Thu, 21 November 2024
Your Visitor Number :-   7254420
SuhisaverSuhisaver Suhisaver

ਪੰਜਾਬ 'ਚ ਪਿਛਲੇ ਚਾਰ ਦਹਾਕਿਆਂ ਤੋਂ ਨਹੀਂ ਖੁੱਲ੍ਹਿਆ ਇੱਕ ਵੀ ਮੈਡੀਕਲ ਕਾਲਜ

Posted on:- 02-08-2013

ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਢਿੰਢੋਰਾ ਪਿੱਟਣ ਵਾਲ਼ੀ ਪੰਜਾਬ ਸਰਕਾਰ ਨੇ ਬੀਤੇ ਚਾਰ ਦਹਾਕਿਆਂ ਦੌਰਾਨ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਇੱਕ ਵੀ ਕਦਮ ਨਹੀਂ ਪੁੱਟਿਆ। ਸਰਕਾਰ ਦੀ ਲਾਪ੍ਰਵਾਹੀ ਕਾਰਨ ਮੈਡੀਕਲ ਸਿੱਖਿਆ ਅਤੇ ਸਹੂਲਤਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜੇਕਰ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਵਿੱਚ ਸਿਹਤ ਸਹੂਲਤਾਂ ਮਿਲ਼ ਰਹੀਆਂ ਹਨ ਤਾਂ ਉਹ ਵੀ ਕੇਂਦਰ ਸਰਕਾਰ ਦੀ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ ਦੇ ਤਹਿਤ ਹੀ ਉਪਲੱਬਧ ਹੋ ਰਹੀਆਂ ਹਨ।



ਅੰਕੜੇ ਦੱਸਦੇ ਹਨ ਕਿ 1973 ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ 'ਚ ਇੱਕ ਵੀ ਮੈਡੀਕਲ ਕਾਲਜ ਦਾ ਨਿਰਮਾਣ ਨਹੀਂ ਕਰਵਾਇਆ। ਇਹੀ ਨਹੀਂ, ਪਟਿਆਲ਼ਾ, ਅੰਮ੍ਰਿਤਸਰ ਅਤੇ ਫਰੀਦਕੋਟ ਸਥਿਤ ਪਹਿਲਾਂ ਤੋਂ ਚੱਲ ਰਹੀਆਂ ਮੈਡੀਕਲ ਸੰਸਥਾਵਾਂ ਦੀ ਸਿਹਤ ਸੰਭਾਲ਼ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਫੰਡਾਂ ਅਤੇ ਪ੍ਰੋਉੈਸਰਾਂ ਦੀ ਕਮੀ ਕਾਰਨ ਇਨ੍ਹਾਂ ਸੰਸਥਾਵਾਂ ਦੇ ਵਕਾਰ 'ਤੇ ਵੀ ਸਵਾਲ ਉੱਠ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਦੀ ਸੰਨ 2000 ਤੱਕ ਕਾਫ਼ੀ ਸਾਖ਼ ਰਹੀ ਹੈ ਅਤੇ ਇੱਥੋਂ ਸਿੱਖਿਆ ਪ੍ਰਾਪਤ ਕਈ ਡਾਕਟਰਾਂ ਨੇ ਪੀਜੀਆਈ ਵਿੱਚ ਸੇਵਾਵਾਂ ਦਿੱਤੀਆਂ ਹਨ।

ਪੰਜਾਬ ਸਰਕਾਰ ਦੀ ਮੈਡੀਕਲ ਸਿੱਖਿਆ ਪ੍ਰਤੀ ਅਣਦੇਖੀ ਦਾ ਭੇਦ ਇੱਥੋਂ ਵੀ ਖੁੱਲ੍ਹਦਾ ਹੈ ਕਿ ਬੀਤੇ ਦਿਨ ਭਾਰਤੀ ਆਯੁਰ ਵਿਗਿਆਨ ਪ੍ਰੀਸ਼ਦ ਭਾਰਤ ਸਰਕਾਰ ਦੇ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਦੇਸ਼ ਵਿੱਚ 25 ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਨੂੰ ਮਾਨਤਾ ਦਿੱਤੀ ਹੈ, ਜਿਨ੍ਹਾਂ ਵਿੱਚ ਪੰਜਾਬ ਦਾ ਕੋਈ ਵੀ ਕਾਲਜ ਸ਼ਾਮਲ ਨਹੀਂ ਹੈ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸੂਬੇ ਵਿੱਚ ਮੈਡੀਕਲ ਕਾਲਜ ਹੀ ਨਹੀਂ ਖੁੱਲ੍ਹਣਗੇ ਤਾਂ ਡਾਕਟਰ ਕਿੱਥੋਂ ਬਣਨਗੇ। ਦੱਸਿਆ ਜਾਂਦਾ ਹੈ ਪ੍ਰਾਈਵੇਟ ਕਾਲਜਾਂ ਦੀਆਂ ਭਾਰੀਆਂ ਫੀਸਾਂ ਅਤੇ ਡੋਨੇਸ਼ਨਾਂ ਹੋਣ ਕਾਰਨ ਦਾਖ਼ਲਾ ਲੈਣਾ ਵੀ ਹੁਣ ਆਮ ਬੰਦੇ ਦੇ ਵਸ ਤੋਂ ਬਾਹਰ ਹੁੰਦਾ ਜਾ ਰਿਹਾ ਹੈ।

ਸੂਤਰ ਦੱਸਦੇ ਹਨ ਕਿ ਵਿੱਤੀ ਸੰਕਟ ਨਾਲ਼ ਜੂਝ ਰਹੀ ਪੰਜਾਬ ਸਰਕਾਰ ਆਉਂਦੇ ਦਿਨਾਂ 'ਚ ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿੱਚ ਭਾਰੀ ਵਾਧ ਕਰਨ ਜਾ ਰਹੀ ਹੈ।

ਇਸ ਨਾਲ਼ ਡਾਕਟਰ ਬਣਨ ਦਾ ਸੁਪਨਾ ਸਮੋਈ ਬੈਠੇ ਬਹੁਤ ਸਾਰੇ ਵਿਦਿਆਰਥੀਆਂ ਦੇ ਸੁਪਨੇ ਟੁੱਟਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੱਸਿਆ ਜਾਂਦਾ ਹੈ ਕਿ ਸੰਨ 2007 ਵਿੱਚ ਵੀ ਸਰਕਾਰ ਨੇ ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿੱਚ ਭਾਰੀ ਵਾਦਾ ਕੀਤਾ ਸੀ ਅਤੇ ਉਸ ਸਮੇਂ ਫੀਸਾਂ ਨਾ ਦੇ ਸਕਣ ਦੀ ਬੇਵਸੀ ਕਾਰਨ 350 ਦੇ ਕਰੀਬ ਵਿਦਿਆਰਥੀ ਸੀਟਾਂ ਛੱਡ ਗਏ ਸਨ, ਜਿਨ੍ਹਾਂ ਵਿੱਚ 200 ਦੇ ਕਰੀਬ ਅਨੁਸੂਚਿਤ ਜਾਤੀ ਨਾਲ਼ ਸਬੰਧਿਤ ਵਿਦਿਆਰਥੀ ਸਨ।

ਹੁਣ ਫਿਰ ਸਰਕਾਰ ਇਨ੍ਹਾਂ ਕਾਲਜਾਂ ਦੀਆਂ ਫੀਸਾਂ ਵਧਾਉਣ ਜਾ ਰਹੀ ਹੈ। ਜੇਕਰ ਫੀਸਾਂ, ਫੰਡਾਂ ਦੇ ਵਧਣ ਕਾਰਨ ਵਿਦਿਆਰਥੀ ਸੀਟਾਂ ਛੱਡਦੇ ਹਨ ਤਾਂ ਇਸ ਨਾਲ ਪਹਿਲਾਂ ਹੀ ਡਾਕਟਰਾਂ ਦੀ ਕਮੀ ਨਾਲ਼ ਜੂਝ ਰਹੀ ਸਰਕਾਰ ਦੀਆਂ ਮੁਸ਼ਕਲਾਂ ਹੋ ਰ ਵਧ ਜਾਣਗੀਆਂ। ਸਿਹਤ ਵਿਭਾਗ ਦੀ ਹਾਲਤ ਇ ਬਣੀ ਹੋਈ ਹੈ ਕਿ ਭਰਤੀ ਦੀ ਪ੍ਰੀਕਿਰਿਆ ਨੂੰ ਸੌਖਾ ਕਰਨ ਦੇ ਬਾਵਜੂਦ ਵੀ ਡਾਕਟਰ ਨਹੀਂ ਮਿਲ਼ ਰਹੇ, ਜਿਸ ਕਾਰਨ ਸਰਹੱਦੀ ਖ਼ੇਤਰ ਅਤੇ ਪੇਂਡੂ ਖ਼ੇਤਰ ਵਿੱਚ ਡਾਕਟਰਾਂ ਦੀ ਭਾਰੀ ਕਮੀ ਹੈ ਅਤੇ ਕੋਈ ਵੀ ਡਾਕਟਰ ਪੇਂਡੂ ਖ਼ੇਤਰ ਵਿੱਚ ਸੇਵਾਵਾਂ ਦੇਣ ਨੂੰ ਤਿਆਰ ਨਹੀਂ ਹੈ। ਫੀਸਾਂ ਦੇ ਵਾਧੇ ਨੂੰ ਲੈ ਕੇ ਜਦੋਂ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਪ੍ਰੋ. ਮਨਮੋਹਨ ਸਿੰਘ ਨਾਲ਼ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਫੀਸਾਂ ਨਾਲ ਕੌਂਸਲ ਦਾ ਕੋਈ ਸਬੰਧ ਨਹੀਂ ਹੈ, ਜਦੋਂ ਕਿ ਡਾਕਟਰੀ ਸਿੱਖਿਆ ਤੇ ਖੋਜ ਦੇ ਡਾਇਰੈਕਟਰ ਤੇਜਬੀਰ ਸਿੰਘ ਅਤੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਵਾਰ-ਵਾਰ ਸੰਪਰਕ ਕਰਨ 'ਤੇ ਫੋਨ ਨਹੀਂ ਉਠਾਇਆ।
                                                                                                       
ਸੂਹੀ ਸਵੇਰ ਬਿਓਰੋ

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ