਰਕੇ ਇਹ ਲੁੰਗ ਲਾਣਾ ਮਨਜੀਤ ਧਨੇਰ ਵਰਗੇ ਔਰਤ ਹੱਕਾਂ ਲਈ ਜੂਝਣ ਵਾਲੇ ਲੋਕ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾਕੇ ਉਮਰ ਕੈਦ ਵਰਗੀਆਂ ਸਜ਼ਾਵਾਂ ਦੇਣ ਦਾ ਇਨਾਮ ਦੇ ਰਿਹਾ ਹੈ।

ਇਹ ਚੁਣੌਤੀ ਕੋਈ ਛੋਟੀ ਨਹੀਂ ਹੈ,ਸਭਨਾਂ ਇਨਸਾਫਪਸੰਦ ਤਾਕਤਾਂ ਲਈ ਬਹੁਤ ਵੱਡੀ ਵੰਗਾਰ ਹੈ। ਇਹ ਕੋਈ ਵਿਅਕਤੀਗਤ ਸਜ਼ਾ ਰੱਦ ਕਰਾਉਣ ਦਾ ਮਸਲਾ ਨਹੀਂ ਹੈ। ਇਹ ਲੋਕ ਹੱਕਾਂ ਲਈ ਜੂਝਣ ਵਾਲੇ ਹਰ ਉਸ ਵਿਚਾਰ ਉੱਪਰ ਹਮਲਾ ਹੈ, ਜੋ ਔਰਤਾਂ ਉੱਪਰ ਹੁੰਦੇ ਜਬਰ ਜੁਲਮ ਸਮੇਤ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾਂਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਾ ਹੋਇਆ ਵਿਸ਼ਾਲ ਲੋਕਾਈ ਨੂੰ ਸੁਚੇਤ ਸੰਘਰਸ਼ਾਂ ਦੇ ਰਾਹ ਪੈਣ ਲਈ ਪ੍ਰੇਰਦਾ ਹੈ। ਇਸ ਵੰਗਾਰ ਦਾ ਟਾਕਰਾ ਵਿਸ਼ਾਲ ਲੋਕ ਤਾਕਤ ਉਸਾਰ ਕੇ ਹੀ ਕੀਤਾ ਜਾ ਸਕਦਾ ਹੈ। ਇਸ ਵੰਗਾਰ ਨੂੰ ਪੰਜਾਬ ਦੀਆਂ ਵੱਡੀ ਬਹੁਗਿਣਤੀ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਕਬੂਲਣਾ ਸ਼ੁਭ ਸੰਕੇਤ ਹੈ। ਇਸ ਲਈ ਆਉ ਸਾਥੀ ਮਨਜੀਤ ਧਨੇਰ ਦੀ ਬਹਾਲ ਰੱਖੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ 2 ਅਕਤੂਬਰ ਦਿਨ ਮੰਗਲਵਾਰ ਨੂੰ ਰੱਖੇ ਗਏ ਵੱਡੇ 'ਕੱਠ   11 ਵਜੇ ਦਾਣਾ ਮੰਡੀ ਬਰਨਾਲਾ ਵੱਲ ਪ੍ਰੀਵਾਰਾਂ ਸਮੇਤ ਕਾਫਲੇ ਬੰਨ੍ਹਕੇ ਪੁੱਜੀਏ।

ਸੂਬਾ ਕਮੇਟੀ,
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ।
ਪ੍ਰਕਾਸ਼ਕ : ਬੂਟਾ ਸਿੰਘ ਬੁਰਜਗਿੱਲ,ਜਗਮੋਹਣ ਸਿੰਘ ਪਟਿਆਲਾ
ਮੋਬਾਈਲ 98760-94427,94173-54165


Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ