ਸਿੱਖਿਆ ਦਾ ਮਿਆਰ ਬਰਕਰਾਰ ਰੱਖਣ ਲਈ ਹਰ ਸਾਲ ਖਰਚੇ ਜਾ ਰਹੇ ਹਨ 1.76 ਕਰੋੜ ਰੁਪਏ
ਤਲਵਾੜਾ ’ਚ 26 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ ਪੌਲੀਟੈਕਨਿਕ,ਸੀ ਪਾਈਟ ਕੇਂਦਰ ਤੇ ਆਦਰਸ਼ ਸਕੂਲ
ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਮੰਤਰਾਲੇ ਵੱਲੋਂ ਸਾਲ 2011 ਵਿਚ ਕਰਵਾਈ ਗਈ ਜਨਗਣਨਾ ਵਿਚ ਪੰਜਾਬ ਦੀ ਸਿੱਖਿਆ ਦੇ ਖੇਤਰ ਵਿਚ 6.1 ਪ੍ਰਤੀਸ਼ਤ ਵਾਧਾ ਹੋਇਆ ਹੈ ਜਦਕਿ ਸਿੱਖਿਆ ਦਰ ਸੂਬੇ ਅੰਦਰ ਸਾਲ 2001 ਵਿਚ 69.7 ਪ੍ਰਤੀਸ਼ਤ ਸੀ ਅਤੇ ਹੁਣ ਸਾਲ 2011 ਵਿਚ 75.8 ਫੀਸਦੀ ਹੋ ਗਈ ਹੈ ਅਤੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਿੱਖਿਆ ਦਰ 84.6 ਫੀਸਦੀ ਹੋਣ ਦੇ ਨਾਲ ਹੁਸ਼ਿਆਰਪੁਰ ਮੁੜ ਪੰਜਾਬ ਦਾ ਪਹਿਲਾ ਸਭ ਤੋਂ ਵੱਧ ਸਿੱਖਿਅਤ ਜ਼ਿਲ੍ਹਾ ਬਣ ਗਿਆ ਹੈ।
ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਰੂਣ ਰੁਜ਼ਮ ਨੇ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਸੁਚੱਜੇ ਯਤਨਾਂ ਸਦਕਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਿੱਖਿਆ ਸੁਧਾਰਾਂ ਦੇ ਚਲਦਿਆਂ ਇਸ ਦੀ ਸਿੱਖਿਆ ਦਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਇਕ ਸ਼ਲਾਘਾਯੋਗ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 235 ਹਾਈ, ਸੈਕੰਡਰੀ ਸਕੂਲ ਹਨ ਅਤੇ ਸੂਬਾ ਸਰਕਾਰ ਵਲੋਂ 24 ਕਰੋੜ ਰੁਪਏ ਖਰਚ ਕਰਕੇ ਇਨ੍ਹਾਂ ਸਕੂਲਾਂ ਅੰਦਰ 50 ਨਵੇਂ ਕਮਰੇ , 89 ਸਾਇੰਸ ਲੈਬਾਂ ਅਤੇ 154 ਆਰਟ ਰੂਮ ਬਣਾ ਕੇ ਸਿੱਖਿਆ ਦੇ ਮੁੱਢਲੇ ਢਾਂਚੇ ਨੂੰ ਮਜਬੂਤ ਬਣਾਇਆ ਹੈ। ਇਸੇ ਤਰ੍ਹਾਂ ਪੇਂਡੂ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇਣ ਲਈ ਸੂਬਾ ਸਰਕਾਰ ਵਲੋਂ 12 ਕਰੋੜ ਰੁਪਏ ਖਰਚ ਕਰਕੇ ਜ਼ਿਲ੍ਹੇ ਦੇ 21 ਮਿਡਲ ਸਕੂਲਾਂ ਨੂੰ ਅਪਗਰੇਡ ਕਰਕੇ ਹਾਈ ਸਕੂਲ ਦਾ ਦਰਜਾ ਦਿੱਤਾ ਹੈ ਅਤੇ ਹੁਣ ਸਰਕਾਰ ਵਲੋਂ ਜ਼ਿਲ੍ਹੇ ਦੇ ਸਕੂਲਾਂ ਦੇ ਰੱਖ ਰਖਾਵ ਅਤੇ ਸਿੱਖਿਆ ਦੇ ਮਿਆਰ ਨੂੰ ਹੋਰ ਉਚਾ ਚੁੱਕਣ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਹਰ ਸਾਲ 1 ਕਰੋੜ 76 ਲੱਖ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਅਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਘੱਟ ਗਿਣਤੀ ਵਰਗ ਦੇ ਬੱਚਿਆਂ ਨੂੰ ਸਿੱਖਿਅਤ ਬਣਾਉਣ ਲਈ 24 ਲੱਖ ਰੁਪਏ ਵਜ਼ੀਫੇ ਦੇ ਰੂਪ ਵਿਚ ਵੰਡੇ ਜਾ ਰਹੇ ਹਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਕੰਢੀ ਇਲਾਕੇ ਅੰਦਰੋਂ ਬੇਰੁਜਗਾਰੀ ਖਤਮ ਕਰਨ ਅਤੇ ਨੌਜਵਾਨਾਂ ਨੂੰ ਸਵੈ ਰੋਜਗਾਰ ਦੇ ਯੋਗ ਬਣਾਉਣ ਲਈ ਤਲਵਾੜਾ ਵਿਖੇ 15 ਕਰੋੜ ਰੁਪਏ ਖਰਚ ਕਰਕੇ ਇਕ ਪੌਲੀਟੈਕਨਿਕ ਕਾਲਜ, 6 ਕਰੋੜ ਰੁਪਏ ਦੀ ਲਾਗਤ ਨਾਲ ਸੀ-ਪਾਈਟ ਕੇਂਦਰ ਅਤੇ 5 ਕਰੋੜ ਰੁਪਏ ਦੀ ਲਾਗਤ ਨਾਲ ਆਦਰਸ਼ ਸਕੂਲ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੰਢੀ ਇਲਾਕੇ ਦੇ ਸਕੂਲਾਂ ਦੀ ਰੈਨੋਵੇਸ਼ਨ ਲਈ ‘ਬੈਕਵਰਡ ਰੀਜ਼ਨ ਗਰਾਂਟ ਫੰਡ ਸਕੀਮ’ ਤਹਿਤ 1 ਕਰੋੜ ਰੁਪਏ ਖਰਚ ਕੀਤੇ ਗਏ ਹਨ ।
ਉਨ੍ਹਾਂ ਦੱਸਿਆ ਕਿ ਸਿੱਖਿਆ ਸੁਧਾਰਾਂ ਦੇ ਚਲਦਿਆਂ ਸਾਲ 2013 ਵਿਚ 10ਵੀਂ ਕਲਾਸ ਵਿਚੋਂ ਜ਼ਿਲ੍ਹੇ ਦੇ 36 ਬੱਚੇ ਪੰਜਾਬ ਦੀ ਮੈਰਿਟ ਵਿਚ ਆਏ ਹਨ ਅਤੇ ਹੁਸ਼ਿਆਰਪੁਰ ਨੇ ਓਵਰ ਆਲ ਪੰਜਾਬ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਸਵੀਂ ਕਲਾਸ ਦੇ 386 ਬੱਚਿਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਜਿਨ੍ਹਾਂ ਦੀ ਸਮੁੱਚੀ ਅਗਲੇਰੀ ਪੜ੍ਹਾਈ ਸੂਬਾ ਸਰਕਾਰ ਵਲੋਂ 60 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਅੰਦਰ ਬਣਾਏ ਜਾ ਰਹੇ 6 ਮਾਡਲ ਸਕੂਲਾਂ ਵਿਚ ਮੁਫ਼ਤ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਖੇਡਾਂ ਵਿਚ ਜ਼ਿਲ੍ਹੇ ਦੇ ਸਕੂਲਾਂ ਵਿਚ ਪੜ੍ਹਦੇ ਖਿਡਾਰੀਆਂ ਨੇ 13 ਸੋਨੇ ,13 ਚਾਂਦੀ ਅਤੇ 10 ਬਰਾਊਨ ਦੇ ਤਗਮੇ ਜਿੱਤੇ ਅਤੇ ਪੰਜਾਬ ਵਿਚੋਂ ਓਵਰ ਆਲ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਜ਼ਿਲ੍ਹੇ ਦੇ 2 ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰੀ ਤੇ ਇੰਸਪਾਇਰ ਐਵਾਰਡ ਲਈ ਚੋਣ ਹੋਈ ਹੈ।
ਉਨ੍ਹਾਂ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਤਹਿਤ ਜ਼ਿਲ੍ਹੇ ਅੰਦਰ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਮਜਬੂਤੀ ਲਈ ਸਰਕਾਰ ਵਲੋਂ 67 ਕਰੋੜ ਰੁਪਏ ਜ਼ਿਲ੍ਹੇ ਨੂੰ ਦਿੱਤੇ ਗਏ ਹਨ ਜਿਸ ਵਿਚੋਂ 26 ਕਰੋੜ ਰੁਪਏ ਖਰਚ ਕਰਕੇ ਜ਼ਿਲ੍ਹੇ ਦੇ 1 ਮਿਡਲ ਸਕੂਲ ਨਵੀਂ ਇਮਾਰਤ ਬਣਾਈ ਗਈ ਹੈ ਅਤੇ ਵੱਖ-ਵੱਖ ਸਕੂਲਾਂ ਦੇ 89 ਕਲਾਸ ਰੂਮ ,ਲੜਕੀਆਂ ਲਈ 80 ਬਾਥਰੂਮ, ਚੁਣੌਤੀ ਗ੍ਰਸਤ ਬੱਚਿਆਂ ਲਈ 10 ਬਾਥਰੂਮ,ਪ੍ਰਾਇਮਰੀ ਹੈਡਮਾਸਟਰਾਂ ਲਈ 10 ਹੈਡਮਾਸਟਰ ਰੂਮ, 53 ਸਕੁਲਾਂ ਵਿਚ ਰੈਂਪਸ਼, 58 ਸਕੂਲਾਂ ਦੀ ਮੇਜਰ ਰਿਪੇਅਰ ਅਤੇ ਵੱਖ-ਵੱਖ ਸਕੂਲਾਂ ਦੀ 83759 ਮੀਟਰ ਚਾਰ ਦਿਵਾਰੀ ਦੀ ਉਸਾਰੀ ਕੀਤੀ ਗਈ ਹੈ।
-ਸ਼ਿਵ ਕੁਮਾਰ ਬਾਵਾ