Tue, 12 November 2024
Your Visitor Number :-   7245177
SuhisaverSuhisaver Suhisaver

ਗਦਰੀ ਬਾਬਿਆਂ ਦੀ ਧਰਤ ਦੇ ਨੌਜਵਾਨ ਮਾਰੂ ਨਸ਼ਿਆਂ ਕਾਰਨ ਕਾਲੇ ਪੀਲੀਏ ਦੇ ਮਰੀਜ਼ ਬਣੇ -ਸ਼ਿਵ ਕੁਮਾਰ ਬਾਵਾ

Posted on:- 17-06-2014

ਪੰਜਾਬ ਵਿੱਚ ਜਿੱਥੇ ਮਾਲਵਾ ਕੈਂਸਰ ਦੀ ਬਿਮਾਰੀ ਨੇ ਬਰਬਾਦ ਕਰਕੇ ਰੱਖ ਦਿੱਤਾ, ਉਥੇ ਹੁਣ ਦੋਆਬਾ ਕਾਲੇ ਪੀਲੀਏ ਦੀ ਬਿਮਾਰੀ ਦੀ ਪੂਰੀ ਤਰ੍ਹਾਂ ਜਕੜ ਵਿੱਚ ਆ ਗਿਆ ਹੈ। ਉਕਤ ਬਿਮਾਰੀ ਦੇ ਲੱਛਣਾ ਦਾ ਪਹਿਲਾਂ ਪਹਿਲ ਤਾਂ ਪਤਾ ਹੀ ਨਾ ਲੱਗਾ ਪ੍ਰੰਤੂ ਜਦ ਜ਼ਿਲ੍ਹੇ ਭਰ ਦੀਆਂ ਲੈਬਾਰਟਰੀਆਂ ਵਿੱਚ ਆਪਣੇ ਆਪਨੂੰ ਇਸ ਬਿਮਾਰੀ ਵਿੱਚ ਗ੍ਰਸਤ ਨੌਜਵਾਨ ਆਪਣੇ ਟੈਸਟ ਕਰਵਾਉਣ ਲਈ ਉਪਰੋਥਲੀ ਆਉਣ ਲੱਗ ਪਏ ਤਾਂ ਬਹੁਤ ਹੀ ਹੈਰਾਨੀਜਨਕ ਨਤੀਜੇ ਸਾਹਣੇ ਆਏ।

ਦੋਆਬੇ ਵਿੱਚ ਉਕਤ ਬਿਮਾਰੀ ਦਾ ਸ਼ਿਕਾਰ ਉਹ ਨੌਜਵਾਨ ਵਰਗ ਹੈ, ਜਿਹੜਾ ਟੋਲੀਆਂ ਬਣਾਕੇ ਇੱਕ ਹੀ ਸਰਿੰਜ ਨਾਲ ਚਾਰ ਚਾਰ ਜਾਂ ਪੰਜ ਪੰਜ ਜਾਣੇ ਨਸ਼ੀਲੇ ਟੀਕੇ ਲਾਉਂਤਦੇ ਹਨ। ਭਰੋਸੇਯੋਗ ਸਰਕਾਰੀ ਡਾਕਟਰਾਂ ਅਨੁਸਾਰ ਕਾਲੇ ਪੀਲੀਏ ਦੇ ਬਹੁਤ ਸਾਰੇ ਅਜਿਹੇ ਮਰੀਜ ਸਾਹਮਣੇ ਆਏ ਹਨ ਜਿਹੜੇ ਸਮੈਕ, ਨਸ਼ੀਲੇ ਟੀਕਿਆਂ ਤੋਂ ਇਲਾਵਾ ਨਸ਼ੀਲਾ ਚਿੱਟਾ ਪਾਊਡਰ ਪਾਣੀ ਵਿੱਚ ਘੋਲਕੇ ਸਿਗਰਟ ਨਾਲ ਪੀਣ ਜਾਂ ਸੁੰਘਣ ਦੀ ਬਜਾਏ ਉਸਨੂੰ ਸਰਿੰਜਾਂ ਵਿੱਚ ਭਰਕੇ ਖੁਦ ਹੀ ਆਪਣੀਆਂ ਨਾੜਾ ਵਿੱਚ ਲਾਉਂਦੇ ਹਨ।

ਡਾਕਟਰਾਂ ਦਾ ਕਹਿਣ ਹੈ ਕਿ ਸਮੈਕ ਅਤੇ ਚਿੱਟੇ ਨਸ਼ੀਲੇ ਪਾਊਡਰ ਦੀ ਵਾਰ ਵਾਰ ਸੁੰਘਣ ਨਾਲ ਨਸ਼ਾ ਲੈਣ ਵਾਲੇ ਆਦੀ ਨੌਜ਼ਵਾਨ ਨੂੰ ਨਸ਼ਾ ਚੜ੍ਹਨਾ ਬੰਦ ਹੋ ਜਾਂਦਾ ਹੈ ਤੇ ਉਹ ਨਸੇ ਦਾ ਸਰੂਰ ਪ੍ਰਾਪਤ ਕਰਨ ਲਈ ਉਕਤ ਨਸ਼ਿਆਂ ਨੂੰ ਪਾਣੀ ਵਿੱਚ ਘੋਲਕੇ ਸਰਿੰਜਾਂ ਨਾਲ ਖੁਦ ਹੀ ਨਾੜਾ ਵਿੱਚ ਲਾਉਣ ਲੱਗ ਪੈਂਦੇ ਹਨ। ਉਹਨਾਂ ਦੱਸਿਆ ਕਿ ਨਸ਼ਈ ਦੀ ਅਜਿਹੀ ਹਾਲਤ ਉਸਦੇ ਆਖਰੀ ਦਿਨਾਂ ਦੀ ਨਿਸਾਂਨੀ ਹੁੰਦੀ ਹੈ । ਅਗਰ ਉਸਦਾ ਉਸਦਾ ਪਰਿਵਾਰ ਉਸਨੂੰ ਇਲਾਜ ਲਈ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਵੀ ਕਰਵਾਉਂਦਾ ਹੈ ਤਾਂ ਉਹ ਨੀਮ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਕੇ ਜਾਂ ਤਾਂ ਕੇਂਦਰ ਵਿੱਚੋਂ ਭੱਜ ਜਾਂਦਾ ਹੈ ਜਾਂ ਫਿਰ ਉਹ ਕੁੱਝ ਦਿਨ ਨਸ਼ਾ ਛੱਡਕੇ ਮੁੜ ਫਿਰ ਅਜਿਹੇ ਨਸ਼ੇ ਕਰਨ ਲੱਗ ਪੈਂਦਾ ਹੈ।
                    
ਸਰਕਾਰੀ ਡਾਕਟਰਾਂ ਨੇ ਆਪਣਾਂ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਦੋਆਬਾ ਖੇਤਰ ਵਿੱਚ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇਲਾਵਾ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਉਕਤ ਕਾਲੇ ਪੀਲੀਏ ਦੀ ਬਿਮਾਰੀ ਨੇ ਨੌਜ਼ਵਾਨਾਂ ਨੂੰ ਆਪਣੀ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ ਹੈ। ਡਾਕਟਰਾਂ ਨੇ ਦੱਸਿਆ ਕਿ ਹੈਪਾਟਾਈਟਸ ਸੀ (ਕਾਲਾ ਪੀਲੀਆ ) ਦਾ ਇਲਾਜ ਐਨਾ ਮਹਿੰਗਾ ਹੈ ਕਿ ਗਰੀਬ ਵਰਗ ਆਪਣੇ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਬੱਚੇ ਦਾ ਇਲਾਜ ਕਰਵਾ ਹੀ ਨਹੀਂ ਸਕਦਾ। ਬਹੁਤੇ ਨੌਜ਼ਵਾਨ ਆਪਣੇ ਨਸ਼ੇ ਦਾ ਆਦੀ ਹੋਣ ਦਾ ਆਪਣੇ ਘਰਦਿਆਂ ਤੋਂ ਲਕੋਅ ਰੱਖਦੇ ਹਨ ਪ੍ਰੰਤੂ ਜਦ ਬਿਮਾਰੀ ਕਾਰਨ ਉਹ ਬਿਨ ਪਾਣੀ ਮੱਛੀ ਵਾਂਗ ਤੜਪਣ ਲੱਗ ਪੈਂਦੇ ਹਨ ਤਾਂ ਉਹ ਡਾਕਟਰਾਂ ਦੇ ਇਲਾਜ ਤੋਂ ਕਿੱਤੇ ਦੂਰ ਪੁੱਜ ਚੁੱਕੇ ਹੁੰਦੇ ਹਨ। ਦੋਆਬੇ ਵਿੱਚ ਅਜਿਹੇ ਕਈ ਕੇਸ ਸਾਹਮਣੇ ਆਏ ਹਨ ਕਿ ਬਹੁਤੇ ਨੌਜ਼ਵਾਨ ਆਪਣੇ ਬਿਮਾਰੀ ਦੀ ਲਪੇਟ ਵਿੱਚ ਆਉਣ ਕਾਰਨ ਖੁਦਕਸ਼ੀ ਜਾਂ ਖੇਤਾਂ ਵਿੱਚ ਜਾਕੇ ਫਾਹੇ ਲੈ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਚੁੱਕੇ ਹਨ। ਫਾਹਾ ਲੈ ਕੇ ਮਰਨ ਵਾਲਿਆਂ ਦੀ ਗਿਣਤੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੀ ਇਸ ਸਾਲ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੋ ਦਰਜ਼ਨ ਤੱਕ ਪੁੱਜ ਗਈ ਹੈ। ਬਾੜੀਆਂ, ਟੂਟੋਮਜਾਰਾ, ਮਾਹਿਲਪੁਰ, ਚੱਬੇਵਾਲ, ਚੱਗਰਾਂ, ਜਹਾਨ ਖੇਲਾਂ ਸਮੇਤ ਹੋਰ ਪਿੰਡਾਂ ਵਿੱਚ ਫਾਹਾ ਲੈਣ ਵਾਲੇ ਨੌਜ਼ਵਾਨ ਅਤਿ ਦੇ ਨਸ਼ੱਈ ਅਤੇ ਇਸ ਬਿਮਾਰੀ ਤੋਂ ਪੀੜਤ ਸਨ।
                      
ਡਾਕਟਰਾਂ ਨੇ ਇਸ ਸਬੰਧ ਵਿੱਚ ਪੁੱਛਣ 'ਤੇ ਦੱਸਿਆ ਕਿ ਉਕਤ ਬਿਮਾਰੀ ਨਸ਼ੀਲੇ ਟੀਕੇ, ਸਮੈਕ, ਹੋਰ ਨ ਸ਼ਿਆਂ ਤੋਂ ਇਲਾਵਾ ਗਲਤ ਬਲੱਡ ਚ੍ਹੜਨ ਅਤੇ ਇਕ ਹੀ ਸਰਿੰਜ ਨਾਲ ਵਾਰ ਵਾਰ ਟੀਕੇ ਲਾਉਣ ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਉਕਤ ਬਿਮਾਰੀ ਗੰਦੇ ਪੀਲੇ ਪਾਣੀ ਪੀਣ ਕਾਰਨ ਵੀ ਹੋ ਰਹੀ ਹੈ। ਉਸਨੇ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਐਨਾ ਮਹਿੰਗਾ ਹੈ ਕਿ ਆਮ ਮੱਧ ਵਰਗੀ ਪਰਿਵਾਰ ਆਪਣੇ ਪੀੜਤ ਪਰਿਵਾਰਕ ਮੈਂਬਰ ਦਾ ਇਲਾਜ ਕਰਵਾਉਣ ਤੋਂ ਨਾਂਹ ਹੀ ਕਰ ਰਹੇ ਹਨ। ਬਿਮਾਰੀ ਤੋਂ ਪੀੜਤ ਨੌਜ਼ਵਾਨਾਂ ਦੀਆਂ ਪਤਨੀਆਂ ਆਪਣੇ ਬੱਚਿਆਂ ਸਮੇਤ ਸਹੁਰਾ ਘਰਾਂ ਨੂੰ ਛੱਡਕੇ ਮਾਪੇ ਜਾ ਵਸ ਰਹੀਆਂ ਹਨ।

ਨਸ਼ੇ ਨੇ ਦੋਆਬੇ ਦੀ ਹੱਸਦੀ ਵਸਦੀ ਜ਼ਵਾਨੀ ਨੂੰ ਅਜਿਹਾ ਗ੍ਰਹਿਣ ਲਾ ਦਿੱਤਾ ਹੈ ਕਿ ਬਹੁਤ ਸਾਰੇ ਘਰਾਂ ਵਿੱਚ ਜੱਗਦੇ ਚਿਰਾਗ ਬੁੱਝ ਚੁੱਕੇ ਹਨ। ਡਾਕਟਰ ਨੇ ਦੱਸਿਆ ਕਿ ਪੀੜਤ ਮਰੀਜ ਦਾ ਜੇਕਰ ਟੈਸਟ ਪਾਜਟਿਵ ਆ ਜਾਂਦਾ ਹੈ ਤਾਂ ਉਸਨੂੰ ਇਸ ਬਿਮਾਰੀ ਦੇ ਇਲਾਜ ਲਈ 24 ਦਿਨ ਦਾ ਕੋਰਸ ਪੂਰਾ ਕਰਨਾ ਪੈਂਦਾ ਹੈ ਅਤੇ ਰੋਜਾਨਾ ਲੱਗਣ ਵਾਲੇ ਟੀਕੇ (ਐਚ ਸੀ ਵੀ) ਦੀ ਪ੍ਰਤੀ ਟੀਕਾ ਕੀਮਤ 7000 ਰੁਪਏ ਹੈ ਜੋ ਕਿ ਮੱਧ ਵਰਗੀ ਪਰਿਵਾਰ ਦੇ ਬਸ ਤੋਂ ਬਾਹਰ ਦੀ ਗੱਲ ਹੈ। ਬਲਾਕ ਮਾਹਿਲਪੁਰ ਵਿੱਚ ਹੀ 300 ਦੇ ਕਰੀਬ ਨਸ਼ੱਈ ਨੌਜ਼ਵਾਨ ਇਸ ਬਿਮਾਰੀ ਤੋਂ ਪੀੜਤ ਹਨ ਜੋ ਆਪਣੇ ਨਾਂਅ ਗੱਲਤ ਲਿਖਵਾਕੇ ਆਪਣਾ ਇਲਾਜ ਕਰਵਾ ਰਹੇ ਹਨ।

ਦੋਆਬੇ ਵਿੱਚ ਨਸੱਈਆਂ ਦੀ ਗਿਣਤੀ ਇਸ ਵਕਤ ਪੂਰੇ ਪੰਜਾਬ ਨਾਲੋਂ ਵੱਧ ਹੈ। ਇਸ ਸਬੰਧ ਵਿੱਚ ਸੀ ਪੀ ਐਮ ਦੇ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਮੱਟੂ ਦਾ ਕਹਿਣ ਹੈ ਕਿ ਪੰਜਾਬ ਨੂੰ ਨਸ਼ਿਆਂ ਦੇ ਕੋਹੜ ਨੇ ਬਰਬਾਦ ਕਰਕੇ ਰੱਖ ਦਿੱਤਾ ਤੇ ਰਹਿੰਦਾ ਖੁੰਹੁਦਾ ਭੱਠਾ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਵਲੋਂ ਚੋਣਾਂ ਦੌਰਾਨ ਮਹਿੰਗੇ ਨਸ਼ੇ ਅਤੇ ਘਟੀਆ ਦਰਜ਼ੇ ਦੀ ਸ਼ਰਾਬ ਪਿੰਡਾਂ ਵਿੱਚ ਵੰਡਕੇ ਹੋਰ ਵੀ ਭੱਠਾ ਬਿਠਾਲ ਦਿੱਤਾ ਹੈ। ਮਾਹਿਰ  ਡਾਕਟਰਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਵਿਕ ਰਹੀ ਸ਼ਰਾਬ ਵਿੱਚ ਪਸ਼ੂਆਂ ਦੇ ਲਾਏ ਜਾਣ ਵਾਲੇ ਟੀਕੇ ਪਾਏ ਜਾ ਰਹੇ ਹਨ ਤਾਂ ਕਿ ਉਹਨਾਂ ਦੀ ਡਿਗਰੀ ਵਧਾਈ ਜਾ ਸਕੇ।

ਚੂਰਾ ਪੋਸਤ ਵਿੱਚ ਨੀਂਦ ਦੀਆਂ ਗੋਲੀਆਂ ਤੋਂ ਇਲਾਵਾ ਪਸ਼ੂਆਂ ਦੀ ਫੀਡ ਅਤੇ ਲੱਕੜ ਦੇ ਆਰਿਆਂ ਤੋਂ ਬੂਰ ਲਿਆਕੇ ਮਿਕਸ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਦੋਆਬੇ ਦਾ ਪਾਣੀ ਗੰਦੇ ਪਾਣੀ ਦੀ ਮਿਕਦਾਰ ਕਾਰਨ ਪਹਿਲਾਂ ਹੀ ਪੀਲਾ ਅਤੇ ਪ੍ਰਦੂਸ਼ਤ ਹੋ ਚੁੱਕਾ ਹੈ ਜਿਸ ਕਰਕੇ ਲੋਕ ਭਿਆਨਿਕ ਬਿਮਾਰੀਆਂ ਦੀ ਲਪੇਟ ਵਿੱਚ ਆ ਚੁੱਕੇ ਹਨ। ਗਦਰੀ ਬਾਬਿਆਂ ਦੀ ਧਰਤ ਨੂੰ ਜਿਥੇ ਨਸ਼ਿਆਂ ਨੇ ਰੋਗੀ ਬਣਾਕੇ ਰੱਖ ਦਿੱਤਾ ਉਥੇ ਘਰਾਂ ਵਿੱਚ ਲੱਗੇ ਨਲਕਿਆਂ ,ਖੂਹਾਂ ਅਤੇ ਟੂਟੀਆਂ ਦਾ ਪਾਣੀ ਪੀਲਾ ਪੈਣ ਕਾਰਨ ਔਰਤਾਂ ਵੀ ਇਸ ਕਾਲੇ ਪੀਲੀਏ ਦੀ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੀਆਂ ਹਨ। ਨਸ਼ੇ ਦੇ ਆਦੀ ਨੌਜ਼ਵਾਨ ਉਕਤ ਸਭ ਕੁੱਝ ਜਾਣਦੇ ਹੋਏ ਵੀ ਅਜਿਹੇ ਨਸ਼ੇ ਲੈ ਅਤੇ ਕਰ ਰਹੇ ਹਨ।

ਉਹ ਜਦ ਤੌੜ ਵਿੱਚ ਝਾੜ ਬੂਟੀਆਂ ਅਤੇ ਲੁਕਵੀਆਂ ਥਾਂਵਾਂ ਤੇ ਘੁੰਮਦੇ ਅਤੇ ਲੁੱਕਕੇ ਆਪਣੇ ਨਲਾਂ, ਨਾੜਾ ਵਿੱਚ ਚਿੱਟੇ ਨਸ਼ੀਲੇ ਪਾਊਡਰ ਨੂੰ ਗਲਾਸਾਂ ਵਿੱਚ ਘੋਲਕੇ ਉਸਨੂੰ ਸਰਿੰਜਾਂ ਨਾਲ ਭਰਕੇ ਲਾਉਂਦੇ ਹਨ ਤਾਂ ਆਮ ਦੇਖਣ ਵਾਲਿਆਂ ਦੇ ਰੌਗਟੇ ਖੜ੍ਹੇ ਹੋ ਜਾਂਦੇ ਹਨ। ਸਰਕਾਰ ਨੇ ਜੇਕਰ ਇਸ ਪਾਸੇ ਵੱਲ ਤੁਰੰਤ ਢੁਕਵੇਂ ਪ੍ਰਬੰਧ ਨਾ ਕੀਤੇ ਤਾਂ ਗਦਰੀ ਬਾਬਿਆਂ ਦੀ ਧਰਤ ਨਸ਼ਿਆਂ ਸਮੇਤ ਕਾਲੇ ਪੀਲੀਏ ਨੇ ਬਰਬਾਦ ਕਰਕੇ ਰੱਖ ਦੇਣੀ ਹੈ। ਸਮਾਜ ਸੇਵੀ ਲੋਕਾਂ ਦਾ ਕਹਿਣ ਹੈ ਕਿ ਉਹ ਅਜਿਹੇ ਆਗੂਆਂ ਨੂੰ ਮੂੰਹ ਨਾ ਲਾਉਣ ਜੋ ਖੁਦ ਅਤੇ ਆਪਣੇ ਸਮਰਥਕਾਂ ਨਾਲ ਗੰਢ ਤੁੱਪ ਕਰਕੇ  ਨਸ਼ਿਆਂ  ਨਾਲ ਨੋਜ਼ਵਾਨ ਦੀ ਜਿੰਦਗੀ ਨਾਲ ਖੇਡਦੇ ਹਨ । ਉਹਨਾਂ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਨਸ਼ੀਲੇ ਪਦਾਰਥਾਂ ਦੇ ਤਸਕਰ ਆਗੂਆਂ ਵਿਰੁੱਧ ਸਖਤੀ ਵਰਤੀ ਜਾਵੇ। ਉਹਨਾਂ ਸਿਹਤ ਵਿਭਾਗ ਤੋਂ ਇਹ ਵੀ ਮੰਗ ਕੀਤੀ ਕਿ ਕਾਲੇ ਪੀਲੀਏ ਤੋਂ ਪੀੜਤ ਮਰੀਜਾਂ ਦਾ ਤੁਰੰਤ ਢੁਕਵਾਂ ਇਲਾਜ ਮੁਫਤ ਕੀਤਾ ਜਾਵੇ ਅਤੇ ਨਸ਼ਿਆਂ ਦੀ ਰੋਕਥਾਮ ਲਈ ਸਖਤ ਕਦਮ ਚੁੱਕੇ ਜਾਣ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ