ਦਾਭੋਲਕਰ ਨੂੰ ਧਾਰਮਿਕ ਕੱਟੜਪੰਥੀਆਂ ਕਤਲ ਕੀਤਾ : ਪਰਿਵਾਰ
Posted on:- 14-12-2013
-ਸ਼ਿਵਇੰਦਰ ਸਿੰਘ
ਅੰਧ ਵਿਸ਼ਵਾਸਾਂ ਵਿਰੁੱਧ ਲੰਮੀ ਲੜਾਈ ਲੜਨ ਵਾਲੇ ਮਹਾਂਰਾਸ਼ਟਰ ਦੇ ਉੱਘੇ ਤਕਰਸ਼ੀਲ ਆਗੂ ਨਰਿੰਦਰ ਦਾਭੋਲਕਰ ਦੇ ਕਤਲ ਨੂੰ ਪੂਰੇ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਅਸਲ ਦੋਸ਼ੀਆਂ ਦੀ ਸ਼ਨਾਖਤ ਨਾ ਹੋਣ ਕਾਰਨ ਦਾਭੋਲਕਰ ਦੇ ਪਰਿਵਾਰ ਤੇ ਉਨ੍ਹਾਂ ਦੀ ਅੰਧ-ਸ਼ਰਧਾ ਨਿਰਮੂਲ ਸੰਸਥਾ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।
ਭਾਵੇਂ 3 ਦਸੰਬਰ ਨੂੰ ਪੁਣੇ ਕਰਾਈਮ ਬਰਾਂਚ ਨੇ ਸਬੰਧਤ ਮਾਮਲੇ ’ਚ ਦੋ ਵਿਅਕਤੀਆਂ ਨੂੰ ਸ਼ੱਕੀ ਅਧਾਰ ’ਤੇ ਗੋਆ ਤੋਂ ਫੜਿਆ ਹੈ, ਪਰ ਨਰਿੰਦਰ ਦਾਭੋਲਕਰ ਦੇ ਪਰਿਵਾਰ ਤੇ ਸਨੇਹੀਆਂ ਦਾ ਕਹਿਣਾ ਹੈ ਕਿ ਅਸਲ ’ਚ ਇਹ ਕਦਮ ਸਿਰਫ਼ ਖ਼ਾਨਾਪੂਰਤੀ ਲਈ ਕੀਤਾ ਗਿਆ ਹੈ, ਜਦਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਅਸਲ ਦੋਸ਼ੀਆਂ ਨੂੰ ਫੜਨ ’ਚ ਸੂਬਾ ਪੁਲਿਸ ਨਾਕਾਮਯਾਬ ਰਹੀ ਹੈ ਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਮਰਹੂਮ ਦਾਭੋਲਕਰ ਦੇ ਪੁੱਤਰ ਹਾਮਿਦ ਦਾ ਕਹਿਣਾ ਹੈ, ‘‘ਪੁਣੇ ਕਰਾਈਮ ਬਰਾਂਚ ਨੇ ਜਿਨ੍ਹਾਂ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ, ਉਸ ਬਾਰੇ ਪਰਿਵਾਰ ਨੂੰ ਕੋਈ ਖਾਸ ਜਾਣਕਾਰੀ ਨਹੀਂ ਹੈ ਸਿਰਫ਼ ਮੀਡੀਆ ਰਿਪੋਰਟਾਂ ਤੋਂ ਹੀ ਪਤਾ ਲੱਗਾ ਹੈ। ‘‘ਇਸ ਪ੍ਰਕਿਰਿਆ ’ਚ ਹੋ ਰਹੀ ਦੇਰੀ ਪਰਿਵਾਰ ਲਈ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।’’
ਸ੍ਰੀ ਹਾਮਿਦ ਨੇ ਦੱਸਿਆ ਕਿ ‘‘ਮਹਾਂਰਾਸ਼ਟਰ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਨਾਗਪੁਰ ਹੋ ਰਿਹਾ ਹੈ, ਅਸੀਂ ਵੀ ਨਾਗਪੁਰ ’ਚ ਦੋ ਦਿਨਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਰੋਸ ਮੁਜ਼ਾਹਰਾ ਕਰ ਰਹੇ ਹਾਂ। ਸਾਡੀ ਮੰਗ ਹੈ ਕਿ ਇਸ ਇਜਲਾਸ ਵਿੱਚ ਵਿਧਾਨ ਸਭਾ ਵੱਲੋਂ ਜਾਦੂ ਟੂਣੇ ਤੇ ਕਾਲੇ ਇਲਮ ਖਿਲਾਫ਼ ਕਾਨੂੰਨ ਬਣਾਇਆ ਜਾਵੇ ਤੇ ਦੂਜਾ ਸ੍ਰੀ ਦਾਭੋਲਕਰ ਦੇ ਕਤਲ ਦੇ ਮਾਮਲੇ ਦੀ ਉਚ ਪੱਧਰੀ ਜਾਂਚ ਹੋਵੇ।’’
ਅੰਧ ਸ਼ਰਧਾ ਨਿਰਮੂਲ ਸੰਸਥਾ ਦੇ ਆਗੂ ਸ੍ਰੀ ਮਿਲਨ ਦੇਸ਼ਮੁਖ ਦਾ ਕਹਿਣਾ ਹੈ, ‘‘ਸਾਡਾ ਮੰਨਣਾ ਹੈ ਕਿ ਪੁਲਿਸ ਨੇ ਜੋ ਬੰਦੇ ਗਿ੍ਰਫ਼ਤਾਰ ਕੀਤੇ ਹਨ ਉਹ ਸਿਰਫ਼ ਖਾਨਾਪੂਰਤੀ ਹੈ। ਇਨ੍ਹਾਂ ਵਿਅਕਤੀਆਂ ਦਾ ਕਤਲ ’ਚ ਕੋਈ ਸਿੱਧਾ ਹੱਥ ਨਹੀਂ ਲੱਗਦਾ। ਸਾਡੀ ਸੰਸਥਾ ਦਾ ਯਕੀਨ ਹੈ ਕਿ ਸ੍ਰੀ ਦਾਭੋਲਕਰ ਨੂੰ ਧਾਰਮਿਕ ਕੱਟੜਪੰਥੀਆਂ ਨੇ ਕਤਲ ਕੀਤਾ ਹੈ। ਸਾਡੀ ਸੰਸਥਾ ਦੇ ਕਈ ਆਗੂਆਂ ਨੂੰ ਹੁਣ ਵੀ ਧਾਰਮਿਕ ਕੱਟੜਪੰਥੀਆਂ ਵੱਲੋਂ ਧਮਕੀਆਂ ਭਰੇ ਪੱਤਰ ਮਿਲ ਰਹੇ ਹਨ।’’
ਦੱਸਣਯੋਗ ਹੈ ਕਿ ਮਰਹੂਮ ਨਰਿੰਦਰ ਦਾਭੋਲਕਰ ਲੰਮੇ ਸਮੇਂ ਤੋਂ ਮਹਾਂਰਾਸ਼ਟਰ ’ਚ ਅੰਧ ਵਿਸ਼ਵਾਸਾਂ, ਜਾਦੂ-ਟੂਣੇ ਤੇ ਕਾਲੇ ਇਲਮ ਖਿਲਾਫ਼ ਲੜਾਈ ਲੜ ਰਹੇ ਸਨ। ਇਸ ਦੇ ਖਿਲਾਫ਼ ਉਨ੍ਹਾਂ ਨੇ ‘ਅੰਧ ਸ਼ਰਧਾ ਨਿਰਮੂਲ ਸੰਸਥਾ’ ਦਾ ਨਿਰਮਾਣ ਵੀ ਕੀਤਾ। ਉਹ ਜਾਦੂ-ਟੂਣਿਆਂ ਤੇ ਕਾਲੇ ਇਲਮ ਖਿਲਾਫ਼ ਸਰਕਾਰੀ ਕਾਨੂੰਨ ਪਾਸ ਕਰਵਾਉਣ ਲਈ ਲੰਮੇ ਸਮੇਂ ਤੋਂ ਜੱਦੋ-ਜਹਿਦ ਕਰ ਰਹੇ ਸਨ। ਜਿਸ ਕਰਕੇ ਬਹੁਤ ਸਾਰੇ ਰੂੜੀਵਾਦੀ ਸੰਗਠਨ ਉਨ੍ਹਾਂ ਦੇ ਖਿਲਾਫ਼ ਹੋ ਗਏ ਸਨ। ਇਸ ਤੋਂ ਬਿਨਾਂ ਉਨ੍ਹਾਂ ਛੂਤ-ਛਾਤ ਤੇ ਰੂੜੀਵਾਦੀ ਰੀਤਾਂ ਵਿਰੁੱਧ ਵੀ ਲੜਾਈ ਲੜੀ। 20 ਅਗਸਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਮਰਹੂਮ ਵਿਚਾਰਕ ਦੀ ਬੇਟੀ ਮੁਕਤਾ ਦਾ ਕਹਿਣਾ ਹੈ, ‘‘ਭਾਵੇਂ ਸਾਡਾ ਦੇਸ਼ ਦੇ ਕਾਨੂੰਨ ’ਚ ਪੂਰਾ ਵਿਸ਼ਵਾਸ ਹੈ ਪਰ ਪੁਲਿਸ ਕਾਰਵਾਈ ’ਚ ਢਿੱਲ-ਮੱਠ ਇਹ ਸੁਨੇਹਾ ਦਿੰਦੀ ਹੈ ਕਿ ਦੇਸ਼ ਦਾ ਕੋਈ ਵੀ ਅਗਾਂਹਵਧੂ ਵਿਚਾਰਾਂ ਵਾਲਾ ਵਿਅਕਤੀ ਸੁਰੱਖਿਅਤ ਨਹੀਂ ਹੈ। ਸਾਡੇ ਪਰਿਵਾਰ ਨੇ ਸੂਬਾ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਦੀ ਸੂਚੀ ਵੀ ਸੌਂਪੀ ਹੈ, ਪਰ ਸਫ਼ਲਤਾ ਨਾ ਦੇ ਬਰਾਬਰ ਹੈ।’’
jasvir manguwal
good job. he was great personality ,system is responsible for this