Fri, 06 December 2024
Your Visitor Number :-   7277408
SuhisaverSuhisaver Suhisaver

ਨਸ਼ਿਆਂ ਦੀ ਵਰਤੋਂ ਦੇ ਮਾਮਲੇ ’ਚ ਬਠਿੰਡਾ ਜੇਲ੍ਹ ਮੋਹਰੀ - ਜਸਪਾਲ ਸਿੰਘ ਜੱਸੀ

Posted on:- 29-08-2012

suhisaver

--ਆਰ.ਟੀ.ਆਈ. ਦਾ ਖੁਲਾਸਾ--

ਪੰਜਾਬ ਦੀਆਂ ਜੇਲ੍ਹਾਂ ਨਸ਼ਿਆਂ ਦੇ ਅੱਡੇ ਬਣਦੀਆਂ ਜਾ ਰਹੀਆਂ ਹਨ। ਜੇਲ੍ਹਾਂ ਵਿਚੋਂ ਨਸ਼ੀਲੀਆਂ ਗੋਲੀਆਂ,ਕੈਪਸੂਲ ਤੇ ਹੋਰ ਨਸ਼ੀਲੇ ਪਦਾਰਥ ਮਿਲਣਾ ਆਮ ਗੱਲ ਹੈ ਅਤੇ ਹੁਣ ਜੇਲ੍ਹਾਂ ਵਿੱਚ ਕੈਦੀਆਂ ਵੱਲੋਂ ਮੋਬਾਈਲ ਫੋਨਾਂ ਦੀ ਵਰਤੋਂ ਕਰਨ ਦੇ ਵੀ ਮਾਮਲੇ ਵੀ ਵਿਆਪਕ ਪੱਧਰ 'ਤੇ ਸਾਹਮਣੇ ਆ ਰਹੇ ਹਨ। ਇਹ ਸਾਰਾ ਘਾਲਾ-ਮਾਲਾ ਸੁਰੱਖਿਆ ਅਮਲੇ ਦੀ ਮਿਲੀਭੁਗਤ ਨਾਲ ਹੋਣ ਦੇ ਸ਼ੰਕੇ ਉੱਠ ਰਹੇ ਹਨ ਪਰ ਨਾਮਾਤਰ ਜੇਲ੍ਹ ਮੁਲਾਜ਼ਮਾਂ ਵਿਰੁੱਧ ਹੀ ਕਾਰਵਾਈ ਕਰਨ ਦੀ ਸੂਚਨਾ ਮਿਲੀ ਹੈ।

ਨਸ਼ਿਆਂ ਦੀ ਵਰਤੋਂ ਦੇ ਮਾਮਲੇ ਵਿੱਚ ਬਠਿੰਡਾ ਜੇਲ੍ਹ ਮੋਹਰੀ ਹੈ ਜਦਕਿ ਪੱਟੀ ਦੀ ਜੇਲ੍ਹ ਨਸ਼ਿਆਂ ਤੋਂ ਮੁਕਤ ਹੈ। ਸੂਚਨਾ ਦੇ ਅਧਿਕਾਰ (ਆਰ ਟੀ ਆਈ) ਤਹਿਤ ਮਾਨਸਾ ਜਿਲੇ ਦੇ ਪਿੰਡ ਹਾਕਮ ਵਾਲਾ ਦੇ ਨੌਜਵਾਨ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਦੇ ਪ੍ਰਧਾਨ ਤੇ ਸਿੱਖਿਆ ਪ੍ਰੇਰਕ ਯੂਨੀਅਨ ਪੰਜਾਬ ਦੇ ਜਿਲਾ ਮੀਤ ਪ੍ਰਧਾਨ ਜਸਪਾਲ ਸਿੰਘ ਜੱਸੀ ਦੁਆਰਾ ਪ੍ਰਾਪਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਇੱਕ ਦਰਜਨ ਜੇਲ੍ਹਾਂ ਵਿੱਚੋਂ ਪਿਛਲੇ ਅੱਠ ਸਾਲਾਂ (1 ਜਨਵਰੀ 2002 ਤੋਂ 31 ਦਸੰਬਰ 2009) ਦੌਰਾਨ ਨਸ਼ੇ ਦੀਆਂ 42 ਹਜ਼ਾਰ ਦੇ ਕਰੀਬ ਗੋਲੀਆਂ ਅਤੇ 8600 ਦੇ ਕਰੀਬ ਕੈਪਸੂਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਹੋਰ ਵੱਖ-ਵੱਖ ਤਰ੍ਹਾਂ ਦੇ ਨਸ਼ੇ ਵੀ ਬਰਾਮਦ ਹੋਏ ਹਨ ਜੋ ਬੜੇ ਨਾਟਕੀ ਢੰਗ ਨਾਲ ਰੇਡੀਓ, ਸੈੱਲਾਂ ਅਤੇ ਸਾਬਣ ਦੀਆਂ ਟਿੱਕੀਆਂ ਵਿੱਚ ਲੁਕਾ ਕੇ ਜੇਲ੍ਹਾਂ ਵਿੱਚ ਲਿਜਾਏ ਜਾ ਰਹੇ ਹਨ। ਇਸ ਸਮੇਂ ਦੌਰਾਨ 242 ਮੋਬਾਈਲ ਫੋਨ ਅਤੇ ਦਰਜਨਾਂ ਸਿਮ ਵੀ ਜੇਲ੍ਹਾਂ ਵਿਚੋਂ ਬਰਾਮਦ ਹੋਏ ਹਨ। ਇਹ ਅੰਕੜੇ ਸੂਬੇ ਦੀਆਂ ਸਿਰਫ 12 ਜੇਲ੍ਹਾਂ ਨਾਲ ਸਬੰਧਤ ਹਨ।

ਇਸ ਗੰਭੀਰ ਮਾਮਲੇ ਵਿੱਚ ਇਨ੍ਹਾਂ 12 ਜੇਲ੍ਹਾਂ ਦੇ ਕੇਵਲ 10 ਮੁਲਾਜ਼ਮਾਂ ਵਿਰੁੱਧ ਹੀ ਕਾਰਵਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ 30 ਜੂਨ ਨੂੰ ਹੀ ਸੇਵਾਮੁਕਤ ਹੋਏ ਡੀ  ਜੀ ਪੀ ਜੇਲ੍ਹਾਂ, ਪਿਛਲੇ ਸਮੇਂ ਤੋਂ ਕਹਿੰਦੇ ਆ ਰਹੇ ਸਨ ਕਿ ਡਰੱਗ ਮਾਫੀਆ ਜੇਲ੍ਹਾਂ 'ਚ ਨਸ਼ੇ ਸਪਲਾਈ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਵੀ ਇਸ ਮਾਫੀਆ ਤੋਂ ਖਤਰਾ ਹੈ।ਕੇਂਦਰੀ ਜੇਲ੍ਹ ਬਠਿੰਡਾ ਵਿੱਚੋਂ ਨਸ਼ੇ ਦੀਆਂ 18,986 ਗੋਲੀਆਂ ਤੇ 5858 ਕੈਪਸੂਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 1550 ਗਰਾਮ ਗੋਲੀਆਂ ਵੀ ਬਰਾਮਦ ਹੋਈਆਂ ਹਨ। ਨਸ਼ੀਲੀਆਂ ਗੋਲੀਆਂ ਦੇ 10 ਪੈਕਟ ਵੀ ਮਿਲੇ ਹਨ। ਇਸ ਤੋਂ ਇਲਾਵਾ ਖੰਡ ਵਿੱਚ ਪੀਸੀਆਂ ਨਸ਼ੀਲੀਆਂ ਗੋਲੀਆਂ ਵੀ ਫੜੀਆਂ ਗਈਆਂ ਹਨ। ਇਸ ਜੇਲ੍ਹ ਵਿੱਚੋਂ ਇੱਕ ਰੇਡੀਓ ਤੇ ਸੈੱਲ ਵਿਚੋਂ ਅਫੀਮ ਵਰਗੀ ਵਸਤੂ ਮਿਲੀ ਹੈ ਜਦਕਿ ਸਾਬਣ ਦੀ ਇੱਕ ਟਿੱਕੀ ਵਿੱਚੋਂ ਪੁੜੀ ਵਿਚ ਪਾਇਆ ਨਸ਼ੀਲਾ ਪਾਊਡਰ ਮਿਲਿਆ ਹੈ। ਸਮੈਕ ਵਰਗੀ ਵਸਤੂ ਦੀਆਂ ਛੇ ਪੁੜੀਆਂ ਵੀ ਮਿਲੀਆਂ ਹਨ। ਇਸ ਤੋਂ ਇਲਾਵਾ 83 ਵਿਅਕਤੀਆਂ ਕੋਲੋਂ 55 ਮੋਬਾਈਲ ਫੋਨ ਬਰਾਮਦ ਹੋਏ ਹਨ।

ਇਸ ਸਾਰੇ ਵਰਤਾਰੇ ਦੌਰਾਨ ਕੇਂਦਰੀ ਜੇਲ੍ਹ ਬਠਿੰਡਾ ਦੇ ਕੇਵਲ ਦੋ ਵਾਰਡਨਾਂ ਵਿਰੁੱਧ ਹੀ ਪੁਲੀਸ ਕੋਲ ਕੇਸ ਦਰਜ ਕਰਵਾਏ ਗਏ ਹਨ।ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚੋਂ 858 ਨਸ਼ੀਲੇ ਕੈਪਸੂਲ,1080 ਗੋਲੀਆਂ, 42 ਗਰਾਮ ਸਮੈਕ ਵਰਗੀ ਵਸਤੂ ਅਤੇ 100 ਗਰਾਮ ਪਾਰਾ ਬਰਾਮਦ ਹੋਇਆ ਹੈ। ਇਸ ਜੇਲ੍ਹ ਵਿੱਚੋਂ 56 ਮੋਬਾਈਲ ਫੋਨ ਅਤੇ ਇਕ ਸਿਮ ਵੀ ਮਿਲਿਆ ਹੈ। ਇਸ ਜੇਲ੍ਹ ਦੇ ਦੋ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚੋਂ ਇਸ ਸਮੇ ਦੌਰਾਨ 15000 ਨਸ਼ੀਲੀਆਂ ਗੋਲੀਆਂ ਤੇ 30 ਗਰਾਮ ਅਫੀਮ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਜੇਲ੍ਹ ਦੇ ਇੱਕ ਵਾਰਡਨ ਕੋਲੋਂ ਹੀ 500 ਗਰਾਮ ਚਰਸ ਫੜੀ ਗਈ ਹੈ ਜਦਕਿ ਅੱਠ ਕੈਦੀਆਂ ਕੋਲੋਂ ਪੰਜ ਮੋਬਾਈਲ ਫੋਨ ਬਰਾਮਦ ਹੋਏ ਹਨ। ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਵਿੱਚੋਂ 1874 ਨਸ਼ੀਲੇ ਕੈਪਸੂਲ ਤੇ 972 ਗੋਲੀਆਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ 50 ਗਰਾਮ ਚਰਸ ਤੇ ਇੱਕ ਗਰਾਮ ਸਮੈਕ ਵੀ ਮਿਲੀ ਹੈ। ਇਸ ਜੇਲ੍ਹ ਵਿੱਚੋਂ 18 ਮੋਬਾਈਲ ਵੀ ਬਰਾਮਦ ਹੋਏ ਹਨ। ਇਸ ਜੇਲ੍ਹ ਦੇ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।ਬੋਰਸਟਲ ਜੇਲ੍ਹ ਲੁਧਿਆਣਾ ਵਿਚੋਂ ਇਸ ਸਮੇਂ ਦੌਰਾਨ 3330 ਨਸ਼ੀਲੀਆਂ ਗੋਲੀਆਂ, 50 ਗਰਾਮ ਨਸ਼ੀਲੇ ਪਦਾਰਥ ਵਰਗੀ ਵਸਤੂ ਅਤੇ ਸੱਤ ਤੰਬਾਕੂ ਦੇ ਪੈਕਟ ਬਰਾਮਦ ਹੋਏ ਹਨ। ਇਸ ਸਮੇਂ ਦੌਰਾਨ 51 ਬੰਦੀਆਂ ਕੋਲੋਂ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਹੋਏ ਹਨ ਅਤੇ ਜੇਲ੍ਹ ਦੇ ਕਿਸੇ ਮੁਲਾਜ਼ਮ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਜ਼ਿਲ੍ਹਾ ਜੇਲ੍ਹ ਨਾਭਾ ਵਿੱਚੋਂ ਇੱਕ ਵਾਰਡਨ ਕੋਲੋਂ ਹੀ 100 ਲੋਮੋਟਿਲ ਗੋਲੀਆਂ ਬਰਾਮਦ ਹੋਈਆਂ ਸਨ ਜਿਸ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਸੀ ਪਰ ਬਾਅਦ ਵਿੱਚ ਉਹ ਅਦਾਲਤ ਵਿੱਚੋਂ ਬਰੀ ਹੋ ਗਿਆ ਸੀ।

ਇਸ ਜੇਲ੍ਹ ਵਿਚੋਂ 51 ਮੋਬਾਈਲ ਅਤੇ 22 ਸਿਮ ਕਾਰਡ ਵੀ ਬਰਾਮਦ ਹੋਏ ਹਨ। ਜ਼ਿਲ੍ਹਾ ਜੇਲ੍ਹ ਰੂਪਨਗਰ ਵਿੱਚੋਂ 38 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹੈ। ਇਸ ਜੇਲ੍ਹ ਵਿੱਚੋਂ ਤਿੰਨ ਕੈਦੀਆਂ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ। ਇਸ ਜੇਲ੍ਹ ਦੇ ਚਾਰ ਵਾਰਡਨਾਂ ਤੇ ਚਾਰ ਕੈਦੀਆਂ ਵਿਰੁੱਧ ਕਾਰਵਾਈ ਕੀਤੀ ਗਈ। ਸਬ ਜੇਲ੍ਹ ਬਰਨਾਲਾ ਵਿੱਚੋਂ ਤਿੰਨ ਮੋਬਾਈਲ ਫੋਨ,ਸਬ ਸੁਧਾਰ ਘਰ ਮੋਗਾ ਵਿੱਚੋਂ ਸ਼ਰਾਬ ਦੀਆਂ ਦੋ ਬੋਤਲਾਂ ਤੇ ਕੁਝ ਗੋਲੀਆਂ ਅਤੇ ਸਬ ਜੇਲ੍ਹ ਮਾਲੇਰਕੋਟਲਾ ਵਿੱਚੋਂ 200 ਗਰਾਮ ਸੁਲਫਾ ਬਰਾਮਦ ਹੋਇਆ ਹੈ। ਸਬ ਜੇਲ੍ਹ ਪੱਟੀ ਵਿੱਚੋਂ ਇਸ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦਾ ਨਸ਼ਾ ਤੇ ਮੋਬਾਈਲ ਫੋਨ ਵਗੈਰਾ ਬਰਾਮਦ ਨਹੀਂ ਹੋਇਆ। ਖੁੱਲ੍ਹੀ ਖੇਤੀਬਾੜੀ ਜੇਲ੍ਹ ਨਾਭਾ ਵੀ ਇਸ ਬੁਰਾਈ ਤੋਂ ਮੁਕਤ ਹੈ। ਇਸ ਜੇਲ੍ਹ ਦੇ ਸੁਪਰਡੈਂਟ ਅਨੁਸਾਰ ਇਸ ਖੁੱਲ੍ਹੀ ਖੇਤੀਬਾੜੀ ਜੇਲ੍ਹ ਵਿੱਚ ਕੇਵਲ ਨੇਕ ਆਚਰਣ ਵਾਲੇ ਉਮਰ ਕੈਦੀ ਹੀ ਰੱਖੇ ਜਾਂਦੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ