Fri, 06 December 2024
Your Visitor Number :-   7277414
SuhisaverSuhisaver Suhisaver

ਨੌਜਵਾਨਾਂ ’ਚ ਪੰਜਾਬੀ ਪੜ੍ਹਨ ਦਾ ਰੁਝਾਨ 15ਵੇਂ ਸਥਾਨ ’ਤੇ : ਇੱਕ ਸਰਵੇ - ਜਸਪਾਲ ਸਿੰਘ ਜੱਸੀ

Posted on:- 27-12-2012

suhisaver

ਪੰਜਾਬੀ ਭਾਸ਼ਾ ਦੀ ਇੱਕੋ ਇੱਕ ਰਿਸ਼ਮ ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚੇ :ਸੱਤਪਾਲ ਭੀਖੀ

ਪਬਲਿਕ ਸਕੂਲਾਂ ਨੇ ਕੀਤਾ ਪੰਜਾਬ ’ਚ ਮਾਂ ਬੋਲੀ ਦਾ ਸਭ ਤੋਂ ਵੱਧ ਘਾਣ : ਨਿਰੰਜਣ ਬੋਹਾ

ਨੌਜਵਾਨਾਂ ’ਚ ਪੰਜਾਬੀ ਪੜ੍ਹਨ ਦਾ ਰੁਝਾਨ ਦਿਲਕੰਬਾਊ ਹਲਾਤ ’ਚ ਪੁੱਜ ਗਿਆ ਹੈ। ਇਹ ਖੁਲਾਸਾ ਨੈਸ਼ਨਲ ਬੁੱਕ ਟਰਸਟ ਦੁਆਰਾ ਹਾਲ ਹੀ ’ਚ ਕਰਵਾਏ ਇੱਕ ਸਰਵੇ ਦੌਰਾਨ ਹੋਇਆ ਹੈ। ਦੇਸ਼ ਭਰ ’ਚ ਕਰਵਾਏ ਇਸ ਸਰਵੇ ’ਚ 23 ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ’ਚੋਂ ਪੰਜਾਬੀਆਂ ਦੀ ਮਾਂ ਬੋਲੀ ਕਹੀ ਜਾਣ ਵਾਲੀ ਜ਼ੁਬਾਨ ਨੂੰ 15ਵਾਂ ਸਥਾਨ ਪ੍ਰਾਪਤ ਹੋਇਆ ਹੈ ਅਤੇ ਹਿੰਦੀ ਭਾਸ਼ਾ ਨੌਜਵਾਨਾਂ ਦੀ ਪਹਿਲੀ ਪਸੰਦ ਬਣੀ ਹੈ।

ਨੌਜਵਾਨ ਪੀੜ੍ਹੀ ’ਚ ਪੰਜਾਬੀ ਪੜ੍ਹਨ ਦੀ ਘੱਟ ਰਹੀ ਰੁਚੀ ਪੰਜਾਬੀ ਹਿਤੈਸ਼ੀਆਂ ਲਈ ਚਿੰਤਾ ਦਾ ਵਿਸ਼ਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਕੂਲ ਪੱਧਰ ’ਤੇ ਪੰਜਾਬੀ ਨੂੰ ਅਣਦੇਖਿਆ ਕੀਤੇ ਜਾਣ ਕਾਰਨ ਹੀ ਅੱਜ ਇਹ ਸਥਿਤੀ ਪੈਦਾ ਹੋਈ। ਟਰੱਸਟ ਦੇ ਬੁਲਾਰੇ ਸ.ਦਵਿੰਦਰਜੀਤ ਸਿੰਘ ਖੱਟੜਾ ਨੇ ਦੱਸਿਆ ਕਿ ਟਰਸੱਟ ਵੱਲੋਂ ਇਹ ਸਰਵੇਖਣ ਨੌਜਵਾਨਾਂ ਵਿੱਚ ਪੜ੍ਹਨ ਦੇ ਰੁਝਾਨ ਸਬੰਧੀ ਕਰਵਾਇਆ ਗਿਆ ਸੀ,ਜਿਸ ਵਿੱਚ ਦੇਸ਼ ਭਰ ਦੀਆਂ 23 ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਇਸ ਸਰਵੇਖਣ ਦੀ ਰਿਪੋਰਟ ਵਿੱਚ ਪੰਜਾਬੀ ਪੜ੍ਹਨ ਬਾਰੇ ਨੌਜਵਾਨਾਂ ਦਾ ਰੁਝਾਨ 15ਵੇਂ ਸਥਾਨ ’ਤੇ ਹੈ, ਜਦੋਂ ਕਿ ਹਿੰਦੀ ਨੂੰ ਵਧੇਰੇ ਤਰਜੀਹ ਦਿੱਤੀ ਗਈ ਤੇ ਅੰਗਰੇਜ਼ੀ ਸੱਤਵੇਂ ਸਥਾਨ ‘ਤੇ ਹੈ।ਸ੍ਰੀ ਖੱਟੜਾ ਨੇ ਕਿਹਾ ਕਿ ਇਸ ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਧੇਰੇ ਨੌਜਵਾਨ ਕੁਝ ਵੱਖਰਾ ਪੜ੍ਹਨਾ ਪਸੰਦ ਕਰਦੇ ਹਨ।ਇਸ ਸਰਵੇਖਣ ਰਿਪੋਰਟ ਦੀ ਪੁਸ਼ਟੀ ਕਰਦਿਆਂ ਉੱਘੇ ਸਾਹਿਤਕਾਰ ਨਿਰੰਜਣ ਬੋਹਾ ਨੇ ਕਿਹਾ ਕਿ ਨੌਜਵਾਨਾਂ ਵਿੱਚ ਪੰਜਾਬੀ ਪੜ੍ਹਨ ਦਾ ਰੁਝਾਨ ਘਟਣ ਦਾ ਮੁੱਖ ਕਾਰਨ ਸਕੂਲ ਪੱਧਰ ’ਤੇ ਪੰਜਾਬੀ ਨੂੰ ਅਣਦੇਖਿਆ ਕੀਤਾ ਜਾਣਾ ਹੈ। ਉਨ੍ਹਾਂ ਆਖਿਆ ਕਿ ਸ਼ਹਿਰਾਂ ਵਿੱਚ ਖੁੱਲ੍ਹੇ ਵਧੇਰੇ ਪਬਲਿਕ ਸਕੂਲ ਪੰਜਾਬੀ ਪੜ੍ਹਣ ਤੇ ਬੋਲਣ ਨੂੰ ਤਰਜ਼ੀਹ ਹੀ ਨਹੀਂ ਦਿੰਦੇ। ਉਹ ਮਾਂ ਬੋਲੀ ਦੀ ਥਾਂ ਬੱਚਿਆਂ ਨੂੰ ਵਧੇਰੇ ਹਿੰਦੀ ਤੇ ਅੰਗਰੇਜ਼ੀ ਬੋਲਣ ਲਈ ਦਬਾਅ ਪਾਉਂਦੇ ਹਨ ਤੇ ਇਸੇ ਦਾ ਸਿੱਟਾ ਹੈ ਕਿ ਸ਼ਹਿਰਾਂ ‘ਚ ਵਧੇਰੇ ਪਰਿਵਾਰਾਂ ਦੇ ਬੱਚੇ ਪਬਲਿਕ ਸਕੂਲਾਂ ਵਿੱਚ ਪੜ੍ਹਨ ਕਾਰਨ ਪੰਜਾਬੀ ਤੋਂ ਪਿਛਾਂਹ ਹੱਟ ਰਹੇ ਹਨ।

ਸ਼ਾਇਰ ਸੱਤਪਾਲ ਭੀਖੀ ਨੇ ਉਕਤ ਸਰਵੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵਕਤ ਸਰਕਾਰੀ ਸਕੂਲਾਂ ’ਚ ਪੜ੍ਹਦੇ ਗਰੀਬ ਜਾਂ ਅਨੁਸੂਚਿਤ ਜਾਤੀ ਦੇ ਬੱਚੇ ਹੀ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਹਨ, ਬਾਕੀ ਕੁੱਲ ਪੰਜਾਬੀਆਂ ਨੇ ਆਪਣੇ ਬੱਚਿਆਂ ਨੂੰ ਅੰਗਰਜ਼ੀ ਭਾਸ਼ਾ ਨਾਲ ਜੋੜਕੇ ਭਵਿੱਖ ਦੇ ਸੁਪਨੇ ਸੰਯੋਏ ਹੋਏ ਹਨ।

ਹੁਣ ਸਥਿਤੀ ਇਹ ਹੋ ਚੁੱਕੀ ਹੈ ਕਿ ਸਰਕਾਰ ਅਤੇ ਅਫਸ਼ਰਸ਼ਾਹੀ ਇਨਾਂ ਸਰਕਾਰੀ ਸਕੂਲਾਂ ’ਚ ਵੀ ਅੰਗਰੇਜ਼ੀ ’ਤੇ ਵਧੇਰਾ ਜ਼ੋਰ ਦੇ ਰਹੀ ਹੈ। ਇਸ ਦੇ ਨਾਲ ਹੀ ਨਿੱਜੀਕਰਨ ਦੇ ਤੇਵਰ ਵੀ ਤਿੱਖੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪੰਜਾਬੀ ਲਾਗੂ ਕਰਨ ਸੰਬੰਧੀ ਜਿੱਥੇ ਸਭ ਕੁਝ ‘ਅਖੌਤੀ‘ ਤੌਰ ’ਤੇ ਕਰ ਰਹੀ ਹੈ, ਉੱਥੇ ਸਾਡੇ ‘ਵਿਦਵਾਨ‘ ਵੀ ਇਸ ਛੂਤ ਦੀ ਬਿਮਾਰੀ ਦਾ ਸ਼ਿਕਾਰ ਹਨ, ਜਿਨ੍ਹਾਂ ਦੀ ਕਹਿਣੀ ਤੇ ਕਥਨੀ ਨੂੰ ਇਸ ਕਦਰ ਗ੍ਰਹਿਣ ਲੱਗਿਆ ਹੋਇਆ ਹੈ ਕਿ ਉਨ੍ਹਾਂ ਭਾਸ਼ਾਈ ਸਰੋਕਾਰਾਂ ਦੀ ਚਮਕ ਨੂੰ ਧੁੰਦਲਾ ਕਰ ਦਿੱਤਾ ਹੈ।

ਸ੍ਰੀ ਭੀਖੀ ਨੇ ਕਿਹਾ ਕਿ ਅਸੀਂ ਲੱਖ ਡੀਂਗਾਂ ਮਾਰੀ ਜਾਈਏ ਪਰ ਸੱਚ ਇਹ ਹੈ ਕਿ ਪੰਜਾਬੀ ਭਾਸ਼ਾ ਦੀ ਇੱਕੋ ਇੱਕ ਰਿਸ਼ਮ ਸਰਕਾਰੀ ਸਕੂਲਾਂ ’ਚ ਪੜ ਰਹੇ ਬੱਚੇ ਹੀ ਹਨ, ਉਹਵੀ ਜੇਕਰ ਰਾਜਸੀ ਬੱਦਲ-ਬਾਈ ਤੋਂ ਬਚੇ ਰਹੇ ਤਾਂ....?

ਇਸ ਸਬੰਧੀ ਗੀਤਕਾਰ ਕਾਕੂ ਸੈਦੇਵਾਲੀਆ ਨੇ ਆਖਿਆ ਕਿ ਪੰਜਾਬੀ ਭਾਸ਼ਾ ਦੇ ਅਜਿਹੇ ਲੇਖਕ ਵੀ ਘੱਟ ਹਨ, ਜੋ ਆਪਣੀਆਂ ਰਚਨਾਵਾਂ ਰਾਹੀਂ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਪ੍ਰਤੀ ਆਕਰਸ਼ਿਤ ਕਰ ਸਕਣ। ਉਨ੍ਹਾਂ ਕਿਹਾ ਕਿ ਪ੍ਰਕਾਸ਼ਨ ਘਰ ਵਿੱਚ ਪੰਜਾਬੀ ਦੀਆਂ ਵਧੇਰੇ ਧਾਰਮਿਕ ਪੁਸਤਕਾਂ ਦੀ ਹੀ ਵਿਕਰੀ ਹੋ ਰਹੀ ਹੈ,  ਜਦੋਂ ਕਿ ਨਾਵਲ, ਕਾਵਿ ਤੇ ਹੋਰ ਪੁਸਤਕਾਂ ਦੀ ਵਿੱਕਰੀ ਨਾ ਮਾਤਰ ਹੀ ਹੈ।

ਇਸ ਸਬੰਧੀ ਡੀ.ਏ.ਵੀ ਕਾਲਜ ਜਲੰਧਰ ਦੇ ਮਨਜੀਤ ਸਿੰਘ ਚਾਵਲਾ ਨੇ ਕਿਹਾ ਕਿ ਸਾਜ਼ਿਸ਼ ਤਾਂ ਪੰਜਾਬ ਤੇ ਪੰਜਾਬੀ ਦੇ ਖਿਲਾਫ਼ ਹੁੰਦੀ ਆਈ ਹੈ। ਜਦੋਂ ਵੀ ਮਰਦਮਸ਼ੁਮਾਰੀ ਹੁੰਦੀ ਹੈ ਤਾਂ ਬਕਾਇਦਾ ਇਹ ਪ੍ਰਚਾਰਿਆ ਜਾਂਦਾ ਹੈ ਕਿ ਆਪਣੀ ਮਾਂ ਬੋਲੀ ਹਿੰਦੀ ਲਿਖਵਾਓ, ਇਹ ਸਾਡੀ ਰਾਸ਼ਟਰ ਭਾਸ਼ਾ ਹੈ ਤੇ ਲੋਕ ਵੀ ਮੂਰਖ ਬਣ ਕੇ ਇਸ ਅੰਦਰਲੀ ਚਾਲ ਨੂੰ ਨਹੀਂ ਸਮਝਦੇ।ਮੈਂ ਖੁਦ ਇਸ ਗੱਲ ਨੂੰ ਹੁੰਦੇ ਦੇਖਿਆ ਹੈ

ਉਨ੍ਹਾਂ ਕਿਹਾ ਕਿ ਮੈਂ ਨਹੀਂ ਕਹਿੰਦਾ ਕਿ ਹਿੰਦੀ ਨਾਲ ਘ੍ਰਿਣਾ ਕਰੋ ਪਰ ਘੱਟੋ ਘੱਟ ਮਾਂ ਨੂੰ ਮਾਂ ਕਹਿਣ ’ਚ ਤਾਂ ਸ਼ਰਮ ਨਾ ਕਰੋ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਨੇ ਆਖਿਆ ਕਿ ਇਹ ਰਿਪੋਰਟ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅਨੁਸਾਰ ਇਸ ਮੌਜੂਦਾ ਸੰਕਟ ਦਾ ਵੱਡਾ ਕਾਰਨ ਸਕੂਲਾਂ ਵਿੱਚ ਪੰਜਾਬੀ ਨੂੰ ਪ੍ਰਮੁੱਖਤਾ ਨਾ ਦੇਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸ਼ਹਿਰਾਂ ਵਿੱਚ ਪਬਲਿਕ ਸਕੂਲਾਂ ਦਾ ਰੁਝਾਨ ਵਧਿਆ ਹੈ,ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਲਗਾਤਾਰ ਪੱਛੜ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਸਰਕਾਰ ਵੀ ਸੁਹਿਰਦ ਨਹੀਂ ਹੈ।

ਉਨ੍ਹਾਂ ਸੁਝਾਅ ਦਿੱਤਾ ਕਿ ਕਰਨਾਟਕਾ ਵਾਂਗ ਪੰਜਾਬ ਵਿੱਚ ਵੀ ਹਰ ਪ੍ਰਾਈਵੇਟ ਤੇ ਸਰਕਾਰੀ ਸਕੂਲ ਵਿੱਚ ਮੁੱਢਲੀ ਸਿੱਖਿਆ ਪੰਜਾਬੀ ਭਾਸ਼ਾ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਐੱਚ.ਐੱਸ. ਭਾਟੀਆ ਨੇ ਆਖਿਆ ਕਿ ਚੀਨ ਤੇ ਜਾਪਾਨ ਵਰਗੇ ਮੁਲਕਾਂ ਨੇ ਆਪਣੀ ਮਾਂ ਬੋਲੀ ਦੇ ਆਧਾਰ ‘ਤੇ ਤਰੱਕੀ ਦੇ ਸ਼ਿਖਰ ਛੂਹ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ।ਅਜਿਹਾ ਇੱਥੇ ਵੀ ਹੋ ਸਕਦਾ ਹੈ, ਪਰ ਇੱਥੇ ਲੋਕਾਂ ਦਾ ਰੁਝਾਨ ਬਦਲ ਰਿਹਾ ਹੈ।ਲੋਕਾਂ ਦੀ ਸੋਚ ਇਹ ਬਣ ਗਈ ਹੈ ਕਿ ਅੰਗਰੇਜ਼ੀ ਭਾਸ਼ਾ ਦੇ ਗਿਆਨ ਨਾਲ ਹੀ ਸ਼ਿਖਰ ਛੋਹਿਆ ਜਾ ਸਕਦਾ ਹੈ।ਇਸ ਸੋਚ ਨੂੰ ਬਦਲਣ ਦੀ ਲੋੜ ਹੈ।

ਉਨ੍ਹਾਂ ਆਖਿਆ ਕਿ ਅਜਿਹੇ ਪੰਜਾਬੀ ਲੇਖਕਾਂ ਦੀ ਵੀ ਵੱਡੀ ਲੋੜ ਹੈ, ਜੋ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਵੱਲ ਆਕਰਸ਼ਿਤ ਕਰ ਸਕਣ। ਉਨ੍ਹਾਂ ਇਹ ਸੁਝਾਅ ਵੀ ਦਿੱਤਾ ਕਿ ਪੰਜਾਬੀ ਮਾਂ ਬੋਲੀ ਨੂੰ ਸਿਰਫ ਇਕ ਧਰਮ ਨਾਲ ਜੋੜ ਕੇ ਨਾ ਦੇਖਿਆ ਜਾਵੇ, ਬਲਕਿ ਇਸ ਨੂੰ ਸਮੁੱਚੇ ਪੰਜਾਬੀਆਂ ਦੀ ਮਾਂ ਬੋਲੀ ਵਜੋਂ ਮਾਨਤਾ ਦਿੱਤੀ ਜਾਵੇ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਰਜਿੰਦਰ ਪਾਲ ਸਿੰਘ ਬਰਾੜ ਨੇ ਆਖਿਆ ਕਿ ਸਰਵੇਖਣ ਦੀ ਰਿਪੋਰਟ ਦੇ ਤੱਥ ਹੈਰਾਨ ਕਰਨ ਵਾਲੇ ਹਨ, ਕਿਉਂਕਿ ਕੁਝ ਸਮਾਂ ਪਹਿਲਾਂ ਬਠਿੰਡਾ ਵਿਖੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਲਾਏ ਗਏ ਪੁਸਤਕ ਮੇਲੇ ਵਿੱਚ ਵੱਡੇ ਪੱਧਰ ‘ਤੇ ਪੁਸਤਕਾਂ ਦੀ ਵਿੱਕਰੀ ਹੋਈ ਸੀ।ਉਨ੍ਹਾਂ ਆਖਿਆ ਕਿ ਅਜਿਹੀ ਸਥਿਤੀ ਸ਼ਹਿਰਾਂ ਵਿੱਚ ਹੋ ਸਕਦੀ ਹੈ ਪਰ ਪਿੰਡਾਂ ਵਿੱਚ ਅੱਜ ਵੀ ਪੰਜਾਬੀ ਨੂੰ ਹੀ ਤਰਜ਼ੀਹ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚਲੇ ਸਕੂਲਾਂ ਵਿੱਚ ਇਸ ਵੇਲੇ ਪੰਜਾਬੀ ਦੀ ਥਾਂ ਹੋਰ ਭਾਸ਼ਾਵਾਂ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ,ਜਿਸ ਕਾਰਨ ਪੰਜਾਬੀ ਪੱਛੜ ਰਹੀ ਹੈ।ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬੀ ਭਾਸ਼ਾ ਵਿੱਚ ਬੱਚਿਆਂ ਲਈ ਵਧੇਰੇ ਰੋਚਕ ਪੁਸਤਕਾਂ ਪ੍ਰਕਾਸ਼ਿਤ ਕਰਨ ਦੀ ਲੋੜ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ