Fri, 06 December 2024
Your Visitor Number :-   7277608
SuhisaverSuhisaver Suhisaver

ਪੰਜਾਬੋ ਮਾਂ ਦੀ ਬੁੱਕਲ ਵਿੱਚ ਚਾਂਦਨੀ ਹਨੇਰ ਕਿਉਂ ਢੋਵੇ...

Posted on:- 19-07-2020

suhisaver

-ਅਮਨਦੀਪ ਹਾਂਸ ਦੀ ਕਪੂਰਥਲਾ ਤੋਂ ਵਿਸ਼ੇਸ਼ ਰਿਪੋਰਟ


ਜਣੇ ਖਣੇ ਦਾ ਆਹਜੀ ਹੋਇਆ ਧੀਆਂ ਲਈ
ਧੀਆਂ ਕੋਲੋਂ ਲੁਕ ਲੁਕ ਰੋਇਆ ਧੀਆਂ ਲਈ

ਲੋਕੀ ਤੇਲ ਨੇਂ ਚੋਂਦੇ ਬਾਬਾ ਸ਼ਗਨਾਂ ਤੇ
ਮਜ਼ਦੂਰਾਂ ਨੇ ਮੁੜ੍ਹਕਾ ਚੋਇਆ ਧੀਆਂ ਲਈਂ

ਬਾਬਾ ਨਜ਼ਮੀ ਸਾਹਿਬ ਨੇ ਇਕ ਬਾਪ ਦੇ ਨਜ਼ਰੀਏ ਤੋਂ ਧੀਆਂ ਲਈ ਇਹ ਪਿਆਰ ਲਿਖਤ ਲਿਖੀ ਹੈ

ਧੀਆਂ, ਕੁੜੀਆਂ, ਬੱਚੀਆਂ ਨੂੰ ਜੇ ਕੁਝ ਲੋਕ ਬੋਝ ਆਖਦੇ ਨੇ ਅਣਮੰਨੇ ਮਨ ਨਾਲ ਸਵੀਕਾਰ ਕਰਦੇ ਨੇ, ਓਥੇ ਬਹੁਤਿਆਂ ਲਈ ਧੀਆਂ ਘਰਾਂ ਦੀ ਰੌਣਕ  ਵੀ ਨੇ ..

ਅਜਿਹੀ ਹੀ ਇਕ ਨੰਨੀ ਰੌਣਕ ਚਾਂਦਨੀ ਨਾਮ ਦੀ ਬੱਚੀ ਨਾਲ ਮਿਲਦੇ ਹਾਂ, ਜੀਹਨੇ ਅਜਿਹਾ ਦਰਦ ਹੰਢਾਇਆ ਜੋ ਪੜਨ ਸੁਣਨ ਵਾਲਿਆਂ ਨੂੰ ਬੇਚੈਨ ਕਰਕੇ ਰੱਖ ਦੇਵੇਗਾ।

ਪਰ ਪਹਿਲਾਂ ਹੀ ਦੱਸ ਦੇਈਏ ਕਿ ਦਾਸਤਾਨ ਕੁਝ ਐਸੀ ਹੈ ਕਿ ਪਾਤਰਾਂ ਦੇ ਅਸਲ ਨਾਮ ਨਹੀਂ ਦੱਸੇ ਜਾ ਸਕਦੇ।

ਆਓ, ਕਪੂਰਥਲਾ ਦੀ ਇਕ ਬਸਤੀ ਵੱਲ ਚਲਦੇ ਹਾਂ...

ਜਿਥੇ ਇਕ ਫੈਕਟਰੀ ਦੇ ਕਈ ਕਿਰਤੀ ਪਰਿਵਾਰ ਕੁਆਟਰਨੁਮਾ ਇਮਾਰਤ ਚ ਵਸਦੇ ਨੇ, ਕੋਈ ਯੂ ਪੀ ਤੋਂ, ਕੋਈ ਝਾਰਖੰਡ ਤੋਂ ਹੈ ਤੇ ਕੋਈ ਬਿਹਾਰ ਤੋਂ ਹੈ। ਸਾਰੇ ਕਿਰਤੀ ਵੀਹ ਬਾਈ ਸਾਲ ਤੋਂ ਚਲਦੀ ਇਕ ਫੈਕਟਰੀ ਚ ਕਿਰਤ ਕਰਕੇ ਆਪਣੇ ਟੱਬਰ ਪਾਲਦੇ ਆ ਰਹੇ ਨੇ, ਪਰ ਉਹੀ ਰੂਟੀਨ ਹੈ, ਸਵੇਰੇ ਉਠਣਾ, ਚਾਹ ਪੀ ਕੇ , ਰੋਟੀ ਨਾਲ ਬੰਨ ਕੰਮ ਤੇ ਨਿਕਲ ਪੈਣਾ, ਤਾਰਿਆਂ ਦੀ ਛਾਵੇਂ ਘਰ ਪਰਤਣਾ, ਰੋਟੀ ਖਾ ਕੇ ੧੦ ਬਾਏ ੮ ਦੇ ਹਨੇਰੇ ਸਲਾਬੇ ਕਮਰੇ ਚ ਵਸਦੀ ਆਪਣੀ ਦੁਨੀਆ ਚ ਗੁਆਚ ਜਾਣਾ.. ਸਵੇਰ ਹੋਣੀ ਫੇਰ ਉਹੀ..

ਇਥੇ ਇਕ ਸ਼ਖਸ ਹੈ ਯਾਦਵ, ਜੋ ਯੂ ਪੀ ਦੇ ਦੇਵਰੀਆ ਜਿਲੇ ਦੇ ਕੋਲ ਪੈਂਦੇ ਪਿੰਡ ਦਾ ਮੂਲ ਵਸਨੀਕ ਹੈ, ਵੀਹ ਕੁ ਸਾਲ ਪਹਿਲਾਂ ਇਕ ਠੇਕੇਦਾਰ ਉਸ ਨੂੰ ਇਥੇ ਫੈਕਟਰੀ ਚ ਮਜ਼ਦੂਰੀ ਕਰਨ ਲਈ ਲੈ ਕੇ ਆਇਆ ਸੀ, ਪਿਛੇ ਮਾਂ ਬਾਪ ਗੁਰਬਤ ਤੇ ਬਿਮਾਰੀ ਨਾਲ ਘੁਲਦੇ ਚੱਲ ਵਸੇ, ਝੁੱਗੀ ਚ ਹੀ ਰਹਿੰਦੇ ਸਨ, ਕੋਈ ਘਰਬਾਰ ਤਾਂ ਹੈ ਨਹੀ ਸੀ, ਸੋ ਯਾਦਵ ਨੇ ਓਥੇ ਵਸਦੇ ਰਿਸ਼ਤੇਦਾਰਾਂ ਤੋਂ ਹੀ ਮਾਪਿਆਂ ਦਾ ਸਸਕਾਰ ਕਰਵਾ ਦਿੱਤਾ ਸੀ, ਖਰਚ ਲਈ ਪੈਸੇ ਭੇਜ ਦਿੱਤੇ ਸਨ। ਜੇ ਜਾਂਦਾ ਵੀ ਤਾਂ ਕਿਹੜਾ ਮਾਪਿਆਂ ਨੇ ਮੁੜ ਆਉਣਾ ਸੀ।

 ਆਪਣਿਆਂ ਨੂੰ ਆਖਰੀ ਵਾਰ ਤੱਕਣ ਲਈ ਤਰਸਦੀਆਂ ਰੂਹਾਂ ਦਾ ਇਉਂ ਹੀ ਤੜਪਦਿਆਂ ਜਹਾਨੋਂ ਤੁਰ ਜਾਣਾ.. ਪ੍ਰਵਾਸ ਦੀ ਚੀਸ ਸਿਰਫ ਪ੍ਰਵਾਸ ਹੰਢਾਉਣ ਵਾਲੇ ਹੀ ਜਾਣਦੇ ਨੇ।

ਖੈਰ, ਯਾਦਵ ਦੇ ਨਾਲ ਝਾਰਖੰਡ ਦੇ ਭੂਮਿਲਾ ਜਿਲੇ ਦੇ ਕੁਝ ਕਿਰਤੀ ਕੰਮ ਕਰਦੇ ਸਨ, ਯਾਦਵ ਦੀ ਉਮਰ ਵਿਆਹੁਣ ਵਾਲੀ ਸੀ ਤਾਂ ਇਕ ਕਿਰਤੀ ਨੇ ਆਪਣੀ ਰਿਸ਼ਤੇਦਾਰੀ ਚੋਂ ਇਕ ਅਨਾਥ ਮੁਟਿਆਰ ਗੀਤਾ ਦੀ ਦੱਸ ਪਾਈ, ਯਾਦਵ ਨੇ ਬਿਨਾ ਦੇਖਿਆਂ, ਰਿਸ਼ਤਾ ਕਬੂਲ ਕਰ ਲਿਆ, ਰਿਸ਼ਤੇ ਤਾਂ ਦਰਦਾਂ ਦੇ ਥੁੜਾਂ ਦੇ ਕਿਰਤ ਦੇ ਆਪੇ ਈ ਬਣ ਜਾਂਦੇ ਨੇ, ਗੀਤਾ ਵੀ ਇਕੱਲੀ ਸੀ, ਉਹਦੇ ਮਾਪੇ ਏਸ ਗਮ ਚ ਮਰ ਗਏ ਕਿ ਦੋ ਜਵਾਨ ਪੁੱਤ ਕਿਸੇ ਬਿਮਾਰੀ ਦਾ ਸ਼ਿਕਾਰ ਸਨ, ਤੇ ਪੈਸੇ ਨਾ ਹੋਣ ਕਰਕੇ ਇਲਾਜ ਨਹੀ ਸੀ ਹੋ ਸਕਿਆ, ਰੁਲ ਖੁਲ ਕੇ ਗੀਤਾ ਪਲ ਗਈ। ਝਾਰਖੰਡ ਦੀ ਗੀਤਾ ਬਿਹਾਰ ਦੇ ਯਾਦਵ ਨਾਲ ਵਿਆਹ ਕਰਵਾ ਕੇ ਰੁਜਾਗਰ ਖਾਤਰ ਪੰਜਾਬੋ ਮਾਂ ਦੀ ਹਿੱਕ ਨਾਲ ਆ ਲੱਗੀ, ਸੋਲਾਂ ਸਾਲ ਪਹਿਲਾਂ ਦੀ ਗੱਲ ਹੈ, ਆਉਂਦੀ ਨੇ ਜਿਥੇ ਕੁਆਟਰਾਂ ਚ ਰਿਹਾਇਸ਼ ਹੈ, ਓਥੇ ਨਜ਼ਦੀਕੀ ਖੇਤਾਂ ਚ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ, ਦੂਰ ਦੁਰਾਡੇ ਪਿੰਡਾਂ ਚ ਨਹੀ ਸੀ ਜਾਂਦੀ, ਕਿਉਂਕਿ ਨਾ ਹਿੰਦੀ ਆਉਂਦੀ ਸੀ ਨਾ ਪੰਜਾਬੀ..

ਵਿਆਹ ਤੋਂ ਚਾਰ ਕੁ ਸਾਲ ਬਾਅਦ ਘਰ ਚ ਪਲੇਠੀ ਧੀ ਦਾ ਜਨਮ ਹੋਇਆ, ਰੌਣਕ ਲੱਗ ਗਈ, ਗੀਤਾ ਦੇ ਪਤੀ ਯਾਦਵ ਨੇ ਓਵਰਟਾਈਮ ਕਰਨਾ ਸ਼ੁਰੂ ਕਰ ਦਿੱਤਾ, ਤਾਂ ਜੋ ਗੀਤਾ ਨੂੰ ਕੰਮ ਨਾ ਕਰਨਾ ਪਵੇ। ਤਿੰਨ ਸਾਲ ਬਾਅਦ ਇਕ ਧੀ ਹੋਰ ਪੈਦਾ ਹੋ ਗਈ, ਵੱਡੀ ਕੁੜੀ ਛੋਟੀ ਨੂੰ ਕੁਛੜ ਚੁਕਣ ਲੱਗੀ ਸੀ, ਤਾਂ ਗੀਤਾ ਫੇਰ ਖੇਤਾਂ ਚ ਜਾ ਵੜੀ। ਦੋਵੇਂ ਜੀਅ ਦਿਨ ਰਾਤ ਕਰੜੀ ਮਿਹਨਤ ਕਰਦੇ ਕਿ ਕਦੇ ਆਪ ਤਾਂ ਘਰ ਤਾਂ ਮੂੰਹ ਨਹੀ ਸੀ ਦੇਖਿਆ, ਇਥੇ ਪੰਜਾਬ ਦੀ ਜ਼ਰਖੇਜ਼ ਮਿੱਟੀ ਚ ਮੁੜਕਾ ਡੋਲ ਕੇ ਏਨਾ ਕੁ ਕਮਾ ਲੈਣ ਕਿ ਇਕ ਨਿੱਕਾ ਜਿਹਾ ਘਰ ਬਣਾ ਸਕਣ।

ਅਨਪੜਤਾ, ਜਾਂ ਕਹਿ ਲਓ ਸਮਾਜ ਚ ਪੁੱਤਰ ਮੋਹ ਦੇ ਚਲਦਿਆਂ ਇਸ ਜੋੜੇ ਦੇ ਘਰ ਤੀਜਾ ਬੱਚਾ ਫੇਰ ਹੋਇਆ, ਉਹ ਵੀ ਧੀ ਚਾਂਦਨੀ। ਚਾਂਦਨੀ ਅੱਜ ਪੌਣੇ ਕੁ ਚਾਰ ਸਾਲ ਦੀ ਹੈ। ਯਾਦਵ ਠੇਕੇਦਾਰ ਵਲੋਂ ਫੈਕਟਰੀ ਚ ਕੰਮ ਕਰਦਾ ਹੈ, ਦਸ ਤੋਂ ਬਾਰਾਂ ਘੰਟੇ ਕੰਮ ਕਰਕੇ ਉਸ ਨੂੰ 8-9 ਹਜਾਰ ਰੁਪਏ ਵਿਚੇ ਓਵਰਟਾਈਮ ਪਾ ਕੇ ਮਹੀਨੇ ਦੇ ਬਣਦੇ ਨੇ। ਫੈਕਟਰੀ ਮਾਲਕ ਨੇ ਰਹਿਣ ਵਾਸਤੇ ਫਰੀ ਕੁਆਟਰ ਬਣਾ ਕੇ ਦਿੱਤੇ ਨੇ, ਪਾਣੀ ਬਿਜਲੀ ਦੀ ਸਹੂਲਤ ਹੈ, ਪਰ ਬਾਥਰੂਮ ਟਾਇਲਟ ਕੋਈ ਨਹੀ।

 ਔਰਤਾਂ, ਜਵਾਨ ਬੱਚੇ ਬੱਚੀਆਂ ਨੇ ,ਦਿੱਕਤ ਨਹੀ ਆਉਂਦੀ,? ਜਦ ਯਾਦਵ ਤੇ ਗੀਤਾ ਨੂੰ ਤੇ ਓਥੇ ਇਕੱਠੇ ਹੋਏ ਹੋਰ ਕਿਰਤੀਆਂ ਨੂੰ ਇਹ ਪੁੱਛਿਆ ਤਾਂ ਕਿਸੇ ਨੇ ਜੁਆਬ ਦਿੱਤਾ,

- ਸਭ ਸੇ ਬੜੀ ਦਿੱਕਤ ਤੋ ਹਮ ਜੈਸੋਂ ਕਾ ਹੋਨਾ ਹੈ, ਗਰੀਬੀ ਹੈ ਸਭ ਸੇ ਬੜੀ ਦਿੱਕਤ, ਕਿਤਨੇ ਸਾਲ ਹੋ ਗਏ, ਫੈਕਟਰੀ ਦੁਗਨੀ ਬੜੀ ਹੋ ਗਈ, ਪਰ ਹਮ..  ਯਹੀਂ ਕੇ ਯਹੀਂ.. ਕਭੀ ਗਾਂਵ ਭੀ ਨਹੀ ਜਾਤੇ, ਕੋਈ ਮਰ ਜਾਏ, ਤੋ ਭੀ ਨਹੀ ਜਾ ਪਾਤੇ। ਯਹਾਂ ਰੋਟੀ ਪਾਨੀ ਹੀ ਚਲਤਾ ਹੈ, ਬੱਚੇ-ਉੱਚੇ ਹੈਂ ਉਨ ਕਾ ਭੀ ਦੇਖਨਾ ਹੋਤਾ ਹੈ, ਦਵਾ ਦਾਰੂ ਕਰਨੀ ਪੜਤੀ ਹੈ, ਹਮਰੇ ਕੌਨ ਸੇ ਬੀਮਾ ਕਾਰਡ ਬਨੇ ਹੈਂ। ਲੌਕਡਾਊਨ ਮੇਂ ਪੰਜਾਬੀ ਲੋਗੋਂ ਕੋ ਰਾਸ਼ਨ ਦੀਆ, ਵੋਟ ਲੇਨੀ ਹੈ, ਹਮੇਂ ਕੁਛ ਨਹੀ ਮਿਲਾ, ਫੈਕਟਰੀ ਮਾਲਕ ਨੇ ਤੀਨ ਮਹੀਨੇ ਦੋ ਦੋ ਹਜਾਰ ਰੁਪਏ ਕੀ ਮਦਦ ਕਰ ਦੀ, ਅਬ ਵੋਹ ਤਨਖਾਹ ਮੇਂ ਸੇ ਕਾਟੇਗਾ। ਦਰਜਨ ਭਰ ਲੋਗ ਤੋ ਵਾਪਸ ਗਾਂਵ ਚਲੇ ਗਏ, ਉਨ ਕੀ ਵਹਾਂ ਜ਼ਮੀਨ ਹੈ, ਖੇਤੀ ਕਰ ਲੇਂਗੇ, ਹਮਰਾ ਤੋ ਕੁਛ ਭੀ ਨਹੀ ਬਚਾ ਵਹਾਂ। ਜਨਮੇਂ ਵਹਾਂ ਥੇ .. ਮਰੇਂਗੇ ਯਹਾਂ ..

 

ਕਿਰਤੀਆਂ ਦੇ ਝੁਰਮਟ ਚ ਕੋਈ ਦਰਦ ਰੋ ਰਿਹਾ ਸੀ, ਜੀਹਦੇ ਸ਼ਬਦਾਂ ਚ ਸਿਸਟਮ ਦੀਆਂ ਗੁਰਬਤ ਮਾਰਿਆਂ ਪ੍ਰਤੀ ਢੇਕਚਾਲੀਆਂ, ਨਾਬਰਾਬਰੀ ਤੇ ਕਿਰਤ ਦਾ ਪੂਰਾ ਮੁੱਲ ਨਾ ਮਿਲਣ ਦਾ ਰੋਹ ਵੀ ਰਲਿਆ ਸੀ। ਵੀਹ ਬਾਈ ਸਾਲਾਂ ਤੋਂ ਇਥੇ ਲਹੂ ਪਸੀਨਾ ਡੋਲਣ ਵਾਲੇ ਸਿਰ ਤੇ ਆਪਣੀ ਕਹਿਣ ਨੂੰ ਇਕ ਛੱਤ ਤੱਕ ਨਹੀ ਉਸਾਰ ਸਕੇ। ਗੜਬੜ ਕਿਰਤੀਆਂ ਦੀ ਨੀਅਤ ਚ ਹੈ ਕਿ ਸਿਸਟਮ ਚਲਾਉਣ ਵਾਲਿਆਂ ਦੀਆਂ ਨੀਤੀਆਂ ਚ ਸਾਫ ਪਤਾ ਲਗਦਾ ਹੈ। ਕਿ ਫੈਕਟਰੀ ਤਾਂ ਦੁਗਣੇ ਖੇਤਰ ਚ ਫੈਲ ਗਈ, ਪਰ ਕਿਰਤੀ ਓਸੇ 10 ਬਾਇ 8 ਦੇ ਸਲਾਬੇ ਕਮਰੇ ਜੋਗੇ ਨੇ।

ਖੈਰ, ਗੱਲ ਬਾਥਰੂਮ ਟਾਇਲਟ ਨਾ ਹੋਣ ਤੋਂ ਤੁਰੀ ਸੀ, ਤਾਂ ਦੱਸਿਆ ਗਿਆ ਕਿ ਇਥੇ ਸਾਹਮਣੇ ਖੇਤ ਨੇ ਜੰਗਲ ਪਾਣੀ ਤਾਂ ਓਥੇ ਹੀ ਚਲੇ ਜਾਂਦੇ ਨੇ, ਔਰਤਾਂ ਤੇ ਕੁੜੀਆਂ ਕੱਪੜਿਆਂ ਸਮੇਤ ਹੀ ਵਿਹੜੇ ਚ ਨਹਾ ਲੈਂਦੀਆਂ ਨੇ।

ਇਹੋ ਹਮਾਰਾ ਜੀਵਨਾ..

ਯਾਦਵ ਤੇ ਗੀਤਾ ਦੀ ਵੱਡੀ ਧੀ ਬਾਕੀ ਕਿਰਤੀਆਂ ਦੇ ਬੱਚਿਆਂ ਦੇ ਨਾਲ ਨਜ਼ਦੀਕੀ ਸਰਕਾਰੀ ਸਕੂਲ ਚ ਪੜਦੀ ਹੈ, ਵਿਚਕਾਰਲੀ ਆਂਗਣਵਾੜੀ ਚ ਜਾਂਦੀ ਹੈ, ਲੌਕਡਾਊਨ ਕਾਰਨ ਇਸ ਵਕਤ ਸਭ ਘਰੇ ਹੀ ਨੇ,

ਤੇ ਛੋਟੀ ਚਾਂਦਨੀ ਹਾਲੇ ਘਰ ਹੀ ਰਹਿੰਦੀ ਹੈ, ਇਸ ਸਾਲ ਅਪਰੈਲ ਦੇ ਮਹੀਨੇ ਤੋਂ ਆਂਗਣਵਾੜੀ ਚ ਜਾਣਾ ਸੀ।

ਸਾਲ ਦੇ ਪਹਿਲੇ ਮਹੀਨਿਆਂ ਚ ਕੋਈ ਤਿਉਹਾਰ ਦਾ ਦਿਨ ਸੀ, ਫੈਕਟਰੀ ਚ ਛੁਟੀ ਸੀ, ਕਈ ਪਰਿਵਾਰ ਬਜਾਰ ਚਲੇ ਗਏ, ਕਈ ਮਰਦ ਨਜ਼ਦੀਕੀ ਦੁਕਾਨਾਂ ਚ ਚਲੇ ਗਏ, ਔਰਤਾਂ ਬੱਚਿਆਂ ਨੂੰ ਲੈ ਕੇ ਕੁਆਟਰਾਂ ਦੇ ਬਾਹਰਵਾਰ ਬਾਹਰ ਦੀ ਰੌਣਕ ਦੇਖਣ ਲਈ ਬੈਠੀਆਂ ਸਨ, ਦਿਨ ਦਾ ਵਕਤ ਸੀ, ਗੀਤ ਲਾ ਕੇ ਨੱਚ ਗਾ ਰਹੇ ਸਨ ਕਿ ਅਚਾਨਕ ਯਾਦਵ ਤੇ ਗੀਤਾ ਦੀ ਸਵਾ ਕੁ ਤਿੰਨ ਸਾਲਾ ਬੱਚੀ ਚਾਂਦਨੀ ਗਾਇਬ ਹੋ ਗਈ, ਰੌਲਾ ਪੈ ਗਿਆ, ਇਧਰ ਓਧਰ ਲਭਿਆ ਗਿਆ, ਕਾਫੀ ਚਿਰ ਮਗਰੋਂ ਕੁਆਟਰਾਂ ਦੇ ਅੰਦਰ ਹੀ ਚਾਂਦਨੀ ਦੀਆਂ ਚੀਕਾਂ ਸੁਣੀਆਂ, ਗੀਤਾ ਦੌੜ ਕੇ ਗਈ, ਤਾਂ ਬੱਚੀ ਇਕ ਕਮਰੇ ਚ ਅਰਧ ਬੇਹੋਸ਼ ਲਹੂ ਲੁਹਾਣ ਪਈ ਸੀ, ਓਥੇ ਖੜੇ ਇਕ 16-17 ਸਾਲਾ ਨਸ਼ੇੜੀ ਮੁੰਡੇ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਕੁੜੀ ਮੰਜੇ ਤੋਂ ਡਿਗ ਗਈ, ਗੀਤਾ ਨੇ ਕੁੜੀ ਨੂੰ ਚੁਕਿਆ ਨਜ਼ਦੀਕੀ ਆਰ ਐਮ ਪੀ ਡਾਕਟਰ ਦੇ ਕਲੀਨਕ ਤੇ ਲੈ ਗਈ, ਉਸ ਨੇ ਜੋ ਕਿਹਾ, ਸੁਣ ਕੇ ਗੀਤਾ ਥਾਏਂ ਜੜ ਹੋ ਗਈ, ਬੱਚੀ ਹਵਸ ਦਾ ਸ਼ਿਕਾਰ ਹੋਈ ਸੀ, ਸਵਾ ਕੁ ਤਿੰਨ ਸਾਲ ਦੀ ਮਸੂਮ, ਜਿਸ ਨੂੰ ਸਰੀਰ ਦੇ ਪੂਰੇ ਅੰਗਾਂ ਦਾ ਨਾਮ ਵੀ ਨਹੀ ਪਤਾ, ਬੁਰੀ ਤਰਾਂ ਮਧੋਲ ਸੁੱਟੀ ਗਈ ਸੀ, ਯਾਦਵ ਵੀ ਆ ਗਿਆ, ਆਰ ਐਮ ਪੀ ਡਾਕਟਰ ਨੇ ਸਰਕਾਰੀ ਹਸਪਤਾਲ ਕਪੂਰਥਲਾ ਬੱਚੀ ਨੂੰ ਲੈ ਕੇ ਜਾਣ ਲਈ ਕਿਹਾ, ਯਾਦਵ ਸਾਰੇ ਪੈਸੇ ਤਿਉਹਾਰ ਕਰਕੇ ਖਰਚ ਚੁਕਿਆ ਸੀ, ਗੀਤਾ ਨੇ ਘਰਵਾਲੇ ਤੋਂ ਲੁਕਾ ਕੇ ਕੁਝ ਪੈਸੇ ਰੱਖੇ ਸਨ, ਦੇਖੇ ਤਾਂ ਪੰਜ ਸੌ ਦੇ ਕਰੀਬ ਰਕਮ ਨਿਕਲੀ, ਯਾਦਵ, ਗੀਤਾ ਤੇ ਕੁਝ ਹੋਰ ਸਿਆਣੀ ਉਮਰ ਦੇ ਲੋਕ ਆਟੋ ਰਿਕਸ਼ਾ ਕਿਰਾਏ ਤੇ ਲੈ ਕੇ ਬੱਚੀ ਨੂੰ ਸਰਕਾਰੀ ਹਸਪਤਾਲ ਲੈ ਆਏ, ਮੌਜੂਦਾ ਸਟਾਫ ਸਮੇਤ ਡਾਕਟਰ ਦੇ , ਸਭ ਨੇ ਬੱਚੀ ਨੂੰ ਦੇਖਣ ਤੋਂ ਹੀ ਇਨਕਾਰ ਕਰ ਦਿੱਤਾ, ਪਹਿਲਾਂ ਥਾਣੇ ਜਾਣ ਨੂੰ ਕਿਹਾ, ਉਸੇ ਤਰਾਂ ਅਰਧ ਬੇਹੋਸ਼ ਬੱਚੀ ਨੂੰ ਚੁੱਕ ਕੇ ਥਾਣੇ ਲੈ ਕੇ ਗਏ, ਭਲੇ ਨੂੰ  ਸੰਵੇਦਨਾ ਨਾਲ ਭਰੀ ਇਕ ਮਹਿਲਾ ਅਧਿਕਾਰੀ ਡਿਊਟੀ ਤੇ ਸੀ, ਬੱਚੀ ਦੀ ਹਾਲਤ ਵੇਖ ਤੜਪ ਉਠੀ, ਉਸੇ ਵੇਲੇ ਹਸਪਤਾਲ ਦੇ ਡਿਊਟੀ ਡਾਕਟਰ ਨੂੰ ਫੋਨ ਕਰਕੇ ਕਨੂਨ ਦਾ ਪਾਠ ਸੁਣਾਇਆ ਕਿ ਮਰੀਜ ਦੀ ਜਾਨ ਪਹਿਲਾਂ ਬਚਾਈ ਜਾਂਦੀ ਹੈ ਨਾ ਕਿ ਪੁਲਸ ਕੰਪਲੇਂਟ ਕੀਤੀ ਜਾਂਦੀ ਹੈ, ਉਸੇ ਵਕਤ ਗੱਡੀ ਦੇ ਕੇ ਬੱਚੀ ਨੂੰ ਹਸਪਤਾਲ ਭੇਜ ਦਿੱਤਾ, ਝਾੜ ਝੰਬ ਕਰਵਾ ਕੇ ਅਮਲੇ ਨੇ ਬੱਚੀ ਸਾਂਭ ਲਈ, ਇਲਾਜ ਸ਼ੁਰੂ ਕੀਤਾ, ਸਾਰੀ ਕਾਗਜੀ ਕਾਰਵਾਈ ਵੀ ਫੇਰ ਸਟਾਫ ਨੇ ਆਪ ਹੀ ਕਰਵਾਈ।

ਮਹਿਲਾ ਪੁਲਸ ਅਧਿਕਾਰੀ ਬੱਚੀ ਦੇ ਪਰਿਵਾਰ ਤੋਂ ਸਾਰੀ ਜਾਣਕਾਰੀ ਲੈ ਕੇ ਤੁਰੰਤ ਮੌਕੇ ਤੇ ਗਈ, ਨਸ਼ੇੜੀ ਨੂੰ ਕਾਬੂ ਕਰ ਲਿਆ, ਥੋੜੀ ਜਿਹੀ ਪੁਲਸੀਆ ਸਰਵਿਸ ਕਰਵਾ ਕੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ, ਕਿ ਨਸ਼ੇ ਕਰਕੇ ਗਲਤੀ ਕਰ ਬੈਠਾਂ। ਮੁਲਜ਼ਮ ਨਬਾਲਗ ਹੈ, ਜੁਵੇਨਾਈਲ ਜੇਲ ਚ ਹੈ। ਦਿੱਲੀ ਚ ਨਿਰਭਯਾ ਦੇ ਨਬਾਲਗ ਦੋਸ਼ੀ ਨੂੰ ਵੀ ਕਨੂਨ ਨੇ ਰਾਹਤ ਦਿੱਤੀ ਸੀ, ਏਸ ਸ਼ੈਤਾਨ ਨੂੰ ਵੀ ਮਿਲਣ ਦੀ ਪੂਰੀ ਸੰਭਾਵਨਾ ਹੈ।

ਬੱਚੀ ਚਾਂਦਨੀ ਚਾਰ ਦਿਨ ਹਸਪਤਾਲ ਰਹੀ, ਹੋਸ਼ ਚ ਆਉਣ ਸਾਰ ਸਾਰੀ ਘਟਨਾ ਤੋਤਲੀ ਜੁਬਾਨ ਚ ਸਭ ਨੂੰ ਸੁਣਾ ਦਿੱਤੀ, ਜਾਂਚ ਟੀਮ ਦੇ ਸਾਹਮਣੇ ਬੱਚੀ ਨੇ ਖੁਦ ਬਿਆਨ ਦਿੱਤੇ, ਏਨੀ ਪਿਆਰੀ, ਫੁੱਲ ਭਰ ਬੱਚੀ, ਨਸ਼ੇ ਕਾਰਨ ਨੰਨੇ ਜਿਹੇ ਜਿਹਨ ਚ ਕਾਲੇ ਸਾਏ ਵਾਂਗ ਓਹ ਘਟਨਾ ਸ਼ਾਇਦ ਸਦਾ ਲਈ ਉਕਰ ਜਾਏ।

ਪੰਜ ਕੁ ਮਹੀਨੇ ਹੋ ਗਏ ਘਟਨਾ ਵਾਪਰੀ ਨੂੰ ਚਾਂਦਨੀ ਅੱਜ ਵੀ ਓਸ ਕਮਰੇ ਵੱਲ ਜਾਣ ਤੋਂ ਡਰਦੀ ਹੈ, ਚੀਕਦੀ ਹੈ, ਸਾਰੀ ਘਟਨਾ ਦੁਹਰਾਉਂਦੀ ਹੈ।

ਯਾਦਵ ਤੇ ਗੀਤਾ ਵੀ ਏਨਾ ਭੈਅ ਭੀਤ ਹੋ ਗਏ ਕਿ ਇਕ ਪਲ ਲਈ ਵੀ ਕੁੜੀਆਂ ਨੂੰ ਇਕੱਲਿਆਂ ਨਹੀਂ ਛਡਦੇ। ਬਾਕੀ ਕਿਰਤੀ ਵੀ ਡਰ ਗਏ ਨੇ।

ਯਾਦਵ ਤਾਂ ਵੱਡੀ ਕੁੜੀ ਨੂੰ ਸਕੂਲ ਜਾਣ ਤੋਂ ਵੀ ਵਰਜਣ ਲੱਗਿਆ ਹੈ, ਨਸ਼ੇੜੀਆਂ ਦਾ ਕੀ ਪਤਾ..।

ਮਾਮਲੇ ਦਾ ਪਤਾ ਲਗਿਆ ਤਾਂ ਮੈਂ ਯਾਦਵ ਤੇ ਗੀਤਾ ਅਤੇ ਹੋਰ ਕਿਰਤੀਆਂ ਨੂੰ ਜਾ ਮਿਲੀ, ਯਾਦਵ ਦੀ ਇਕੋ ਰਟ ਸੀ ਕਿ ਕੁੜੀਆਂ ਨੂੰ ਕਿਤੇ ਵੀ ਬਾਹਰ ਨਹੀ ਭੇਜਣਾ, ਸਾਰਾ ਦਿਨ ਮਾਂ ਦੇ ਨਾਲ ਹੀ ਰਹਿਣਗੀਆਂ।

ਯਾਦਵ ਤੇ ਗੀਤਾ, ਨੰਨੀ ਚਾਂਦਨੀ ਵੱਲ ਵੇਖ ਝੂਰਦੇ ਨੇ, ਹੁਬਕੀਂ ਰੋਂਦੇ ਨੇ,.. ਪਾਪੀ ਤਾਂ ਛੁਟ ਜਾਏਗਾ, ਸਾਡੀ ਬੱਚੀ ਸਾਰੀ ਉਮਰ ਲਈ ਕਲੰਕਿਤ ਹੋ ਗਈ.. ਕੀ ਕਸੂਰ ਸੀ ਇਹਦਾ..  ਵਾਰ ਵਾਰ ਇਕੋ ਸਵਾਲ ਉਹਨਾਂ ਦੀ ਜੁਬਾਨ ਤੇ ਰਹਿੰਦਾ ਹੈ.. ਉਹ ਪੰਜਾਬ ਚ ਰਹਿਣਾ ਹੀ ਨਹੀ ਚਾਹੁੰਦੇ, ਪਰ ਜਾਣਗੇ ਕਿਥੇ..?

ਸਾਰਾ ਦਰਦ ਆਪਣੀ ਝੋਲੀ ਚ ਪਵਾਉਣ ਮਗਰੋਂ ਯਾਦਵ ਤੇ ਗੀਤਾ ਨਾਲ ਵਾਅਦਾ ਕੀਤਾ ਕਿ ਪੰਜਾਬੋ ਮਾਂ ਦੀ ਬੁੱਕਲ ਚ ਨੰਨੀ ਚਾਂਦਨੀ ਹਨੇਰ ਨਹੀ ਢੋਵੇਗੀ, ਮਿਸ਼ਾਲ ਬਣ ਹੋਰ ਹਨੇਰਿਆਂ ਨੂੰ ਰੌਸ਼ਨ ਕਰੇਗੀ।

ਚਾਂਦਨੀ ਨੂੰ ਅਜਿਹੇ ਸਕੂਲ ਚ ਪੜਾਉਣ ਦਾ ਫੈਸਲਾ ਲਿਆ, ਜਿਥੇ ਪੜਾਈ ਦੇ ਨਾਲ ਨਾਲ ਖੇਡਾਂ, ਸਭਿਆਚਾਰਕ ਸਰਗਰਮੀਆਂ ਵੀ ਹੋਣ, ਤਾਂ ਜੋ ਬੱਚੀ ਓਹਨਾਂ ਚ ਏਨਾ ਰੁਝ ਜਾਵੇ ਕਿ ਮਨ ਤੋਂ ਕਾਲੀ ਯਾਦ , ਭੱਦਾ ਜ਼ਖਮ ਹਮੇਸ਼ਾ ਲਈ ਮਿਟ ਸਕੇ।

ਯਾਦਵ ਤੇ ਗੀਤਾ ਦੇ ਉਦਾਸੇ ਚਿਹਰੇ ਤੇ ਮੇਰੇ ਇਸ ਧਰਵਾਸੇ ਮਗਰੋਂ ਇਕ ਖੁਸ਼ੀ ਤੇ ਅਪਣੱਤ ਦੀ ਲੀਕ ਛਾਅ ਗਈ, ਤੇ ਇਸ ਲੀਕ ਨੂੰ ਫਿੱਕਾ ਨਹੀਂ ਪੈਣ ਦਿਆਂਗੀ, ਇਸ ਦੀ ਕੋਸ਼ਿਸ਼ ਰਹੇਗੀ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ