ਡਾਕਟਰਾਂ ਕੋਲ਼ ਔਜ਼ਾਰ ਧੋਣ ਲਈ ਵੀ ਸਾਫ਼ ਪਾਣੀ ਉਪਲੱਬਧ ਨਹੀਂ
ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ ਕਿਉਂਕਿ ਪੰਜਾਬ ਦੇ ਤਿੰਨ ਹਜ਼ਾਰ ਤੋਂ ਵੱਧ ਸਿਹਤ ਕੇਂਦਰਾਂ ਨੂੰ ਪਾਣੀ ਅਤੇ ਬਿਜਲੀ ਦੀ ਸਹੂਲਤ ਨਹੀਂ ਦਿੱਤੀ ਗਈ ਹੈ। ਅਜ਼ਾਦੀ ਦੇ ਛੇ ਦਹਾਕਿਆਂ ਬਾਅਦ ਵੀ 2138 ਸਬ ਸੈਂਟਰਾਂ ਨੂੰ ਬਿਜਲੀ ਅਤੇ 1651 ਨੂੰ ਪਾਣ ਦੇ ਕੁਨੈਕਸ਼ਨ ਨਹੀਂ ਦਿੱਤੇ ਗਏ ਹਨ। ਇਹ ਤੱਥ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੀ ਤਾਜ਼ਾ ਰਿਪੋਰਟ ਤੋਂ ਸਾਹਮਣੇ ਆਏ ਹਨ।
ਇਸ ਰਿਪੋਰਟ ਅਨੁਸਾਰ ਅੰਮ੍ਰਿਤਸਰ ਦੇ 153 ਸਿਹਤ ਕੇਂਦਰਾਂ ਵਿੱਚ ਪਾਣੀ ਅਤੇ 114 ਵਿੱਚ ਬਿਜਲੀ ਦੇ ਕੁਨੈਕਸ਼ਨ ਨਹੀਂ ਹਨ। ਜ਼ਿਲ੍ਹਾ ਬਰਨਾਲ਼ਾ ਵਿੱਚ ਪਾਣੀ ਦੇ ਕੁਨੈਕਸ਼ਨ ਤੋਂ ਬਗ਼ੈਰ ਚੱਲ ਰਹੇ ਸਿਹਤ ਕੇਂਦਰਾਂ ਦੀ ਗਿਣਤੀ 61 ਹੈ ਜਦਕਿ 39 ਕੇਂਦਰਾਂ ਨੂੰ ਬਿਜਲੀ ਸਪਲਾਈ ਨਹੀਂ ਦਿੱਤੀ ਗਈ ਹੈ। ਬਠਿੰਡਾ ਵਿੱਚ ਪਾਣੀ ਦੀ ਸਪਲਾਈ ਤੋਂ ਬਿਨਾਂ 80, ਫਰੀਦਕੋਟ ਵਿੱਚ 23, ਫਤਿਹਗੜ੍ਹ ਸਾਹਿਬ ਵਿੱਚ 57, ਫ਼ਿਰੋਜ਼ਪੁਰ ਵਿੱਚ 153, ਗੁਰਦਾਸਪੁਰ ਵਿੱਚ 234, ਹੁਸ਼ਿਆਰਪੁਰ ਵਿੱਚ 134, ਜਲੰਧਰ ਵਿੱਚ 144, ਕਪੂਰਥਲਾ ਵਿੱਚ 68, ਲੁਧਿਆਣਾ ਵਿੱਚ 78, ਮਾਨਸਾ ਵਿੱਚ 70, ਮੋਗਾ ਵਿੱਚ 97, ਮੁਹਾਲੀ ਵਿੱਚ 49, ਮੁਕਤਸਰ ਵਿੱਚ 22, ਸ਼ਹੀਦ ਭਗਤ ਸਿੰਘ ਨਗਰ ਵਿੱਚ 70, ਪਟਿਆਲ਼ਾ ਵਿੱਚ 147, ਰੂਪਨਗਰ ਵਿੱਚ 48, ਸੰਗਰੂਰ ਵਿੱਚ 169 ਅਤੇ ਤਰਨਤਾਰਨ ਵਿੱਚ 121 ਸਬ ਸੈਂਟਰ ਚੱਲ ਰਹੇ ਹਨ।
ਬਿਜਲੀ ਦੀ ਸਹੂਲਤ ਤੋਂ ਬਿਨਾਂ ਬਠਿੰਡਾ ਦੇ 80, ਫਰੀਦਕੋਟ ਦੇ 18, ਫਤਿਹਗੜ੍ਹ ਸਾਹਿਬ ਦੇ 32, ਫਿਰੋਜ਼ਪੁਰ ਦੇ 120, ਗੁਰਦਾਸਪੁਰ ਦੇ 208, ਹੁਸ਼ਿਆਰਪੁਰ ਦੇ 190, ਜਲੰਧਰ ਦੇ 112, ਕਪੂਰਥਲਾ ਦੇ 152, ਲੁਧਿਆਣਾ ਦੇ 199, ਮਾਨਸਾ ਦੇ 80, ਮੋਗਾ ਦੇ 97, ਮੁਹਾਲੀ ਦੇ 45, ਪਟਿਆਲ਼ਾ ਦੇ 101, ਰੂਪਨਗਰ ਦੇ 142, ਸੰਗਰੂਰ ਦੇ 125 ਅਤੇ ਤਰਨ ਤਾਰਨ ਦੇ 103 ਸਬ ਸੈਂਟਰ ਡੰਗ ਟਪਾਉਣ ਲਈ ਮਜਬੂਰ ਹਨ। ਇਸੇ ਤਰ੍ਹਾਂ ਅੰਮਿ੍ਰਤਸਰ ਦੇ 7 ਬਰਨਾਲ਼ਾ ਦੇ 5, ਬਠਿੰਡਾ ਦੇ 10, ਫਰੀਦਕੋਟ ਦੇ 3, ਫਤਿਹਗੜ੍ਹ ਸਾਹਿਬ ਦੇ 6, ਫਿਰੋਜ਼ਪੁਰ ਦੇ 22, ਗੁਰਦਾਸਪੁਰ ਦੇ 25, ਹੁਸ਼ਿਆਰਪੁਰ ਦੇ 15, ਜਲੰਧਰ ਦੇ 12, ਕਪੂਰਥਲਾ ਦੇ 2, ਲੁਧਿਆਣਾ ਦੇ 24, ਮਾਨਸਾ ਦੇ 5, ਮੋਗਾ, ਮੁਹਾਲੀ, ਮੁਕਤਸਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਇੱਕ-ਇੱਕ, ਰੂਪਨਗਰ ਦੇ 4, ਸੰਗਰੂਰ ਦੇ 2 ਅਤੇ ਤਰਨ ਤਾਰਨ ਦੇ 14 ਮੁੱਢਲੇ ਸਿਹਤ ਕੇਂਦਰਾਂ ਨੂੰ ਪਾਣੀ ਦੀ ਸਪਲਾਈ ਨਹੀਂ ਦਿੱਤੀ ਗਈ ਹੈ। ਇੱਥੇ ਹੀ ਬੱਸ ਨਹੀਂ ਅੰਮਿ੍ਰਤਸਰ ਜ਼ਿਲ੍ਹੇ ਦੇ 6, ਫਰੀਦਕੋਟ ਦੇ 3, ਫਤਿਹਗੜ੍ਹ ਸਾਹਿਬ ਦੇ 3, ਫਿਰੋਜ਼ਪੁਰ ਦੇ 5, ਗੁਰਦਾਸਪੁਰ ਦੇ 16, ਹੁਸ਼ਿਆਰਪੁਰ ਦੇ 3, ਜਲੰਧਰ ਦੇ 5, ਕਪੂਰਥਲਾ ਅਤੇ ਲੁਧਿਆਣਾ ਦੇ ਤਿੰਨ-ਤਿੰਨ, ਮੋਗਾ ਦੇ 4, ਮੁਕਤਸਰ ਦੇ 2, ਪਟਿਆਲ਼ਾ ਦੇ 3, ਰੂਪਨਗਰ ਦਾ 1, ਸੰਗਰੂਰ ਦੇ 4 ਅਤੇ ਤਰਨ ਤਾਰਨ ਦੇ 1 ਮੁੱਢਲੇ ਸਿਹਤ ਕੇਂਦਰਾਂ ਵਿੱਚ ਡਾਕਟਰ ਅਤੇ ਮਰੀਜ਼ ਬਿਜਲੀ ਤੋਂ ਬਗੈਰ ਜੂਝ ਰਹੇ ਹਨ। ਦੱਸਣਯੋਗ ਹੈ ਕਿ ਬਰਨਾਲ਼ਾ, ਬਠਿੰਡਾ, ਸ਼ਹੀਦ ਭਗਤ ਸਿੰਘ ਨਗਰ, ਮੁਹਾਲੀ ਅਤੇ ਮਾਨਸਾ ਅਜਿਹੇ ਜ਼ਿਲ੍ਹੇ ਹਨ, ਜਿਨ੍ਹਾਂ ਦੇ ਸਾਰੇ ਮੁੱਢਲੇ ਸਿਹਤ ਕੇਂਦਰਾਂ ਵਿੱਚ ਬਿਜਲੀ ਦੀ ਸਹੂਲਤ ਦਿੱਤੀ ਜਾ ਚੁੱਕੀ ਹੈ। ਸਿਹਤ ਕੇਂਦਰਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਹੂਲਤ ਨਾ ਹੋਣ ਕਾਰਨ ਡਾਕਟਰ ਅਤੇ ਮਰੀਜ਼ ਔਖੇ ਹਨ। ਬਿਜਲੀ ਬਗੈਰ ਤਾਂ ਬਹੁਤੀ ਵਾਰ ਸਿਹਤ ਸਹੂਲਤਾਂ ਵੀ ਅੱਧ ਵਿਚਾਲ਼ੇ ਰੁਕ ਜਾਂਦੀਆਂ ਹਨ। ਇੱਥੋਂ ਤੱਕ ਕਿ ਡਾਕਟਰਾਂ ਕੋਲ਼ ਔਜ਼ਾਰ ਧੋਣ ਲਈ ਵੀ ਸਾਫ਼ ਪਾਣੀ ਉਪਲੱਬਧ ਨਹੀਂ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਤਹਿਤ ਪੰਜਾਬ ਨੂੰ ਸਿਹਤ ਸੇਵਾਵਾਂ ਲਈ 350 ਕਰੋੜ ਰੁਪਏ ਦੀ ਸਾਲਾਨਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਰੂਰਲ ਹੈਲਥ ਮਿਸ਼ਨ ਦੇ ਡਾਇਰੈਕਟਰ ਹੁਸਨ ਲਾਲ ਨੇ ਕਿਹਾ ਕਿ ਸਿਹਤ ਕੇਂਦਰਾਂ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ 300 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਕਈ ਹਸਪਤਾਲਾਂ ਵਿੱਚ ਪਾਣੀ ਅਤੇ ਬਿਜਲੀ ਦੀ ਸਹੂਲਤ ਮੁਹੱਈਆ ਕਰਾਉਣ ਦੀ ਦਾਅਵਾ ਵੀ ਕੀਤਾ ਹੈ।
ਪੰਜਾਬੀ ਟ੍ਰਿਬਿਊਨ ’ਚੋਂ ਧੰਨਵਾਦ ਸਹਿਤ