ਕੰਢੀ ਖਿੱਤੇ ਦੇ ਕਸਬਾ ਮਾਹਿਲਪੁਰ ਵਿੱਚ ਦੇਸ਼ ਭਗਤਾਂ ਅਤੇ ਸੰਤ ਬਾਬਾ ਹਰੀ ਸਿੰਘ ਕੁਹਾਰਪੁਰੀ ਵਲੋਂ ਪ੍ਰਿੰਸੀਪਲ ਹਰਭਜਨ ਸਿੰਘ ਦੀ ਅਗਵਾਈ ਵਿੱਚ 1946 ਵਿੱਚ ਸ਼ਰੂ ਕੀਤੇ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦਾ ‘ ਸਿੱਖ ਵਿਦਿਅਕ ਕੌਂਸਲ ’ ਦੇ ਦੋਫਾੜ ਹੋ ਜਾਣ ਕਾਰਨ ਇਥੇ ਪੜ੍ਹਦੇ 3500 ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਲੱਗਾ ਹੋਇਆ ਹੈ।ਕਾਲਜ ਵਿੱਚ ਚੱਲ ਰਹੇ ਕਰੋੜਾ ਰੁਪਏ ਦੇ ਪ੍ਰੋਜੈਕਟਾਂ ਦਾ ਕੰਮ ਬੰਦ ਹੋ ਗਿਆ ਹੈ।
ਵਿਰੋਧੀ ਧੜੇ ਵਲੋਂ ਕਾਲਜ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਹਨ ਅਤੇ 6 ਦਿਨਾਂ ਤੋਂ ਪੜ੍ਹਾਈ ਬੰਦ ਹੈ। ਵਿਦਿਆਰਥੀ ਕਾਲਜ ਵਿੱਚ ਕੌਸਲ ਵਲੋਂ ਪ੍ਰਿੰਸੀਪਲ ਨੂੰ ਗੈਰਕਾਨੂੰਨੀ ਤਰੀਕੇ ਨਾਲ ਮੁਅੱਤਲ ਕਰਨ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਤੋਂ ਹੜਤਾਲ ਤੇ ਰੋਸ ਧਰਨਾ ਲਾ ਕੇ ਬੈਠੇ ਹੋਏ ਹਨ। ਪ੍ਰਿੰਸੀਪਲ ਯੂਨੀਅਨ ਪੰਜਾਬ, ਸੀ ਪੀ ਐਮ, ਬਸਪਾ, ਪੀ ਪੀ ਪੀ ਅਤੇ ਵਿਦਿਅਰਥੀ ਯੂਨੀਅਨਾਂ, ਕਾਂਗਰਸ ਪਾਰਟੀ ਦੇ ਆਗੂ ਪ੍ਰਿੰਸੀਪਲ ਦੇ ਹੱਕ ਵਿੱਚ ਖੜ੍ਹ ਗਏ ਹਨ।
ਡਾ ਸੁਰਜੀਤ ਸਿੰਘ ਰੰਧਾਵਾ ਨੇ ਸਾਲ 2002 ਵਿੱਚ ਬਤੌਰ ਪਿ੍ਰੰਸੀਪਲ ਵਜੋਂ ਅਹੁੱਦਾ ਸੰਭਾਲਿਆ, ਉਸ ਵਕਤ ਵਿਦਿਆਰਥੀਆਂ ਦੀ ਕੁੱਲ ਗਿਣਤੀ 400 ਸੀ । ਉਸ ਸਮੇਂ ਕਾਲਜ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਪੂਰੀਆ ਨਹੀਂ ਦਿੱਤੀਆਂ ਜਾ ਰਹੀਆਂ ਸਨ। ਉਹਨਾਂ ਨੇ ਆਪਣੇ ਯਤਨਾ ਨਾਲ ਵਿੱਤੀ ਪ੍ਰਬੰਧ ਮਜ਼ਬੂਤ ਕੀਤੇ, ਕਾਲਜ ਵਿੱਚ ਉਚ ਸਿੱਖਿਆ ਦਾ ਪ੍ਰਬੰਧ ਕਰਨ ਲਈ ਉਚ ਪੱਧਰੀ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਡਿਗਰੀਆਂ ਲਿਆਂਦੀਆਂ। ਇਸ ਤੋਂ ਇਲਾਵਾ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਬੀ ਐਡ ਖਾਲਸਾ ਕਾਲਜ ਅਤੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਦੀਆਂ ਕਰੌੜਾ ਰੁਪਏ ਖਰਚ ਕਰਕੇ ਇਮਾਰਤਾਂ ਦੀ ਉਸਾਰੀ ਕਰਵਾਈ ਅਤੇ ਉਚ ਪੱਧਰ ਦਾ ਸਟਾਫ ਅਤੇ ਢੁਕਵੇਂ ਪ੍ਰਬੰਧ ਕੀਤੇ।
ਖੇਡ ਵਿਭਾਗ ਦੇ ਮੁੱਖੀ ਡਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੀ ਤਰੱਕੀ ਲਈ ਡਾ ਰੰਧਾਵਾ ਨੇ ਦਿਨ ਰਾਤ ਇਕ ਕਰਕੇ ਮਿਹਨਤ ਕੀਤੀ ਪ੍ਰੰਤੂ ਪਿਛਲੇ ਕੁੱਝ ਮਹੀਨਿਆਂ ਤੋਂ ਉਹਨਾਂ ਦੀ ਸਿੱਖ ਵਿਦਿਅਕ ਕਮੇਟੀ ਦੇ ਅਨਪੜ੍ਹ ਪ੍ਰਧਾਨ ਸੰਤ ਸਾਧੂ ਸਿੰਘ ਨਾਲ ਘਰਦੇ ਨਿੱਜੀ ਝਗੜੇ ਕਾਰਨ ਰਿਸ਼ਤਿਆਂ ਵਿੱਚ ਦਰਾੜ ਪੈ ਗਈ। ਸੰਤ ਸਾਧੂ ਸਿੰਘ ਪ੍ਰਿੰਸੀਪਲ ਦੇ ਸਹੁਰਾ ਪਰਿਵਾਰ ਨਾਲ ਸਬੰਧ ਰੱਖਦੇ ਹਨ। ਡਾ ਜੰਗ ਬਹਾਦਰ ਸਿੰਘ ਗੜ੍ਹਸ਼ੰਕਰ ਜੋ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਹਨ ਉਹ ਡਾ ਰੰਧਾਵਾ ਦੇ ਰਿਸ਼ਤੇ ਵਿੱਚ ਸਾਂਢੂ ਹਨ। ਡਾ ਰੰਧਾਵਾ ਦੀ ਪਤਨੀ ਆਪਣੇ ਮਾਪਾ ਪਰਿਵਾਰ ਨਾਲ ਮਿਲਕੇ ਉਹਨਾਂ ਖਿਲਾਫ ਅਦਾਲਤ ਅਤੇ ਯੂਨੀਵਰਸਿਟੀ ਵਿੱਚ ਅਜਿਹੀਆਂ ਸ਼ਿਕਾਇਤਾਂ ਕਰ ਚੁੱਕੇ ਹਨ ਜਿਸ ਸਦਕਾ ਕਾਲਜ ਦਾ ਚੰਗਾ ਭਲਾ ਚੱਲਦਾ ਕੰਮ ਠੱਪ ਹੋਕੇ ਰਹਿ ਗਿਆ ਹੈ। ਉਪਰੋਥਲੀ ਝੂਠੀਆਂ ਸ਼ਿਕਾਇਤਾਂ ਕਾਰਨ ਇਥੇ ਪੜ੍ਹ ਰਹੇ ਵਿਦਿਆਰਥੀਆਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਾਉਣ ਵਾਲੀ ਮੁੱਖ ਦੋਸ਼ੀ ਕਾਲਜ ਪ੍ਰਬੰਧਕ ਕਮੇਟੀ ਹੈ ਨਾ ਕਿ ਕਾਲਜ ਦੀ ਮਾਨਤਾ ਰੱਦ ਕਰਵਾਉਣ ਵਿੱਚ ਡਾ ਰੰਧਾਵਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਜੀਤ ਸਿੰਘ ਬੈਂਸ ਕਮੇਟੀ ਨੂੰ ਦੌਫਾੜ ਕਰਨ ਵਿੱਚ ਕਾਮਯਾਬ ਹੋ ਗਏ ਹਨ। ਉਹਨਾਂ ਨੇ ਹੀ ਝੂਠੇ ਹਲਫੀਆ ਬਿਆਨ ਅਦਾਲਤ ਅਤੇ ਯੂਨੀਵਰਸਿਟੀ ਕੋਲ ਕੀਤੀਆਂ।
ਕਮੇਟੀ ਦੇ ਸੀਨੀਅਰ ਮੈਂਬਰ ਮੇਜਰ ਬਖਤਾਵਰ ਸਿੰਘ ਅਤੇ ਮਨਜੀਤ ਸਿੰਘ ਲਾਲੀ ਨੇ ਕਿਹਾ ਕਿ ਯੂਨੀਵਰਸਿਟੀ ਦਾ ਰੂਪ ਧਾਰਨ ਕਰ ਚੁੱਕੇ ਕਾਲਜ ਨੂੰ ਬੰਦ ਕਰਵਾਉਣ ਤੇ ਤੁਲੇ ਹੋਏ ਡਾ ਜੰਗ ਬਹਾਦਰ ਸਿੰਘ ਅਤੇ ਸੰਤ ਸਾਧੂ ਸਿੰਘ ਇਹ ਦੱਸਣ ਕਿ ਕਾਲਜ ਨੇ ਜੇਕਰ ਤਰੱਕੀ ਕਰਕੇ ਉੱਚ ਦਰਜੇ ਦੇ ਡਿੱਗਰੀ ਕੋਰਸ ਇਥੇ ਲਿਆਂਦੇ ਹਨ ਤਾਂ ਉਹਨਾਂ ਦਾ ਨੁਕਸਾਨ ਕੀ ਹੈ। ਉਹਨਾ ਦੱਸਿਆ ਇਸ ਕਾਲਜ ਨੇ ਅੰਤਰਰਾਸ਼ਟਰੀ ਅਤੇ ਅਰਜਨ ਐਵਾਰਡੀ ਫੁੱਟਬਾਲਰ ਪੈਦਾ ਕੀਤੇ ਹਨ।
ਪ੍ਰਿੰਸੀਪਲ ਦੇ ਯਤਨਾ ਸਦਕਾ ਹੀ ਸਰੀਰਕ ਸਿੱਖਿਆ ਵਿਭਾਗ ਨੇ ਅਥਾਹ ਤਰੱਕੀ ਕੀਤੀ ਅਤੇ ਇਥੇ ਐਮ ਪੀ ਐਡ, ਸੀ ਪੀ ਐਡ ਤੋਂ ਇਲਾਵਾ ਐਮ ਐਸ ਸੀ ਕਮਿਸਟਰੀ, ਫਜਿਕਸ,ਇੰਸਟਰੂਮੇਟਟੇਸ਼ਨ , ਕੰਪਿਊਟਰ ਵਿਭਾਗ ਵਿੱਚ ਪੀ ਜੀ ਡੀ ਸੀ ਅਤੇ ਏ ਬੀ ਸੀ ਏ ਸਮੇਤ ਹੋਰ ਉਚ ਵਿਦਿਆ ਦੇ ਕੋਰਸ ਸ਼ੁਰੂ ਕਰਵਾਏ। ਉਹਨਾਂ ਦੱਸਿਆ ਕਿ ਇਸ ਵਕਤ ਕਾਲਜ ਵਿੱਚ ਪ੍ਰੋਫੈਸਰਾਂ ਸਣੇ 136 ਮੁਲਾਜ਼ਮ, 8 ਬੱਸਾਂ,10 ਵੈਨਾਂ, ਦੋ ਐਂਬੂਲੈਂਸ ਗੱਡੀਆਂ, 4 ਜਨਰੇਟਰ, ਫੁੱਟਬਾਲ ਮੈਦਾਨ,ਕਨਵੈਨਸ਼ਨ ਹਾਲ, ਲੜਕੀਆਂ ਅਤੇ ਲੜਕਿਆਂ ਲਈ ਵੱਖ ਵੱਖ ਕੰਟੀਨਾ, ਹੋਸਟਲ ਹਨ, ਇਸ ਤੋਂ ਇਲਾਵਾ ਦੋ ਕਰੋੜ ਰੁਪਏ ਦੀ ਲਾਗਤ ਨਾਲ ਤੈਰਾਕੀ ਤਾਲਾਬ ਅਤੇ ਆਲੀਸ਼ਾਨ ਐਡੀਟੋਰੀਅਮ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਸੀ ਪ੍ਰੰਤੂ ਕੌਸਲ ਦੇ ਦੌਫਾੜ ਹੋਣ ਨਾਲ ਜਿਥੇ ਉਕਤ ਚੱਲਦੇ ਕੰਮ ਰੁੱਕ ਗਏ ਹਨ ਉਥੇ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਵਿਦਿਆਰਥੀਆਂ ਨੂੰ ਸੰਤ ਧੜਾ ਗੁੰਮਰਾਹ ਕਰ ਰਿਹਾ ਹੈ ਕਿ ਕਾਲਜ ਦੀ ਮਾਨਤਾ ਰੱਦ ਹੋ ਜਾਣੀ ਹੈ ਤੇ ਦੂਸਰੇ ਪਾਸੇ ਉਹ ਭਰੋਸਾ ਵੀ ਦੇ ਰਹੇ ਹਨ ਕਿ ਸਾਰੇ ਕੋਰਸ ਚਾਲੂ ਰਹਿਣਗੇ।
ਇਸ ਸਬੰਧੀ ਡਾ ਸੁਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਸ ਨਾਲ ਯੂਨੀਵਰਸਿਟੀ ਅਜਿਹੇ ਬੰਦਿਆਂ ਮਗਰ ਲੱਗ ਕੇ ਧੱਕਾ ਕਰ ਰਹੀ ਹੈ ਜਿਹਨਾਂ ਦਾ ਕਾਲਜ ਨੂੰ ਇੱਕ ਰੁਪਏ ਦਾ ਯੋਗਦਾਨ ਨਹੀਂ। ਉਹ ਸਾਲ 2014 ਵਿੱਚ ਸੇਵਾ ਮੁਕਤ ਹੋ ਰਹੇ ਸਨ ਪ੍ਰੰਤੂ ਉਸਨੂੰ ਜ਼ਲੀਲ ਕਰਨ ਲਈ ਧੱਕੇ ਨਾਲ ਮੁਅੱਤਲ ਕੀਤਾ। ਜਦਕਿ ਕੋਸਲ ਭੰਗ ਹੋ ਚੁੱਕੀ ਹੈ ਅਤੇ ਨਵੀਂ ਚੋਣ ਦੋਵਾਂ ਧੜਿਆਂ ਦੀ ਕ੍ਰਮਵਾਰ 29 ਸਤੰਬਰ ਅਤੇ 13 ਅਕਤੂਬਰ ਨੂੰ ਹੋ ਰਹੀ ਹੈ। ਉਹਨਾਂ ਦੱਸਿਆ ਉਹਨਾਂ ਵਲੋਂ ਕਾਲਜ ਦੀ ਬਣਾਈ ਹਰ ਚੀਜ ਜਿਹਨਾਂ ਵਿੱਚ ਮਸ਼ੀਨਰੀ, ਇਮਾਰਤਾਂ ਸ਼ਾਮਿਲ ਹਨ ਉਹ ਸਾਰੀਆਂ ਸੰਤ ਬਾਬਾ ਹਰੀ ਸਿੰਘ ਅਤੇ ਸਿੱਖ ਵਿਦਿਅਕ ਕੌਸਲ ਮਾਹਿਲਪੁਰ ਦੇ ਨਾਮ ਤੇ ਹੀ ਹਨ। ਉਹਨਾਂ ਆਪਣੇ ਨਾਮ ਕੁਝ ਨਹੀਂ ਕਰਵਾਇਆ। ਉਹ ਖਾਲੀ ਹੱਥ ਆਏ ਸਨ ਤੇ ਖਾਲੀ ਹੀ ਜਾਣਗੇ। ਉਹਨਾਂ ਭਾਵੁਕ ਲਹਿਜੇ ਵਿੱਚ ਦੱਸਿਆ ਕਿ ਵਿਜੀਲੈਂਸ ਜਾਂਚ ਦਾ ਉਹਨਾਂ ਨੂੰ ਕੋਈ ਡਰ ਨਹੀਂ ਕਿਉਂਕਿ ਉਹਨਾਂ ਨੇ ਕੋਈ ਘਪਲੇਬਾਜੀ ਨਹੀਂ ਕੀਤੀ। ਜਦਕਿ ਸੰਤ ਸਾਧੂ ਸਿੰਘ ਇਕ ਪਰਵਾਸੀ ਔਰਤ ਦਾ ਕਾਲਜ ਨੂੰ ਦਾਨ ਕੀਤਾ ਸਾਢੇ ਗਿਆਰਾਂ ਲੱਖ ਰੁਪਿਆ ਆਪਣੇ ਬੈਂਕ ਖਾਤੇ ਵਿੱਚ ਤਬਦੀਲ ਕਰ ਚੁੱਕਾ ਹੈ। ਉਹਨਾਂ ਦੱਸਿਆ ਕਿ ਦੇਸ਼ ਭਗਤ ਅਤੇ ਤਰਕਸ਼ੀਲ ਜਥੇਬੰਦੀ ਦੀ ਪ੍ਰੇਰਨਾ ਨਾਲ ਅਜਾਦੀ ਘੁਲਾਟੀਏ ਗਦਰੀ ਹਰਜਾਪ ਸਿੰਘ ਦੇ ਪਰਿਵਾਰ ਵਲੋਂ ਸਿੱਧੇ ਤੌਰ ਤੇ ਦਿੱਤੇ 20 ਲੱਖ ਰੁਪਏ ਨਾਲ ਇਕ ਸ਼ਾਨਦਾਰ ਕਨਵੈਨਸ਼ਨ ਹਾਲ ਅਤੇ ਇਕ ਬਹੁਮੰਤਵੀ ਲਾਇਬ੍ਰੇਰੀ ਦੀ ਉਸਾਰੀ ਕਰਵਾਈ ਗਈ ।
ਅੱਜ ਵੀ ਕਾਲਜ ਦੇ ਸਮੂਹ ਕਲਾਸ ਕਮਰੇ ਜਿੰਦਰੇ ਲੱਗਣ ਕਾਰਨ ਬੰਦ ਰਹੇ ਅਤੇ 80 ਦੇ ਕਰੀਬ ਦੂਰ ਦੁਰਾਡੇ ਦੇ ਵਿਦਿਆਰਥੀ ਖਾਸਕਰ ਲੜਕੀਆਂ ਹੜਤਾਲ ਕਾਰਨ ਆਪਣੇ ਘਰਾਂ ਨੂੰ ਚਲੇ ਗਈਆਂ। ਧਰਨੇ ਦੌਰਾਨ ਵਿਦਿਆਰਥੀ ਸਾਰਾ ਦਿਨ ਸੰਤ ਸਾਧੂ ਸਿੰਘ ਅਤੇ ਡਾ ਜੰਗ ਬਹਾਦਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕਰਦੇ ਰਹੇ।