ਅਣਪਛਾਤੀਆਂ ਲਾਸ਼ਾਂ ਦੇ ਵਾਰਸ ਲੱਭਣ ’ਚ ਮਾਨਸਾ ਪੁਲਿਸ ‘ਜ਼ੀਰੋ‘ -ਜਸਪਾਲ ਸਿੰਘ ਜੱਸੀ
Posted on:- 14-04-2012
ਪੰਜਾਬ ਭਰ ’ਚੋਂ ਨੰਬਰ ਇੱਕ ਹੋਣ ਦਾ ਖਿਤਾਬ ਹਾਸਲ ਕਰਨ ਵਾਲੀ ਮਾਨਸਾ ਜ਼ਿਲ੍ਹਾ ਪੁਲਿਸ ਭਾਵੇਂ ਆਪਣੇ ਮਹਿਕਮੇ ਅਤੇ ਆਮ ਲੋਕਾਂ ਦੀਆਂ ਨਜ਼ਰਾਂ ’ਚ ‘ਹੀਰੋ‘ ਬਣ ਚੁੱਕੀ ਹੈ, ਪਰ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਤੋਂ ਲੰਬਾ ਸਮਾਂ ਬਆਦ ਵੀ ਉਨ੍ਹਾਂ ਦੇ ਵਾਰਸਾਂ ਤੱਕ ਉਨ੍ਹਾਂ ਦੇ ਮਰਨ ਦਾ ਸੁਨੇਹਾਂ ਤੱਕ ਨਹੀਂ ਪਹੁੰਚਿਆ।
ਜ਼ਿਲ੍ਹਾ ਮਾਨਸਾ ’ਚ ਸਾਲ 2007 ਤੋਂ ਲੈਕੇ ਦਸੰਬਰ, 2011 ਤੱਕ ਅਣਪਛਾਤੀਆਂ ਲਾਸ਼ਾਂ ਦੀ ਗਿਣਤੀ 39 ਹੈ,ਜਿਨ੍ਹਾਂ ’ਚੋਂ ਕੇਵਲ ਥਾਨਾ ਜੋੜਕੀਆਂ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ 15 ਹੈ।ਜ਼ਿਲ੍ਹੇ ਦਾ ਪੁਲਿਸ ਥਾਨਾ ਜੋਗਾ ਹੀ ਇੱਕੋ-ਇੱਕ ਅਜਿਹਾ ਥਾਨਾ ਹੈ ਜਿਸ ਦੀ ਹਦੂਦ ’ਚ ਇਸ ਸਮੇਂ ਦੌਰਾਨ ‘ਐਸਾ‘ ਕੋਈ ਮਾਮਲਾ ਦਰਜ ਨਹੀਂ ਹੋਇਆ। ਸਾਲ 2007 ’ਚ ਜ਼ਿਲ੍ਹੇ ਦੇ ਮਾਨਸਾ, ਸਰਦੂਲਗੜ ਅਤੇ ਬੋਹਾ ਪੁਲਿਸ ਥਾਨਿਆਂ ’ਚ 3 ਅਣਪਛਾਤੀਆਂ ਲਾਸ਼ਾਂ ਬਰਾਮਦ ਹੋਈਆਂ। ਸਾਲ 2008 ’ਚ ਅਣਪਛਾਤੀਆਂ ਲਾਸ਼ਾਂ ਮਿਲਣ ਦੀ ਗਿਣਤੀ ਵੱਧਕੇ 10 ਹੋ ਗਈ, ਜਿਸ ਦੌਰਾਨ ਮਾਨਸਾ ਤੇ ਜੋੜਕੀਆਂ ਪੁਲਿਸ ਥਾਨਿਆਂ ’ਚ 3-3, ਬਰੇਟਾ ’ਚ 2 ਅਤੇ ਸਰਦੂਲਗੜ ਤੇ ਬੋਹਾ ਥਾਨੇ ’ਚ 1-1 ਮਾਮਲਾ ਦਰਜ ਹੋਇਆ। ਸਾਲ 2009 ’ਚ ਐਸੇ ਮਾਮਲਿਆਂ ਦੀ ਗਿਣਤੀ ਜ਼ਿਲ੍ਹੇ ਭਰ ’ਚ 8 ਦਰਜ ਕੀਤੀ ਗਈ ਹੈ, ਜਿਨ੍ਹਾਂ ’ਚ ਜੋੜਕੀਆਂ ’ਚ 4, ਮਾਨਸਾ ’ਚ 2 ਅਤੇ ਬੋਹਾ ਤੇ ਭੀਖੀ 1-1 ਮਾਮਲੇ ਦਰਜ ਹੋਏ ਹਨ। ਸਾਲ 2010ਦੌਰਾਨ ਦਰਜ ਹੋਏ ਕੁਲ 11 ਮਾਮਲਿਆਂ ’ਚੋਂ ਜੋੜਕੀਆਂ ’ਚ 5, ਮਾਨਸਾ ਚ 2, ਬਰੇਟਾ, ਸਰਦੂਲਗੜ ਤੇ ਕੋਟਧਰਮੂ ਥਾਨੇ ਵਿਖੇ 1-1 ਮਾਮਲੇ ਦਰਜ ਹੋਏ ਹਨ। ਪਿਛਲੇ ਵਰ੍ਹੇ ਮਾਨਸਾ ਜ਼ਿਲ੍ਹੇ ’ਚ ਅਣਪਛਾਤੀਆਂ ਲਾਸ਼ਾਂ ਪ੍ਰਾਪਤ ਹੋਣ ਦੇ 7 ਮਾਮਲੇ ਦਰਜ ਹੋਏ ਹਨ ਜਿਨ੍ਹਾਂ ’ਚ ਜੋੜਕੀਆਂ ’ਚ 3, ਮਾਨਸਾ ’ਚ 2 ਅਤੇ ਬੋਹਾ ਤੇ ਸਰਦੂਲਗੜ ਥਾਨੇ ’ਚ 1-1 ਮਾਮਲਾ ਦਰਜ ਹੋਇਆ ਹੈ।
ਪ੍ਰਾਪਤ ਹੋਈਆਂ ਲਾਸ਼ਾਂ ’ਚੋਂ ਵਧੇਰੇ ਗਿਣਤੀ 25 ਤੋਂ 45 ਸਾਲ ਦੇ ਵਿਆਕਤੀਆਂ ਦੀ ਹੈ। ਇਸ ਸਬੰਧੀ ਜਦ ਜ਼ਿਲ੍ਹਾ ਪੁਲਿਸ ਮੁਖੀ ਸ੍ਰ: ਸੁਖਦੇਵ ਸਿੰਘ ਚਹਿਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਣਪਛਾਤੀਆਂ ਲਾਸ਼ਾਂ ਮਿਲਣ ਦੇ ਮਾਮਲੇ ’ਚ ਪੁਲਿਸ ਮ੍ਰਿਤਕ ਦੇ ਸਰੀਰ ਦਾ ਡਾਕਟਰੀ ਮੁਆਇਨਾ ਕਰਵਾਕੇ, ਉਸ ਦੇ ਪਾਏ ਹੋਏ ਕੱਪੜ ਤੇ ਉਸ ਤੋਂ ਪ੍ਰਾਪਤ ਹੋਏ ਸਮਾਨ ਸਮੇਤ ਮ੍ਰਿਤਕ ਦੇ ਹੱਥਾਂ-ਪੈਰਾਂ ਦੀਆਂ ਉਗਲਾਂ ਦੇ ਪੋਟੇ ਸ਼ਨਾਖਤ ਲਈ ਰੱਖ ਲੈਂਦੀ ਹੈ ਅਤੇ ਮ੍ਰਿਤਕ ਦੇ ਸਰੀਰ ਦੀਆਂ ਤਸਵੀਰਾਂ ਤੇ ਹੁਲੀਆ ਲਿਖ ਕੇ ਸੂਬੇ ਦੇ ਸਾਰੇ ਪੁਲਿਸ ਥਾਨਿਆਂ ’ਚ ਇਤਲਾਹ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਬਾਰੇ ਪੁਲਿਸ ਦਾ ਕੋਈ ਵਿਸ਼ੇਸ਼ ਸੈਲ ਵਗੈਰਾ ਸਥਾਪਤ ਨਹੀਂ ਕੀਤਾ ਗਿਆ। ਉਕਤ ਅਣਪਛਾਤੀਆਂ ਲਾਸਾਂ ’ਚੋਂ ਵਾਰਸਾਂ ਦੀ ਸ਼ਨਾਖਤ ਕਰਨ ਦੇ ਕਿੰਨੇ ਮਾਮਲੇ ਹੱਲ ਕੀਤੇ ਗਏ ਹਨ ਦੇ ਜਵਾਬ ’ਚ ਸ੍ਰ. ਚਹਿਲ ਕੋਈ ਠੋਸ ਜਵਾਬ ਨਾ ਦੇ ਸਕੇ।