Mon, 09 December 2024
Your Visitor Number :-   7279070
SuhisaverSuhisaver Suhisaver

ਪੰਜਾਬੀ ਯੂਨੀਵਰਸਿਟੀ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਮੁਹੱਈਆ ਕਰਵਾਈ ਜਾਣਕਾਰੀ ਨਿਕਲੀ ਝੂਠੀ -ਜਸਪਾਲ ਸਿੰਘ ਜੱਸੀ

Posted on:- 15-03-2013

suhisaver

ਸ. ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਸੂਚਨਾਂ ਦੇ ਅਧਿਕਾਰ ਤਹਿਤ ਉਪਲਬਧ ਕਰਵਾਈ ਗਈ ਜਾਣਕਾਰੀ ਨੂੰ ਤੱਥਾਂ ਤੋਂ ਪਰੇ ਹੋਣ ਦਾ ਦੋਸ਼ ਲਾਉਂਦਿਆਂ ਅਤੇ ਜਾਣਕਾਰੀ ਚ ਮੰਗੇ ਤੱਥਾਂ ਦੀ ਅਸਲੀਅਤ ਦੇ ਸਬੂਤ ਹੋਣ ਦਾ ਦਾਅਵਾ ਜਤਾਉਦਿਆਂ ਜੁਡੀਸੀਅਲ ਕੋਰਟ ਕੰਪਲੈਕਸ ਸਰਦੂਲਗੜ੍ਹ ਦੇ ਵਕੀਲ ਸਰਬਜੀਤ ਸਿੰਘ ਵੜੈਚ ਨੇ ਸੂਚਨਾਂ ਅਧਿਕਾਰੀ ਨੂੰ ਸਹੀ  ਜਾਣਕਾਰੀ ਦੇਣ ਦੀ ਅਪੀਲ ਕਰਦਿਆਂ ਹਥਲੀ ਝੂਠੀ ਜਾਣਕਾਰੀ ਨੂੰ ਅਦਾਲਤ ਚ ਚੈਲਿੰਜ ਕਰਨ ਦੀ ਗੱਲ ਕਹੀ ਹੈ।

ਇਸ ਪੂਰੇ ਮਾਮਲੇ ’ਤੇ ਗੱਲ ਕਰਦਿਆਂ ਐਡਵੋਕੇਟ ਸਰਬਜੀਤ ਸਿੰਘ ਵੜੈਚ ਨੇ ਦੱਸਿਆ ਕਿ ਸੂਚਨਾ ਦੇ ਅਧਿਕਾਰ ਤਹਿਤ ਉਨ੍ਹਾਂ ਨੇ ਸ੍ਰ. ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ(ਮਾਨਸਾ) ’ਚ ਵਿੱਦਿਅਕ ਵਰੇ 2011-12 ਨਾਲ ਜੁੜੇ ਕੁਝ ਮੁੱਦਿਆਂ ਬਾਰੇ ਜਾਣਕਾਰੀ ਮੰਗੀ ਸੀ, ਜਿਸ ’ਚ ਉਨ੍ਹਾਂ ਦਾ ਪਹਿਲਾ ਸਵਾਲ ਇਹ ਸੀ ਕਿ ਵਿੱਦਿਅਕ ਸੈਸ਼ਨ ਦੌਰਾਨ ਵਿਦਿਆਰਥੀਆਂ ਤੋਂ ਕਿੰਨਾਂ ਪੀ.ਟੀ.ਏ ਇਕੱਠਾ ਹੋਇਆ, ਕਿੰਨਾਂ ਖਰਚ ਹੋਇਆ ਅਤੇ ਇਹ ਖਰਚ ਕਿੱਥੇ ਹੋਇਆ।


 ਇਸ ਦੇ ਨਾਲ ਨਾਲ ਕਾਲਜ ਚ ਪੀ.ਟੀ.ਏ ਕਮੇਟੀ ਦੇ ਗਠਿਤ ਹੋਣ ਬਾਰੇ ਵੀ ਪੁਛਿਆ ਗਿਆ ਸੀ।ਜਿਸ ਦੇ ਜਵਾਬ ਚ 200 ਰੁਪਏ ਪ੍ਰਤੀ ਵਿਦਿਆਰਥੀ ਤੋਂ 1,30,800 ਰੁਪਏ ਪੀ.ਟੀ.ਏ ਇਕੱਠਾ ਕਰਨ ਅਤੇ ਕੋਈ ਕਮੇਟੀ ਗਠਿਤ ਨਾ ਹੋਣ  ਕਾਰਨ ਇਸ ਫੰਡ ਦੀ ਫਿਲਹਾਲ ਵਰਤੋਂ ਨਾ ਕੀਤੇ ਜਾਣ ਬਾਰੇ ਲਿਖਿਆ ਗਿਆ ਹੈ।ਐਡਵੋਕੇਟ ਵੜੈਚ ਨੇ ਕਿਹਾ ਕਿ ਜਦ ਪੀ.ਟੀ.ਏ ਕਮੇਟੀ ਹੀ ਗਠਿਤ ਨਹੀਂ ਤਾਂ ਫੰਡ ਕਿਸ ਗੱਲ ਦਾ,ਦੂਜਾ ਜਦ ਦਾਖਲੇ ਸਮੇਂ ਵਿਦਿਆਰਥੀਆਂ ਤੋਂ ਪੀ.ਟੀ.ਏ ਸਮੇਤ ਹੋਰ ਫੰਡਾਂ ਦੇ 500 ਰੁਪਏ ਵਟੋਰ ਲਏ ਗਏ ਹਨ ਤਾਂ ਦੂਜੀ ਵਾਰ ਕਿਉਂ!

ਉਨ੍ਹਾਂ ਇਸ ਫੰਡ ਦੀ ਵਰਤੋਂ ਨਾ ਕੀਤੇ ਜਾਣ ਦੀ ਗੱਲ ਨੂੰ ਵੀ ਕੋਰਾ ਝੂਠ ਕਰਾਰ ਦਿੰਦਿਆਂ ਕਿਹਾ ਕਿ ਸੱਚ ਤਾਂ ਇਹ ਹੈ ਕਿ ਇਸੇ ਫੰਡ ਚ ਕਾਲਜ ਦੀ ਇੱਕ ਕੰਪਿਊਟਰ ਅਧਿਆਪਕਾਂ ਅਤੇ ਕਲਰਕ ਨੂੰ 6 ਤੋਂ 8 ਦੀਆਂ ਤਨਖਾਹਾਂ ਦੇਣ ਸਮੇਤ ਕਾਲਜ ਦੇ ਹੋਰ ਖਰਚੇ ਵੀ ਕੀਤੇ ਜਾਂਦੇ ਰਹੇ ਹਨ।ਐਡਵੋਕੇਟ ਵੜੈਚ ਨੇ ਦੱਸਿਆ ਕਿ ਦੂਸਰੇ ਸਵਾਲ ’ਚ ਕਾਲਜ ਦੁਆਰਾ ਇਸੇ ਫੰਡ ਦੇ ਨਾਮ ਤੇ 700 ਰੁਪਏ ਪ੍ਰਤੀ ਵਿਦਿਆਰਥੀ ਤੋਂ ਇਕੱਠੇ ਕੀਤੇ ਪੈਸਿਆਂ ਨੂੰ ਕਿਸ ਖਾਤੇ ਚ ਜਮਾਂ ਕਰਾਇਆ ਗਿਆ ਹੈ...! ਦੇ  ਜਵਾਬ ’ਚ ਲਿਖਿਆ ਗਿਆ ਹੈ ਕਿ ਕਾਲਜ ਨੇ ਵਿਦਿਆਰਥੀਆਂ ਤੋਂ ‘ਐਸਾ‘ ਕੋਈ ਫੰਡ ਇਕੱਠਾ ਨਹੀ ਕੀਤਾ ਹੈ, ਉਨ੍ਹਾਂ ਇਸ ਇਸ ਫੰਡ ਨੂੰ ਜਮ੍ਹਾਂ ਕਰਾਉਣ ਦਾ ਆਦੇਸ਼ ਦਿੰਦੇ ਕਾਲਜ ਦੇ ਨੋਟਿਸ ਬੋਰਡ ‘ਤੇ 6 ਸਤੰਬਰ ਅਤੇ 15 ਸਤੰਬਰ, 2011 ਦੇ ਦਿਨ ਚਿਪਕਾਏ ਨੋਟਿਸਾਂ ਦੀ ਫੋਟੋ ਕਾਪੀ ਅਤੇ ਵਿਦਿਆਰਥੀਆਂ ਨੂੰ ਫੰਡ ਜਮਾਂ ਕਰਾਉਣ ‘ਤੇ ਦਿੱਤੀਆਂ ਰਸੀਦਾਂ ਦੀਆਂ ਫੋਟੋ ਕਾਪੀਆਂ ਵੀ ਪੱਤਰਕਾਰਾਂ ਨੂੰ ਜਾਰੀ ਕੀਤੀਆਂ, ਜੋ ਯੂਨੀਵਰਸਿਟੀ ਦੁਆਰਾ ਮੁਹਈਆ ਕਰਵਾਈ ਜਾਣਕਾਰੀ ਨੂੰ ਝੂਠਾ ਸਾਬਤ ਕਰ ਰਹੀਆਂ ਹਨ। ਰਸੀਦਾਂ ਦੇ ਸੰਦਰਭ ’ਚ ਕਾਲਜ ਦੁਆਰਾ ਇਸ ਸੈਸ਼ਨ ’ਚ ਪੜ੍ਹਦੇ 750 ਦੇ ਕਰੀਬ ਵਿਦਿਅਰਥੀਆਂ ਤੋਂ 700 ਰੁਪਏ ਦੇ ਹਿਸਾਬ ਨਾਲ ਬਟੋਰੇ 5.25 ਲੱਖ ਰੁਪਏ ਵੀ ਗੁੱਝੀ ਰਮਜ ਮਾਰ ਰਹੇ ਹਨ।

ਉਨ੍ਹਾਂ ਕਿਹਾ ਕਿ ਵਿੱਦਿਅਕ ਵਰੇ 2011-12 ਦੌਰਾਨ ਘੱਟ ਲੈਕਚਰ ਲਗਾਉਣ ਅਤੇ ਹਾਊਸ ਪਾਸ ਨਾ ਕਰ ਸਕਣ ਵਾਲੇ ਵਿਦਿਆਰਥੀਆਂ ਕੋਲੋਂ 2 ਲੱਖ ਰੁਪਏ ਤੋਂ ਵੱਧ ਰਕਮ ਜੁਰਮਾਨੇ ਦੇ ਤੌਰ ਤੇ ਵਸੂਲੇ ਜਾਣ ਬਾਰੇ ਪੁੱਛੇ ਸਵਾਲ ਚ ਸੂਚਨਾ ਅਧਿਕਾਰੀ ਨੇ ‘ਉਕਤ‘ ਵਿਦਿਅਰਥੀਆਂ ਤੋਂ ਕੋਈ ਜ਼ੁਰਮਾਨਾਂ ਨਾ ਵਸੂਲਣ ਬਾਰੇ ਲਿਖਿਆ ਹੈ।ਐਡਵੋਕੇਟ ਵੜੈਚ ਨੇ ਜੁਰਮਾਨਾਂ ਵਸੂਲੀਆਂ ਲਿਸਟਾਂ ਦੀ ਫੋਟੋ ਕਾਪੀ ਵੀ ਪੱਤਰਕਾਰਾਂ ਨੂੰ ਮੁਹੱਈਆ ਕਰਵਾਈ।ਐਡਵੋਕੇਟ ਸਰਬਜੀਤ ਸਿੰਘ ਵੜੈਚ ਨੂੰ ਸੂਚਨਾਂ ਦੇ ਅਧਿਕਾਰ ਤਹਿਤ ਮੁਹਈਆ ਕਰਵਾਈ ਜਾਣਕਾਰੀ ਦੇ ਝੂਠੇ ਹੋਣ ਬਾਰੇ ਪੇਸ਼ ਕੀਤੇ ਜਾ ਰਹੇ ਸਬੂਤ ਜੇਕਰ ਸੱਚ ਹਨ ਤਾਂ ਇਸ ਨੇ ਕੇਵਲ ਯੂਨੀਵਰਸਿਟੀ ਦੇ ਸੂਚਨਾ ਅਧਿਕਾਰੀ ਨੂੰ ਹੀ ਕਟਿਹਰੇ ਚ ਖੜ੍ਹਾ ਨਹੀ ਕੀਤਾ ਬਲਕੇ ਸੂਚਨਾਂ ਦੇ ਅਧਿਕਾਰ ਅਤੇ ਇਸ ਤਹਿਤ ਉਪਲਬਧ ਕਰਾਈਆਂ ਜਾਣ ਵਾਲੀਆਂ ਜਾਣਕਾਰੀਆਂ ਉੱਪਰ ਵੀ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ।ਓਧਰ ਐਡਵੋਕੇਟ ਵੜੈਚ ਨੇ ਯੂਨੀਵਰਸਿਟੀ ਦੁਆਰਾ ਮੁਹੱਈਆ ਕਰਵਾਈ ਜਾਣਕਾਰੀ ਦੇ ਮਾਮਲੇ ‘ਤੇ ਸੂਚਨਾਂ ਅਧਿਕਾਰੀ ਨੂੰ ਸਹੀ ਜਣਕਾਰੀ ਦੇਣ ਦੀ ਗੱਲ ਕਹੀ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਚ ਮਾਣਯੋਗ ਅਦਾਲਤ ਦਾ ਵੀ ਕੁੰਡਾ ਖੜਕਾਉਣ ਦੀ ਧਮਕੀ ਦਿੱਤੀ ਹੈ।



ਇਥੇ ਦੱਸ ਦਈਏ ਕਿ ਸ੍ਰ.ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਮਾਨਸਾ ਜ਼ਿਲ੍ਹੇ ਦਾ ਇੱਕੋ ਇੱਕ ਪੇਂਡੁ ਖੇਤਰ ਦਾ ਕਾਲਜ ਹੈ, ਜਿਹੜਾ ਸਰਦੂਲੜ੍ਹ ਹਲਕੇ ਦੇ ਨਾਲ ਨਾਲ ਗੁਆਂਢੀ ਰਾਜ ਹਰਿਆਣਾ ਦੇ ਪੰਜਾਬ ਨਾਲ ਲਗਦੇ ਇਲਕੇ ਦੇ ਪੇਂਡੂ ਅਤੇ ਗਰੀਬ ਵਰਗ ਨਾਲ ਸੰਬੰਧਤ ਵਿਦਿਆਰਥੀਆਂ ਲਈ ਵਰਦਾਨ ਹੈ ਪਰ ਉਕਤ ਸੂਚਨਾਂ ਦੇ ਅਧਿਕਾਰ ਤਹਿਤ ਮੁਹੱਈਆ ਕਰਵਾਈ ਜਾਣਕਾਰੀ ਅਤੇ ਐਡਵੋਕੇਟ ਵੜੈਚ ਦੁਆਰਾ ਪੇਸ਼ ਕੀਤੇ ਜਾ ਰਹੇ ਸਬੂਤਾਂ ਨੇ ਇਥੇ ਪੜਦੇ ਬੱਚਿਆਂ ਦੇ ਮਾਪਿਆਂ ਨੂੰ ਧੁਰ ਅੰਦਰ ਤੱਕ ਵਲੂਧਰ ਦਿੱਤਾ ਹੈ ਕਿ ਫੰਡਾਂ ਦੇ ਨਾਮ ਤੇ ਬਟੋਰੇ ਗਏ ਪੈਸੇ ਕਾਲਜ ਬਾਰੇ ਕਈ ਸ਼ੰਕੇ ਖੜ੍ਹੇ ਕੀਤੇ ਹਨ।

ਇਸ ਸਬੰਧੀ ਜਦ ਯੂਨੀਵਰਸਿਟੀ ਦੇ ਸੂਚਨਾ ਅਧਿਕਾਰੀ ਕਮ ਡੀਨ ਕਾਲਜ ਵਿਕਾਸ ਕੌਸਲ ਸ੍ਰੀ. ਜਮਸ਼ੇਦ ਅਲੀ ਖਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣਾ ਨਜ਼ਲਾ ਉਕਤ ਕਾਲਜ ’ਤੇ ਝਾੜਦਿਆਂ ਕਿਹਾ ਕਿ ਦਿੱਤੀ ਗਈ ਜਾਣਕਾਰੀ ਉਨ੍ਹਾਂ ਨੂੰ ਉਕਤ ਕਾਲਜ ਨੇ ਮੁਹੱਈਆ ਕਰਵਾਈ ਸੀ।ਓਧਰ ਜਦ ਇਸ ਸੰਬੰਧੀ ਕਾਲਜ ਦੇ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਗਲਤ ਜਾਣਕਾਰੀ ਦੇਣ ਦੀ ਗੱਲ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਕਾਲਜ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ