ਕੇਂਦਰੀ ਫ਼ਿਲਮ ਸੈਂਸਰ ਬੋਰਡ ਦੇ ਮੈਂਬਰਾਂ ਦੇ ਦਾਗ਼ੀ ਚਿਹਰਿਆਂ ਦੀ ਨਿਸ਼ਾਨਦੇਹੀ ਕਰਦਿਆਂ -ਸ਼ਿਵ ਇੰਦਰ
Posted on:- 03-10-2013
ਕੇਂਦਰੀ ਫ਼ਿਲਮ ਸੈਂਸਰ ਬੋਰਡ ਦੀ ਪ੍ਰਧਾਨ ਲੀਲਾ ਸੈਮਸਨ ਨੂੰ ਸੂਚਨਾ ਤੇ ਪ੍ਰਸਾਰਣ ਮੰਤਰੀ ਮੁਨੀਸ਼ ਤਿਵਾੜੀ ਦੀ ਨਰਾਜ਼ਗੀ ਤੋਂ ਬਾਅਦ ਭਾਵੇਂ ਆਪਣਾ ਬਿਆਨ ਵਾਪਸ ਲੈਣਾ ਪਿਆ ਪਰ ਬੋਰਡ ਦੀ ਹਕੀਕਤ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਸੈਮਸਨ ਨੇ ਕਿਹਾ ਸੀ ”ਸੈਂਸਰ ਬੋਰਡ ਦੇ 90 ਫ਼ੀਸਦੀ ਲੋਕ ਅਨਪੜ੍ਹ ਹਨ ਤੇ ਸੰਵੇਦਨਹੀਣ ਹਨ” ਇਹ ਗੱਲ ਉਨ੍ਹਾਂ ਦੇ ਮਹਿਕਮੇ ਦੇ ਮੰਤਰੀ ਮੁਨੀਸ਼ ਤਿਵਾੜੀ ਨੂੰ ਵੀ ਦੱਸੀ ਸੀ। ਜਵਾਬ ਵਿਚ ਉਨ੍ਹਾਂ ਨੂੰ ਮੁਨੀਸ਼ ਤਿਵਾੜੀ ਦੀ ਨਰਾਜ਼ਗੀ ਮੁੱਲ ਲੈਣੀ ਪਈ। ਨਾਰਾਜ਼ ਮੰਤਰੀ ਦਾ ਕਹਿਣਾ ਸੀ ਕਿ ਇਹ ਲੋਕ ਦੇਸ਼ ਦੇ ਲੋਕਾਂ ਦੇ ਨੁਮਾਇੰਦੇ ਹਨ, ਉਨ੍ਹਾਂ ਨੂੰ ਬਦਲਿਆਂ ਨਹੀਂ ਜਾ ਸਕਦਾ।
ਪਰ ਸ਼ਾਇਦ ਸੈਮਸਨ ਨੂੰ ਨਹੀਂ ਪਤਾ ਹੋਵੇਗਾ ਕਿ ਉਨ੍ਹਾਂ ਦੇ ਬੋਰਡ ਦੇ ਕਈ ਮੈਂਬਰਾਂ ਦੇ ਕਾਰਨਾਮੇ ਬੜੇ ਸ਼ਰਮਨਾਕ ਹਨ। ਮਿਸਾਲ ਵਜੋਂ ਇਕ ਮਹਿਲਾ ਮੈਂਬਰ ਨੂੰ ਚੋਰੀ ਦੇ ਦੋਸ਼ ਵਿਚ ਫੜਿਆ ਗਿਆ ਸੀ। ਇਕ ਹੋਰ ਮੈਂਬਰ ਬੱਸ ਵਿਚ ਔਰਤ ਨਾਲ ਛੇੜਮਾਨੀ ਕਰਦੇ ਫ਼ੜਿਆ ਗਿਆ ਸੀ।
ਫਿਲਮ ਸੰਸਾਰ ਬੋਰਡ ਦੇ ਮੈਂਬਰਾਂ ਦਾ ਵਿਵਾਦ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ ‘ਗਰੈਂਡ ਮਸਤੀ’ ਨੂੰ ਲੈ ਕੇ ਸ਼ੁਰੂ ਹੋਇਆ ਸੀ। ਕੁਝ ਲੋਕਾਂ ਨੇ ਸੈਂਸਰ ਬੋਰਡ ਦੀ ਪ੍ਰਧਾਨ ਲੀਲਾ ਸੈਮਸਨ ਨੂੰ ਈ–ਮੇਲ ਰਾਹੀਂ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਰਹਿੰਦੇ ਇਹ ਫ਼ਿਲਮ ਪਾਸ ਕਿਵੇਂ ਕੀਤੀ ਗਈ।
ਦੱਸਣਯੋਗ ਹੈ ਕਿ ਇਹ ਫਿਲਮ ਦੇ ਸੰਵਾਦ ਦੋ ਅਰਥੀ ਹਨ ਤੇ ਔਰਤਾਂ ਬਾਰੇ ਬੜੀ ਅਸ਼ਲੀਲ ਸ਼ਬਦਾਵਲੀ ਇਸ ਫ਼ਿਲਮ ਵਿਚ ਵਰਤੀ ਗਈ ਹੈ। ਇਸ ਦੇ ਜਵਾਬ ਵਿਚ ਸੈਂਸਰ ਬੋਰਡ ਦੀ ਪ੍ਰਧਾਨ ਨੇ ਆਪਣੀ ਮਜਬੂਰੀ ਦੱਸੀ। ਉਨ੍ਹਾਂ ਬੋਰਡ ਵਿਚ ਯੋਗ ਮੈਂਬਰ ਨਾ ਹੋਣ ਦਾ ਦੁਖੜਾ ਰੋਇਆ। ਇੰਨਾਂ ਹੀ ਨਹੀਂ ਇਹ ਵੀ ਕਿਹਾ ਜਦੋਂ ਇਸ ਦੀ ਜਾਣਕਾਰੀ ਉਨ੍ਹਾਂ ਮੁਨੀਸ਼ ਤਿਵਾੜੀ ਨੂੰ ਦਿੱਤੀ ਤਾਂ ਉਨ੍ਹਾਂ ਨੂੰ ਚੰਗਾ ਨਹੀਂ ਲੱਗਿਆ। ਲੀਲਾ ਸੈਮਸਨ ਤੇ ਮੁੰਬਈ ਦੇ ਲੋਕਾਂ ਵਿਚਕਾਰ ਚਿੱਠੀ ਪੱਤਰ ਦਾ ਸ਼ਾਇਦ ਲੋਕਾਂ ਨੂੰ ਪਤਾ ਲੱਗਦਾ ਜੇ ਮਾਮਲਾ ਸਰਬ ਉੱਚ ਅਦਾਲਤ ਵਿੱਚ ਨਾ ਜਾਂਦਾ।
ਦੱਸਣਯੋਗ ਹੈ ਕਿ ਸੈਂਸਰ ਬੋਰਡ ਵਿਚ ਸਿਆਸੀ ਦਖ਼ਲ ਅੰਦਾਜ਼ੀ ਹੋਣ ਕਾਰਨ ਮੈਂਬਰਾਂ ਦੀ ਗਿਣਤੀ ਲੋੜੋਂ ਵੱਧ ਹੈ। ਉਨ੍ਹਾਂ ਦੀ ਭਰਤੀ ਸਮੇਂ ਉਨ੍ਹਾਂ ਦੀ ਯੋਗਤਾ ਤੇ ਪਿਛੋਕੜ ਵੀ ਨਹੀਂ ਦੇਖਿਆ ਜਾਂਦਾ। ਇਸ ਲਈ ਹੀ ਕੋਈ ਬੁਨਿਆਈ ਯੋਗਤਾ ਮਿਥੀ ਗਈ ਹੈ। ਸੱਤਾਧਾਰੀ ਧਿਰ ਦੇ ਛਾਪਲੂਸ ਹੀ ਇਸ ਬੋਰਡ ਦੇ ਮੈਂਬਰ ਲੱਗ ਰਹੇ ਹਨ। ਪਿਛੇ ਜਿਹੇ ਯੂ.ਪੀ. ਦੇ ਮੁਜ਼ੱਫ਼ਰਨਰਗ ਜ਼ਿਲ੍ਹੇ ਵਿਚ ਬੱਸ ਵਿਚ ਛੇੜਖਾਨੀ ਕਰਦੇ ਇਹ ਬ੍ਰਿਜ ਭੂਸ਼ਨ ਤਿਆਗੀ ਨਾ ਦੇ ਬੰਦੇ ਨੂੰ ਪੁਲਿਸ ਨੇ ਫੜਿਆ ਛਾਣਬੀਣ ਕਰਨ ‘ਤੇ ਪਤਾ ਲੱਗਾ ਕਿ ਉਹ ਫਿਲਮ ਸੈਂਸਰ ਬੋਰਡ ਦਾ ਮੈਂਬਰ ਹੈ। ਇਸ ਵਿਅਕਤੀ ਨੇ ਵਿਰੋਧ ਕਰਨ ‘ਤੇ ਮਹਿਲਾ ਦੇ ਪਤੀ ਨਾਲ ਕੁੱਟਮਾਰ ਵੀ ਕੀਤੀ, ਜਦੋਂ ਮਾਮਲਾ ਭਖ ਗਿਆ ਤਾਂ ਉਸ ਨੇ ਮਹਿਲਾ ਦੇ ਪੈਰੀ ਪੈ ਕੇ ਖਹਿੜਾ ਛੁਡਾਇਆ।
ਇਸੇ ਤਰ੍ਹਾਂ ਇਕ ਹੋਰ ਮਾਮਲਾ ਚਰਚਾ ਦਾ ਵਿਸ਼ਾ ਰਿਹਾ। ਇਸੇ ਬੋਰਡ ਦੀ ਮੈਂਬਰ ਮੀਨਾ ਸ੍ਰੀ ਨੂੰ ਪਿਲਸ ਨੇ ਚੋਰੀ ਦੇ ਦੋਸ਼ ਵਿਚ ਇਸੇ ਸਾਲ ਮਾਰਚ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਦਰਅਸਲ ਚਰਚ ਗੇਟ ਕੋਲ ਚਾਰ ਮਾਰਚ ਨੂੰ ‘ਇਰੋਜ਼’ ਸਿਨੇਮਾ ਮੁੰਬਈ ਦੇ ਮਿੰਨੀ ਥੀਏਟਰ ਭੋਜਪੁਰੀ ਫ਼ਿਲਮ ਦੇ ਪ੍ਰਦਰਸ਼ਨ ਦੌਰਾਨ ਕਿਰਨ ਸ੍ਰੀਵਾਸਤਵ ਦੇ ਪਰਸ ਵਿਚੋਂ ਹੀਰੇ ਦੀਆਂ ਦੋ ਅੰਗੂਠੀਆਂ ਤੇ ਹਾਰ ਗਾਇਬ ਹੋ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਫ਼ਿਲਮ ਬੋਰਡ ਦੀ ਮੈਂਬਰ ਦੇ ਘਰੋਂ ਚੋਰੀ ਦਾ ਸਮਾਨ ਬਰਾਮਦ ਕੀਤਾ। ਕੇਂਦਰੀ ਸੂਚਨਾ ਪ੍ਰਸ਼ਾਸਨ ਮੰਤਰੀ ਨੇ ਕਦੇ ਵੀ ਅਜਿਹੇ ਅਧਿਕਾਰੀਆਂ ‘ਤੇ ਕਾਰਵਾਈ ਨਹੀਂ ਕੀਤੀ।
ਹਿੰਦੀ ਦੇ ਉਘੇ ਪੱਤਰਕਾਰ ਤੇ ਫਿਲਮ ਵਿਚ ਡੂੰਘੀ ਦਿਲਚਸਪੀ ਰੱਖਣ ਵਾਲੇ ਸ੍ਰੀ ਅਨਿਲ ਚਮੜੀਆ ਦਾ ਕਹਿਣਾ ਹੈ ”ਜਦੋਂ ਤੱਕ ਸੈਂਸਰ ਬੋਰਡ ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਦੇ ਵਰਤਾਰੇ ਵਾਪਰ ਦੇ ਰਹਿਣਗੇ।’ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੈਂਸਰ ਬੋਰਡ ਦੇ ਮੈਂਬਰ ਅਨਪੜ੍ਹ ਹੀ ਨਹੀਂ ਸਗੋਂ ਕਾਲੀਆਂ ਕਰਤੂਤਾਂ ਵਾਲੇ ਵੀ ਹਨ।
Gaz
It's about time soeonme wrote about this.