ਦੋ ਨੌਜਵਾਨ ਲੜਕਿਆਂ ਦੀ ਬਿਮਾਰੀ ਕਾਰਨ ਮੌਤ, ਤੀਸਰਾ ਲੜਕਾ ਅਪਾਹਜ
ਅਰਜੁਨ ਐਵਾਰਡੀ ਦੌੜਾਕ ਅਤੇ ਉਡਣੇ ਸਿੱਖ ਮਿਲਖਾ ਸਿੰਘ ਨੂੰ ਇਕ ਮੁਕਾਬਲੇ ਵਿਚ ਹਰਵਾਉਣ ਵਾਲੇ ਮੱਖਣ ਸਿੰਘ ਦਾ ਪਰਿਵਾਰ ਉਸਦੀ ਮੌਤ ਤੋਂ ਬਾਅਦ ਆਪਣੇ ਘਰ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਚੱਬੇਵਾਲ ਨਾਲ ਲਗਦੇ ਪਹਾੜੀ ਖਿੱਤੇ ਦੇ ਪਿੰਡ ਬਠੁੱਲਾ ਵਿਖੇ ਮੱਖਣ ਸਿੰਘ ਦੀ ਵਿਧਵਾ ਸੁਰਿੰਦਰ ਕੌਰ ਤਿੰਨ ਜਵਾਨ ਲੜਕਿਆਂ ਵਿਚੋਂ ਇੱਕ ਬਚੇ ਅਪਾਹਜ ਲੜਕੇ ਅਤੇ ਬਹੁ ਨਾਲ ਬੜੀ ਮੁਸ਼ਕਲ ਨਾਲ ਦਿਨ ਕਟੀ ਕਰ ਰਹੀ ਹੈ।
ਸਰਕਾਰ ਵਲੋਂ ਦਿੱਤੀ ਜਾਂਦੀ ਪੈਂਨਸ਼ਨ ਵੀ ਪਿਛਲੇ ਕਈ ਸਾਲਾਂ ਤੋਂ ਬੰਦ ਹੋ ਚੁੱਕੀ ਹੈ।ਮੱਖਣ ਸਿੰਘ ਦੀ ਜਿੱਥੇ ਭਾਰਤੀ ਫੌਜ ਸਮੇਤ ਪੂਰੀ ਦੁਨੀਆਂ ਵਿਚ ਤੂਤੀ ਬੋਲਦੀ ਸੀ, ਉਥੇ ਹੁਣ ਪਹਾੜੀ ਇਲਾਕੇ ਦੇ ਥੁੜ੍ਹਾਂ ਅਤੇ ਕਿਸਮਤ ਮਾਰੇ ਪਿੰਡ ਬਠੁੱਲਾ ਦੇ ਵਿਚਕਾਰ ਸਥਿਤ ਪਰਿਵਾਰ ਦੇ ਬਚਦੇ ਤਿੰਨ ਮੈਂਬਰਾਂ ਦੀ ਕੋਈ ਅਵਾਜ਼ ਨਹੀਂ ਸੁਣ ਰਿਹਾ। ਉਸਦੇ ਤਿੰਨ ਲੜਕਿਆਂ ਵਿਚੋਂ ਇੰਦਰਪਾਲ ਸਿੰਘ ਦੀ 1994 ਅਤੇ ਗੁਰਵਿੰਦਰ ਸਿੰਘ ਦੀ 2009 ਵਿਚ ਭਿਆਨਕ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਦੋਵੇਂ ਲੜਕੇ 10+2 ਤੱਕ ਪੜ੍ਹੇ ਪ੍ਰੰਤੂ ਕਿਸਮਤ ਨੇ ਉਹਨਾਂ ਨੂੰ ਮੱਖਣ ਸਿੰਘ ਦੇ ਪਰਿਵਾਰ ਦਾ ਸਹਾਰਾ ਬਣਨ ਤੋਂ ਪਹਿਲਾਂ ਹੀ ਖੋਹ ਲਿਆ।
ਉਸਦਾ ਤੀਸਰਾ ਲੜਕਾ ਪਰਮਿੰਦਰ ਸਿੰਘ ਸੋਢੀ ਬਚਪਨ ਵਿਚ ਅਧਰੰਗ ਦੀ ਬਿਮਾਰੀ ਕਾਰਨ ਇਕ ਬਾਂਹ ਅਤੇ ਜ਼ੁਬਾਨ ਗੁਵਾ ਬੈਠਾ। ਉਸਦੀ ਇਕ ਬਾਂਹ ਨਕਾਰਾ ਹੋ ਚੁੱਕੀ ਹੈ ਅਤੇ ਜ਼ੁਬਾਨ ਵਿਚੋਂ ਉਹ ਕਿਸੇ ਨਾਲ ਵੀ ਸਾਫ ਸ਼ਬਦਾਂ ਵਿਚ ਗੱਲ ਕਰਨ ਤੋਂ ਅਸਮਰੱਥ ਹੈ। ਉਹ ਹੁਸ਼ਿਆਰਪੁਰ ਬਲਾਕ ਇਕ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ 2500 ਰੁਪਏ ਮਾਸਿਕ ਤਨਖਾਹ ਤੇ ਬਤੌਰ ਸੇਵਾਦਾਰ ਵਜੋਂ ਕੱਚੀ ਨੌਕਰੀ ਕਰ ਰਿਹਾ ਹੈ।