Fri, 06 December 2024
Your Visitor Number :-   7277514
SuhisaverSuhisaver Suhisaver

ਰੇਲ ਕੋਚ ਫੈਕਟਰੀ ਵਿੱਚ ਨਸ਼ਿਆਂ ਦਾ ਪ੍ਰਕੋਪ : ਪ੍ਰਸ਼ਾਸਨ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਬੇਸ਼ਰਮੀ ਭਰੀ ਖਾਮੋਸ਼ੀ

Posted on:- 21-07-2019

suhisaver

-ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

ਵੇਲੇ ਦੇ ਨਾਲ ਜਿਹੜੇ ਲੋਕੀਂ
ਖੂਹ ਨਾ ਜੋਣਗੇ ਬਾਬਾ ਜੀ
ਪੱਕੀਆਂ ਵੇਖ ਪਰਾਈਆਂ ਫਸਲਾਂ
ਆਪੇ ਰੋਣਗੇ ਬਾਬਾ ਜੀ
ਪੁੱਤਰਾਂ ਦੇ ਜੋ ਕਾਲੇ ਧੰਦੇ
ਜੱਗ ਤੋਂ ਅੱਜ ਲੁਕਾਣ ਪਏ
ਇਕ ਦਿਨ ਮੁਜਰਮ ਨਾਲੋਂ ਵੱਡੇ
ਮੁਜਰਮ ਹੋਣਗੇ ਬਾਬਾ ਜੀ




ਕੁਝ ਇਹੋ ਜਿਹੀ ਹਾਲਤ ਦਾ ਹੀ ਅਹਿਸਾਸ ਹੋਇਆ ਜਦੋਂ ਨਸ਼ੇ ਦੇ ਪਰਕੋਪ ਹੇਠ ਆਈ ਰੇਲ ਕੋਚ ਫੈਕਟਰੀ ਚ ਜਮਹੂਰੀਅਤ ਦਾ ਦਮ ਭਰਨ ਵਾਲੇ ਸੱਜਿਆਂ ਖੱਬਿਆਂ ਦੀ ਬੇਸ਼ਰਮੀ ਭਰੀ ਚੁੱਪ ਦੇਖੀ.. ਇਹ ਅਹਿਸਾਸ ਸ਼ਬਦਾਂ ਜ਼ਰੀਏ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ-

ਆਓ ! ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਸੜਕ ਤੇ ਪੈਂਦੀ  ਰੇਲ ਕੋਚ ਫੈਕਟਰੀ ਹੁਸੈਨਪੁਰ ਦੇ ਵਿਹੜੇ ਚੱਲਦੇ ਹਾਂ, ਜੋ 1986 ਵਿੱਚ ਬਣੀ ਸੀ, ਜਿਥੇ ਇਸ ਵਕਤ ਕਰੀਬ 7300 ਮੁਲਾਜ਼ਮ ਕੰਮ ਕਰਦਾ ਹੈ।

 ਏਸ਼ੀਆ ਦੀਆਂ ਵੱਡੀਆਂ ਫੈਕਟਰੀਆਂ ਵਿਚੋਂ ਇਕ ਗਿਣੀ ਜਾਂਦੀ ਇਸ ਫੈਕਟਰੀ ਨੂੰ ਭਾਰਤੀ ਰੇਲਵੇ ਦਾ ਰੇਲ ਕੋਚਾਂ ਦਾ ਸਭ ਤੋਂ ਵੱਡਾ ਪ੍ਰੋਡਕਸ਼ਨ ਯੂਨਿਟ ਹੋਣ ਦਾ ਮਾਣ ਹਾਸਲ ਹੈ,  1200 ਏਕੜ ਚ ਫੈਲੀ ਇਸ ਫੈਕਟਰੀ ਵਿਚ ਪ੍ਰੋਡਕਸ਼ਨ ਯੂਨਿਟ ਦੇ ਨਾਲ ਨਾਲ ਰੇਲਵੇ ਦੇ ਮੁਲਾਜ਼ਮਾਂ ਦੀ ਰਿਹਾਇਸ਼ ਲਈ ਬੇਮਿਸਾਲ ਕਲੋਨੀ ਉਸਾਰੀ ਗਈ ਹੈ, ਜਿਸ ਵਿਚ ਅਠਾਈ ਤੋਂ ਤੀਹ ਹਜ਼ਾਰ ਦੇ ਕਰੀਬ ਜੀਅ ਵਸਦੇ ਨੇ, ਸਾਫ ਸੁਥਰੇ ਕੁਆਰਟਰ, ਅਫਸਰਾਂ ਲਈ ਬੰਗਲੇ, ਗੁਰਦੁਆਰਾ ਸਾਹਿਬ,  ਮੰਦਰ, ਪੀਰ ਪੂਜਣ ਲਈ ਸਥਾਨ, ਬਿਜਲੀ ਪਾਣੀ..। ਪੂਰੀ ਕਲੋਨੀ ਚ ਕੋਈ ਅਜਿਹੀ ਸਹੂਲਤ ਨਹੀਂ ਜਿਸ ਦੀ ਕਮੀ ਹੋਵੇ, ਸਹੂਲਤਾਂ ਨਾਲ ਲੈਸ ਹਸਪਤਾਲ, ਹਰ ਵਕਤ ਤਿਆਰ ਰਹਿੰਦੀਆਂ ਐਂਬੂਲੈਸ, ਪ੍ਰਾਇਮਰੀ, ਤੋਂ ਲੈ ਕੇ ਹਾਇਰ ਸੈਕੰਡਰੀ ਸਕੂਲ, ਸ਼ਾਪਿੰਗ ਕੰਪਲੈਕਸ, ਬੈਂਕ, ਡਾਕਖਾਨਾ, ਤਕਰੀਬਨ ਹਰ ਖੇਡ ਲਈ ਸਟੇਡੀਅਮ, ਕੌਮਾਂਤਰੀ ਪੱਧਰ ਦਾ ਗੌਲਫ ਕੋਰਟ, ਸਭਿਆਚਾਰਕ ਸਰਗਰਮੀਆਂ ਵਾਸਤੇ ਵਾਰਸ ਸ਼ਾਹ ਹਾਲ, ਕਿਸੇ ਵੀ ਪਰਿਵਾਰਕ ਸਮਾਗਮ ਲਈ ਕਮਿਊਨਿਟੀ ਹਾਲ, ਵਿਹਲਾ ਵੇਲਾ ਕੁਦਰਤ ਦੇ ਨਾਲ ਬਿਤਾ ਸਕਣ ਲਈ ਝੀਲ ਤੇ ਆਲੇ ਦੁਆਲੇ ਮਨਮੋਹਕ ਫੁੱਲ ਬੂਟੇ , ਰੁੱਖ, ਪਾਰਕ , ਝੂਲੇ ਲਾਏ ਹੋਏ ਨੇ, ਪੰਜਾਬ ਦੇ ਬਾਕੀ ਹਿੱਸਿਆਂ ਨਾਲੋਂ ਸਭ ਵੱਖਰੇ ਤੇ ਵਧੀਆ ਪ੍ਰਬੰਧ ਹਨ  ਆਰ ਸੀ ਐਫ ਦੀ ਕਲੋਨੀ ਵਿਚ।

ਸੁਰਖਿਆ ਪੱਖੋਂ ਵੀ ਕੋਈ ਰੀਸ ਨਹੀਂ , ਵੈਸੇ ਤਾਂ ਚਾਰ ਗੇਟ ਨੇ, ਪਰ ਦੋ ਮੁੱਖ ਐਂਟਰੀ ਗੇਟ ਹਨ, ਦੋ ਆਰ ਪੀ ਐਫ ਦੇ ਮੁਲਾਜ਼ਮ ਤੇ ਦੋ ਪੰਜਾਬ ਪੁਲਸ ਦੇ ਹੋਮ ਗਾਰਡ ਦੇ ਜਵਾਨ ਹਰ ਵਕਤ ਗੇਟਾਂ ਤੇ ਤਾਇਨਾਤ ਰਹਿੰਦੇ ਨੇ, ਸਭ ਤੋਂ ਵੱਡੀ ਫੈਕਟਰੀ ਹੋਣ ਕਰਕੇ ਦਹਿਸ਼ਤਗਰਦਾਂ ਦੇ ਨਿਸ਼ਾਨੇ ਤੇ ਵੀ ਰਹਿੰਦੀ ਹੈ, ਇਸੇ ਕਰਕੇ ਹੀ ਇਥੇ ਸੁਰਖਿਆ ਦਾ ਕਰੜਾ ਪਹਿਰਾ ਹੈ, ਮਜ਼ਾਲ ਹੈ ਕੀੜੀ ਵੀ ਬਚ ਕੇ ਲੰਘ ਜਾਏ, ਪਰ.. .. ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਚ ਸਭ ਤੋਂ ਵੱਧ ਸਹੂਲਤਾਂ ਵਾਲੀ ਤੇ ਸਭ ਤੋਂ ਵੱਧ ਚੁਕੰਨੇ ਸੁਰਖਿਆ ਪਰਬੰਧਾਂ ਵਾਲੀ ਰੇਲ ਕੋਚ ਫੈਕਟਰੀ, ਆਰ ਸੀ ਐਫ ਹੁਸੈਨਪੁਰ ਚ ਸੁਰਖਿਆ ਦੀਆਂ ਸਭ ਰੋਕਾਂ ਤੋੜ ਕੇ ਨਸ਼ਾ ਰਿਹਾਇਸ਼ੀ ਕਲੋਨੀ ਤੋਂ ਲੈ ਕੇ ਪ੍ਰੋਡਕਸ਼ਨ ਯੂਨਿਟ ਤੱਕ ਅਪੜਿਆ ਹੋਇਆ ਹੈ।

 ਇਥੇ ਨਸ਼ੇੜੀਆਂ ਦੀ ਕਿੰਨੀ ਗਿਣਤੀ ਹੈ, ਇਸ ਦਾ ਅੰਦਾਜ਼ਾ ਅਸੀਂ ਤੁਸੀਂ ਨਹੀਂ ਲਾ ਸਕਦੇ,  ਇਥੋਂ ਦਾ ਪਰਸ਼ਾਸਨ ਚਾਹੇ ਤਾਂ ਸਭ ਦੇ ਡੋਪ ਟੈਸਟ ਕਰਵਾ ਕੇ ਇਸ ਮਾਣਮੱਤੀ ਫੈਕਟਰੀ ਨੂੰ ਕਲੰਕਿਤ ਹੋਣ ਤੋਂ ਬਚਾਅ ਸਕਦਾ ਹੈ। ਪੰਜਾਬ ਦੇ ਬਾਕੀ ਖਿੱਤਿਆਂ ਵਾਂਗ ਆਰ ਸੀ ਐਫ ਚ ਚਿੱਟੇ ਤੋਂ ਲੈ ਕੇ ਗੋਲੀਆਂ, ਕੈਪਸੂਲ, ਟੀਕਿਆਂ ਦਾ ਕਹਿਰ ਹੈ, ਕਈ ਨੌਜਵਾਨਾਂ ਦੀ ਜਾਨ ਲੈ ਚੁਕਿਆ ਹੈ ਨਸ਼ਾ, ਕਈ  ਤਾਂ ਮਾਪਿਆਂ ਦੇ ਇਕਲੌਤੇ ਹੀ ਸਨ, ਜੋ ਨਸ਼ੇ ਦੀ ਭੇਟ ਚੜ ਗਏ। ਆਰ ਸੀ ਐਫ ਦੇ ਕੁਝ ਮੁਲਾਜ਼ਮ ਵੀ ਨਸ਼ੇ ਦੀ ਗ੍ਰਿਫਤ ਚ ਹਨ, ਇਕ ਡਰਾਈਵਰ ਜੋ ਆਰ ਸੀ ਐਫ ਦੇ ਸਕੂਲੀ ਬੱਚਿਆਂ ਦੀ ਬੱਸ ਚਲਾਉਂਦਾ ਹੈ, ਉਸ ਉਤੇ ਡਰੱਗ ਦੇ ਕੇਸ ਦਰਜ ਨੇ, ਉਹ ਜ਼ਮਾਨਤ ਉਤੇ ਰਿਹਾਅ ਹੈ, ਫੇਰ ਵੀ ਉਸ ਦੇ ਹੱਥਾਂ ਚ ਬੱਚਿਆਂ ਦੀ ਜਾਨ ਦਿੱਤੀ ਹੋਈ ਹੈ।

ਝੀਲ, ਸਾਰੇ ਸਟੇਡੀਅਮ, ਗੁਰਦੁਆਰਾ ਸਾਹਿਬ ਦੇ ਪਿਛੇ, ਪੀਰਾਂ ਵਾਲੀ ਜਗਾ ਦੇ ਪਿਛੇ, ਵਾਟਰ ਟਰੀਟਮੈਂਟ ਪਲਾਂਟ ਦੇ ਕੋਲ ਸੁੰਝੀ ਥਾਂ ਨਸ਼ੇੜੀਆਂ ਲਈ ਨਸ਼ਾ ਕਰਨ ਲਈ ਸੁਰਖਿਅਤ ਥਾਵਾਂ ਨੇ, ਸਵੇਰੇ ਸਵੇਰੇ ਜਦੋਂ ਮੁਲਾਜ਼ਮ ਡਿਊਟੀ ਲਈ ਪਰੋਡਕਸ਼ਨ ਯੂਨਿਟ ਦੇ ਅਂਦਰ ਜਾ ਚੁਕੇ ਹੁੰਦੇ ਹਨ, ਜਾਂ ਟਿਕੀ ਦੁਪਹਿਰ ਵੇਲੇ ਜਾਂ ਫੇਰ ਦੇਰ ਸ਼ਾਮ ਇਹਨਾਂ ਥਾਵਾਂ ਤੇ ਨਸ਼ੇੜੀਆਂ ਦੇ ਝੁਂਡ ਇਕੱਠੇ ਹੁੰਦੇ ਨੇ, ਸਰਿੰਜਾਂ ,  ਗੋਲੀਆਂ, ਕੈਪਸੂਲਾਂ ਦੇ ਪੱਤੇ ਇਸ ਦੀ ਗਵਾਹੀ ਭਰਦੇ ਆ ਰਹੇ ਨੇ, ਨਸ਼ੇ ਦਾ ਪ੍ਰਕੋਪ ਪਿਛਲੇ ਅੱਠ ਕੁ ਸਾਲ ਤੋਂ ਵਧਿਆ ਹੈ, ਉਦੋਂ ਤੋਂ ਹੀ ਜਦੋਂ ਤੋਂ ਪੰਜਾਬ ਦਾ ਬਾਕੀ ਖਿੱਤਾ ਚਿੱਟੇ ਦੀ ਲਪੇਟ ਚ ਆਇਆ।

ਆਰ ਸੀ ਐਫ ਦੇ  ਕੁਝ ਨਸ਼ਾ ਪੀੜਤ ਪਰਿਵਾਰਾਂ ਨੇ ਦੋਸ਼ ਲਾਇਆ ਕਿ ਫੈਕਟਰੀ ਦੇ ਅੰਦਰਲੇ ਹਸਪਤਾਲ ਦੇ ਕੁਝ ਮੁਲਾਜ਼ਮ ਤਾਂ ਆਪ ਅੰਦਰੋਂ ਹੀ ਨਸ਼ੇ ਦੇ ਟੀਕੇ ਲਾਉਂਦੇ ਰਹੇ ਨੇ, ਇਕ ਦੀ ਤਾਂ ਜਾਨ ਵੀ ਚਲੀ ਗਈ ਸੀ,  ਅੱਜ ਵੀ ਹਾਲਾਤ ਉਹੋ ਜਿਹੇ ਹੀ ਹੋਣਗੇ, ਇਥੇ ਕਿਹੜਾ ਕੋਈ ਪੁਛਗਿਛ ਹੈ, ਜੇ ਕੋਈ ਪੁਛਗਿਛ ਕਰਦਾ ਵੀ ਹੈ,  ਜੇ ਰੇਲਵੇ ਪ੍ਰਸ਼ਾਸਨ ਸਖਤੀ ਕਰਦਾ ਵੀ ਹੈ ਤਾਂ ਸੱਜੀਆਂ ਖੱਬੀਆਂ ਮੁਲਾਜ਼ਮ ਜਥੇਬੰਦੀਆਂ ਅੜਿਕੇ ਡਾਹੁੰਦੀਆਂ ਨੇ।

ਕਈ ਮੁਲਾਜ਼ਮਾਂ ਨੇ ਹੀ ਦੋਸ਼ ਲਾਇਆ ਕਿ ਸਾਡੀਆਂ ਜਥੇਬੰਦੀਆਂ ਵਾਲੇ ਬਾਕੀ ਮੁਦਿਆਂ ਤੇ ਧਰਨੇ ਮਾਰਦੇ ਨੇ, ਹੜਤਾਲਾਂ ਕਰਦੇ ਨੇ, ਜੇ ਕਦੇ ਕੋਈ ਭੱਤਾ ਘਟ ਜਾਏ,  ਮੰਤਰਾਲਾ ਪੂਰੀ ਅੱਠ ਘੰਟੇ ਦੀ ਡਿਊਟੀ ਦੇਣ ਲਈ ਆਦੇਸ਼ ਦੇ ਦੇਵੇ, ਮੇਨ ਗੇਟ ਫਰਲੋ ਵਾਲਿਆਂ ਨੂੰ ਰੋਕਣ ਲਈ ਬੰਦ ਕਰ ਦਿੱਤੇ ਜਾਣ, ਰੇਲਵੇ ਦੇ ਨਿੱਜੀਕਰਨ ਦੀ ਵਿਚਾਰ ਹੋ ਰਹੀ ਹੋਵੇ, ਤਾਂ ਇਕ ਹੋ ਕੇ ਲੜਾਈ ਲੜਦੀਆਂ ਨੇ, ਪਰ ਮਜ਼ਾਲ ਹੈ ਇਥੇ ਸਰਗਰਮ ਪੰਜਾਂ ਵਿਚੋਂ ਕਿਸੇ ਵੀ ਇਕ ਜਥੇਬੰਦੀ ਨੇ ਨਸ਼ੇ ਦੇ ਮੁੱਦੇ ਤੇ ਕਦੇ ਵੀ ਕੋਈ ਉੱਚਾ ਬੋਲ ਬੋਲਿਆ ਹੋਵੇ, ਜਾਂ ਕਦੇ ਪ੍ਰਸ਼ਾਸਨ ਨੇ ਹੀ ਨਸ਼ੇ ਨੂੰ ਲੈ ਕੇ ਗੰਭੀਰਤਾ ਦਿਖਾਈ ਹੋਵੇ।

ਨਸ਼ੇੜੀ ਹੰਗਾਮਾ ਵੀ ਕਰਦੇ ਨੇ, ਚੋਰੀਆਂ ਸਨੈਚਿੰਗ ਵੀ ਹੁੰਦੀ ਹੈ, ਘਰਾਂ ਦੇ ਬਾਹਰ ਖਡ਼ੇ ਸਕੂਟਰਾਂ ਦੀਆਂ ਸਟਿਪਣੀਆਂ ਤੱਕ ਨਹੀਂ ਛੱਡੀਆਂ, ਹਸਤਪਾਲਾਂ ਚੋਂ ਮੋਟਰਸਾਈਕਲ ਵੀ ਚੋਰੀ ਹੋਏ, ਕੋਈ ਚੋਰੀ ਕਰਦਾ ਫਡ਼ਿਆ ਜਾਵੇ, ਤਾਂ ਫੈਕਟਰੀ ਦੇ ਅੰਦਰ ਦੀ ਆਰ ਪੀ ਐਫ ਦੀ ਚੌਕੀ ਵਿਚੋਂ ਹੀ ਜਥੇਬੰਦੀਆਂ ਵਾਲੇ ਮੁਲਜ਼ਮ ਨੂੰ ਛੁਡਵਾ ਲੈਂਦੇ ਨੇ, ਜੇ ਕਿਸੇ ਨੂੰ ਪੰਜਾਬ ਪੁਲਸ ਵਾਲੇ ਲੈ ਜਾਣ ਤਾਂ ਨਜ਼ਦੀਕੀ ਐਮ ਐਲ ਏ ਸਾਹਿਬ ਦੇ ਫੋਨ ਕਾਰਵਾਈ ਕਰਨ ਤੋਂ ਰੋਕ ਦਿੰਦੇ ਨੇ। ਇਥੇ ਦੇ ਨਸ਼ੇੜੀ ਫੈਕਟਰੀ ਦੇ ਨਾਲ ਲਗਦੇ ਪਿੰਡਾਂ ਸੈਦੋ ਭੁਲਾਣਾ, ਸੈਦੋਵਾਲ, ਢੁਡੀਆਂਵਾਲ, ਹੁਸੈਨਪੁਰ, ਖੈੜਾ ਮੰਦਰ, ਬਿਹਾਰੀਪੁਰ, ਮੰਗਾ ਰੋਡਾ, ਸ਼ੇਖੂਪੁਰ ਆਦਿ ਤੋਂ ਨਸ਼ਾ ਸਪਲਾਈ ਲੈਂਦੇ ਨੇ, ਭੁਲਾਣਾ ਤੇ ਸ਼ੇਖੂਪੁਰ ਤਾਂ ਚਿੱਟੇ ਦੀ ਹੱਬ ਹੈ, ਤੇ ਸੈਦੋਵਾਲ ਗੈਰਕਨੂਨੀ ਸ਼ਰਾਬ ਦੀ ਹੱਬ ਹੈ।

ਅੱਜ ਕੱਲ ਸੁਲਤਾਨਪੁਰ ਲੋਧੀ ਵੱਲ ਬਾਬਾ ਨਾਨਕ ਜੀ ਦੇ ਪਰਕਾਸ਼ ਪੁਰਬ ਦੇ ਸਮਾਗਮਾਂ ਦੀ ਤਿਆਰੀ ਕਰਕੇ ਕਾਰਸੇਵਾ ਲਈ ਸ਼ਰਧਾਲੂ ਅਕਸਰ ਜਾਂਦੇ ਨੇ, ਤਾਂ ਇਥੇ ਗੱਡੀਆਂ ਦੀ ਚੈਕਿੰਗ ਘੱਟ ਹੁੰਦੀ ਹੈ, ਇਸੇ ਦੀ ਓਟ ਚ ਨਸ਼ੇੜੀ ਕਪੂਰਥਲੇ ਵੱਲੋਂ ਨਸ਼ਾ ਲੈ ਕੇ ਆਉਣ ਦਾ ਰਿਸਕ ਲੈਣ ਦੀ ਬਜਾਏ ਹੁਣ ਸੁਲਤਾਨਪੁਰ ਕੋਲ ਪੈਂਦੇ ਮੋਠਾਂਵਾਲਾ ਤੋਂ ਚਿੱਟਾ ਲੈ ਕੇ ਆਉਂਦੇ ਨੇ। ਇਹ ਮਾਲ ਬਿਨਾਂ ਰੋਕ ਦੇ ਫੈਕਟਰੀ ਦੀ ਰਿਹਾਇਸ਼ੀ ਕਲੋਨੀ ਚ ਜਾਂਦਾ ਹੈ।

ਅਸੀਂ ਕਈ ਦਿਨ ਲਗਾਤਾਰ ਫੈਕਟਰੀ ਦਾ ਦੌਰਾ ਕੀਤਾ,  ਮੇਨ ਗੇਟਾਂ ਤੋਂ ਵਕਤ-ਬੇਵਕਤ ਐਂਟਰੀ ਕੀਤੀ, ਬਿਨਾ ਨੰਬਰ ਵਾਲੇ ਬਾਈਕ ਅੰਦਰ ਗਏ, ਆਏ, ਮਜ਼ਾਲ ਹੈ, ਕਿਸੇ ਵੀ ਸਕਿਓਰਿਟੀ ਵਾਲੇ ਨੇ, ਭਾਵੇਂ ਉਹ ਆਰ ਪੀ ਐਫ ਦੇ ਜਵਾਨ ਹੋਣ ਤੇ ਭਾਵੇਂ ਪੰਜਾਬ ਪੁਲਸ ਦੇ ਹੋਮ ਗਾਰਡ ਦੇ ਜਵਾਨ ਹੋਣ, ਕਿਸੇ ਨੇ ਕੋਈ ਨੋਟਿਸ ਤੱਕ ਨਹੀਂ ਲਿਆ, ਸਭ ਆਪਸ ਚ ਗੱਲਾਂ ਚ ਮਸਰੂਫ, ਜਾਂ ਫੋਨਾਂ ਤੇ ਮਸਰੂਫ। ਸਵਾਲ ਉਠਦਾ ਹੈ, ਕੀ ਇਹੋ ਜਿਹੇ ਲਾਪਰਵਾਹ ਮੁਲਾਜ਼ਮਾਂ ਦੇ ਸਿਰ ਤੇ ਹੈ ਭਾਰਤ ਦੀ ਸਭ ਤੋਂ ਵੱਡੀ ਰੇਲ ਕੋਚ ਫੈਕਟਰੀ ਦੀ ਸੁਰਖਿਆ?

ਮੇਨ ਗੇਟਾਂ ਤੇ ਸਕਿਓਰਿਟੀ ਬੱਸ ਨਾਮ ਦੀ ਹੀ ਹੈ, ਕੋਈ ਬਾਹਰੀ ਵਿਅਕਤੀ, ਭਾਵੇਂ ਉਹ ਕਿੰਨਾ ਵੀ ਵੱਡਾ ਮੁਜਰਮ ਕਿਉਂ ਨਾ ਹੋਵੇ, ਬਿਨਾਂ ਰੋਕ ਟੋਕ ਦੇ ਅੰਦਰ ਆ ਜਾ ਸਕਦਾ ਹੈ, ਕੋਈ ਵੀ ਸੁਰਖਿਆ ਮੁਲਾਜ਼ਮ ਉਸ ਨੂੰ ਨਹੀਂ ਰੋਕਦਾ। ਕਹਿਣ ਨੂ ਇਥੇ ਸੀ ਸੀ ਟੀ ਵੀ ਕੈਮਰੇ ਵੀ ਲਾਏ ਗਏ ਨੇ, ਪਰ ਕੁਨੈਕਸ਼ਨ ਕੱਟੇ ਹੋਏ ਨੇ, ਅਖੇ ਜਥੇਬੰਦੀਆਂ  ਨੇ ਕਟਵਾ ਦਿੱਤੇ ਸੀ, ਕਿ ਫਰਲੋ ਵਾਲੇ ਰਿਕਾਰਡ ਹੁੰਦੇ ਨੇ.. ਸਭ ਚੋਰ ਨੇ, ਕੋਈ ਵੱਡਾ ਕੋਈ ਛੋਟਾ, ਇਕ ਦੂਏ ਨੂ ਢਕਣ ਲੱਗੇ ਹੋਏ ਨੇ।

 ਫੈਕਟਰੀ ਦੇ ਮੁੱਖ ਮੈਡੀਕਲ ਅਫਸਰ ਸ੍ਰੀ ਐਸ ਪੀ ਸਚਦੇਵਾ ਨਾਲ ਨਸ਼ੇ ਦੇ ਮੁੱਦੇ ਤੇ ਗੱਲ ਕੀਤੀ, ਤਾਂ ਉਹ ਸਾਫ ਇਨਕਾਰ ਕਰ ਗਏ, ਆਂਹਦੇ -ਨਾ ਜੀ ਨਸ਼ੇ ਦਾ ਤਾਂ ਕੋਈ ਮਾਮਲਾ ਹੀ ਨਹੀਂ ਹੈ, ਮੈਨੂ ਇਥੇ ਸਾਢੇ ਚਾਰ ਸਾਲ ਹੋ ਗਏ, ਮੈਂ ਨਸ਼ੇ ਦਾ ਕੋਈ ਕੇਸ ਨਹੀਂ ਦੇਖਿਆ, ਪਰ ਬਿਹਤਰ ਹੋਵੇਗਾ, ਆਪਾਂ ਫੇਸ ਟੂ ਫੇਸ ਗੱਲ ਕਰੀਏ.. ਮੀਡੀਆ ਨੂ ਕੋਈ ਫੇਸ ਟੂ ਫੇਸ ਕਾਸਤੋਂ ਸੱਦਦਾ ਹੁੰਦਾ, ਜਾਨਣ ਵਾਲੇ ਜਾਣਦੇ ਹੀ ਨੇ..।

ਇਹ ਵੀ ਦੱਸ ਦੇਈਏ ਕਿ ਰੇਲਵੇ ਮੁਲਾਜ਼ਮ ਦੇ ਹੀ ਚਿੱਟੇ ਦੀ ਲਪੇਟ ਚ ਆਏ ਇਕ ਜਵਾਨ ਪੁੱਤ ਦਾ ਮੈਂ ਨਿੱਜੀ ਤੌਰ ਤੇ ਇਲਾਜ ਕਰਵਾ ਚੁੱਕੀ ਹਾਂ, ਤੇ ਇਕ ਨੌਜਵਾਨ ਦਾ ਹਾਲ ਦੀ ਘੜੀ ਇਲਾਜ ਚੱਲ ਰਿਹਾ ਹੈ, ਫੇਰ ਵੀ ਕੋਈ ਬੇਸ਼ਰਮੀ ਨਾਲ ਆਖੇ ਕਿ ਇਥੇ ਨਸ਼ਾ ਹੈ ਹੀ ਨਹੀਂ ਤਾਂ ਝੂਠ ਵੀ ਸ਼ਰਮ ਨਾਲ ਮਰ ਹੀ ਜਾਏ।

ਇਸ ਬਾਰੇ ਜੀ ਐਮ ਸ੍ਰੀ ਟੀ ਪੀ ਸਿੰਘ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਫੋਨ ਹੀ ਨਹੀਂ ਚੁੱਕਿਆ।

ਇਥੇ ਰੇਲਵੇ ਮੁਲਾਜ਼ਮਾਂ ਦੇ ਹੱਕਾਂ ਲਈ ਜੂਝਣ ਵਾਲੀਆਂ ਜਥੇਬੰਦੀਆਂ ਦੇ ਮੂਹਰੈਲ ਲੀਡਰਾਂ ਨਾਲ ਵੀ ਫੋਨ ਤੇ ਗੱਲਬਾਤ ਕੀਤੀ, ਤਾਂ ਇਕ ਗੱਲ ਸਾਫ ਹੋ ਗਈ ਕਿ ਭੱਤਿਆਂ, ਤਨਖਾਹਾਂ, ਸਿਰਫ ਦੋ ਚਾਰ ਘੰਟੇ ਡਿਊਟੀ, ਫਰਲੋ ਦੀ ਛੋਟ ਲਈ ਲੜਨ ਵਾਲੀਆਂ ਜਥੇਬੰਦੀਆਂ ਲਈ ਨਸ਼ਾ ਕੋਈ ਏਜੰਡਾ ਨਹੀਂ ਹੈ।

ਸਭ ਤੋਂ ਵੱਧ ਦਿਲਚਸਪ ਬਿਆਨ ਤਾਂ ਮੈਨਜ਼ ਯੂਨੀਅਨ ਦੇ ਜਨਰਲ ਸੈਕਟਰੀ ਜਨਾਬ ਜਸਵੰਤ ਸੈਣੀ ਨੇ ਦਿਤਾ, ਆਂਹਦੇ ਮੈਂ ਤਾਂ ਜੀ ਨਸ਼ਾ ਕਰਦਾ ਨਹੀਂ, ਏਸ ਕਰਕੇ ਇਹਦੇ ਬਾਰੇ ਮੈਨੂ ਬਹੁਤਾ ਪਤਾ ਵੀ ਨਹੀਂ, ਤਾਂ ਮੈਂ ਇਸ ਮੁਲਾਜ਼ਮ ਨੇਤਾ ਨੂ ਜੁਆਬ ਦਿੱਤਾ ਕਿ - ਵੀਰ ਜੀ ਨਸ਼ਾ ਤਾਂ ਮੈ ਵੀ ਨਹੀਂ ਕਰਦੀ, ਪਰ ਮੈਨੂ ਇਹਦੇ ਉਜਾੜੇ ਦਾ ਅੰਦਾਜ਼ਾ ਚੰਗੀ ਤਰ੍ਹਾਂ ਹੈ, ਤਾਂ ਜਸਵੰਤ ਸੈਣੀ ਨੇ ਕਿਹਾ ਕਿ ਮੈਨੂ ਕਿਸੇ ਨੇ ਇਸ ਬਾਰੇ ਦਸਿਆ ਹੈ, ਹੁਣ ਅਸੀਂ ਨਸ਼ੇ ਨੂੰ ਵੀ ਮੁੱਦਿਆਂ ਚ ਸ਼ਾਮਲ ਕਰਾਂਗੇ, ਡੀ ਸੀ ਨੂ ਚਿਠੀ ਲਿਖਾਂਗੇ, ਰੇਲਵੇ ਪਰਸ਼ਾਸਨ ਤੱਕ ਵੀ ਪਹੁੰਚ ਕਰਾਂਗੇ।

 ਜਸਵੰਤ ਸੈਣੀ ਨੇ ਮੰਨਿਆ ਕਿ ਉਹਨਾਂ ਦੀ ਯੂਨੀਅਨ ਵਾਲੇ ਦੋ ਚਾਰ ਬੰਦੇ ਹੋਰਨਾਂ ਵਾਂਗ ਮੁਲਜ਼ਮਾਂ ਨੂ ਪੁਲਸ ਤੋਂ ਮੁਕਤ ਕਰਵਾ ਲੈਂਦੇ ਨੇ।

ਮੈਨਜ਼ ਯੂਨੀਅਨ ਦੇ ਵਰਕਰ ਮੁਕੰਦ ਸਿੰਘ ਨੇ ਸ਼ਰਮਿੰਦਗੀ ਮਹਿਸੂਸ ਕੀਤੀ ਕਿ ਨਸ਼ੇ ਦਾ ਘੁਣ ਸਾਨੂੰ ਖੋਖਲਾ ਕਰ ਰਿਹਾ ਹੈ, ਪਰ ਹਾਲੇ ਤੱਕ ਸਾਡੀਆਂ ਜਥੇਬੰਦੀਆਂ ਇਸ ਨੂੰ ਓਸ ਪਧਰ ਤੇ ਗੰਭੀਰਤਾ ਨਾਲ ਨਹੀਂ ਲੈ ਰਹੀਆਂ, ਜਿਸ ਹੱਦ ਤੱਕ ਨਸ਼ਾ ਸਾਨੂ ਮਾਰ ਕਰ ਗਿਆ ਹੈ।

ਇੰਪਲਾਈਜ਼ ਯੂਨੀਅਨ ਦੇ ਸੈਕਟਰੀ ਸਰਬਜੀਤ ਹੁਰਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕੀਤੀ ਸੀ, ਐਸ ਐਸ ਪੀ ਨੂ ਵੀ ਮਿਲੇ ਸੀ, ਗੇਟ ਮੀਟਿੰਗਾਂ ਚ ਵੀ  ਮਸਲਾ ਰਖਿਆ ਸੀ, ਪਰ ਅਫਸੋਸ ਕਿ ਸਿਆਸੀ ਵੰਡੀਆਂ ਸਾਨੂ ਕੁਝ ਕਰਨ ਨਹੀਂ ਦਿੰਦੀਆਂ, ਫੇਰ ਵੀ ਅਸੀਂ ਪੂਰਾ ਜ਼ੋਰ ਲਾਵਾਂਗੇ ਕਿ ਨਸ਼ੇ ਦੇ ਖਿਲਾਫ ਸੰਘਰਸ਼ ਵਿੱਢੀਏ ਤੇ ਪਰਸ਼ਾਸਨ ਤੋਂ ਸਖਤੀ ਕਰਵਾਈਏ। ਬਾਕੀ ਜਥੇਬੰਦੀਆਂ ਨਾਲ ਵੀ ਇਹ ਮਸਲਾ ਵਿਚਾਰਾਂਗੇ। ਇੰਪਲਾਈਜ਼ ਯੂਨੀਅਨ ਗਾਹੇ ਬਗਾਹੇ ਨਸ਼ੇ ਨੂ ਲੈ ਕੇ ਸੈਮੀਨਾਰ ਤਾਂ ਕਰਵਾਉਂਦੀ ਹੈ, ਪਰ ਜਦ ਤੱਕ ਪਰਸ਼ਾਸਨ ਸਖਤੀ ਨਹੀਂ ਕਰਦਾ, ਇਹੋ ਜਿਹੇ ਸੈਮੀਨਾਰ ਅਸਫਲ ਹੀ ਹੋਣਗੇ।

ਐਸ ਸੀ ਐਸ ਟੀ ਦੇ ਅਜੀਤ ਸਿੰਘ ਨੇ ਕਿਹਾ ਕਿ ਸੈਮੀਨਾਰਾਂ ਚ ਗੱਲ ਤਾਂ ਕੀਤੀ ਹੈ, ਪਰ ਹੋਰ ਕੋਈ ਐਕਸ਼ਨ ਨਹੀਂ ਕੀਤਾ, ਅਸੀਂ ਸਿਰਫ ਮੁਲਾਜ਼ਮਾਂ ਦੇ ਵੈਲਫੇਅਰ ਲਈ ਹੀ ਕੰਮ ਕਰਦੇ ਹਾਂ। ਸਾਡੇ ਧਿਆਨ ਚ ਨਸ਼ੇ ਦਾ ਕੋਈ ਮਾਮਲਾ ਨਹੀਂ ਆਇਆ।

ਮਜ਼ਦੂਰ ਯੂਨੀਅਨ ਦੇ ਰਾਮ ਰਤਨ ਦਾ ਫੋਨ ਕਈ ਕੋਸ਼ਿਸ਼ਾਂ ਤੇ ਵੀ ਨਹੀਂ ਮਿਲ ਸਕਿਆ।

ਅਨ ਰਿਜ਼ਰਵ ਇੰਪਲਾਈਜ਼ ਐਸੋਸੀਏਸ਼ਨ ਦੇ ਸੰਜੀਵ ਨੇ ਕਿਹਾ ਕਿ ਅਸੀਂ ਤਾਂ ਰੋਕਣ ਤਾਂ ਬਥੇਰੀ ਕੋਸ਼ਿਸ਼ ਕੀਤੀ ਹੈ, ਪਰ ਲੋਕ ਬਹੁਤਾ ਸਹਿਯੋਗ ਨਹੀਂ ਕਰਦੇ, ਹੋਰ ਜਥੇਬੰਦੀਆਂ ਵਾਲੇ ਵੀ ਬਾਕੀ ਮੁੱਦੇ ਤੇ ਇਕਜੁਟ ਹੋ ਜਾਂਦੇ ਨੇ, ਪਰ ਨਸ਼ੇ ਦੇ ਮੁੱਦੇ ਤੇ ਇਕ ਨਹੀਂ ਹੋ ਸਕੇ। ਅਸੀਂ ਜਾਣਦੇ ਹਾਂ ਕਿ ਫੈਕਟਰੀ ਅੰਦਰ ਨਸ਼ਾ ਭਿਆਨਕ ਸਥਿਤੀ ਤੱਕ ਪਹੁੰਚ ਗਿਆ ਹੈ, ਸਾਡੇ ਬੱਚੇ ਵੀ ਇੱਥੇ ਸੁਰੱਖਿਅਤ ਨਹੀਂ, ਅੰਦਰ ਦੇ ਸਕੂਲਾਂ ਤੱਕ ਵੀ ਗਲਤ ਅਨਸਰ ਪੁੱਜਦੇ ਨੇ। ਨਸ਼ੇ ਦੇ ਮਾਫੀਆ ਨਾਲ ਇਕੱਲਾ ਬੰਦਾ ਨਹੀਂ ਲੜ ਸਕਦਾ। ਜਾਤ-ਪਾਤ ਦੀਆਂ ਵੰਡੀਆਂ ਵੀ ਸਾਨੂਂ ਕੁਝ  ਨਹੀਂ ਕਰਨ ਦਿੰਦੀਆਂ।

 ਪਰ ਜਦੋਂ ਤੁਸੀਂ ਇਨਸੈਨਟਿਵ ਲਈ ਲੜਦੇ ਹੋ ਤਾਂ ਜਾਤ ਪਾਤ ਨਹੀਂ ਹੁੰਦੀ,  ਇਸ ਸਵਾਲ ਤੇ ਸੰਜੀਵ ਹੁਰਾਂ ਹਾਮੀ ਭਰੀ ਕਿ ਬਿਲਕੁਲ ਉਦੋਂ ਅਸੀਂ ਇਕ ਹੁੰਦੇ ਹਾਂ, ਪਰ ਨਸ਼ੇ ਦੇ ਮਾਮਲੇ ਤੇ ਮੇਰੇ ਕੋਲ ਕੋਈ ਜੁਆਬ ਨਹੀਂ ਹੈ।  ਜੇ ਮੈਂ ਕੋਈ ਕਦਮ ਚੁਕਦਾਂ ਤਾਂ ਕੀ ਤੁਹਾਡਾ ਮੰਚ ਮੇਰਾ ਸਾਥ ਦੇਵੇਗਾ, ਇਹ ਸਵਾਲ ਸੰਜੀਵ ਨੇ ਕੀਤਾ, ਤਾਂ ਉਹਨਾਂ ਨੂ ਜੁਆਬ ਦਿੱਤਾ ਕਿ ਰੇਡੀਓ ਰੰਗਲਾ ਪੰਜਾਬ ਟੋਰਾਂਟੋ ਅਤੇ ਅਦਾਰਾ ਸੂਹੀ ਸਵੇਰ ਦਾ ਆਰ ਪਰਿਵਾਰ ਪੰਜਾਬ ਦਾ ਖੈਰ ਖਵਾਹ ਹੈ, ਕਦੇ ਵੀ ਪਿਛੇ ਨਹੀਂ ਹਟੇਗਾ, ਆਰ ਸੀ ਐਫ ਚ ਪੱਸਰੇ ਨਸ਼ੇ ਬਾਰੇ ਜਥੇਬੰਦੀਆਂ ਬੇਸ਼ਰਮੀ ਭਰੀ ਖਮੋਸ਼ੀ ਤੋੜਨ ਤਾਂ ਸਹੀ।

ਪਰ ਇਸ ਦੀ ਆਸ ਇਹ ਜਾਣ ਕੇ ਮੱਧਮ ਜਿਹੀ ਹੋ ਜਾਂਦੀ ਹੈ ਕਿ ਐਮ ਐਲ ਏ, ਐਮਪੀਜ਼ ਨਾਲ ਨੇੜਤਾ ਰੱਖਣ ਵਾਲੇ  ਇਹਨਾਂ ਜਥੇਬੰਦੀਆਂ ਦੇ ਕਾਰਕੁੰਨ, ਤਾਂ  ਆਪ ਹੀ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਭਾਂਤ ਸੁਭਾਂਤੇ ਨਸ਼ਿਆਂ ਦਾ ਜੁਗਾੜ ਕਰਕੇ ਦਿੰਦੇ ਨੇ।

ਪੰਜਾਬ ਸਿਹਾਂ ਤੇਰਾ ਮਰਨਾ ਤੈਅ ਹੈ..।

ਇਹ ਵੀ ਦੱਸ ਦੇਈਏ ਕਿ ਰੇਲ ਕੋਚ ਫੈਕਟਰੀ ਚ ਨਸ਼ੇ ਦੇ ਪ੍ਰਕੋਪ ਬਾਰੇ  ਤੇ ਸੁਰਖਿਆ ਚ ਊਣਤਾਈਆਂ ਦਾ  ਮਾਮਲਾ ਅਦਾਰਾ ਸੂਹੀ ਸਵੇਰ ਅਤੇ ਰੇਡੀਓ ਰੰਗਲਾ ਪੰਜਾਬ ਟੋਰਾਂਟੋ ਦੇ ਸਹਿਯੋਗ ਨਾਲ ਭਾਰਤ ਸਰਕਾਰ, ਰੇਲਵੇ ਮੰਤਰਾਲਾ, ਤੇ ਰੇਲਵੇ ਮੁਲਾਜ਼ਮ ਜਥੇਬੰਦੀਆਂ ਦੀ ਕੌਮੀ ਪੱਧਰ ਦੀ ਲੀਡਰਸ਼ਿਪ ਦੇ ਧਿਆਨ ਵਿਚ ਵੀ ਲਿਆ ਰਹੇ ਹਾਂ।

ਆਖਰ ’ਚ ਸਿਰਫ ਇਹੀ ਕਹਿਣਾ ਹੈ--

ਵੇਖੇ ਭਾਂਵੇਂ ਨਾ ਉਹ ਵੇਖੇ
 ਇਹ ਤੇ ਉਹਦੀ ਮਰਜ਼ੀ ਏ
ਮੇਰਾ ਕੰਮ ਸੀ ਸ਼ੀਸ਼ਾ ਧਰਨਾ
 ਸ਼ੀਸ਼ਾ ਧਰ ਕੇ ਮੁੜਿਆ ਵਾਂ...

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ