ਸਰਕਾਰ ਨੇ ਪੁਲਿਸ ਅਫ਼ਸਰਾਂ ਨੂੰ ਦਿੱਤੀ ਆਰਜ਼ੀ ਤਰੱਕੀ - ਚਰਨਜੀਤ ਭੁੱਲਰ
Posted on:- 10-08-2013
ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਸਟਾਰ ਲਗਾ ਕੇ ਸੈਂਕੜੇ ਪੁਲਿਸ ਅਫ਼ਸਰਾਂ ਨੂੰ ਖੁਸ਼ ਕਰ ਲਿਆ ਗਿਆ ਹੈ। ਸਰਕਾਰ ਪ੍ਰਚਾਰ ਤਾਂ ਇਨ੍ਹਾਂ ਅਫ਼ਸਰਾਂ ਨੂੰ ਰੈਗੂਲਰ ਤਰੱਕੀ ਦੇਣ ਦਾ ਕਰ ਰਹੀ ਹੈ ਜਦਕਿ ਅਫਸਰਾਂ ਨੂੰ ਆਰਜ਼ੀ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਪੁਲੀਸ ਅਫ਼ਸਰਾਂ ਨੂੰ ਸਰਕਾਰੀ ਫੈਸਲੇ ’ਤੇ ਨਾਖੁਸ਼ੀ ਹੈ, ਜੋ ਰੈਗੂਲਰ ਤਰੱਕੀ ਦੇ ਯੋਗ ਸਨ ਅਤੇ ਸ਼ਰਤਾਂ ਪੂਰੀਆਂ ਕਰਦੇ ਸਨ। ਜੋ ਸ਼ਰਤਾਂ ਤੋਂ ਦੂਰ ਸਨ, ਉਨ੍ਹਾਂ ਨੂੰ ਕੋਈ ਗਿਲਾ ਨਹੀਂ ਹੈ। ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਜਿਨ੍ਹਾਂ ਅਧਿਕਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਸੀ, ਉਨ੍ਹਾਂ ਨੂੰ ਤਰੱਕੀ ਦਿੱਤੀ ਗਈ ਹੈ। ਇਸ ਪੱਤਰਕਾਰ ਕੋਲ਼ ਗ੍ਰਹਿ ਵਿਭਾਗ ਪੰਜਾਬ ਦੀ ਗੁਪਤ ਸ਼ਾਖ਼ਾ ਦੇ ਪੱਤਰ ਹਨ, ਜਿਨ੍ਹਾਂ ਤੋਂ ਇਨ੍ਹਾਂ ਪੁਲਿਸ ਅਫ਼ਸਰਾਂ ਨੂੰ ਆਰਜ਼ੀ ਤਰੱਕੀ ਦਿੱਤੇ ਜਾਣ ਦਾ ਭੇਤ ਖੁਲ੍ਹਿਆ ਹੈ।
ਗੁਪਤ ਪੱਤਰਾਂ ਅਨੁਸਾਰ ਜਿਨ੍ਹਾਂ ਪੁਲਿਸ ਅਫ਼ਸਰਾਂ ਨੂੰ ਆਰਜ਼ੀ ਤੌਰ ’ਤੇ ਤਰੱਕੀ ਦੇ ਕੇ ਡੀ.ਐੱਸ.ਪੀ. ਬਣਾਇਆ ਗਿਆ ਹੈ, ਉਨ੍ਹਾਂ ਨੂੰ ਤਨਖਾਹ ਤਾਂ ਇੰਸਪੈਕਟਰ ਰੈਂਕ ਦੀ ਹੀ ਮਿਲ਼ੇਗੀ ਪਰ ਚਾਰਜ ਅਤੇ ਰੈਂਕ ਡੀ.ਐੱਸ.ਪੀ. ਵਾਲਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਿਨ੍ਹਾਂ ਡੀ.ਐੱਸ.ਪੀਜ਼. ਨੂੰ ਤਰੱਕੀ ਦੇ ਕੇ ਐੱਸ.ਪੀ. ਬਣਾਇਆ ਗਿਆ ਹੈ, ਉਨ੍ਹਾਂ ਨੂੰ ਸਿਰਫ਼ ਰੈਂਕ ’ਤੇ ਚਾਰਜ ਐੱਸ.ਪੀ. ਵਾਲ਼ਾ ਦਿੱਤਾ ਗਿਆ ਹੈ ਜਦ ਕਿ ਤਨਖਾਹ ਉਹ ਡੀ.ਐੱਸ.ਪੀ. ਵਾਲ਼ੀ ਹੀ ਲੈਣਗੇ। ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਆਜ਼ੀ ਤਰੱਕੀ ਦਿੱਤੀ ਜਾਂਦੀ ਰਹੀ ਹੈ ਪਰ ਉਹ ਤਰੱਕੀ ਸਿਰਫ਼ ਇੰਸਪੈਕਟਰ ਪੱਧਰ ਤੱਕ ਹੀ ਸੀਮਤ ਹੁੰਦੀ ਸੀ। ਇਹ ਪਹਿਲੀ ਵਾਰ ਹੋਇਆ ਹੈ ਕਿ ਡੀ.ਐੱਸ.ਪੀਜ਼. ਅਤੇ ਐੱਸ.ਪੀਜ਼. ਨੂੰ ਆਰਜ਼ੀ ਤਰੱਕੀ ਦਿੱਤੀ ਗਈ ਹੈ। ਸਰਕਾਰ ਨੇ ਇਸ ਤਰ੍ਹਾਂ ਕਰਕੇ ਸਰਕਾਰੀ ਖ਼ਜ਼ਾਨੇ ’ਤੇ ਭਾਰ ਪੈਣ ਤੋਂ ਬੱਚਤ ਕਰ ਲਈ ਹੈ ਅਤੇ ਰੈਗੂਲਰ ਤਰੱਕੀ ਦੇ ਯੋਗ ਅਫ਼ਸਰਾਂ ਨੂੰ ਆਰਜ਼ੀ ਤਰੱਕੀ ਦੇ ਕੇ ਪਿੱਛਾ ਵੀ ਛੁਡਵਾ ਲਿਆ ਹੈ।
ਗ੍ਰਹਿ ਵਿਭਾਗ ਪੰਜਾਬ ਦੀ ਗੁਪਤ ਸ਼ਾਖ਼ਾ 1 ਦੇ ਪੱਤਰ ਨੰਬਰ 1/40/2011 2 ਐੱਚ (1) / 2164 ਮਿਤੀ 24 ਜੁਲਾਈ 2013 ਅਨੁਸਾਰ ਪੰਜਾਬ ਦੇ 39 ਡੀ.ਐੱਸ.ਪੀਜ਼. ਨੂੰ ਤਰੱਕੀ ਦੇ ਕੇ ਸਿਰਫ਼ ਐੱਸ.ਪੀ. ਦਾ ਚਾਰਜ ਅਤੇ ਰੈਂਕ ਦਿੱਤਾ ਗਿਆ ਹੈ। ਹੁਕਮਾਂ ਵਿੱਚ ਸਾਫ਼ ਲਿਖਿਆ ਹੈ ਕਿ ਤਰੱਕੀ ਵਾਲ਼ੇ ਅਧਿਕਾਰੀਆਂ ਨੂੰ ਕੋਈ ਮਾਲੀ ਅਤੇ ਸੀਨੀਅਰਤਾ ਦਾ ਲਾਭ ਨਹੀਂ ਦਿੱਤਾ ਜਾਵੇਗਾ ਅਤੇ ਉਹ ਤਰੱਕੀ ਤੋਂ ਪਹਿਲਾਂ ਵਾਲ਼ੇ ਰੈਂਕ ਦੀ ਤਨਖ਼ਾਹ ਲੈਣ ਦੇ ਹੱਕਦਾਰ ਹੋਣਗੇ। ਸਰਕਾਰ ਹੁਣ ਇਨ੍ਹਾਂ ਅਫ਼ਸਰਾਂ ਤੋਂ ਕੰਮ ਤਾਂ ਉੱਚ ਆਹੁਦੇ ਵਾਲ਼ਾ ਲਵੇਗੀ ਪਰ ਤਨਖ਼ਾਹ ਹੇਠਲੇ ਆਹੁਦੇ ਦੀ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਗ੍ਰਹਿ ਵਿਭਾਗ ਦੀ ਗੁਪਤ ਸ਼ਾਖ਼ਾ 1 ਦੇ ਪੱਤਰ ਨੰਬਰ 4/232/2013-3 ਐੱਚ 3/1934 ਮਿਤੀ 24 ਜੁਲਾਈ 2013 ਅਨੁਸਾਰ 119 ਇੰਸਪੈਕਟਰਾਂ ਨੂੰ ਆਰਜ਼ੀ ਡੀ.ਐੱਸ.ਪੀ. ਬਣਾਇਆ ਗਿਆ ਹੈ। ਇਨ੍ਹਾਂ ਨੂੰ ਵੀ ਸਿਰਫ਼ ਚਾਰਜ ਅਤੇ ਰੈਂਕ ਹੀ ਦਿੱਤਾ ਗਿਆ ਹੈ।
ਜੇਕਰ ਰੈਗੂਲਰ ਤਰੱਕੀ ਹੁੰਦੀ ਤਾਂ ਇਨ੍ਹਾਂ ਅਫ਼ਸਰਾਂ ਨੂੰ ਇੰਕਰੀਮੈਂਟ ਲੱਗਣਾ ਸੀ ਅਤੇ ਸਕੇਲ ਦਾ ਫ਼ਰਕ ਪੈਣਾ ਸੀ। ਇੰਸਪੈਕਟਰਾਂ ਤੋਂ ਡੀ.ਐੱਸ.ਪੀ. ਬਣਨ ਵਾਲ਼ਿਆਂ ਵਿੱਚ 49 ਅਧਿਕਾਰੀ ਪੀ.ਏ.ਪੀ. ਦੇ ਹਨ। ਤਰੱਕੀ ਮਿਲਣ ਵਾਲ਼ੇ ਅਧਿਕਾਰੀਆਂ ਦੀ ਆਉਂਦੇ ਦਿਨ੍ਹਾਂ ਵਿੱਚ ਫੀਲਡ ਵਿੱਚ ਤਾਇਨਾਤੀ ਹੋਣੀ ਹੈ।