ਸੁਖਵਿੰਦਰ ਕੌਰ ਆਪਣੀਆਂ ਤਿੰਨ ਬੇਟੀਆਂ ਸਮੇਤ ਪਿੰਡ ਦੇ ਜ਼ਿਮੀਂਦਾਰਾਂ ਦੇ ਘਰਾਂ ਅਤੇ ਵਾੜਿਆਂ ਦਾ ਗੋਹਾ-ਕੂੜਾ ਕਰਕੇ ਆਪਣੇ ਪੇਟ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਹੈ। 50-60 ਹਜ਼ਾਰ ਦਾ ਕਰਜ਼ਾ ਅਜੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ। ਵਿਰਾਸਤ ਵਿੱਚ ਕਰਜ਼ਈ ਹੋਈਆਂ ਇਹ ਗੁੱਡੀਆਂ ਉਸ ਸਮੇਂ ਬਚਪਨ ਵਿੱਚ ਹੀ ਮਸਤ ਸਨ ਕਿ ਇਨ੍ਹਾਂ ਦੇ ਪਿਤਾ ਰਾਜੂ ਸਿੰਘ 25 ਸਾਲ ਦੀ ਉਮਰ ਵਿੱਚ ਸੰਨ 2000 ਵਿੱਚ ਡੇਢ ਲੱਖ ਦੇ ਕਰੀਬ ਕਰਜ਼ਾ ਨਾ ਦੇਣ ਕਰਕੇ ਕੀਟ ਨਾਸ਼ਕ ਦਵਾਈ ਨਿਘਲ ਗਿਆ, ਉਹ ਅੱਠ ਦਿਨ ਹਸਪਤਾਲ ਵਿੱਚ ਜ਼ਿੰਦਗੀ ਮੌਤ ਵਿਚਾਲੇ ਸੰਘਰਸ਼ ਕਰਦਾ ਰਿਹਾ, ਤੜਫਦਾ ਰਿਹਾ, ਉਸ ਦੇ ਇਲਾਜ ’ਤੇ ਲੱਗਿਆ ਦੋ ਲੱਖ ਰੁਪਏ ਨੇ ਕਰਜ਼ੇ ਦਾ ਗਰਾਫ਼ ਹੋਰ ਵਧਾ ਦਿੱਤਾ, ਅਖੀਰ ਮੌਤ ਜਿੱਤ ਗਈ । ਸੁਖਵਿੰਦਰ ਨੇ ਜ਼ਿੰਦਗੀ ਵਿੱਚ ਕਦੇ ਸੁੱਖ ਨਾ ਪਾਇਆ ਉਹ ਕਹਿੰਦੀ ਹੈ ਕਿ ਬਾਕੀ ਦੀ ਜ਼ਿੰਦਗੀ ਅਤੇ ਬੱਚਿਆਂ ਦੀ ਜ਼ਿੰਦਗੀ ਅੱਗੇ ਵੀ ਹਨੇਰ ਤੋਂ ਸਿਵਾਏ ਕੱਖ ਨਹੀਂ ਹੈ।
‘‘ਇਸ ਜ਼ਿੰਦਗੀ ਨਾਲੋਂ ਤਾਂ ਚੰਗਾ ਸੀ ਕਿ ਉਹ ਮੈਂਨੂੰ ਵੀ ਜ਼ਹਿਰ ਦੇ ਦਿੰਦਾ ਤਾਂ ਕੰਮ ਨਿੱਬੜ ਜਾਂਦਾ।’’ ਆਪਣੇ ਝੁਰੜੀਆਂ ਵਾਲੇ ਚਿਹਰੇ, ਖਿੱਲਰੇ ਵਾਲਾਂ ’ਤੇ ਬਿਆਈਆਂ ਵਾਲੇ ਫਟੇ ਹੱਥ ਫੇਰਦੀ ਇਸ ਪਿੰਡ ਫਤੂਹੀਵਾਲ ਦੀ ਵਿਧਵਾ ਮਜ਼ਦੂਰ ਸਿੰਦਰ ਕੌਰ ਦੇ ਬੋਲ ਹਨ। ਉਸ ਦੇ ਪਤੀ ਜੱਗਾ ਸਿੰਘ ਉਮਰ 34 ਸਾਲ ਨੇ ਜਿੰਦਗੀ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕੁਝ ਕਰਜ਼ਾ ਦੁਕਾਨ ਅਤੇ ਮਕਾਨ ਲਈ ਲਿਆ ਸੀ ਜੋ ਵੱਧਦਾ-ਵੱਧਦਾ ਇੱਕ ਲੱਖ ਰੁਪਏ ਤੱਕ ਪੁੱਜ ਗਿਆ, ਦੇਣ ਵਾਲਿਆਂ ਦੀਆਂ ਨਿੱਤ-ਦਿਨ ਦੀਆਂ ਧਮਕੀਆਂ ਅਤੇ ਝਿੜਕਾਂ ਤੋਂ ਤੰਗ ਆ ਕੇ ਉਸ ਨੇ 18 ਅਪ੍ਰੈਲ 2006 ਵਿੱਚ ਸਲਫ਼ਾਸ ਖਾ ਲਈ। ਵਿਧਵਾ, ਉਸ ਦੀ ਤੇਰ੍ਹਾਂ ਸਾਲ ਦੀ ਬੇਟੀ ਅਤੇ 17 ਸਾਲ ਦੇ ਲੜਕੇ ਨੂੰ ਗੁੜਤੀ ਹੀ ਕਰਜ਼ੇ ਦੀ ਮਿਲੀ ਹੋਈ ਹੈ। ਹੁਣ ਉਹ ਦਿਹਾੜੀ ਆਦਿ ’ਤੇ ਜਾਦੇ ਹਨ।
ਸਿੰਦੋ ਕੌਰ, ਤਿੰਨ ਜਵਾਨ ਕੁੜੀਆਂ ਅਤੇ ਇੱਕ ਮੁੰਡੇ ਨੂੰ ਵਿਰਸੇ ਵਿੱਚ ਜੇ ਕੁਝ ਮਿਲਿਆ ਤਾਂ ਕੇਵਲ ਜ਼ਿਮੀਂਦਾਰਾਂ ਦਾ ਕਰਜ਼ਾ। ਵਿਧਵਾ ਅਤੇ ਉਸ ਦੀਆਂ ਬੇਟੀਆਂ ਘਰਾਂ ਵਿੱਚ ਗੋਹਾ ਕੁੜਾ ਕਰਦੀਆਂ ਹਨ। ਮੁੰਡਾ ਦਿਹਾੜੀ ’ਤੇ ਜਾਂਦਾ ਹੈ। ਸਿੰਦੋ ਰੋਂਦੀ ਹੋਈ ਆਪਣਾ ਦੁੱਖ ਦੱਸਦੀ ਹੈ ਕਿ ਉਸ ਦਾ ਪਤੀ ਸੇਵਾ ਸਿੰਘ 48-49 ਸਾਲਾਂ ਦੀ ਉਮਰ ਵਿੱਚ 35 ਹਜ਼ਾਰ ਰੁਪਏ ਨਾ ਮੋੜਨ ਕਰਕੇ ਸੰਨ 1990 ਵਿੱਚ ਰੇਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਗਿਆ ਸੀ। ਕਰਜ਼ਾ ਲਾਉਣ ਖਾਤਰ ਉਨ੍ਹਾਂ ਜ਼ਿਮੀਂਦਾਰਾਂ ਨੂੰ 5 ਮਰਲੇ ਥਾਂ ਦੇ ਵੀ ਵੇਚੇ ਪਰ ਇਹ ਘੱਟਣ ਦੀ ਬਜਾਏ ਵੱਧਦਾ ਗਿਆ ਹੈ ਅਤੇ ਦਹਾਕਿਆਂ ਮਰਗੋਂ ਵੀ 35 ਹਜ਼ਾਰ ਦੇ ਕਰੀਬ ਬਾਕੀ ਹੈ।
‘‘ਜ਼ਿਮੀਂਦਾਰਾਂ ਦੇ ਖ਼ੇਤਾਂ ਵਿੱਚ ਦਸ ਸਾਲ ਦਿਨ ਰਾਤ ਘੱਟਾ ਢੋਹਣ ’ਤੇ ਵੀ ਇਹ ਕਰਜ਼ਾ ਵੱਧਦਾ ਹੀ ਗਿਆ ਅਤੇ ਅਖ਼ੀਰ ਮਾੜੇ ਕਰਮਾਂ ਵਾਲੇ ਦੀ ਜਾਨ ਲੈ ਲਈ ਪਰ ਇਹ ਸਾਡਾ ਖਹਿੜਾ ਹੁਣ ਵੀ ਨਹੀਂ ਛੱਡ ਰਿਹਾ। ਇਹ 13 ਤੇ 15 ਸਾਲ ਦੇ ਦੋ ਮੁੰਡੇ ਨੇ, ਇਨ੍ਹਾਂ ਨੂੰ ਜੰਮਦਿਆਂ ਹੀ ਕਰਜ਼ੇ ਨੇ ਜਾਲ ਵਿੱਚ ਫਸਾ ਲਿਆ। ਵੱਡੀ ਕੁੜੀ 17 ਸਾਲ ਦੀ ਵਿਆਹ ਦਿੱਤੀ ਹੈ।’’ ਸੰਖੇਪ ਜਿਹੀ ਗੱਲ ਵਿੱਚ ਹੀ ਆਪਣੇ ਦੁੱਖ ਬਿਆਨ ਕਰਦੀ ਵਿਧਵਾ ਮਜ਼ਦੂਰ ਛਿੰਦਰ ਕੌਰ ਦਾ ਰੋਣਾ ਨਹੀਂ ਠੱਲਿਆ ਜਾ ਰਿਹਾ। ਉਸ ਦੇ ਪਤੀ ਸੁੱਚਾ ਸਿੰਘ ਦੀ ਕਿਰਤ ਦਾ ਸੁੱਚਾਪਣ ਨਾ ਚੱਲਿਆ। ਵਿਆਹ ਤੋਂ ਦਸ ਸਾਲ ਮਗਰੋ ਹੀ 35 ਸਾਲ ਦੀ ਉਮਰ ਵਿੱਚ 40-45 ਹਜ਼ਾਰ ਰੁਪਏ ਕਰਜ਼ਾ ਨਾ ਲਹਿਣ ਕਾਰਣ ਉਸ ਨੇ ਘਰ ਵਿੱਚ ਹੀ ਫ਼ਾਹਾ ਲੈ ਲਿਆ, ਹਾਲਾਂਕਿ ਉਹ ਲਗਾਤਾਰ ਦਸ ਸਾਲ ਉਸ ਕਿਸਾਨ ਦੇ ਖ਼ੇਤਾਂ ਦਾ ਪੁੱਤ ਰਿਹਾ ਸੀ। ਗਰੀਬ ਪਰਿਵਾਰ ਕਿਸਾਨਾਂ ਦੇ ਦਿਹਾੜੀ ਆਦਿ ਕਰਦਾ ਹੈ ਅਤੇ ਛਿੰਦਰ ਹੋਰਨਾਂ ਕਿਰਤੀ ਔਰਤਾਂ ਵਾਂਗ ਹੀ ਗੋਹਾ-ਕੂੜਾ ਢੋਂਹਦੀ ਹੈ।
ਰਾਣੀ ਕੌਰ ਲੋਕਾਂ ਦੇ ਘਰਾਂ ’ਚ ਪਸ਼ੂਆਂ ਦਾ ਗੋਹਾ-ਮੁਤਰਾਲ ਸਿਰ ’ਤੇ ਢੋਹ ਰਹੀ ਹੈ। ਤਿੰਨੋਂ ਬੱਚੇ ਗਰੀਬੀ ਕਾਰਣ ਅਨਪੜ੍ਹ ਰਹੇ ਗਏ ਹਨ। ਸੁੱਖਾ ਸਿੰਘ ਦੇ ਇਸ ਪਰਿਵਾਰ ’ਤੇ ਦੁੱਖਾਂ ਦੇ ਪਹਾੜ ਹਨ। ‘‘ਇਹ ਰੰਡੇਪੇ ਵਾਲਾ ਦੁੱਖ, ਕੰਗਾਲੀ, ਕਰਜ਼ਾ, ਘੋਰ ਗਰੀਬੀ ਅਜਿਹੀ ਜ਼ਿੰਦਗੀ ਨਾਲੋਂ ਤਾਂ ਸਾਨੂੰ ਰੱਬ ਮੌਤ ਦੇ ਦੇਵੇ।’’ ਆਪਣੇ ਅੱਥਰੂ ਪੂੰਝਦੀ ਹੋਈ ਕਹਿੰਦੀ ਹੈ। ਉਸ ਦਾ ਪਤੀ ਸੁੱਖਾ ਸਿੰਘ 28 ਸਾਲ ਦੀ ਉਮਰ ਵਿੱਚ ਅਜ਼ਾਦੀ ਵਾਲੇ ਮਹੀਨੇ 31 ਤਾਰੀਖ 1995 ਨੂੰ ਜ਼ਹਿਰ ਪੀ ਕੇ ਆਪਣੇ ਜ਼ਿੰਦਗੀ ਮੌਤ ਹਵਾਲੇ ਕਰ ਗਿਆ। ਉਨ੍ਹਾਂ ਸਿਰ ਪਿੰਡ ਦੇ ਕਿਸਾਨਾਂ ਦਾ ਡੇਢ ਲੱਖ ਰੁਪਏ ਦਾ ਕਰਜ਼ਾ ਸਿਰ ਸੀ। ਉਸ ਸਮੇਂ ਉਨ੍ਹਾਂ ਦੇ ਵਿਆਹ ਨੂੰ 12 ਸਾਲ ਹੀ ਹੋਏ ਸਨ ਕਿ ਕਰਜ਼ੇ ਦੇ ਛੁਰੇ ਨੇ ਉਸ ਦਾ ਸਭ ਕੁਝ ਉਜਾੜ ਦਿੱਤਾ।
ਮਾਪਿਆਂ ਨੇ ਉਸ ਦਾ ਲਾਡ ਨਾਲ ਨਾਂ ਅੰਗਰੇਜ਼ ਸਿੰਘ ਰੱਖਿਆ ਪਰ ਕਰਜ਼ੇ ਦੇ ਦੈਂਤ ਨੇ ਉਸ ਨੂੰ ਨਾ ਅੰਗਰੇਜ਼ ਬਣ ਕੇ ਜਿਊਣ ਦਿੱਤਾ ਨਾ ਕੁਝ ਹੋਰ, ਇਸੇ ਪਿੰਡ ਫਾਤੂਹੀਵਾਲਾ ਦਾ ਅੰਗਰੇਜ 26 ਸਾਲ ਦੀ ਉਮਰ ਵਿੱਚ 1994 ਵਿੱਚ ਫਾਹਾ ਲੈ ਕੇ ਆਤਮ ਘਾਤ ਕਰ ਗਿਆ। ਵਿਧਵਾ ਬੰਸੋ ਕੌਰ ਦੱਸਦੀ ਹੈ ਕਿ ਉਨ੍ਹਾਂ ਦੇ ਵਿਆਹ ਨੂੰ ਕੇਵਲ 5 ਸਾਲ ਹੀ ਹੋਏ ਸਨ। ਉਸ ਨੇ ਸਿਰ 50-60 ਹਜ਼ਾਰ ਰੁਪਏ ਦਾ ਕਰਜ਼ਾ ਸੀ ਜੋ ਉਸ ਦੀ ਬਿਮਾਰੀ ਕਾਰਣ ਹੋਰ ਵੱਧ ਗਿਆ। ਕਰਜ਼ੇ ਦੀ ਦਲਦਲ ਵਿੱਚ ਫਸਿਆ ਪਰਿਵਾਰ ਦੱਸਦਾ ਹੈ ਉਨ੍ਹਾਂ ਨੇ ਕਰਜ਼ੇ ਦੇ ਜਾਲ ਵਿੱਚੋਂ ਨਿਕਲਣ ਲਈ 3-4 ਮੱਝਾਂ ਅਤੇ ਝੋਟੀਆਂ ਵੀ 10 ਤੋਂ 15 ਹਜ਼ਾਰ ਰੁਪਏ ਤੱਕ ਵਿੱਚ ਵੇਚੀਆਂ ਪਰ ਇਹ ਕਰਜ਼ਾ ਵੱਧਦਾ ਗਿਆ।
ਡੇਢ ਲੱਖ ਰੁਪਏ ਵਿੱਚ 8 ਕਨਾਲਾਂ ਜਗ੍ਹਾਂ ਵੇਚਣ ਨਾਲ ਵੀ ਨੌਜਵਾਨ ਗੁਰਜੰਟ ਸਿੰਘ ਨੂੰ ਕਰਜ਼ੇ ਤੋਂ ਮੁਕਤੀ ਨਾ ਮਿਲੀ। ਕਰਜ਼ਾ, ਗਰੀਬੀ, ਕਬੀਲਦਾਰੀ, ਮਾਨਸਿਕ ਤਣਾਓ ਦਾ ਨਤੀਜਾ ਇਹ ਸੀ ਕਿ ਉਸ ਨੇ 25 ਸਾਲ ਦੀ ਉਮਰ ਵਿੱਚ ਸੰਨ 1998 ਵਿੱਚ ਉਸ ਨੇ ਆਪਣੇ ਆਪ ਨੂੰ ਅੱਗ ਹਵਾਲੇ ਕਰ ਦਿੱਤਾ। ਇਹ ਕਰਜ਼ਾ ਪਿੰਡ ਦੇ ਕਿਸਾਨਾਂ ਦਾ ਵੀ ਸੀ। ਕਰਜ਼ਾ ਵੱਧਦਾ ਗਿਆ ਤਾਂ ਵਿਧਵਾ ਦਲਿਤ ਔਰਤ ਆਪਣੇ ਕਰਜ਼ਈ 4 ਬੱਚਿਆਂ ਨੂੰ ਲੈ ਕੇ ਚੁੱਪ-ਚੁਪੀਤੇ ਹੀ ਪਿੰਡ ਛੱਡ ਗਈ। ਮ੍ਰਿਤਕ ਦਾ ਭਰਾ ਮਜ਼ਦੂਰ ਗੁਰਚਰਨ ਸਿੰਘ ਸੋਚ ਕੇ ਅਤੇ ਹਾਉਂਕਾ ਭਰ ਕੇ ਆਖਦਾ ਹੈ ਕਿ ਭਾਈ ਕਰਜ਼ਾ ਤਾਂ ਪਿੰਡ ਨਹੀਂ ਛੱਡਦਾ ਨਾ ਹੀ ਘਰ ਛੱਡਦਾ ਹੈ।
‘‘ਸਾਡੇ ਮਜ਼ਦੂਰਾਂ ਕੋਲ ਇਨ੍ਹਾਂ ਦੋ ਹੱਥਾਂ ਦੀ ਕਿਰਤ ਵੇਚਣ ਤੋਂ ਸਿਵਾਏ ਹੋਰ ਕੀ ਹੈ? ਇਹ ਵੀ ਜੇ ਵਿਕ ਗਈ ਤਾਂ ਰੋਟੀ ਖਾ ਲਈ ਨਹੀਂ ਤਾਂ ਫਿਰ...!’’ ਵਿਧਵਾ ਦਲਿਤ ਔਰਤ ਗੁਰਦੀਪ ਕੌਰ ਦੇ ਮੂੰਹ ਵਿੱਚ ਇਹ ਵਾਕ ਰਹਿ ਜਾਂਦੇ ਹਨ। ਉਹ ਕਿਸਾਨਾਂ ਦਾ ਗੋਂਲਾ-ਧੰਦਾ ਕਰਕੇ ਵੇਲਾ-ਪੁਰਾ ਕਰਦੀ ਹੈ। ਖ਼ੇਤਾਂ ਵਿੱਚ ਨਰਮਾ ਚੁਗਦੀ ਅਤੇ ਕਣਕ ਵੱਢਦੀ ਹੈ। ਉਸ ਨੂੰ ਪਤੀ ਦੀ ਵਿਰਾਸਤ ਵਿੱਚ ਮਿਲਿਆ 30-40 ਹਜ਼ਾਰ ਰੁਪਏ ਦਾ ਕਰਜ਼ਾ ਬਰਕਰਾਰ ਹੈ। ਉਸ ਦਾ ਪਤੀ ਲੱਛਮਣ ਸਿੰਘ 21 ਸਤੰਬਰ 1998 ਨੂੰ ਆਪਣੀ 32 ਸਾਲ ਦੀ ਉਮਰ ਵਿੱਚ ਵਿਆਹ ਤੋਂ ਇੱਕ ਦਹਾਕਾ ਬਾਅਦ ਹੀ ਜ਼ਹਿਰ ਪੀ ਕੇ ਖ਼ੁਦਕੁਸੀ ਕਰ ਗਿਆ ਸੀ। ਵਿਧਵਾ ਨੇ ਸਾਰੀ ਉਮਰ ਕਿਰਤ ਵੇਚਣ ਤੋਂ ਇਲਾਵਾ ਆਪਣੀਆਂ ਦੋ ਮੱਝਾਂ ਵੀ 25 ਹਜ਼ਾਰ ਰੁਪਏ ਵਿੱਚ ਵੇਚੀਆਂ ਪਰ ਕਰਜ਼ਾ ਵੱਧਦਾ ਗਿਆ।
ਭਾਗ ਸਿੰਘ ਦੇ ਪੁੱਤਰਾਂ ਦੇ ਕਿਉਂ ਭਾਗ ਫੁੱਟੇ? ਜਦੋਂ ਸਾਰਾ ਪਰਿਵਾਰ ਦਿਨ ਰਾਤ ਇੱਕ ਕਰਕੇ ਕਮਾ ਰਿਹਾ ਸੀ, ਸਾਰਾ ਪਰਿਵਾਰ ਕਿੱਥੇ ਹੈ? ਕੁਝ ਪਤਾ ਨਹੀਂ, ਕੁਝ ਕੁ ਕਹਿੰਦੇ ਹਨ ਕਿ ਡੱਬਵਾਲੀ ਦਿਹਾੜੀ ਕਰਦੇ ਹਨ। ਉਸ ਦੇ ਛੋਟੇ ਮੁੰਡੇ ਬਾਰੇ ਪਿੰਡ ਵਾਲੇ ਕਹਿੰਦੇ ਹਨ, ‘‘ਬਈ, ਵੱਡੇ ਭਰਾ ਦੀ ਮੌਤ ’ਤੇ ਉਸ ਨੂੰ ਦੁੱਖ ਨੇ ਪਾਗਲ ਬਣਾ ਦਿੱਤਾ।’’ 24 ਸਾਲ ਦੀ ਭਰ ਜੁਵਾਨੀ ਵਿੱਚ ਸੁਲੱਖਣ ਸਿੰਘ ਆਪਣੇ ਵਿਆਹ ਤੋਂ 4 ਸਾਲ ਬਾਅਦ ਸੰਨ 2002 ਵਿੱਚ ਜ਼ਹਿਰ ਪੀ ਗਿਆ। ਪੀੜ੍ਹਤ ਪਰਿਵਾਰ ’ਤੇ 80 ਹਜ਼ਾਰ ਰੁਪਏ ਦਾ ਕਰਜ਼ਾ ਸੀ, ਜੋ ਉਸ ਦੀ ਮੌਤ ਮਗਰੋਂ ਵੀ ਵਿਧਵਾ ਅਤੇ ਪਰਿਵਾਰ ’ਤੇ ਬਰਕਰਾਰ ਹੈ।
ਤਰਸੇਮ 35-36 ਸਾਲ ਦੀ ਉਮਰ ਵਿੱਚ ਸੰਨ 2000 ਵਿੱਚ ਬੈਂਕ ਦਾ 50 ਹਜ਼ਾਰ ਰੁਪਏ ਕਰਜ਼ਾ ਨਾ ਮੋੜ੍ਹਨ ਕਾਰਣ ਮਜ਼ਬੂਰੀ ਵਸ ਜ਼ਹਿਰ ਪੀ ਗਿਆ। ਮਜ਼ਦੂਰ ਪਰਿਵਾਰ ਸਿਰ ਹੁਣ ਵੀ 30 ਹਜ਼ਾਰ ਰੁਪਏ ਦਾ ਕਰਜ਼ਾ ਹੈ।
ਕਰਜ਼ੇ ਦੇ ਵੱਧਦੇ ਦਬਾਅ ਕਾਰਣ ਪਿੰਡ ਕੁਆਰੇ ਨੌਜਵਾਨ ਵੀ ਮੌਤ ਦੀ ਬੁੱਕਲ ਵਿੱਚ ਸਮਾ ਗਏ। ਲਗਾਤਾਰ ਦਸ ਸਾਲ ਕਿਸਾਨਾਂ ਦੇ ਖ਼ੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ, ਖ਼ੇਤਾਂ ਦਾ ਅਸਲੀ ਪੁੱਤ ਬਿੰਦਰ ਖਾਨ ਪੁੱਤਰ ਹਬੀਬ ਖਾਨ ਕਿਸਾਨ ਦਾ 25 ਹਜ਼ਾਰ ਰੁਪਏ ਨਾ ਮੋੜ੍ਹਨ ਕਰਕੇ 1995 ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਗਿਆ। ਇਸ ਵਕਫੇ ਦੌਰਾਨ ਇਸ ਮਜ਼ਦੂਰ ਪਰਿਵਾਰ ਨੇ 5 ਮਰਲੇ ਦੀ ਥਾਂ ਵੀ 35 ਹਜ਼ਾਰ ਰੁਪਏ ਵਿੱਚ ਵੇਚੀ, ਪਰ ਅਜੇ ਵੀ 25 ਹਜ਼ਾਰ ਰੁਪਏ ਕਰਜ਼ੇ ਦਾ ਭੂਤ ਦਨਦਨਾ ਰਿਹਾ ਹੈ। ਬੂਟਾ ਖਾਨ ਦੇ ਮੂੰਹੋਂ ਕੇਵਲ ਇਹ ਸ਼ਬਦ ਨਿਕਲਦੇ ਹਨ, ‘‘ਮਜ਼ਦੂਰ ਦੀ ਵੀ ਕੋਈ ਜ਼ਿੰਦਗੀ ਹੈ!’’
22 ਸਾਲ ਦੀ ਉਮਰ ਦਾ ਕੁਆਰਾ ਭੁਪਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਤੋਂ ਜਦੋਂ ਕਿਸਾਨਾਂ ਦਾ ਕਰਜ਼ਾ ਨਾ ਉਤਰਿਆ ਤਾਂ 11 ਮਈ ਨੂੰ ਉਸ ਨੇ ਆਪਣੇ ਗਲ ਰੱਸਾ ਪਾਉਂਣ ਦਾ ਇੱਕੋਂ ਇੱਕ ਰਾਹ ਚੁਣਿਆ। ਹੁਣ ਕਰਜ਼ਾ ਕਿੰਨਾ ਹੈ ਇਹ ਪੁੱਛਣ ’ਤੇ, ਉਸ ਦੀ ਮਾਂ ਰੋਂਦੀ ਹੋਈ ਹੱਥ ਮਾਰਦੀ ਹੈ ਕਿ ਇਸ ਚੰਦਰੇ ਦਾ ਕੋਈ ’ਸਾਬ ਨ੍ਹੀ ਏ। ਇਸ ਅਰਸੇ ਦੌਰਾਨ ਉਨ੍ਹਾਂ ਕਰਜ਼ੇ ਤੋਂ ਛੁਟਕਾਰਾ ਪਾਉਂਣ ਲਈ 15-15 ਹਜ਼ਾਰ ਦੀਆਂ ਦੋ ਮੱਝਾਂ ਵੀ ਵੇਚੀਆਂ। ਪਰ ਕਰਜ਼ਾ ਜਿਉਂ ਦੀ ਤਿਉਂ ਹਾਲਤ ਵਿੱਚ ਹੈ।
ਓਮ ਪ੍ਰਕਾਸ਼ ਦੀ ਜ਼ਿੰਦਗੀ ਵਿੱਚ ਹਨੇਰਾ ਹੀ ਸੀ। ਇਸ ਦੀ ਮਾਤਾ ਭਾਗਵੰਤੀ ਅਤੇ ਪਿਓ ਕ੍ਰਿਸ਼ਨ ਲਾਲ ਪਿੰਡ ਵਿੱਚ ਦਿਹਾੜੀ ਕਰਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ਓਮ ਪ੍ਰਕਾਸ਼ ਦੀਆਂ ਲੱਤਾਂ ਖੜ੍ਹਨ ’ਤੇ ਪਰਿਵਾਰ ਨੇ ਉਸ ਦੇ ਇਲਾਜ ਲਈ ਕਰਜ਼ਾ ਲਿਆ। ਬਿਮਾਰੀ ਅਤੇ ਕਰਜ਼ਾ ਇਕੱਠ ਹੀ ਵੱਧਦੇ ਗਏ ਤਾਂ ਓਮ ਪ੍ਰਕਾਸ ਨੇ ਇੱਕ ਨਵੰਬਰ, 2003 ਨੂੰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਕਰਜ਼ੇ ਤੋਂ ਛੁਟਕਾਰਾ ਪਾਉਂਣ ਲਈ ਪਰਿਵਾਰ ਨੇ 3 ਮੱਝਾਂ 20-25 ਹਜ਼ਾਰ ਰੁਪਏ ਦੀਆਂ ਵੇਚੀਆਂ ਪਰ ਇਹ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।
ਇਸੇ ਪਿੰਡ ਦਾ ਦਲਿਤ ਨੌਜਵਾਨ ਤਰਸੇਮ ਸਿੰਘ 13 ਨਵੰਬਰ, 2008 ਨੂੰ ਫਾਹਾ ਲੈ ਕੇ ਆਤਮ ਹੱਤਿਆ ਕਰ ਗਿਆ। ਉਸ ਸਮੇਂ ਉਸ ਦੀ ਉਮਰ 20 ਸਾਲ ਦੀ ਸੀ ਅਤੇ ਉਹ ਕੁਆਰਾ ਹੀ ਸੀ। ਉਸ ਦੀ ਬਿਮਾਰੀ ਅਤੇ ਕਰਜ਼ਾ ਨਾਲੋਂ-ਨਾਲ ਵੱਧਦੇ ਗਏ। ਇਸ ਦੇ ਬਾਵਜੂਦ ਵੀ ਕਿ ਉਨ੍ਹਾਂ 5 ਮਰਲੇ ਥਾਂ 7 ਹਜ਼ਾਰ ਰੁਪਏ ਵਿੱਚ ਅਤੇ ਇੱਕ ਮੱਝ 8 ਹਜ਼ਾਰ ਰੁਪਏ ਵਿੱਚ ਵੇਚੀ। ਮ੍ਰਿਤਕ ਦੀ ਮਾਤਾ ਸਿੰਦਰਪਾਲ ਕੌਰ ਦੱਸਦੀ ਹੈ ਕਿ ਕਰਜ਼ੇ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ ਰਹਿੰਦਾ।
ਪਿੰਡ ਦੇ ਮਜ਼ਦੂਰ ਆਗੂ ਸੁੱਖਾ ਸਿੰਘ ਅਤੇ ਰਾਜਾ ਸਿੰਘ ਦੱਸਦੇ ਹਨ ਕਿ ਕਿਰਤੀਆਂ ਵੱਲੋਂ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਕਰਜ਼ੇ ਨੇ ਉਨ੍ਹਾਂ ਦੀ ਹਾਲਤ ਭਿਆਨਕ ਬਣਾ ਦਿੱਤੀ ਹੈ। ਉਹ ਸਰਕਾਰ ’ਤੇ ਦੋਸ ਦਿੰਦੇ ਕਹਿੰਦੇ ਹਨ ਕਿ ਇੱਥੋਂ 5-4 ਕਿਲੋਮੀਟਰ ਮੁੱਖ ਮੰਤਰੀ ਦਾ ਪਿੰਡ ਹੈ, ਜੋ ਸੂਬੇ ਦੀ ਯੁਰਪ ਦੇ ਕਦੇ ਕਿਸੇ ਦੇਸ਼ ਨਾਲ ਅਤੇ ਕਦੇ ਕਿਸੇ ਦੇਸ਼ ਨਾਲ ਤੁਲਨਾ ਕਰਦਾ ਨਹੀਂ ਥੱਕਦਾ ਪਰ ਦੂਜੇ ਪਾਸੇ ਵਿਹੜੇ ਦੀ ਨਿਘਰਦੀ ਹਾਲਤ ਅਤੇ ਲੁੱਟ ਬਾਰੇ ਚੁੱਪ ਧਾਰੀ ਹੋਈ ਹੈ। ਚਾਹ ਪੀਕੇ ਜਦੋਂ ਸੁੱਚਾ ਸਿੰਘ ਦੇ ਘਰੋਂ ਉੱਠਣ ਲੱਗਦੇ ਹਾਂ ਤਾਂ ਉਸ ਦੀ ਕੰਧ ’ਤੇ ਲੱਗੇ ਇੱਕ ਪੋਸਟਰ ਤੋਂ ਇਹ ਸ਼ਬਦ ਨਜ਼ਰੀਂ ਪੈਂਦੇ ਹਨ:
ਮੇਰੀਆਂ ਸੋਚਾਂ ਦੇ ਵਿੱਚ ਬੇਕਰਾਰੀ ਹੈ ਅਜੇ।
ਜ਼ਿੰਦਗੀ ਤੁਰਦੀ ਪਈ, ਪਰ ਜੰਗ ਜਾਰੀ ਹੈ ਅਜੇ।