Thu, 21 November 2024
Your Visitor Number :-   7254014
SuhisaverSuhisaver Suhisaver

ਹਜ਼ਾਰ ਕੋਸ਼ਿਸ਼ ਕੀ ਉਨਹੋਂ ਨੇ, ਮਿਟਤਾ ਨਹੀਂ ਨਿਸ਼ਾਂ ਮਗਰ… - ਮਨਦੀਪ

Posted on:- 08-08-2013

suhisaver

ਸੋਲ੍ਹਾਂ ਵਰ੍ਹੇ ਪਹਿਲਾਂ ਮਹਿਲਕਲਾਂ ਵਿਖੇ ਕਿਰਨਜੀਤ ਕਤਲ ਕਾਂਡ ਵਾਪਰਿਆ। ਸਕੂਲ ਪੜ੍ਹਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕਰਨ ਉਪਰੰਤ ਉਸ ਨੂੰ ਕਤਲ ਕਰ ਦਿੱਤਾ ਗਿਆ। ਇਸ ਵਹਿਸ਼ੀ ਕਾਰੇ ਨੂੰ ਅੰਜ਼ਾਮ ਦੇਣ ਵਾਲੇ ਅਪਰਾਧੀ ਸਿਆਸੀ ਅਸਰ ਰਸੂਖ ਰੱਖਣ ਵਾਲੇ ਘਰਾਣੇ ਦੇ ‘ਕਾਕੇ’ ਸਨ। ਉਂਝ ਵੀ ਸਾਡੇ ਸਮਾਜ ਦੀ ਆਮ ਧਾਰਨਾ ਹੈ ਕਿ ਅਜਿਹੇ ਅਣਮਨੁੱਖੀ ਕੁਕਰਮ ਕਰਨ ਵਾਲੇ ਅਨਸਰ ਸਿਆਸੀ ਲੋਕ ਜਾਂ ਸਿਆਸੀ ਸ਼ਹਿ ਪ੍ਰਾਪਤ ਲੋਕ ਹੀ ਹੁੰਦੇ ਹਨ। ਇਸ ਕਤਲ ਕਾਂਡ ਦੇ ਸਬੰਧ ਵਿਚ ਵੀ ਇਹੀ ਪੁਖਤਾ ਹੈ।

ਮਹਿਲਕਲਾਂ ਦੀ ਧਰਤੀ ਨੇ ਇਕ ਮਾਸੂਮ ਬੱਚੀ ਦੇ ਸਮੂਹਿਕ ਬਲਾਤਕਾਰ ਤੇ ਕਤਲ ਖਿਲਾਫ਼ ਅਗਸਤ 1997 ਤੋਂ ਲੈ ਕੇ ਹੁਣ ਤੱਕ ਸ਼ਾਨਾਮੱਤਾ ਸੰਘਰਸ਼ ਕਰਨ ਦਾ ਨਵਾਂ ਤੇ ਵਿਲੱਖਣ ਇਕ ਇਤਿਹਾਸ ਸਿਰਜਿਆ ਹੈ। ਕਾਤਲਾਂ, ਬਲਾਤਕਾਰੀਆਂ ਨੂੰ ਸਜ਼ਾਵਾਂ ਦਿਵਾਉਣ, ਭ੍ਰਿਸ਼ਟ ਅਫ਼ਸਰਾਂ ਨੂੰ ਘਰ ਦਾ ਰਾਹ ਵਿਖਾਉਣ, ਗੁੰਡਾ, ਪੁਲਿਸ, ਸਿਆਸੀ ਤੇ ਅਦਾਲਤੀ ਗਠਜੋੜ ਦਾ ਚਿਹਰਾ ਲੀਰੋਲੀਰ ਕਰਨ, ਸਮੇਂ ਦੇ ਹਾਕਮਾਂ ਦਾ ਇਸ ਗੱਠਜੋੜ ਪੱਖੀ ਰਵੱਈਆ ਨੰਗਾ ਕਰਨ ’ਚ ਵਿਦਿਆਰਥਣ ਕਿਰਨਜੀਤ ਦੇ ਬਲਾਤਕਾਰ/ਅਗਵਾ/ਕਤਲ ਕਾਂਡ ਵਿਰੋਧੀ ਘੋਲ ਨੇ ਲੋਕ ਸੰਘਰਸ਼ਾਂ ਦਾ ਇਕ ਨਵਾਂ ਮੀਲ ਪੱਥਰ ਗੱਡਿਆ ਹੈ। ਇਸ ਹਿਰਦੇਵੇਦਿਕ ਘਟਨਾ ਖਿਲਾਫ਼ ਐਕਸ਼ਨ ਕਮੇਟੀ ਵੱਲੋਂ ਕੇਸ ਦੀ ਨਿਰੰਤਰ ਜਨਤਕ ਅਤੇ ਕਾਨੂੰਨੀ ਪੈਰਵਾਈ ਨੇ ਮਹਿਲ ਕਲਾਂ ਬਰਨਾਲਾ ਇਲਾਕੇ ਦੇ ਲੋਕਾਂ ’ਚ ਇਸ ਸੁਚੱਜੀ ਦਲੇਰ ਅਗਵਾਈ ਨੇ ਆਪਣੀਆਂ ਅਮਿੱਟ ਪੈੜਾਂ ਛੱਡੀਆਂ ਹਨ। ਇਹੀ ਕਾਰਨ ਹੈ ਕਿ ਇਸ ਐਕਸ਼ਨ ਕਮੇਟੀ ਦੇ ਤਿੰਨ ਲੋਕ ਆਗੂਆਂ (ਨਰਾਇਣ ਦੱਤ, ਮਨਜੀਤ ਧਨੇਰ, ਪ੍ਰੇਮ ਕੁਮਾਰ) ਨੂੰ ਬਲਾਤਕਾਰੀ ਅਤੇ ਕਾਤਲ ਧਿਰ ਵੱਲੋਂ ਪੁਲਿਸ ਨਾਲ ਮਿਲਕੇ ਇਕ ਡੂੰਘੀ ਸਾਜਿਸ਼ ਤਹਿਤ ਝੂਠੇ ਕਤਲ ਕੇਸ ’ਚ ਫਸਾਉਣ ਤੇ 30 ਮਾਰਚ 2005 ਨੂੰ ਝੂਠੀਆਂ ਗਵਾਈਆਂ ਦੇ ਅਧਾਰ ’ਤੇ ਉਮਰ ਕੈਦ ਦੀ ਸਜ਼ਾ ਤਹਿਤ ਬਠਿੰਡਾ ਜੇਲ੍ਹ ’ਚ ਡੱਕ ਦੇਣ ਦੇ ਬਾਵਜੂਦ, ਮਹਿਲ ਕਲਾਂ ਦੀ ਧਰਤੀ ਝੁਕੀ ਨਹੀਂ। ਪੰਜਾਬ ਦੇ ਲੋਕਾਂ ਖ਼ੌਫ ਨਹੀਂ ਖਾਧਾ, ਲੋਕਾਂ ਈਨ ਨਹੀਂ ਮੰਨੀ ਸਗੋਂ ਪਹਿਲਾਂ ਨਾਲੋਂ ਵੀ ਵੱਧ ਦਲੇਰੀ ਤੇ ਜੋਸ਼ ਨਾਲ ਤਿੰਨ ਲੋਕ ਆਗੂਆਂ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਦੀਆਂ 19 ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਬਣਾ ਕੇ ਪੰਜਾਬ ਦੇ ਹਾਕਮਾਂ ਨੂੰ ਵਖ਼ਤ ਪਾਈ ਰੱਖਿਆ।


ਮਹਿਲ ਕਲਾਂ ਦੇ ਇਸ ਸ਼ਾਨਾਮੱਤੇ ਸੰਘਰਸ਼ ਦੀ ਦਾਸਤਾਨ ਨੂੰ ਚੰਡੀਗੜ੍ਹ ਵਸਦੇ ਫ਼ਿਲਮਸਾਜ਼ ਦਲਜੀਤ ਅਮੀ ਨੇ ਆਪਣੀ ਜਾਨਦਾਰ ਤੇ ਵਿਲੱਖਣ ਅੱਖ ਨਾਲ ਸਮੁੱਚੀਆਂ ਘਟਨਾਵਾਂ ਨੂੰ ਕੈਮਰੇ ’ਚ ਬੰਦ ਕਰਦਿਆਂ ‘ਹਰ ਮਿੱਟੀ ਕੁਟਿਆਂ ਨਹੀਂ ਭੁਰਦੀ’ ਨਾਂ ਦੀ ਦਸਤਾਵੇਜੀ ਫ਼ਿਲਮ ਬਣਾਈ।ਕਿਰਨਜੀਤ ਜਿਸ ਦਲੇਰੀ ਤੇ ਸੂਰਮਗਤੀ ਨਾਲ ਇਕੱਲੀ ਗੁੰਡਿਆਂ ਨਾਲ ਭਿੜਦੀ ਕੁਰਬਾਨ ਹੋ ਗਈ, ਔਰਤ ਪ੍ਰਤੀ, ਰਾਜਨੀਤਿਕ ਸਮਾਜਕ ਰਵੱਈਏ ਦੇ ਜਿਸ ਤਰ੍ਹਾਂ ਉਸ ਦੀ ਕੁਰਬਾਨੀ ਦੇ ਪਰਖਚੇ ਉਡਾਏ। ਜਿਵੇਂ ਕਿਰਨਜੀਤ ਔਰਤ ਮੁਕਤੀ ਲਈ ਲੋਕ ਸੰਘਰਸ਼ ਦੀ ਪ੍ਰਤੀਕ ਬਣ ਗਈ।ਸਾਰੀਆਂ ਹੀ ਜਥੇਬੰਦੀਆਂ/ਧਿਰਾਂ ਵੱਲੋਂ ਲੋਕ ਲਹਿਰ ਤੇ ਹੋਏ ਇਸ ਹਮਲੇ ਦਾ ਜਿਵੇਂ ਟਾਕਰਾ ਕੀਤਾ ਜਾ ਰਿਹਾ ਹੈ ਤੇ ਪੰਜਾਬ ’ਚ ਸਾਂਝੇ ਸੰਘਰਸ਼ਾਂ ਦਾ ਪੜੁਲ ਬੰਨਣ ’ਚ ਇਹ ਇਤਿਹਾਸਕ ਦਸਤਾਵੇਜ਼ ਆਉਣ ਵਾਲੀਆਂ ਨਸਲਾਂ ਲਈ ਮਾਰਗ ਦਰਸ਼ਕ ਬਣੇਗਾ। ਇਸ ਤੋਂ ਇਲਾਵਾ ਹੋਰਨਾਂ ਸਮਾਜਿਕ ਸਾਹਿਤਕ ਹਸਤੀਆਂ ਨੇ ਇਸ ਘੋਲ ਦੇ ਜੁਝਾਰੂ ਵਿਰਸੇ ਨੂੰ ਉਚਿਆਉਂਦਿਆਂ ਅਨੇਕਾਂ ਸਾਹਿਤਕ ਕਿਰਤਾਂ ਦੀ ਰਚਨਾ ਕੀਤੀ ।


ਡੇਢ ਦਹਾਕਾ ਬੀਤ ਜਾਣ ’ਤੇ ਵੀ ਇਹ ਸੰਘਰਸ਼ ਬਾਦਸਤੂਰ ਜਾਰੀ ਹੈ। ਇਹ ਜਬਰ ਤੇ ਇਨਸਾਫ਼ ਵਿਚਕਾਰ ਲਕੀਰ ਖਿੱਚਵੀਂ ਲੜ੍ਹਾਈ ਹੈ। ਜਿਥੇ ਇਸ ਸੰਘਰਸ਼ ਨੇ ਕਈ ਅਹਿਮ ਸਬਕ ਦਿੱਤੇ ਹਨ ਉਥੇ ਇਸ ਨੂੰ ਹਾਲੇ ਵੀ ਚੁਣੌਤੀਆਂ ਦਰਪੇਸ਼ ਹਨ। ਇਸ ਦੇ ਜਰੂਰੀ ਸਬਕਾਂ ਵਿਚੋਂ ਸਿਰਕੱਢ ਇਹ ਹੈ ਕਿ ਜਿੱਥੇ ਜਬਰ ਹੈ ਉਥੇ ਟੱਕਰ ਵੀ ਹੈ। ਜਬਰ ਖ਼ਿਲਾਫ ਵਿਸ਼ਾਲ ਲੋਕ ਲਾਮਬੰਦੀ, ਸਾਰੀਆਂ ਲੋਕ ਪੱਖੀ ਜਥੇਬੰਦੀਆਂ/ਧਿਰਾਂ ਦੀ ਸਾਂਝੀ ਸਰਗਰਮੀ, ਪੰਦਰਾਂ ਵਰ੍ਹਿਆਂ ਦੀ ਲਗਾਤਾਰ ਅਣਥੱਕ ਲੋਕ ਪ੍ਰਤੀਬੱਧਤਾ, ਆਦਿ ਇਸ ਘੋਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਹਨ। ਜਿਸ ਜਵੇ ਨਾਲ ਕਿਰਨਜੀਤ ਨੇ ਸ਼ਹਾਦਤ ਪਾਈ ਤੇ ਐਕਸ਼ਨ ਕਮੇਟੀ ਨੇ ਸੁਚੱਜੀ ਅਗਵਾਈ ਕੀਤੀ ਉਸ ਦੇ ਫਲਸਰੂਪ ਅਜੇ ਪੰਜਾਬ ਅੰਦਰ (ਖਾਸਕਰ ਇਲਾਕੇ ’ਚ) ਕਿਰਨਜੀਤ ਸਵੈਮਾਨੀ ਔਰਤਾਂ ਲਈ ਲੁੱਟ ਜਬਰ ਖਿਲਾਫ਼ ‘ਸੰਘਰਸ਼ ਦਾ ਪ੍ਰਤੀਕ’ ਬਣ ਜਿਉਂ ਰਹੀ ਹੈ। ਅੱਜ ਵੀ ਅਣਖ-ਆਬਰੂ ਤੇ ਸਵੈਮਾਣ ਦੇ ਰਖਵਾਲੇ ਹਜ਼ਾਰਾਂ ਮੇਹਨਤਕਸ਼ ਲੋਕ ਪੰਜਾਬ ਭਰ ’ਚੋਂ ਕਾਫ਼ਲੇ ਬੰਨ੍ਹਕੇ, ਲੁੱਟ ਜਬਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਲਈ ਹਰ ਸਾਲ 12 ਅਗਸਤ ਨੂੰ ਮਹਿਲਕਲਾਂ ਦੀ ਧਰਤ ਨੂੰ ਸਲਾਮ ਕਰਨ ਆਉਂਦੇ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਇਹ ਸੁਲੱਖਣੀ ਧਰਤੀ ਕਿਰਤੀ ਲੋਕਾਂ ਤੇ ਉਨ੍ਹਾਂ ਦੀਆਂ ਔਰਤਾਂ ਉਤੋਂ ਹਰ ਤਰ੍ਹਾਂ ਦੇ ਲੁੱਟ ਜਬਰ ਨੂੰ ਵਗਾਹ ਮਾਰਨ ਲਈ, ਉਨ੍ਹਾਂ ਦੀ ਗੈਰਤ ਨੂੰ ਵੰਗਾਰਦੀ ਹੈ।


ਸੰਘਰਸ਼ ਦੀਆਂ ਇਨ੍ਹਾਂ ਅਹਿਮ ਪ੍ਰਾਪਤੀਆਂ ਦੇ ਬਾਵਜੂਦ ਵੀ ਚੁਣੌਤੀਆਂ ਵਿਕਰਾਲ ਹਨ। ਕਿਰਨਜੀਤ ਕਤਲ ਕਾਂਡ ਨਾ ਤਾਂ ਪਹਿਲਾਂ ਕਤਲ ਕਾਂਡ ਹੈ ਤੇ ਨਾ ਹੀ ਆਖਰੀ। ਇਸੇ ਤਰ੍ਹਾਂ ਲੋਕ ਦੋਖੀ ਕਾਰਿਆਂ ਤੇ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਉਪਰ ਜਬਰ ਤਸ਼ੱਦਦ ਵੀ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ। ਇਸ ਕਤਲ ਕਾਂਡ ਦੀ ਅਗਵਾਈ ਕਰ ਰਹੇ ਤਿੰਨ ਲੋਕ ਆਗੂਆਂ ਨੂੰ ਝੂਠੇ ਕੇਸਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਲੋਕ ਤਾਕਤ ਜ਼ਰੀਏ ਗਵਰਨਰ ਪੰਜਾਬ ਨੂੰ ਨਰਾਇਣ ਦੱਤ ਤੇ ਪ੍ਰੇਮ ਕੁਮਾਰ ਦੀ ਸਜ਼ਾ ਰੱਦ ਕਰਨੀ ਪਈ। ਤੀਸਰੇ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਹਾਲੇ ਬਰਕਰਾਰ ਹੈ। ਇਹ ਅਗਾਂਹਵਧੂ, ਲੋਕ ਪੱਖੀ ਤੇ ਜਮਹੂਰੀ ਹਲਕਿਆਂ ਲਈ ਹਾਕਮ ਜਮਾਤਾਂ ਵੱਲੋਂ ਸਬਕ ਸਿਖਾਉਣ ਦੇ ਮਨਸ਼ੇ ਨਾਲ ਖੜਾ ਕੀਤਾ ਗਿਆ ਇਕ ਚੈਲੰਜ ਹੈ।ਇਸ ਚੈਲੰਜ ਨੂੰ ਖਿੜੇਮੱਥੇ ਕਾਬੂਲ ਕਰਨਾ ਤੇ ਲੋਕ ਲਹਿਰ ਨੂੰ ਹੋਰ ਵੱਧ ਮਜਬੂਤ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ।


ਸਮੁੱਚੇ ਤੌਰ ਤੇ ਇਸ ਘੋਲ ਦੀਆਂ ਹਾਂਦਰੂ ਪ੍ਰਾਪਤੀਆਂ ਨੂੰ ਦੇਖਣਾ ਹੋਵੇ ਤਾਂ ਸੂਬਾ ਪੰਜਾਬ ਦੇ ਕਿਸੇ ਵੀ ਖਿੱਤੇ ਅੰਦਰ ਔਰਤਾਂ ਨਾਲ ਵਾਪਰੇ ਲੁੱਟ-ਜਬਰ ਅਤੇ ਦਾਬੇ ਖਿਲਾਫ ਉੱਠੇ ਲੋਕ ਰੋਹ ਲਈ ਇਹ ਘੋਲ ਪ੍ਰੇਰਨਾ ਸ੍ਰੋਤ ਬਣਕੇ ਉਭਰਦਾ ਆ ਰਿਹਾ ਹੈ।ਪਿਛਲੇ ਅਰਸੇ ਦੌਰਾਨ ਫ਼ਰੀਦਕੋਟ ਅਗਵਾ ਕਾਂਡ, ਦਾਮਨੀ ਬਲਾਤਕਾਰ ਵਿਰੋਧੀ ਲੋਕ ਰੋਹ ਅਤੇ ਔਰਤਾਂ ਉਪੱਰ ਹੋ ਰਹੇ ਜਬਰ-ਜੁਲਮ ਦੀਆਂ ਹੋਰ ਸਥਾਨਕ ਘਟਨਾਵਾਂ ਲਈ ਬਣਦੀਆਂ ਆ ਰਹੀਆਂ ਸਾਂਝੀਆਂ ਜਬਰ ਵਿਰੋਧੀ ਸੰਘਰਸ਼ ਕਮੇਟੀਆਂ ਤੇ ਕੁੱਲ ਸੰਘਰਸ਼ ਨੂੰ ਸੇਧ ਮੁਹੱਈਆ ਕਰਨ ਵਿਚ ਵੀ ਇਸ ਘੋਲ ਦੀ ਵਿਸ਼ੇਸ਼ ਭੂਮਿਕਾ ਰਹੀ ਹੈ।ਇਸ ਘੋਲ ਨੇ ਲੋਕ ਮਨਾਂ ਅੰਦਰ ਘਰ ਕਰੀ ਬੈਠੇ ਭਾਣਾ ਮੰਨਣ ਦੇ ਵਰਤਾਰੇ ਨੂੰ ਮੂਲੋਂ ਖਾਰਿਜ ਕਰਦਿਆਂ ਲੁੱਟ-ਜਬਰ ਖਿਲਾਫ਼ ਟੱਕਰ ਲੈਣ ਦੀ ਚੇਤੰਨ ਜੁਝਾਰੂ ਭਾਵਨਾ ਦਾ ਵੀ ਯੱਕ ਬੰਨਿਆਂ ਹੈ।ਔਰਤ ਨੂੰ ਬਜ਼ਾਰ ਦੀ ਵਸਤੂ ਦੇ ਤੌਰ ਤੇ ਪਰੋਸਣ ਵਾਲੇ ਲੱਚਰ-ਲੋਟੂ ਪਿਛਾਖੜੀ ਸੱਭਿਆਚਾਰ ਦੀ ਖਿਲਾਫ਼ਤ ਕਰਨ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਇਸ ਘੋਲ ਨੇ ਨਵੇਂ ਨਰੋਏ ਸੱਭਿਆਚਾਰ ਦੀ ਸਿਰਜਣਾ ਦੀ ਅਵਾਜ ਲਗਾਤਾਰ ਬੁਲੰਦ ਕੀਤੀ ਹੈ।ਸਭ ਤੋਂ ਅਹਿਮ ਤੇ ਸ਼ਾਨਾਮੱਤੀ ਘੋਲ ਪ੍ਰਾਪਤੀ ਇਹ ਰਹੀ ਹੈ ਕਿ ਇਹ ਘੋਲ ਸਥਾਨਕ ਗੁੰਡਾ ਟੋਲੀ ਦੇ ਵਿਰੋਧ ਤੱਕ ਸੀਮਿਤ ਨਾ ਰਹਿਕੇ ਸਭਨਾ ਸਮਾਜਿਕ ਅਲਾਮਤਾਂ ਲਈ ਬੁਰਾਈ ਦਾ ਧੁਰਾ ਬਣਦੇ ਮੌਜੂਦਾ ਜਾਬਰ-ਲੁਟੇਰੇ ਰਾਜ ਪ੍ਰਬੰਧ ਖਿਲਾਫ਼  ਸੇਧਤ ਹੋ ਚੁੱਕਾ ਹੈ।

ਲੋਕ ਆਗੂ ਮਨਜੀਤ ਧਨੇਰ ਦੀ ਬਹਾਲ ਰੱਖੀ ਉਮਰ ਕੈਦ ਸਜ਼ਾ ਰੱਦ ਕਰਵਾਉਣ ਅਤੇ ਗ਼ਦਰ ਸ਼ਤਾਬਦੀ ਨੂੰ ਸਮਰਪਿਤ ਸ਼ਹੀਦ ਵਿਦਿਆਰਥਣ ਕਿਰਨਜੀਤ ਕੌਰ ਦੀ 16ਵੀਂ ਬਰਸੀ ‘‘ਔਰਤ ਜਬਰ ਵਿਰੋਧੀ ਦਿਵਸ’’ ਵਜੋਂ ਮਨਾਉਣ ਲਈ 12 ਅਗਸਤ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਦਾਣਾ ਮੰਡੀ, ਮਹਿਲਕਲਾਂ ਵਿਖੇ ਵੱਡੀ ਲੋਕ ਲਾਮਬੰਦੀ ਕੀਤੀ ਜਾ ਰਹੀ ਹੈ।

ਸੰਪਰਕ: +91 98764 42052

Comments

Lalit

Articles like these put the consumer in the driver seat-very imtporant.

Daniel

I think you've just captured the answer petrfcely

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ