ਫੈਂਸੀ ਨੰਬਰਾਂ ਦੀ ਆੜ ’ਚ ਕਰੋੜਾਂ ਰੁਪਏ ਦਾ ਘਪਲ਼ਾ ਬੇਨਕਾਬ - ਬੀ ਐੱਸ ਭੁੱਲਰ
Posted on:- 26-08-2013
ਇਸ ਜ਼ਿਲ੍ਹੇ ਲਈ ਡੀਟੀਓ ਵਜੋਂ ਕੰਮ ਕਰ ਚੁੱਕੇ ਇੱਕ ਪੀਸੀਐੱਸ ਅਫ਼ਸਰ ਤੇ ਉਸਦੇ ਦਲਾਲ ਨੂੰ ਗ੍ਰਿਫ਼ਤਾਰ ਕਰਕੇ ਬਠਿੰਡਾ ਪੁਲਿਸ ਨੇ ਅਜਿਹੇ ਪੰਜ ਮੈਂਬਰੀ ਗਿਰੋਹ ਨੂੰ ਬੇਨਕਾਬ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ, ਜੋ ਵੇਲ਼ਾ ਵਿਹਾ ਚੁੱਕੇ ਫੈਂਸੀ ਨੰਬਰਾਂ ਦੀ ਅਲਾਟਮੈਂਟ ਦੀ ਆੜ ਹੇਠ ਹੁਣ ਤੱਕ ਨਾ ਸਿਰਫ਼ ਕਰੋੜਾਂ ਰੁਪਏ ਡਕਾਰ ਚੁੱਕਾ ਹੈ, ਬਲਕਿ ਸਰਕਾਰੀ ਖ਼ਜ਼ਾਨੇ ਨੂੰ ਵੀ ਲੱਖਾਂ ਦਾ ਚੂਨਾ ਲਾ ਚੁੱਕਾ ਹੈ।
ਨਵੇਂ ਐਕਟ ਦੀ ਇੱਕ ਧਾਰਾ ਨੇ ਉਨ੍ਹਾਂ ਮਾਲਕਾਂ ਨੂੰ ਇਹ ਅਧਿਕਾਰ ਦੇ ਦਿੱਤਾ ਸੀ, ਕਿ ਉਹ ਪੁਰਾਣੇ ਵਾਹਨ ਨੂੰ ਨਕਾਰਾ ਜਾਂ ਉਸ ਲਈ ਕੋਈ ਹੋਰ ਨੰਬਰ ਹਾਸਿਲ ਕਰਕੇ ਨਿਯਮਤ ਫੀਸਾਂ ਜਮ੍ਹਾਂ ਕਰਵਾਉਣ ਉਪਰੰਤ ਆਪਣੀ ਨਵੀਂ ਗੱਡੀ ਲਈ ਬੰਦ ਹੋ ਚੁੱਕੀ ਸੀਰੀਜ਼ ਵਾਲ਼ਾ ਨੰਬਰ ਵੀ ਟਰਾਂਸਪੋਰਟ ਵਿਭਾਗ ਤੋਂ ਲੈ ਸਕਦਾ ਹੈ। ਜਿੱਥੇ ਵੀਆਈਪੀ ਛੋਟੇ ਨੰਬਰਾਂ ਦੀ ਮਾਨਸਿਕ ਬਿਮਾਰੀ ਤੋਂ ਪੀੜ੍ਹਤ ਹਨ, ਉੱਥੇ ਹੀ ਬਹੁਤ ਸਾਰੇ ਲੋਕ ਆਪਣੇ ਵਾਹਨਾਂ ਨੂੰ ਪੁਰਾਣੇ ਨੰਬਰ ਲਗਵਾਈ ਜਾਂਦੇ ਹਨ, ਉੱਥੇ ਦਲਾਲਾਂ ਦੀ ਮੱਦਦ ਨਾਲ਼ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇਸ ਮੱਦ ਰਾਹੀਂ ਆਪਣੀਆਂ ਤਿਜੋਰੀਆਂ ਭਰਨ ਦਾ ਰਾਹ ਅਖ਼ਤਿਆਰ ਕਰ ਲਿਆ।
ਪੀਯੂਟੀ 86 ਨੰਬਰ ਵਾਲ਼ੇ ਇਨਫੀਲਡ ਮੋਟਰ ਸਾਈਕਲ ਦੇ ਮਾਲਕ ਰਾਜਬਿੰਦਰ ਸਿੰਘ ਵਾਸੀ ਗਿੱਲਪੱਤੀ ਨੇ ਜਦ ਅਜਿਹੇ ਨੰਬਰ ਵਾਲ਼ੀ ਇੱਕ ਸਵਿਫਟ ਕਾਰ ਦੇਕੀ ਤਾਂ ਉਸਨੇ ਉਸਦੇ ਮਾਲਕ ਸੁਨੀਲ ਕੁਮਾਰ ਕੋਲ਼ ਡਾਡਾ ਇਤਰਾਜ਼ ਪ੍ਰਗਟ ਕੀਤਾ। ਉਸਨੇ ਦੱਸਿਆ ਕਿ 70 ਹਜ਼ਾਰ ਰੁਪਏ ਦੀ ਅਦਾਇਗੀ ਰਜੀਵ ਮਿੱਤਲ ਨਾਂ ਦੇ ਇੱਕ ਦਲਾਲ ਰਾਹੀਂ ਟਰਾਂਸਪੋਰਟ ਮਹਿਕਮੇ ਦੇ ਕਰਮਚਾਰੀਆਂ ਨੂੰ ਅਦਾ ਕਰਕੇ ਉਸਨੇ ਇਹ ਵੀਆਈਪੀ ਰੁਤਬਾ ਹਾਸਲ ਕੀਤਾ ਹੈ। ਰਾਜਵਿੰਦਰ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ 31 ਜੁਲਾਈ ਨੂੰ ਡੀਟੀਓ ਦਫ਼ਤਰ ਬਠਿੰਡਾ ਦੇ ਸੀਨੀਅਰ ਕਲਰਕ ਰਮਨ ਕੁਮਾਰ, ਸਮਾਰਟ ਚਿੱਪ ਕੰਪਨੀ ਦੇ ਸੁਪਰਵਾਈਜ਼ਰ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਦਲਾਲ ਰਜੀਵ ਮਿੱਤਲ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 420, 465, 468, 471 ਅਤੇ 120 ਬੀ ਅਧੀਨ ਮੁਕੱਦਮਾ ਦਰਜ ਕਰ ਲਿਆ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਰਵਚਰਨ ਸਿੰਘ ਬਰਾੜ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦਲਾਲ ਦੀ ਗਿ੍ਰਫਤਾਰੀ ਤੋਂ ਬਾਅਦ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਏ, ਉਨ੍ਹਾਂ ਤੋਂ ਇਹ ਸਪੱਸ਼ਟ ਹੋ ਗਿਆ, ਕਿ ਇਸ ਘਾਲ਼ੇ-ਮਾਲ਼ੇ ਵਿੱਚ ਜੂਨੀਅਰ ਸਟਾਫ਼ ਤੋਂ ਇਲਾਵਾ ਕੁੱਝ ਸਮਾਂ ਪਹਿਲਾਂ ਇੱਥੋਂ ਬਦਲ ਚੁੱਕੇ ਡੀ.ਟੀ.ਓ. ਭੁਪਿੰਦਰ ਮੋਹਨ ਸਿੰਘ ਦੀ ਵੀ ਸਰਗਰਮ ਸ਼ਮੂਲੀਅਤ ਹੈ। ਸਿੱਟੇ ਵਜੋਂ ਇਸ ਮੁਕੱਦਮੇ ਦੇ ਜੁਰਮ ਵਿੱਚ ਭਿ੍ਰਸ਼ਟਾਚਾਰ ਰੋਕਣ ਵਾਲ਼ੀਆਂ ਧਾਰਵਾਂ ਦਾ ਵਾਧਾ ਕਰਦਿਆਂ ਪੁਲਿਸ ਨੇ ਅੱਜ ਸੁਬ੍ਹਾ ਇਸ ਪੀਸੀਐੱਸ ਅਫ਼ਸਰ ਨੂੰ ਵੀ ਰੋਪੜ ਤੋਂ ਗਿ੍ਰਫ਼ਤਾਰ ਕਰ ਲਿਆ। ਇਸ ਮਾਮਸਲੇ ਵਿੱਚ ਸ਼ਾਮਲ ਸੀਨੀਅਰ ਕਲਰਕ ਰਮਨ ਕੁਮਾਰ, ਡਾਟਾ ਅਪਰੇਟਰ ਬਲਜੀਤ ਸਿੰਘ ਅਤੇ ਗਗਨੇਤਸਵਰ ਨੂੰ ਕਾਬੂ ਰਨ ਲਈ ਯਤਨ ਜਾਰੀ ਹਨ।
ਇਸ ਗਿਰੋਹ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦਿੰਦਿਆਂ ਸ੍ਰ: ਬਰਾੜ ਨੇ ਦੱਸਿਆ ਕਿ ਗੱਡੀ ਦੀ ਕੀਮਤ ਦੇ 6% ਤੇ ਵੀਹ ਲੱਖ ਤੋਂ ਉੱਪਰ ਵਾਲ਼ੀਆਂ ਤੇ 8% ਦੀ ਸਰਕਾਰੀ ਫੀਸ ਤੋਂ ਇਲਾਵਾ ਪੁਰਾਣਾ ਫੈਂਸੀ ਨੰਬਰ ਅਲਾਚਟ ਕਰਨ ਵਾਸਤੇ ਟਰਾਂਸਪੋਰਟ ਦੇ ਅਧਿਕਾਰੀ ਤੇ ਕਰਮਚਾਰੀ ਆਪਣੇ ਦਲਾਲ ਰਾਹੀਂ 2-2 ਲੱਖ ਪ੍ਰਤੀ ਨਗ ਦੇ ਕਰੀਬ ਰਕਮਾਂ ਲੈ ਕੇ ਰਿਕਾਰਡ ਵਿੱਚ ਇੰਦਰਾਜ ਪਾ ਦਿੰਦੇ ਸਨ, ਲਾਲਚ ’ਚ ਅੰਨ੍ਹੇ ਹੋਏ ਇਸ ਗਿਰੋਹ ਦੇ ਮੈਂਬਰ ਇਨ੍ਹਾਂ ਨੰਬਰਾਂ ਵਾਲ਼ੇ ਬਹੁਤ ਸਾਰੇ ਅਜਿਹੇ ਸਮਾਰਟ ਰਜਿਸਟਰੇਸ਼ਨ ਸਮਾਰਟ ਕਾਰਡ ਵੀ ਜਾਰੀ ਕਰ ਚੁੱਕੇ ਹਨ, ਜਿਨ੍ਹਾਂ ਡਾਟਾ ਦੇਖਣ ’ਤੇ ਇਹ ਪਾਇਆ ਗਿਆ ਕਿ ਜਿਹੜੇ ਨੰਬਰ ਉਨ੍ਹਾਂ ਦੀਆਂ ਗੱਡੀਆਂ ਨੂੰ ਲੱਗੇ ਹੋਏ ਹਨ, ਉਨ੍ਹਾਂ ’ਚ ਦਰਜ ਚਾਸੀ ਤੇ ਇੰਜਨਾਂ ਵਾਲ਼ੇ ਮਾਲਕ ਕੋਈ ਹੋਰ ਹੀ ਹਨ।
ਸ੍ਰ: ਬਰਾੜ ਨੇ ਦੱਸਿਆ ਕਿ ਅਲਾਟ ਕੀਤੇ ਜਾ ਚੁੱਕੇ ਫੈਂਸੀ ਨੰਬਰਾਂ ਦੀਆਂ 40 ਤੋਂ ਵੱਧ ਜੋ ਫਾਈਲਾਂ ਡੀ.ਟੀ.ਓ. ਦਫ਼ਤਰ ਵਿੱਚੋਂ ਗਾਇਬ ਹਨ, ਉਨ੍ਹਾਂ ’ਤੇ ਪਰਦਾ ਪਾਉਣ ਲਈ ਕੁਝ ਸਮਾਂ ਪਹਿਲਾਂ ਅਧਿਕਾਰਪੀਆਂ ਨੇ ਥਾਣੇ ਵਿੱਚ ਰਿਪੇਰਟ ਦਰਜ ਕਰਵਾਉਣ ਦਾ ਵੀ ਅਸਫਲ ਯਤਨ ਕੀਤਾ ਸੀ। ਜਦ ਕਿ ਦਲਾਲ ਦੇ ਘਰੋਂ ਇਸ ਦਫ਼ਤਰ ਨਾਲ਼ ਸੰਬੰਧਤ ਬਰਾਮਦ ਹੋਏ ਦਸਤਾਵੇਜਾਂ, ਜਾਰੀ ਕੀਤੇ ਜਾਣ ਵਾਲ਼ੇ ਨੰਬਰਾਂ ਦੀਆਂ ਤਿਆਰ ਕੀਤੀਆਂ 15 ਫਾਈਲਾਂ ਤੋਂ ਇਉਂ ਜਾਪਦੈ ਜਿਵੇਂ ਅਸਲ ਦਫ਼ਤਰ ਉਸਦੀ ਰਿਹਾਇਸ਼ ਤੋਂ ਹੀ ਚੱਲ ਰਿਹਾ ਸੀ।