ਅਜੇ ਵੀ ਸਹਿਮ ਦਾ ਸ਼ਿਕਾਰ ਹਨ ਗੁਜਰਾਤ ਵਸਦੇ ਪੰਜਾਬੀ ਕਿਸਾਨ -ਸ਼ਿਵ ਇੰਦਰ ਸਿੰਘ
Posted on:- 17-12-2013
8 ਅਕਤੂਬਰ ਨੂੰ ਹਮਲੇ ਦਾ ਸ਼ਿਕਾਰ ਹੋਏ ਗੁਜਰਾਤ ’ਚ ਰਹਿੰਦੇ ਪੰਜਾਬੀ ਕਿਸਾਨ ਅਮਨ ਸਿੰਘ ਤੇ ਜਸਵਿੰਦਰ ਸਿੰਘ ਦੇ ਪਰਿਵਾਰ ’ਤੇ ਮੁਸਬੀਤਾਂ ਹਾਲੇ ਵੀ ਮੰਡਰਾ ਰਹੀਆਂ ਹਨ। ਪਰਿਵਾਰ ਨੂੰ ਸਥਾਨਕ ਭਾਜਪਾਈ ਲੀਡਰਾਂ ਵੱਲੋਂ ਪੁਲਿਸ ਰਾਹੀਂ ਡਰਾਉਣ- ਧਮਕਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੁਝ ਦਿਨ ਪਹਿਲਾਂ ਅਮਨ ਸਿੰਘ ’ਤੇ ਝੂਠੇ ਇਲਜ਼ਾਮ ਲਾ ਕੇ ਪੁਲਿਸ ਨੇ ਉਸ ਨੂੰ ਹਵਾਲਾਤ ’ਚ ਬੰਦ ਕਰੀ ਰੱਖਿਆ।
ਪੀੜਤ ਅਮਨ ਸਿੰਘ ਦੇ ਦੱਸਣ ਮੁਤਾਬਕ ਉਹ 10 ਨਵੰਬਰ ਨੂੰ ਜਦੋਂ ਪੰਜਾਬ ਤੋਂ ਵਾਪਸ ਆਇਆ ਤਾਂ ਸਥਾਨਕ ਪੁਲਿਸ ਨੇ ਉਸ ’ਤੇ ਝੂਠਾ ਇਲਜ਼ਾਮ ਲਗਾ ਕੇ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਜੋ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਉਪ ਚੇਅਰਮੈਨ ਅਜੈਬ ਸਿੰਘ ਦੇ ਦਖ਼ਲ ਦੇਣ ਦੇ ਦੋ ਦਿਨ ਬਾਅਦ ਰਿਹਾਅ ਹੋਇਆ।
ਅਮਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੰਜਾਬ ਤੋਂ ਆਏ ਰਿਸ਼ਤੇਦਾਰਾਂ ਨੂੰ 14 ਨਵੰਬਰ ਨੂੰ ਰੇਲਵੇ ਸਟੇਸ਼ਨ ’ਤੇ ਛੱਡ ਕੇ ਵਾਪਸ ਆ ਰਿਹਾ ਸੀ ਕਿ ਪੁਲਿਸ ਨੇ ਰਸਤੇ ਵਿੱਚੋਂ ਹੀ ਉਸ ਨੂੰ ਇਹ ਕਹਿ ਕੇ ਚੁੱਕ ਲਿਆ ਕਿ ਉਸ ਨੇ ਪੰਜਾਬ ਤੋਂ ਕੁਝ ਗਲਤ ਅਨਸਰਾਂ ਨੂੰ ਬੁੁਲਾਇਆ ਹੈ। ਉਸ ਨੂੰ ਬਿਨਾਂ ਕਿਸੇ ਦੋਸ਼ ਦੇ ਦੋ ਦਿਨ ਵਿੱਚ ਹਵਾਲਾਤ ਵਿੱਚ ਰੱਖਿਆ ਗਿਆ।
ਪੀੜਤ ਗੁਜਰਾਤੀ ਕਿਸਾਨ ਦਾ ਕਹਿਣਾ ਹੈ ਕਿ ਇਹ ਸਭ ਕੁਝ ਭਾਜਪਾ ਦੇ ਸਥਾਨਕ ਆਗੂ ਹਠੂਬਾ ਭਾਈ ਜਡੇਜਾ ਦੇ ਕਹਿਣ ’ਤੇ ਹੋਇਆ ਹੈ ਤੇ ਪੁਲਿਸ ਹੁਣ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ।
ਦੱਸਣਯੋਗ ਹੈ ਕਿ ਲੋਰੀਆ ਇਲਾਕੇ ਦੇ ਭਾਜਪਾ ਨਾਲ ਸਬੰਧਤ ਹਠੂਬਾ ਭਾਈ ਜਡੇਜਾ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਅਮਨ ਸਿੰਘ ਤੇ ਜਸਵਿੰਦਰ ਸਿੰਘ ਦੀ ਜ਼ਮੀਨ ਦੀ ਧੋਖੇ ਨਾਲ ਰਜਿਸਟਰੀ ਕਰਵਾ ਲਈ ਸੀ, ਫ਼ਿਰ ਦੋਵੇਂ ਭਰਾਵਾਂ ’ਤੇ ਹਮਲਾ ਕੀਤਾ, ਜਿਸ ਵਿੱਚ ਜਸਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਸਿੱਖ ਕਿਸਾਨ ਸਹਿਮੇ ਹੋਏ ਹਨ। ਕਈ ਪਰਿਵਾਰਾਂ ਨੇ ਪੰਜਾਬ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ। ਸਥਾਨਕ ਗੁਜਰਾਤੀ ਸਿੱਖ ਇਸ ਨੂੰ ਮੋਦੀ ਸਰਕਾਰ ਦੀ ਘੱਟ ਗਿਣਤੀਆਂ ਨਫ਼ਰਤ ਵਜੋਂ ਦੇਖ ਰਹੇ ਹਨ। ਗੁਜਰਾਤੀ ਸਿੱਖ ਕਿਸਾਨਾਂ ਦੇ ਆਗੂ ਸੁਰਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਇਸ ਪਰਿਵਾਰ ਤੋਂ ਬਿਨਾਂ ਹੋਰ ਵੀ ਕਈ ਪਰਿਵਾਰਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਹੋਏ ਹਨ, ਉਨ੍ਹਾਂ ਨੂੰ ਡਰਾਇਆ- ਧਮਕਾਇਆ ਜਾ ਰਿਹਾ ਹੈ। ਇਸ ਪਰਿਵਾਰ ’ਤੇ ਹਮਲਾ ਕਰਨ ਵਾਲੇ ਜਿਨ੍ਹਾਂ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਉਨ੍ਹਾਂ ਨੂੰ ਭਾਜਪਾ ਦੇ ਮੰਤਰੀ ਵਾਸਨ ਵਾਈ ਨੇ ਜ਼ਮਾਨਤ ’ਤੇ ਛੁਡਾ ਲਿਆ। ਪੰਜਾਬੀ ਕਿਸਾਨਾਂ ਦਾ ਕਹਿਣਾ ਹੈ ਕਿ ਅਜੇ ਤਾਂ ਮੋਦੀ ਸਿਰਫ਼ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੀ ਹਨ, ਜੇਕਰ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਇੱਥੇ ਰਹਿੰਦੇ ਪੰਜਾਬੀ ਕਿਸਾਨਾਂ ਤੇ ਹੋਰ ਘੱਟ ਗਿਣਤੀਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ।
Balwinder Barala
Shivinder not only Sikh kisan even di muslim brothers and Christians.