ਵਰਲਡ ਪੰਜਾਬੀ ਸੈਂਟਰ ਕਿ ਚਿੱਟਾ ਹਾਥੀ (ਕਿਸ਼ਤ ਦੂਜੀ) -ਡਾ. ਐੱਸ ਤਰਸੇਮ
Posted on:- 29-07-2013
ਉਕਤ ਅਧੂਰੀ ਸੂਚਨਾ ਤੋਂ ਵੀ ਵਰਲਡ ਪੰਜਾਬੀ ਸੈਂਟਰ ਦੀ ਕਾਰਗੁਜ਼ਾਰੀ 'ਤੇ ਹੇਠ ਲਿਖੇ ਪ੍ਰਸ਼ਨ ਉੱਠਦੇ ਹਨ, ਜੋ ਹੇਠਾਂ ਦਰਜ ਹਨ-
ੳ) ਵਿਤੀ ਅਨਿਯਮਤਾਵਾਂ
1. ਸੂਚਨਾ ਅਧਿਕਾਰੀ ਵੱਲੋਂ ਵਿਤੀ ਸਾਲ 2008-09 ਦੇ ਹਿਸਾਬ-ਕਿਤਾਬ ਦੀ ਜੋ ਸੂਚਨਾ ਅਨੁਲੱਗ ‘ਗ' ਵਿੱਚ ਦਿੱਤੀ ਗਈ ਹੈ, ਉਸ ਅਨੁਸਾਰ ਵਰਲਡ ਪੰਜਾਬੀ ਸੈਂਟਰ ਵੱਲੋਂ ਇਸ ਵਿਤੀ ਵਰ੍ਹੇ ਵਿੱਚ ਸੈਮੀਨਾਰਾਂ ਆਦਿ ਉੱਪਰ 80, 548/- ਰੁਪਏ ਖ਼ਰਚ ਕੀਤੇ ਦਰਜ ਕੀਤੇ ਹਨ।
ਜਦੋਂ ਕਿ ਸਮਾਗਮ ਦੀ ਸੂਚੀ ਅਨੁਲੱਗ ‘ਖ' ਵਿੱਚ ਸੈਂਟਰ ਵੱਲੋਂ ਕੀਤੇ ਗਏ ਕਿਸੇ ਵੀ ਸੈਮੀਨਾਰ ਆਦਿ ਦੀ ਸੂਚਨਾ ਦਰਜ ਨਹੀਂ ਹੈ।
ਪ੍ਰਸ਼ਨ ਉੱਠਦਾ ਹੈ ਕਿ ਸੈਂਟਰ ਵੱਲੋਂ 80,548/- ਰੁਪਏ ਕਿੱਥੇ ਖ਼ਰਚ ਕੀਤੇ ਗਏ?
2. ਇਸੇ ਤਰ੍ਹਾਂ ਵਿਤੀ ਵਰ੍ਹੇ 2009-10 ਵਿੱਚ ਸੂਚੀ ਅਨੁਲੱਗ ‘ਖ' ਅਨੁਸਾਰ ਵਰਲਡ ਪੰਜਾਬੀ ਸੈਂਟਰ ਵੱਲੋਂ ਚਾਰ ਸਮਾਗਮ ਜਿਨ੍ਹਾਂ ਦਾ ਵਿਸਥਾਰ ਸੂਚੀ ‘ਖ' ਦੇ ਕ੍ਰਮ ਨੰਬਰ 1,3,4 ਅਤੇ 7 ਉ¥ਪਰ ਦਰਜ ਹੈ ਮਿਤੀ 14/05/2009, 18/11/2009, 12/12/2009 ਅਤੇ ਮਿਤੀ 28/02/10-01/03/2010 ਕਰਵਾਏ ਗਏ। ਸੂਚੀ ‘ਖ' ਅਨੁਸਾਰ ਇਨ੍ਹਾਂ ਸਮਾਗਮਾਂ ਉੱਪਰ 55,000/- ਰੁਪਏ, 30,000/- ਰੁਪਏ, 60,000/- ਰੁਪਏ ਅਤੇ 97,000/- ਰੁਪਏ ਖ਼ਰਚ ਹੋਇਆ ਦਿਖਾਇਆ ਗਿਆ ਹੈ। ਇਹ ਕੁੱਲ ਖ਼ਰਚਾ 2,42,000/- ਰੁਪਏ ਬਣਦਾ ਹੈ।
ਸੂਚਨਾ ਅਧਿਕਾਰੀ ਵੱਲੋਂ ਇਸ ਵਿਤੀ ਵਰ੍ਹੇ ਦੇ ਹਿਸਾਬ ਅਨੁਲੱਗ ‘ਘ' ਵਿੱਚ ਜੋ ਖ਼ਰਚਾ ਸੈਮੀਨਾਰਾਂ ਉੱਪਰ ਕੀਤਾ ਦਰਜ ਕੀਤਾ ਗਿਆ ਹੈ, ਉਹ 1,13,187 ਰੁਪਏ 50 ਪੈਸੇ ਦੱਸਿਆ ਗਿਆ ਹੈ।
ਦੋਹਾਂ ਸੂਚੀਆਂ ਵਿੱਚ ਦਰਜ ਸੂਚਨਾ ਦੇ ਮਿਲਾਨ ਕਰਨ ਤੋਂ ਇਹ ਸਿੱਟਾ ਨਿਕਲ਼ਦਾ ਹੈ ਕਿ ਸੈਂਟਰ ਵੱਲੋਂ ਸਮਾਗਮਾਂ ਉੱਪਰ 1,28, 812 ਰੁਪਏ 50 ਪੈਸੇ, ਦਿਖਾਏ ਖ਼ਰਚੇ ਨਾਲ਼ੋਂ ਵੱਧ ਖ਼ਰਚ ਕੀਤੇ ਗਏ।
ਸਵਾਲ ਇਹ ਉੱਠਦਾ ਹੈ ਕਿ ਏਨੀਂ ਵੱਡੀ ਰਕਮ ਕਿਸ ਦੀ ਜੇਬ ਵਿੱਚੋਂ ਖ਼ਰਚ ਹੋਈ। ਖ਼ਰਚ ਹੋਈ ਵੀ ਜਾਂ ਨਹੀਂ?
3. ਸੂਚੀ ‘ਖ' ਅਨੁਸਾਰ ਵਿਤੀ ਵਰ੍ਹੇ 2010-11 ਵਿੱਚ ਵਰਲਡ ਪੰਜਾਬੀ ਸੈਂਟਰ ਵੱਲੋਂ 3 ਸਮਾਗਮ ਜਿਨ੍ਹਾਂ ਦਾ ਵਿਸਥਾਰ ਸੂਚੀ ਦੇ ਕ੍ਰਮ ਨੰਬਰ 5,10 ਅਤੇ 14 ਉੱਪਰ ਦਰਜ ਹੈ, ਮਿਤੀ 17/12/2010, 23/09/2010 ਅਤੇ 11/03/2011 ਨੂੰ ਕੀਤੇ ਇਨ੍ਹਾਂ ਸਮਾਗਮਾਂ ਉੱਤੇ ਕ੍ਰਮਾਨੁਸਾਰ 14,883/-, 20,000/- ਅਤੇ 11,600/- ਰੁਪਏ ਖ਼ਰਚ ਹੋਏ। ਕੁੱਲ ਖ਼ਰਚਾ 46,483/- ਰੁਪਏ ਬਣਦਾ ਹੈ।
ਸੂਚਨਾ ਅਧਿਕਾਰੀ ਵੱਲੋਂ ਇਸ ਵਿਤੀ ਵਰ੍ਹੇ ਦੇ ਹਿਸਾਬ ਅਨੁਲੱਗ ‘ਙ' ਅਨੁਸਾਰ ਸੈਮੀਨਾਰਾਂ ਆਦਿ ਉੱਪਰ 1,08,096/- ਰੁਪਏ ਖਰਚਾ ਹੋਣਾ ਦਰਜ ਕੀਤਾ ਗਿਆ ਹੈ।
ਦੋਹਾਂ ਸੂਚਨਾਵਾਂ ਦੇ ਮਿਲਾਨ ਤੋਂ ਖ਼ਰਚਿਆਂ ਵਿੱਚ 61,613/- ਰੁਪਏ ਦਾ ਫਰਕ ਹੈ। 1,08,096/- ਰੁਪਏ ਵਿੱਚੋਂ 46, 483/- ਰੁਪਏ ਖ਼ਰਚ ਕਰਨ ਬਾਅਦ ਬਚੇ 61,613/-
ਰੁਪਏ ਕਿਸ ਦੀ ਜੇਬ ਵਿੱਚ ਪਏ?
4. ਸਮਾਗਮਾਂ ਦੀ ਸੂਚੀ ‘ਖ' ਅਨੁਸਾਰ ਵਿਤੀ ਵਰ੍ਹੇ 2011-12 ਵਿੱਚ 2 ਸਮਾਗਮ ਕੀਤੇ ਗਏ, ਜਿਨ੍ਹਾਂ ਦਾ ਵਿਸਥਾਰ ਸੂਚੀ ‘ਖ' ਦੇ ਕ੍ਰਮ 16 ਅਤੇ 17 'ਤੇ ਦਰਜ ਹੈ। 16 ਨੰਬਰ ਸਮਾਗਮ ਮਿਤੀ 27 ਤੋਂ 29 ਫਰਵਰੀ 2012 ਨੂੰ, ਸਮਾਗਮ ਨੰਬਰ 17, 18 ਤੋਂ 20 ਮਾਰਚ ਤੱਕ ਕੀਤੇ ਗਏ। ਇਨ੍ਹਾਂ ਸਮਾਗਮਾਂ ਉ¥ਪਰ 46, 632/- ਰੁਪਏ ਅਤੇ 10,000/- ਰੁਪਏ ਖ਼ਰਚ ਹੋਏ ਦਰਜ ਕੀਤੇ ਗਏ ਹਨ। ਇਨ੍ਹਾਂ ਸਮਾਗਮਾਂ ਉੱਪਰ ਕੁੱਲ ਖ਼ਰਚਾ 56,632/- ਰੁਪਏ ਬਣਦਾ ਹੈ।
ਸੂਚਨਾ ਅਧਿਕਾਰੀ ਵੱਲੋਂ ਇਸ ਵਿਤੀ ਵਰ੍ਹੇ ਦੇ ਹਿਸਾਬ-ਕਿਤਾਬ ਅਨੁਲੱਗ ‘ਛ' ਅਨੁਸਾਰ ਇਨ੍ਹਾਂ ਸਮਾਗਮਾਂ ਉੱਪਰ 54,451/- ਰੁਪਏ ਖ਼ਰਚ ਹੋਏ ਦਰਜ ਕੀਤੇ ਗਏ ਹਨ।
ਦੋਹਾਂ ਸੂਚਨਾਵਾਂ ਦੇ ਮਿਲਾਨ ਤੋਂ ਦੋਹਾਂ ਖ਼ਰਚਿਆਂ ਵਿਚਕਾਰ 2,181/- ਰੁਪਏ ਦਾ ਅੰਤਰ ਹੈ। ਬਚੀ ਹੋਈ ਇਹ ਰਕਮ ਕਿਸ ਦੀ ਜੇਬ ਵਿੱਚ ਗਈ?
ਅ) ਵਰਲਡ ਪੰਜਾਬੀ ਸੈਂਟਰ ਵੱਲੋਂ ਕਰਵਾਏ ਗਏ ਸਮਾਗਮਾਂ ਦੀ ਗਿਣਤੀ ਅਤੇ ਉਨ੍ਹਾਂ ਦਾ ਪੱਧਰ:-
ਸੂਚੀ ‘ਖ' ਅਨੁਸਾਰ ਵਰਲਡ ਪੰਜਾਬੀ ਸੈਂਟਰ ਵੱਲੋਂ 4 ਸਾਲਾਂ ਦੌਰਾਨ ਕਰੀਬ 65 ਲੱਖ ਰੁਪਏ ਖ਼ਰਚ ਕੇ ਕੇਵਲ 19 ਸਮਾਗਮ ਕਰਵਾਏ ਗਏ ਹਨ। ਇਨ੍ਹਾਂ ਸਮਾਗਮਾਂ ਦਾ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਕੋਈ ਯੋਗਦਾਨ ਨਹੀਂ ਹੈ। ਇਨਾਂ ਵਿੱਚੋਂ ਵੀ ਬਹੁਤੇ ਸਮਾਗਮ ਕੇਵਲ ਕਾਰਗੁਜ਼ਾਰੀ ਦਿਖਾਉਣ ਜਾਂ ਹੋਰ ਸੰਸਥਾਵਾਂ ਨੂੰ ਸਹਾਇਤਾ ਪਹੁੰਚਾਉਣ ਜਾਂ ਨਿੱਜੀ ਹਿੱਤਾਂ ਨੂੰ ਪੂਰਨ ਲਈ ਕੀਤੇ ਗਏ ਹਨ। ਹੇਠ ਲਿਖੇ ਤੱਥ, ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਨਗੇ:-
ਬਿਨਾਂ ਖ਼ਰਚੇ ਤੋਂ ਕੀਤੇ ਗਏ ਸਮਾਗਮ:
19 ਸਮਾਗਮਾਂ ਵਿੱਚੋਂ 9 ਸਮਾਗਮ ਅਜਿਹੇ ਹਨ, ਜਿਨ੍ਹਾਂ ਉ¥ਪਰ ਵਰਲਡ ਪੰਜਾਬੀ ਸੈਂਟਰ ਦਾ ਕੋਈ ਖ਼ਰਚਾ ਨਾ ਹੋਣਾ ਦੱਸਿਆ ਗਿਆ ਹੈ। ਅਸਲ ਵਿੱਚ ਇਹ ਸਮਾਗਮ ਹੋਰ ਸੰਸਥਾਵਾਂ, ਜਿਵੇਂ ਕਿ ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ਼, ਲੁਧਿਆਣਾ, ਸੰਤ ਦਰਬਾਰਾ ਸਿੰਘ ਕਾਲਜ ਫਾਰ ਵੁਮੈਨ, ਲੋਪੋਂ, ਜਗਰਾਓਂ ਆਦਿ ਵੱਲੋਂ ਰਚੇ ਗਏ ਸਨ। ਵਰਲਡ ਪੰਜਾਬੀ ਸੈਂਟਰ ਦੇ ਅਧਿਕਾਰੀਆਂ ਵੱਲੋਂ ਆਪਣੇ ਟੀ.ਏ., ਡੀ.ਏ. ਵਸੂਲਣ ਲਈ ਅਤੇ ਆਪਣੀ ਕਾਰਗ਼ੁਜ਼ਾਰੀ ਦਿਖਾਉਣ ਲਈ ਅਜਿਹੇ ਸਮਾਗਮਾਂ ਨੂੰ ਆਪਣੇ ਵੱਲੋਂ ਕਰਾਏ ਸਮਾਗਮਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ, ਜਦੋਂ ਕਿ ਅਜਿਹੇ ਸਮਾਗਮਾਂ ਵਿੱਚ ਵਰਲਡ ਪੰਜਾਬੀ ਸੈਂਟਰ ਦਾ ਕੋਈ ਯੋਗਦਾਨ ਨਹੀਂ ਸੀ।
ਬਾਕੀ ਸੰਸਥਾਵਾਂ ਨੂੰ ਵਿਤੀ ਸਹਿਯੋਗ ਦੇਣ ਲਈ ਰਚੇ ਗਏ ਸਮਾਗਮ :
ਬਾਕੀ ਬਚਦੇ 10 ਸਮਾਗਮਾਂ ਵਿੱਚੋਂ 5 ਸਮਾਗਮ ਅਜਿਹੇ ਹਨ ਜੋ ਵਰਲਡ ਪੰਜਾਬੀ ਸੈਂਟਰ ਦੀ ਥਾਂ ਹੋਰ ਸੰਸਥਾਵਾਂ ਜਿਵੇਂ ਕਿ ਪੰਜਾਬੀ ਅਕੈਡਮੀ ਦਿੱਲੀ ਆਦਿ ਵੱਲੋਂ ਕਰਵਾਏ ਗਏ। ਵਰਲਡ ਪੰਜਾਬੀ ਸੈਂਟਰ ਵੱਲੋਂ ਉਨ੍ਹਾਂ ਨੂੰ ਕੇਵਲ ਵਿਤੀ ਸਹਾਇਤਾ ਦਿੱਤੀ ਗਈ। ਇਨ੍ਹਾਂ ਸਮਾਗਮਾਂ ਵਿੱਚ ਵੀ ਵਰਲਡ ਪੰਜਾਬੀ ਸੈਂਟਰ ਦਾ ਕੋਈ ਯੋਗਦਾਨ ਨਹੀਂ ਸੀ।
ਉਦਾਹਰਨ ਲਈ ਸੂਚੀ ‘ਖ' ਵਿੱਚ ਦਰਜ ਸਮਾਗਮ ਨੰਬਰ 5 ਪੰਜਾਬੀ ਯੂਨੀਵਰਸਿਟੀ ਦੇ ਸੋਸ਼ਲ ਵਰਕ ਵਿਭਾਗ, ਸਮਾਗਮ ਨੰਬਰ 14 ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ, ਸਮਾਗਮ ਨੰਬਰ 16 ਅਤੇ 17 ਪੰਜਾਬੀ ਅਕੈਡਮੀ ਦਿੱਲੀ ਅਤੇ ਸਮਾਗਮ ਨੰਬਰ 18 ਕਿਸੇ ਹੋਰ ਸੰਸਥਾ (ਜਿਸ ਦਾ ਜ਼ਿਕਰ ਸੂਚੀ ‘ਖ' ਵਿੱਚ ਨਹੀਂ ਕੀਤਾ ਗਿਆ) ਦੇ ਸਹਿਯੋਗ ਨਾਲ਼ ਕੀਤਾ ਗਿਆ। ਇਸ ਤਰ੍ਹਾਂ ਇਹ 5 ਸਮਾਗਮ ਵੀ ਵਰਲਡ ਪੰਜਾਬੀ ਸੈਂਟਰ ਵੱਲੋਂ ਨਹੀਂ ਕੀਤੇ ਗਏ।
ਬਾਕੀ ਬਚਦੇ 5 ਪ੍ਰੋਗਰਾਮ ਹੀ ਵਰਲਡ ਪੰਜਾਬੀ ਸੈਂਟਰ ਵੱਲੋਂ ਆਪਣੇ ਤੌਰ 'ਤੇ ਕੀਤੇ ਗਏ ਹਨ।
ਵੱਡਾ ਪ੍ਰਸ਼ਨ ਇਹ ਉੱਠਦਾ ਹੈ ਕਿ 4 ਸਾਲਾਂ ਦੌਰਾਨ, 65 ਲੱਖ ਰੁਪਏ ਖ਼ਰਚ ਕਰਕੇ ਕੇਵਲ 5 ਸਮਾਗਮ ਰਚ ਕੇ ਕੀ ਵਰਲਡ ਪੰਜਾਬੀ ਸੈਂਟਰ ਆਪਣਏ ਉਦੇਸ਼ਾਂ ਦੀ ਪ੍ਰਾਪਤੀ ਕਰਨ ਵਿੱਚ ਕਾਮਯਾਬ ਰਿਹਾ ਹੈ?
ੲ) ਇਨ੍ਹਾਂ ਸਮਾਗਮਾਂ ਉੱਪਰ ਹੋਈ ਫ਼ਜ਼ੂਲ ਖ਼ਰਚੀ ਦਾ ਵੇਰਵਾ :
ਇਨ੍ਹਾਂ ਸਮਾਗਮਾਂ ਉੱਪਰ ਜੋ ਖ਼ਰਚਾ ਹੋਣਾ ਦੱਸਿਆ ਗਿਆ ਹੈ, ਉਸ ਨੂੰ 3 ਹਿੱਸਿਆਂ ਵਿੱਚ ਵੰਡ ਕੇ ਸਮਝਿਆ ਜਾ ਸਕਦਾ ਹੈ।
ਨਰੋਲ ਚਾਹ-ਪਾਣੀ, ਛੋਲੇ-ਪੂਰੀ ਅਤੇ ਲੰਚ ਆਦਿ 'ਤੇ ਹੋਇਆ ਖ਼ਰਚ-
ਸੂਚੀ ‘ਖ' ਵਿੱਚ ਦਰਜ ਸੂਚਨਾ ਅਨੁਸਾਰ ਇਨ੍ਹਾਂ ਸਮਾਗਮਾਂ ਦੌਰਾਨ ਨਿਰੋਲ ਚਾਹ-ਪਾਣੀ, ਛੋਲੇ-ਪੂਰੀ ਅਤੇ ਲੰਚ ਆਦਿ 'ਤੇ ਜੋ ਖ਼ਰਚਾ ਹੋਇਆ, ਉਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਸੈਮੀਨਾਰ ਨੰਬਰ ਖ਼ਰਚਾ
1 55,000/-ਰੁਪਏ
3 30,000/- ਰੁਪਏ
10 20,000/- ਰੁਪਏ
17 10,000/- ਰੁਪਏ
ਕੁੱਲ ਖ਼ਰਚਾ 1,15,000/- ਰੁਪਏ
2)ਨਿਰੋਲ ਟੀ.ਏ./ਡੀ.ਏ. 'ਤੇ ਹੋਇਆ ਖ਼ਰਚਾ
ਸੈਮੀਨਾਰ ਨੰਬਰ ਖ਼ਰਚਾ
4 60,000/- ਰੁਪਏ
5 14,883/- ਰੁਪਏ
14 11,600/- ਰੁਪਏ
18 25,000/- ਰੁਪਏ
ਕੁੱਲ ਖ਼ਰਚਾ 1,11,483/- ਰੁਪਏ
3) ਚਾਹ ਪਾਣੀ ਅਤੇ ਟੀ.ਏ./ਡੀ.ਏ. 'ਤੇ ਹੋਇਆ ਸਾਂਝਾ ਖ਼ਰਚਾ
ਸੈਮੀਨਾਰ ਨੰਬਰ ਖ਼ਰਚਾ
7 97,000/- ਰੁਪਏ
16 46,632/- ਰੁਪਏ
ਕੁੱਲ ਖ਼ਰਚਾ 1,43,632/- ਰੁਪਏ
ਸ) ਸਮਾਗਮਾਂ ਨੂੰ ਰਚਣ ਦਾ ਉਦੇਸ਼
ਵਰਲਡ ਪੰਜਾਬੀ ਸੈਂਟਰ ਵੱਲੋਂ ਰਚੇ ਗਏ 19 ਸਮਾਗਮਾਂ ਵਿੱਚੋਂ ਘੱਟੋ-ਘੱਟ 6 ਪ੍ਰੋਗਰਾਮ ਨਿੱਜੀ ਵਿਅਕਤੀਆਂ, ਜਿਨ੍ਹਾਂ ਦਾ ਪੰਜਾਬੀ ਸਾਹਿਤ ਵਿੱਚ ਬਹੁਤਾ ਕੱਦ-ਕਾਠ ਵੀ ਨਹੀਂ ਹੈ, ਨੂੰ ਪ੍ਰਮੋਟ ਕਰਨ ਲਈ ਰਚੇ ਗਏ। ਇਨ੍ਹਾਂ ਸਮਾਗਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-
ਸਮਾਗਮ ਨੰਬਰ 10 ਸ੍ਰੀ ਸੁਖਿੰਦਰ ਦੀ ਨਿੱਜੀ ਪੁਸਤਕ ਨੂੰ ਲੋਕ ਅਰਪਣ ਕਰਨ ਲਈ ਕੀਤਾ ਗਿਆ ਅਤੇ ਇਸ ਸਮਾਗਮ ਉੱਪਰ 20,000/- ਰੁਪਏ ‘‘ਚਾਹ-ਪਾਣੀ, ਛੋਲੇ-ਪੂਰੀ'' ਉ¥ਤੇ ਖ਼ਰਚ ਕੀਤੇ ਗਏ।
ਸਮਾਗਮ ਨੰਬਰ 14 ਜਨਾਬ ਖ਼ਾਲਿਦ ਹੁਸੈਨ ਦੀ ਇੱਕ ਪੋਠੋਹਾਰ ਕਹਾਣੀ ਉੱਪਰ ਬਣੀ ਫ਼ਿਲਮ ਨੂੰ ਪ੍ਰਦਰਸ਼ਿਤ ਕਰਨ ਲਈ ਕੀਤਾ ਗਿਆ। ਇਸ ਸਮਾਗਮ ਉੱਪਰ 2 ਵਿਅਕਤੀਆਂ ਨੂੰ ਟੀ.ਏ./ਡੀ.ਏ. ਦੇਣ ਲਈ 11,600/- ਰੁਪਏ ਖ਼ਰਚ ਕੀਤੇ ਗਏ।
ਸਮਾਗਮ ਨੰਬਰ 19 ਵਿੱਚ ਡਾ. ਗੁਰਮੇਲ ਕੌਰ ਜੋਸ਼ੀ ਦੀ ਨਿੱਜੀ ਪੁਸਤਕ ਲੋਕ ਅਰਪਣ ਕੀਤੀ ਗਈ।
ਸਮਾਗਮ ਨੰਬਰ 2 ਵਿੱਚ ਸ੍ਰੀ ਜਗਤਾਰ ਸਿੰਘ ਦੀ ਨਿੱਜੀ ਪੁਸਤਕ ਲੋਕ ਅਰਪਣ ਕੀਤੀ ਗਈ।
ਸਮਾਗਮ ਨੰਬਰ 9 ਵਿੱਚ ਸ੍ਰੀ ਮਨੋਜ ਸਿੰਘ ਦੇ ਨਾਵਲ ‘ਬੰਧਨ' ਦਾ ਪੰਜਾਬੀ ਰੂਪਾਂਤਰਣ ਲੋਕ ਅਰਪਣ ਕੀਤਾ ਗਿਆ।
ਸਮਾਗਮ ਨੰਬਰ 11 ਵਿੱਚ ਸ੍ਰੀ ਪਰਮਵੀਰ ਸਿੰਘ ਦੀ ਨਿੱਜੀ ਪੁਸਤਕ ‘ਅਮ੍ਰਿਤ ਵੇਲਾ' ਲੋਕ ਅਰਪਣ ਕੀਤੀ ਗਈ।
ਹ) ਵਰਲਡ ਪੰਜਾਬੀ ਸੈਂਟਰ ਵੱਲੋਂ ਰਚੇ ਗਏ ਸਮਾਗਮਾਂ ਦਾ ਸਥਾਨ-
ਵਰਲਡ ਪੰਜਾਬੀ ਸੈਂਟਰ ਦਾ ਉਦੇਸ਼ ਭਾਵੇਂ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਨੂੰ ਸੰਸਾਰ ਪੱਧਰ 'ਤੇ ਪ੍ਰਫੁੱਲਤ ਕਰਨਾ ਹੈ, ਪਰ ਹੇਠ ਲਿਖਿਆ ਵੇਰਵਾ ਦੱਸਦਾ ਹੈ ਕਿ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚੋਂ ਬਾਹਰ ਹੀ ਨਹੀਂ ਨਿੱਕਲ਼ ਸਕਿਆ।
ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਸੈਨੇਟ ਹਾਲ
ਵਿੱਚ ਰਚੇ ਗਏ ਸਮਾਗਮਾਂ ਦੀ ਗਿਣਤੀ 12
ਚੰਡੀਗੜ੍ਹ ਵਿੱਚ ਕਰਵਾਏ ਗਏ ਸਮਾਗਮ 02
ਬਠਿੰਡਾ ਵਿੱਚ ਕਰਵਾਏ ਗਏ ਸਮਾਗਮ 01
ਬਾਦਲ ਪਿੰਡ ਵਿੱਚ ਕਰਵਾਏ ਗਏ ਸਮਾਗਮ 01
ਨਾਰੰਗਵਾਲ਼ ਪਿੰਡ ਵਿੱਚ ਕਰਵਾਏ ਗਏ ਸਮਾਗਮ 01
ਲੋਪੋਂ ਪਿੰਡ ਵਿੱਚ ਕਰਵਾਏ ਗਏ ਸਮਾਗਮ 01
ਇੰਦੌਰ, ਮੱਧ ਪ੍ਰਦੇਸ਼ ਵਿੱਚ ਕਰਵਾਏ ਗਏ ਸਮਾਗਮ 01
ਵਰਲਡ ਪੰਜਾਬੀ ਸੈਂਟਰ ਦੇ ਕੰਮ-ਕਾਜ 'ਤੇ ਉੱਠਦੇ ਪ੍ਰਸ਼ਨ
4 ਸਾਲ ਦੇ ਅਰਸੇ ਦੌਰਾਨ, ਕਰੀਬ 65 ਲੱਖ ਰੁਪਏ ਖ਼ਰਚ ਕੇ ਵਰਲਡ ਪੰਜਾਬੀ ਸੈਂਟਰ ਵੱਲੋਂ ਜੋ 19 ਸਮਾਗਮ ਕੀਤੇ ਗਏ ਹਨ ਉਨ੍ਹਾਂ ਵਿੱਚੋਂ 6 ਸਮਾਗਮ ਕੇਵਲ ਦੋਸਤਾਂ ਮਿੱਤਰਾਂ, ਸ਼ਾਗਿਰਦਾਂ ਆਦਿ ਦੀਆਂ ਪੁਸਤਕਾਂ ਨੂੰ ਲੋਕ ਅਰਪਣ ਕਰਕੇ, ਉਨ੍ਹਾਂ ਨੂੰ ਪ੍ਰਮੋਟ ਕਰਨ ਦਾ ਯਤਨ ਕੀਤਾ ਗਿਆ ਹੈ। ਕੀ ਵਰਲਡ ਪੰਜਾਬੀ ਸੈਂਟਰ ਦਾ ਉਦੇਸ਼ ਨਿੱਜੀ ਦੋਸਤਾਂ, ਮਿੱਤਰਾਂ ਨੂੰ ਪ੍ਰਮੋਟ ਕਰਨਾ ਹੈ?
ਇਹਨਾਂ ਸਮਾਗਮਾਂ ਵਿੱਚੋਂ ਬਹੁਤੇ ਸਮਾਗਮ ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦੇ ਸੈਨੇਟ ਹਾਲ ਵਿੱਚ ਕੀਤੇ ਗਏ ਹਨ। ਯੂਨੀਵਰਸਿਟੀ ਕੈਂਪਸ ਸ਼ਹਿਰ ਦੀ ਅਬਾਦੀ ਤੋਂ 10-12 ਕਿ.ਮੀ. ਦੂਰ ਹੈ। ਬਾਕੀ ਦੇ ਸਮਾਗਮ ਕਸਬਿਆਂ ਜਾਂ ਪਿੰਡਾਂ ਵਿੱਚ ਕੀਤੇ ਗਏ ਹਨ। ਕੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਮਾਗਮ ਰਚਾ ਕੇ ਵਰਲਡ ਪੰਜਾਬੀ ਸੈਂਟਰ ਆਪਣੇ ਪੰਜਾਬੀ ਸੱਭਿਆਚਾਰ ਨੂੰ ਦੁਨੀਆਂ ਭਰ ਵਿੱਚ ਫੈਲਾਉਣ ਦਾ ਉਦੇਸ਼ ਪ੍ਰਾਪਤ ਕਰ ਰਿਹਾ ਹੈ?
ਵਰਲਡ ਪੰਜਾਬੀ ਸੈਂਟਰ ਨੂੰ ਪੰਜਾਬ ਸਰਕਾਰ ਵੱਲੋਂ, 5 ਸਾਲ ਦੇ ਅਰਸੇ ਦੌਰਾਨ, ਜੋ ਕਰੀਬ 65 ਲੱਖ ਰੁਪਏ ਦਿੱਤੇ ਗਏ ਹਨ, ਉਨ੍ਹਾਂ ਵਿੱਚੋਂ ਕੇਵਲ 3.5 ਲੱਖ ਰੁਪਏ ਸਮਾਗਮਾਂ ਉੱਪਰ ਖ਼ਰਚ ਕੀਤੇ ਗਏ ਹਨ। ਬਾਕੀ ਦੀ ਭਾਰੀ ਰਕਮ ਤਨਖਾਹਾਂ, ਟੀ.ਏ, ਡੀ.ਏ. ਅਤੇ ਹੋਰ ਨਿੱਜੀ ਲਾਭਾਂ ਲਈ ਖ਼ਰਚੀ ਗਈ ਹੈ। ਕੀ ਵਰਲਡ ਪੰਜਾਬੀ ਸੈਂਟਰ ਦਾ ਕੰਮ ਕੁਝ ਵਿਅਕਤੀਆਂ ਦੀਆਂ ਜੇਬਾਂ ਭਰਨਾ ਹੀ ਰਹਿ ਗਿਆ ਹੈ?
ਵਰਲਡ ਪੰਜਾਬੀ ਸੈਂਟਰ ਵੱਲੋਂ ਰਚੇ ਗਏ ਸਮਾਗਮਾਂ ਉ¥ਪਰ ਜੋ 3,46,000/- ਰੁਪਏ ਖ਼ਰਚ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਕੇਵਲ ‘ਚਾਹ-ਪਾਣੀ, ਛੋਲੇ-ਪੂਰੀ ਅਤੇ ਲੰਚ' ਲਈ 1, 15,000/- ਰੁਪਏ ਖਰਚ ਕੀਤੇ ਗਏ ਹਨ। ਕੀ ਵਰਲਡ ਪੰਜਾਬੀ ਸੈਂਟਰ ਦਾ ਕੰਮ ਕੇਵਲ ਛੋਲੇ-ਪੂਰੀ ਖਾਣਾ ਜਾਂ ਚਾਹ-ਪਾਣੀ ਪੀਣਾ ਹੀ ਰਹਿ ਆਿ ਹੈ?
(ੳ) ਸਮਾਗਮ ਨੰਬਰ 1 ਉੱਪਰ 55,000/- ਰੁਪਏ ‘ਲੰਚ' ਲਈ ਖਰਚੇ ਗਏ ਹਨ। ਜੇ ਪ੍ਰਤੀ ਵਿਅਕਤੀ ਲੰਚ ਦਾ ਖ਼ਰਚਾ 100/- ਰੁਪਏ ਵੀ ਆਵੇ ਤਾਂ 55,000/- ਰੁਪਏ ਦਾ ਲੰਚ ਕਰਨ ਲਈ 550 ਵਿਅਕਤੀਆਂ ਦੀ ਹਾਜ਼ਰੀ ਜ਼ਰੂਰੀ ਹੈ। ਕੀ ਇਸ ਸਮਾਗਮ ਉੱਪਰ ਸੱਚਮੁੱਚ 550 ਵਿਅਕਤੀ ਇਕੱਠੇ ਹੋਏ? ਕੀ ਇਨ੍ਹਾਂ ਵਿਅਕਤੀਆਂ ਦੇ ਇਕੱਠੇ ਹੋਣ ਦਾ ਕੋਈ ਦਸਤਾਵੇਜ਼ੀ ਸਬੂਤ ਵਰਲਡ ਪੰਜਾਬੀ ਸੈਂਟਰ ਕੋਲ਼ ਹੈ? ਕੀ ਬਾਕੀ ਦੇ ਸਮਾਗਮਾਂ ਉੱਪਰ ਵਰਲਡ ਪੰਜਾਬੀ ਸੈਂਟਰ ਦਾ ਇੱਕ ਪੈਸਾ ਵੀ ਖ਼ਰਚ ਨਹੀਂ ਹੋਇਆ?
(ਅ) ਸਮਾਗਮ ਨੰਬਰ 2 ਉੱਪਰ 30,000/- ਰੁਪਏ ‘ਲੰਚ ਅਤੇ ਚਾਹ' ਉੱਪਰ ਖ਼ਰਚ ਹੋਏ। ਪੈਰ੍ਹਾ ‘ਉ' ਉਕਤ ਸਬੰਧੀ ਉੱਠਦੇ ਪ੍ਰਸ਼ਨ ਇਸ ਸਮਾਗਮ ਸਬੰਧੀ ਵੀ ਉੱਠਦੇ ਹਨ।
(ੲ) ਸਮਾਗਮ ਨੰਬਰ 10 ਉ¥ਪਰ 20,000/- ਰੁਪਏ ‘ਛੋਲੇ-ਪੂਰੀ, ਚਾਹ-ਪਾਣੀ' ਉੱਪਰ ਖ਼ਰਚ ਹੋਏ। ਉੱਚ ਕਵਾਲਟੀ ਦੇ ਛੋਲੇ-ਪੂਰੀ ਤੇ 50/- ਰੁਪਏ ਪ੍ਰਤੀ ਵਿਅਕਤੀ ਤੋਂ ਵੱਧ ਖ਼ਰਚ ਨਹੀਂ ਆਉਂਦੇ। ਕੀ ਇਸ ਸਮਾਗਮ ਵਿੱਚ 1000 ਵਿਅਕਤੀਆਂ ਨੇ ਭਾਗ ਲਿਆ ਅਤੇ ‘ਛੋਲੇ-ਪੂਰੀ ਅਤੇ ਚਾਹ-ਪਾਣੀ' ਦਾ ਅਨੰਦ ਲਿਆ?
(ਸ) ਸਮਾਗਮ ਨੰਬਰ 17 ਜੋ ਕਿ 3 ਦਿਨ ਚੱਲਿਆ, ਦੌਰਾਨ 10,000/- ਰੁਪਏ ‘ਚਾਹ-ਪਾਣੀ' ਲਈ ਖ਼ਰਚ ਹੋਏ। ਜੇ ਤਿੰਨ ਦਿਨਾਂ ਵਿੱਚ ਕੇਵਲ 10,000/- ਰੁਪਏ ‘ਚਾਹ-ਪਾਣੀ' 'ਤੇ ਖ਼ਰਚ ਹੁੰਦੇ ਹਨ ਤਾਂ ਉਕਤ ਪੈਰ੍ਹਾ ‘ਉ, ਅ, ੲ ' ਵਿੱਚ ਦਰਜ ਸਮਾਗਮਾਂ ਉਪਰ ਭਾਰੀ ਖ਼ਰਚਾ ਕਿਉਂ ਉਠਾਉਣਾ ਪਿਆ?
6. ਵਰਲਡ ਪੰਜਾਬੀ ਸੈਂਟਰ ਵੱਲੋਂ ਕੀਤੇ ਗਏ ਸਮਾਗਮਾਂ ਉ¥ਪਰ 1,11,483/- ਰੁਪਏ ਵਿਦਵਾਨਾਂ ਨੂੰ ਟੀ.ਏ./ਡੀ.ਏ. ਦੇਣ ਲਈ ਖ਼ਰਚ ਕੀਤੇ ਗਏ। ਇਹ ਵਿਦਵਾਨ ਕੌਣ ਸਨ? ਕਿਸ ਵਿਦਵਾਨ ਨੂੰ ਕਿੰਨਾਂ ਟੀ.ਏ./ਡੀ.ਏ. ਦਿੱਤਾ ਗਿਆ? ਉਸ ਵਿਦਵਾਨ ਵੱਲੋਂ ਵਰਲਡ ਪੰਜਾਬੀ ਸੈਂਟਰ ਦੇ ਉਦੇਸ਼ ਵਿੱਚ ਕੀ ਯੋਗਦਾਨ ਦਿੱਤਾ ਗਿਆ?
7. ਸਮਾਗਮ ਨੰਬਰ 7 ਉੱਪਰ ਵਰਲਡ ਪੰਜਾਬੀ ਸੈਂਟਰ ਵੱਲੋਂ 97,000/- ਰੁਪਏ ਵਰਗੀ ਵੱਡੀ ਰਕਮ ਖ਼ਰਚੀ ਗਈ। ਇਹ ਖ਼ਰਚਾ ਕਿਸ-ਕਿਸ ਮਦ ਉੱਪਰ ਖ਼ਰਚ ਹੋਇਆ? ਇਸ ਖ਼ਰਚੇ ਨਾਲ਼ ਵਰਲਡ ਪੰਜਾਬੀ ਸੈਂਟਰ ਦੇ ਕਿਹੜੇ-ਕਿਹੜੇ ਉਦੇਸ਼ਾਂ ਦੀ ਪ੍ਰਾਪਤੀ ਹੋਈ?
8. ਵਰਲਡ ਪੰਜਾਬੀ ਸੈਂਟਰ ਵੱਲੋਂ ਸਮਾਗਮ ਨੰਬਰ 14 ਦੌਰਾਨ ਪੋਠੋਹਾਰੀ ਭਾਸ਼ਾ ਵਿੱਚ ਲਿਖੀ ਇੱਕ ਕਹਾਣੀ ਉ¥ਪਰ ਬਣੀ ਫਿਲਮ ਨੂੰ ਦਰਸਾਉਣ ਲਈ 11,600/- ਰੁਪਏ ਖ਼ਰਚ ਕੀਤੇ ਗਏ। ਇਨ੍ਹਾਂ ਰੁਪਈਆਂ ਵਿੱਚੋਂ 6500/- ਰੁਪਏ ਕਹਾਣੀ ਦੇ ਲੇਖਕ ਅਤੇ 5100/- ਰੁਪਏ ਕਿਸੇ ਸ਼ਿਵ ਦੱਤ ਨਾਂ ਦੇ ਵਿਅਕਤੀ ਨੂੰ ਦਿੱਤੇ ਗਏ। ਇਹ ਫਿਲਮ ਕਿੰਨੇ ਵਿਅਕਤੀਆਂ ਨੇ ਦੇਖੀ ਅਤੇ ਇਸ ਨਾਲ਼ ਵਰਲਡ ਪੰਜਾਬੀ ਸੈਂਟਰ ਦੇ ਕਿਹੜੇ ਉਦੇਸ਼ ਦੀ ਪੂਰਤੀ ਹੋਈ? ਜੇ ਇਸ ਫਿਲਮ ਦੀਆਂ ਸੀ.ਡੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਤਾਂ ਕਰੀਬ 500 ਸੀ.ਡੀ. ਖਰੀਦ ਕੇ ਪੰਜਾਬ ਦੇ ਲੱਖਾਂ ਸ਼ਹਿਰੀਆਂ ਨੂੰ ਦਿਖਾਈ ਜਾ ਸਕਦੀ ਸੀ।
9 ਵਰਲਡ ਪੰਜਾਬੀ ਸੈਂਟਰ ਵੱਲੋਂ ਸਮਾਗਮ ਨੰਬਰ 17 ਵਿੱਚ ‘ਪੰਜਾਬੀ ਕੋਕਣੀ ਕਾਵਿ ਅਨੁਵਾਦ ਵਰਕਸ਼ਾਪ' ਕਰਵਾਈ ਗਈ ਅਤੇ 10,000/- ਰੁਪਏ ਖ਼ਰਚ ਕੀਤੇ ਗਏ। ਕੋਕਣੀ ਭਾਸ਼ਾ ਦੇ, ਪੰਜਾਬ ਵਿੱਚ 100 ਤੋਂ ਵੱਧ ਜਾਣਕਾਰ ਨਹੀਂ ਹੋਣਗੇ। ਇੱਕ ਅਣਜਾਣ ਭਾਸ਼ਾ ਦੇ ਅਨੁਵਾਦ 'ਤੇ ਵਰਕਸ਼ਾਪ ਕਰਵਾ ਕੇ ਵਰਲਡ ਪੰਜਾਬੀ ਸੈਂਟਰ ਆਪਣੇ ਕਿਸ ਉਦੇਸ਼ ਦੀ ਪ੍ਰਾਪਤੀ ਕਰ ਰਿਹਾ ਸੀ?
ਵਰਲਡ ਪੰਜਾਬੀ ਸੈਂਟਰ ਵੱਲੋਂ ਸਮਾਗਮ ਨੰਬਰ 16 ਦੌਰਾਨ ਪੰਜਾਬੀ ਫਿਲਮ ਫੈਸਟੀਵਲ ਕਰਵਾ ਕਰਕੇ 46,632/- ਰੁਪਏ ਟੀ.ਏ./ਡੀ.ਏ. 'ਤੇ ਖ਼ਰਚ ਕੀਤਾ। ਇਸ ਸਮਾਗਮ ਦੌਰਾਨ ਕਿਹੜੀਆਂ-ਕਿਹੜੀਆਂ ਪੰਜਾਬੀ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਕਿਹੜੇ ਪੰਜਾਬੀਆਂ ਨੇ ਕਿੱਥੇ ਦੇਖਿਆ?
10. ਵਰਲਡ ਪੰਜਾਬੀ ਸੈਂਟਰ ਦੀਆਂ ਹਿਸਾਬ-ਕਿਤਾਬ ਦੀਆਂ ਸਟੇਟਮੈਂਟਾਂ ਅਤੇ ਸਮਾਗਮਾਂ ਉੱਪਰ ਖ਼ਰਚੇ ਹੋਏ ਪੈਸਿਆਂ ਦੇ ਜੋੜ ਵਿੱਚ ਭਾਰੀ ਅੰਤਰ ਹੈ। ਕਿਸੇ ਸਾਲ ਸਮਾਗਮਾਂ ਉੱਪਰ ਪੈਸੇ, ਹਿਸਾਬ-ਕਿਤਾਬ ਵਿੱਚ ਦਰਜ ਪੈਸਿਆਂ ਨਾਲ਼ੋਂ ਵੱਧ ਖ਼ਰਚੇ ਹੋਏ ਅਤੇ ਕਦੇ ਘੱਟ। ਜਿਹੜੇ ਸਾਲਾਂ ਵਿੱਚ ਵੱਧ ਖਰਚ ਹੋਇਆ, ਉਹ ਕਿਸ ਨੇ ਦਿੱਤਾ ਅਤੇ ਜਿਹੜੇ ਸਾਲਾਂ ਵਿੱਚ ਖ਼ਰਚਾ ਘੱਟ ਹੋਇਆ, ਉਹ ਕਿਸਦੀ ਜੇਬ ਵਿੱਚ ਗਿਆ?
ਨੋਟ:
ਉਕਤ ਤਰ੍ਹਾਂ ਦੇ ਹੋਰ ਵੀ ਅਨੇਕਾਂ ਪ੍ਰਸ਼ਨ ਉੱਠਦੇ ਹਨ, ਜਿਨ੍ਹਾਂ ਦੇ ਉ¥ਤਰ ਵਰਲਡ ਪੰਜਾਬੀ ਸੈਂਟਰ ਦੇ ਅਧਿਕਾਰੀਆਂ ਤੋਂ ਮੰਗਣੇ ਬਣਦੇ ਹਨ।
ਸਿੱਟੇ: ਉਕਤ ਪ੍ਰਸ਼ਨਾਂ ਤੋਂ ਵਰਲਡ ਪੰਜਾਬੀ ਸੈਂਟਰ ਦੇ ਕੰਮ-ਕਾਜ ਸੰਬੰਧੀ ਹੇਠ ਲਿਖੇ ਸਿੱਟੇ ਨਿਕਲ਼ਦੇ ਹਨ –
ਵਰਲਡ ਪੰਜਾਬੀ ਸੈਂਟਰ ਵੱਲੋਂ ਇੱਕ ਵੀ ਪੁਸਤਕ, ਫਿਲਮ, ਖੋਜ-ਕਾਰਜ, ਆਪਣੇ 5 ਸਾਲ ਦੇ ਅਰਸੇ ਦੌਰਾਨ ਤਿਆਰ ਨਹੀਂ ਕਰਵਾਈ ਗਈ। ਵਰਲਡ ਪੰਜਾਬੀ ਸੈਂਟਰ ਦਾ ਇੱਕ ਵੀ ਉਦੇਸ਼ ਪੂਰਾ ਨਹੀਂ ਹੋਇਆ।
ਵਰਲਡ ਪੰਜਾਬੀ ਸੈਂਟਰ ਦੀ ਰਾਸ਼ੀ ਨੂੰ ਪ੍ਰਬੰਧਕਾਂ ਵੱਲੋਂ ਆਪਣੇ ਨਿੱਜੀ ਲਾਭਾਂ ਅਤੇ ਦੋਸਤਾਂ, ਮਿੱਤਰਾਂ ਨੂੰ ਪ੍ਰਮੋਟ ਕਰਨ ਉੱਪਰ ਖ਼ਰਚ ਕੀਤਾ ਗਿਆ। ਸਮਾਗਮਾਂ ਉੱਪਰ ਕੇਵਲ 5% ਖ਼ਰਚ ਕੀਤਾ ਗਿਆ। ਉਹ ਖ਼ਰਚ ਵੀ ਕਿਸੇ ਠੋਸ ਪ੍ਰਾਪਤੀ ਦੀ ਥਾਂ ਛੋਲੇ-ਪੂਰੀ ਖਾਣ ਜਾਂ ਟੀ.ਏ/ਡੀ.ਏ. ਦੇਣ ਉ¥ਪਰ ਖ਼ਰਚ ਕੀਤਾ ਗਿਆ।
ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਪੰਜਾਬੀਅਤ ਨੂੰ ਸੰਸਾਰ ਪੱਧਰ 'ਤੇ ਪ੍ਰਸਾਰਨ ਦੀ ਥਾਂ ਪਟਿਆਲ਼ੇ ਦੇ ਇੱਕ ਕੋਨੇ ਵਿੱਚ ਸਥਿਤ ਯੂਨੀਵਰਸਿਟੀ ਦੇ ਇੱਕ ਵਿਸ਼ੇਸ਼ ਸੈਮੀਨਾਰ ਹਾਲ ਤੱਕ ਸੀਮਿਤ ਕਰ ਦਿੱਤਾ ਗਿਆ।
ਵਰਲਡ ਪੰਜਾਬੀ ਸੈਂਟਰ ਸਰਕਾਰੀ ਖ਼ਜ਼ਾਨੇ 'ਤੇ ਬੋਝ ਬਣਿਆ ਹੋਇਆ ਹੈ।
ਸਮੂਹ ਪੰਜਾਬੀਆਂ ਨੂੰ ਅਪੀਲ
ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਕਲਾ ਨੂੰ ਪਿਆਰ ਕਰਨ ਵਾਲ਼ੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਪੰਜਾਬ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਨੂੰ ਬਰਖ਼ਾਸਤ ਕਰਕੇ ਕਿਸੇ ਯੋਗ ਪ੍ਰਬੰਧਕ ਅਤੇ ਸਾਹਿਤਕ, ਸੱਭਿਆਚਾਰਕ ਕੱਦ-ਕਾਠ ਵਾਲ਼ੀ ਸ਼ਖ਼ਸੀਅਤ ਨੂੰ ਇਸ ਅਹੁਦੇ 'ਤੇ ਲਾਉਣ ਦਾ ਤੁਰੰਤ ਉਪਰਾਲਾ ਕਰੇ ਤਾਂ ਜੋ ਪੰਜਾਬੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਨਿੱਜੀ ਜੇਬਾਂ ਵਿੱਚ ਜਾਣ ਦੀ ਥਾਂ ਵਰਲਡ ਪੰਜਾਬੀ ਸੈਂਟਰ ਦੇ ਉਦੇਸ਼ਾਂ ਤੇ ਮੰਤਵਾਂ ਲਈ ਵਰਤੀ ਜਾਵੇ।
ਵਰਲਡ ਪੰਜਾਬੀ ਸੈਂਟਰ ਵੱਲੋਂ ਸੂਚਨਾ ਛੁਪਾਉਣ ਦਾ ਯਤਨ
ਪਹਿਲੇ ਲੇਖ ਵਿੱਚ ਦਰਜ ਸੂਚਨਾ ਪ੍ਰਾਪਤ ਕਰਨ ਲਈ ਮੇਰੇ ਵੱਲੋਂ ਆਰ.ਟੀ,.ਆਈ. ਐਕਟ ਤਹਿਤ ਇੱਕ ਅਰਜ਼ੀ ਮਿਤੀ 15.01.2013 ਨੂੰ ਲੋੜੀਂਦੀ ਫੀਸ ਸੂਚਨਾ ਅਧਿਕਾਰੀ ਦੇ ਨਾਂ ਭੇਜੀ ਗਈ ਸੀ। ਸੂਚਨਾ ਨੂੰ ਲਟਕਾਉਣ ਦੇ ਉਦੇਸ਼ ਨਾਲ਼ ਵਰਲਡ ਪੰਜਾਬੀ ਸੈਂਟਰ ਦੇ ਅਧਿਕਾਰੀਆਂ ਵੱਲੋਂ ਲਿਖੇ ਤਿੰਨ ਪੱਤਰ ਦੇਖੋ:
(ੳ)
ਨੰਬਰ : 1079/ਵ ਪ ਸ ਮਿਤੀ 25.2.2013
ਵਿਸ਼ਾ : ਵਰਲਡ ਪੰਜਾਬੀ ਸੈਂਟਰ, ਪਟਿਆਲ਼ਾ ਦੀਆਂ ਸਰਗਰਮੀਆਂ ਦਾ ਵੇਰਵਾ।
ਸ੍ਰੀਮਾਨ ਜੀ,
ਤੁਹਾਡੇ ਵੱਲੋਂ ਭੇਜਿਆ ਬਿਨੈ ਪੱਤਰ (ਨਿਯਮ 3 (1) ਅਧੀਨ-ਫਾਰਮ a) ਪ੍ਰਾਪਤ ਹੋਇਆ ਹੈ। ਇਸ ਨਾਲ਼ ਨੱਥੀ ਕੀਤਾ ਇੰਡੀਅਨ ਪੋਸਟਲ ਆਰਡਰ ਨੰਬਰ 06ਜੀ 906470 ਮਿਤੀ 16.01.2013 ਕੀਮਤ 20 ਰੁਪਏ ਆਪ ਨੂੰ ਵਾਪਸ ਭੇਜਦਿਆਂ ਬੇਨਤੀ ਕੀਤੀ ਜਾਂਦੀ ਹੈ ਕਿ ਪਬਲਿਕ ਇਨਫਾਰਮੇਸ਼ਨ ਆਫ਼ਸਰ, ਵਰਲਡ ਪੰਜਾਬੀ ਸੈਂਟਰ ਦੇ ਨਾਮ ਕੋਈ ਖ਼ਾਤਾ ਨਹੀਂ, ਜਿਸ ਕਾਰਨ ਇਸ ਰਕਮ ਨੂੰ ਕੈਸ਼ ਨਹੀਂ ਕਰਵਾਇਆ ਜਾ ਸਕਦਾ। ਕ੍ਰਿਪਾ ਕਰਕੇ 20 ਰੁਪਏ ਦਾ ਨਵਾਂ ਡਰਾਫ਼ਟ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਦੇ ਨਾਮ ਭੇਜਣ ਦੀ ਖੇਚਲ਼ ਕਰੋ, ਉਸ ਉਪਰੰਤ ਮੰਗੀ ਗਈ ਸੂਚਨਾ ਆਪ ਨੂੰ ਭੇਜ ਦਿੱਤੀ ਜਾਵੇਗੀ।
ਸਹੀ/
ਦਫ਼ਤਰ ਇੰਚਾਰਜ, ਵਰਲਡ ਪੰਜਾਬੀ ਸੈਂਟਰ
(ਅ)
ਨੰਬਰ : 1149/ ਵ ਪ ਸ ਮਿਤੀ 25.03.2013
ਵਿਸ਼ਾ : ਵਰਲਡ ਪੰਜਾਬੀ ਸੈਂਟਰ, ਪਟਿਆਲ਼ਾ ਦੀਆਂ ਸਰਗਰਮੀਆਂ ਦਾ ਵੇਰਵਾ।
ਸ੍ਰੀਮਾਨ ਜੀ,
ਤੁਹਾਡੇ ਵੱਲੋਂ ਭੇਜਿਆ ਪੱਤਰ ਮਿਤੀ 11.03.2013 ਅਤੇ ਇਸ ਨਾਲ਼ ਨੱਥੀ ਕੀਤਾ ਇੰਡੀਅਨ ਪੋਸਟਲ ਆਰਡਰ 06ਜੀ 907410 ਮਿਤੀ 11.03.2013 ਕੀਮਤ 20 ਰੁਪਏ ਪ੍ਰਾਪਤ ਹੋਇਆ ਹੈ। ਮੰਗੀ ਗਈ ਸੂਚਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਤਕਰੀਬਨ 12 ਪੰਨਿਆਂ ਦੀ ਹੋਵੇਗੀ। ਆਰ.ਟੀ.ਆਈ. ਐਕਟ ਅਨੁਸਾਰ 2 ਰੁਪਏ ਪ੍ਰਤੀ ਪੰਨਾ ਕੁੱਲ 24 ਰੁਪਏ ਬਣਦੇ ਹਨ + 30 ਰੁਪਏ ਪੋਸਟੇਜ ਖ਼ਰਚਾ ਆਵੇਗਾ। ਇਸ ਲਈ 54/- ਰੁਪਏ ਦਾ ਡਰਾਫਟ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਦੇ ਨਾਮ ਭੇਜੋ, ਉਪਰੰਤ ਆਪ ਜੀ ਨੂੰ ਮੰਗੀ ਗਈ ਸੂਚਨਾ ਭੇਜ ਦਿੱਤੀ ਜਾਵੇਗੀ।
ਸਹੀ/
ਦਫ਼ਤਰ ਇੰਚਾਰਜ, ਵਰਲਡ ਪੰਜਾਬੀ ਸੈਂਟਰ
ਉਕਤ ਦੋ ਪੱਤਰਾਂ ਰਾਹੀਂ ਫੀਸ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਦੇ ਨਾਂ ਭੇਜੇ ਜਾਣ ਲਈ ਹਦਾਇਤ ਕੀਤੀ ਗਈ ਸੀ।
ਹੋਰ ਸੂਚਨਾ ਪ੍ਰਾਪਤ ਕਰਨ ਲਈ ਮੇਰੇ ਵੱਲੋਂ ਇੱਕ ਨਵੀਂ ਅਰਜ਼ੀ ਮਿਤੀ 23.5.2013 ਨੂੰ ਭੇਜੀ ਗਈ। ਪਹਿਲੀ ਹਦਾਇਤ ਦੀ ਪਾਲਣਾ ਕਰਦੇ ਹੋਏ ਫੀਸ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ ਦੇ ਨਾਂ ਭੇਜੀ ਗਈ। ਸੂਚਨਾ ਛੁਪਾਉਣ ਅਤੇ ਲਟਕਾਉਣ ਦੀ ਮਨਸ਼ਾ ਨਾਲ਼ ਵਰਲਡ ਪੰਜਾਬੀ ਸੈਂਟਰ ਦੇ ਅਧਿਕਾਰੀਆਂ ਨੂੰ ਪਹਿਲੀ ਹਦਾਇਤ ਭੁੱਲ ਗਈ। ਸੂਚਨਾ ਅਧਿਕਾਰੀ ਵੱਲੋਂ ਆਪਣੇ ਪੱਤਰ ਨੰਬਰ 2740/ੱ-2/414-2013/ਆਰ.ਟੀ.ਆਈ. ਸੈ¥ਲ ਮਿਤੀ 19.06.2013 ਰਾਹੀਂ, ਜਿਸ ਦਾ ਉ¥ਤਾਰ ਹੇਠਾਂ ਦਿੱਤਾ ਜਾ ਰਿਹਾ ਹੈ। ਲੋੜੀਂਦੀ ਫੀਸ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ ਦੇ ਨਾਂ ਭੇਜੀ ਜਾਵੇ।
ਬਚਕਾਨਾ ਬਹਾਨਾ ਲਾ ਕੇ ਪਹਿਲਾਂ ਸੂਚਨਾ 30 ਦਿਨ ਦੀ ਥਾਂ 111 ਦਿਨਾਂ ਬਾਅਦ ਉਪਲੱਬਧ ਕਰਵਾਈ ਗਈ। ਪੱਤਰ ਮਿਤੀ 19.06.2013 ਤੋਂ ਸਪੱਸ਼ਟ ਹੈ ਕਿ ਹੁਣ ਫੇਰ ਸੂਚਨਾ ਛੁਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
(ੲ)
ਪੱਤਰ ਨੰਬਰ 2740/ੱ-2/414-2013/ਆਰ.ਟੀ.ਆਈ. ਸੈੱਲ ਮਿਤੀ 19.06.2013
ਵਿਸ਼ਾ : ਰਾਈਟ-ਟੂ-ਇਨਫਰਮੇਸ਼ਨ ਐਕਟ-2005 ਤਹਿਤ ਮੰਗੀ ਗਈ ਸੂਚਨਾ/ਦਸਤਾਵੇਜ਼ ਸਬੰਧੀ।
ਤੁਹਾਡੇ ਵੱਲੋਂ ਮਿਤੀ 23.05.2013 (ਪ੍ਰਾਪਤ ਮਿਤੀ 06.06.2013) ਨੂੰ ਰਾਈਟ ਟੂ ਇਨਫਰਮੇਸ਼ਨ ਐਕਟ-2005 ਤਹਿਤ ਭੇਜੀ ਅਰਜ਼ੀ ਰਾਹੀਂ ਹੇਠ ਲਿਖੀ ਜਾਣਕਾਰੀ ਦੀ ਮੰਗ ਕੀਤੀ ਗਈ ਹੈ:
1 ਅਪ੍ਰੈਲ 2008 ਤੋਂ 31 ਮਾਰਚ, 2013 ਤੱਕ
ਵਰਲਡ ਪੰਜਾਬੀ ਸੈਂਟਰ, ਪਟਿਆਲਾ ਦੇ ਆਮਦਨ-ਖ਼ਰਚ ਦਾ ਵੇਰਵਾ
ਵਿਤੀ ਸਾਲ 01.04.2008 ਤੋਂ 31.03.2009, 01.04.2009 ਤੋਂ 31.03.2010, 01.04.2010 ਤੋਂ 31.03.2011, 01.04.2011 ਤੋਂ 31.03.2012, 01.04.2012 ਤੋਂ 31.03.2013 ਤੱਕ ਦੀਆਂ ਬੈਲੈਂਸ ਸ਼ੀਟਾਂ ਦੀਆਂ ਨਕਲਾਂ/ਫੋਟੋ ਕਾਪੀਆਂ।
ਉਨ੍ਹਾਂ ਵਾਊਚਰਾਂ ਦੀਆਂ ਨਕਲਾਂ/ਫੋਟੋ ਕਾਪੀਆਂ, ਜਿਨ੍ਹਾਂ ਦੇ ਅਧਾਰ 'ਤੇ ਚਾਰਟਡ ਅਕਾਊਟੈਂਟ (ਜਿੰਦਲ ਐਂਡ ਐਸੋਸੀਏਟਸ) ਵੱਲੋਂ ਆਮਦਨ ਤੇ ਖਰਚ ਦਾ ਹਿਸਾਬ ਤਿਆਰ ਕੀਤਾ ਗਿਆ ਹੈ।
01.04.2009 ਤੋਂ 31.03.2013 ਤੱਕ ਵਰਲਡ ਪੰਜਾਬੀ ਸੈਂਟਰ ਦੀ ਕਾਰ ਦੀ ਲਾਗ ਬੁੱਕ (ਲੋਗ-ਬੋਕ)ਦੀ ਨਕਲ/ਫੋਟੋ ਕਾਪੀ।
ਵਰਲਡ ਪੰਜਾਬੀ ਸੈਂਟਰ ਦੇ ਬੈਂਕ ਖ਼ਾਤੇ ਦੀ ਮਿਤੀ 01.04.2008 ਤੋਂ 31.03.2013 ਤੱਕ ਦੀਆਂ ਨਕਲਾਂ/ਫੋਟੋ ਕਾਪੀਆਂ।
ਵਰਲਡ ਪੰਜਾਬੀ ਸੈਂਟਰ ਦੀਆਂ ਐੱਫ.ਡੀ.ਆਰ. ਨੰਬਰ 7388, 4692 ਅਤੇ 4614 ਦੀਆਂ ਰਕਮਾਂ, ਉਨ੍ਹਾਂ 'ਤੇ ਮਿਲਦੇ ਵਿਆਜ ਅਤੇ 31.03.2013 ਨੂੰ ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਸੂਚਨਾ।
ਵਰਲਡ ਪੰਜਾਬੀ ਸੈਂਟਰ ਦੇ ਬੱਚਤ ਖ਼ਾਤੇ ਵਿੱਚ ਮਿਤੀ 31.03.2013 ਤੱਕ ਜਮ੍ਹਾਂ ਹੋਏ ਅਤੇ ਕਢਾਏ ਗਏ ਧਨ ਬਾਰੇ ਸੂਚਨਾ।
ਉਕਤ ਮੰਗੀ ਗਈ ਜਾਣਕਾਰੀ ਸੰਬੰਧੀ ਦੱਸਿਆ ਜਾਂਦਾ ਹੈ ਕਿ ਤੁਹਾਡੇ ਵੱਲੋਂ ਜੋ I.P.O ਭੇਜਿਆ ਗਿਆ ਹੈ, ਉਹ Director, World Punjabi Centre ਦੇ ਨਾਮ 'ਤੇ ਹੈ, ਜੋ ਕਿ ਸਹੀ ਨਹੀਂ ਹੈ। ਯੂਨੀਵਰਸਿਟੀ ਵਿਖੇ ਫੀਸ ਕੇਵਲ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦੇ ਨਾਮ 'ਤੇ ਹੀ ਸਵੀਕਾਰ ਕੀਤੀ ਜਾਂਦੀ ਹੈ। ਇਸ ਲਈ ਤੁਹਾਨੂੰ 10/- ਰੁਪਏ ਦਾ I.P.O ਅਸਲ ਰੂਪ ਵਿੱਚ ਵਾਪਸ ਭੇਜਦੇ ਹੋਇਆਂ ਲਿਖਿਆ ਜਾਂਦਾ ਹੈ ਕਿ 10/- ਰੁਪਏ ਲੋੜੀਂਦੀ ਫੀਸ I.P.O/DDਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦੇ ਨਾਮ 'ਤੇ ਜਾਂ ਯੂਨੀਵਰਸਿਟੀ ਕੈਸ਼ੀਅਰ ਕੋਲ਼ ਨਕਦ ਜਮ੍ਹਾਂ ਕਰਵਾ ਕੇ ਉਸ ਦੀ ਅਸਲ ਰਸੀਦ RTI Cell ਵਿਖੇ ਭੇਜੋ। ਇੱਥੇ ਇਹ ਵੀ ਦੱਸਣਾ ਉੱਚਿਤ ਹੋਵੇਗਾ ਕਿ ਜਿਸ ਦਿਨ ਨੂੰ 10/- ਰੁਪਏ RTI Cell ਵਿਖੇ ਪ੍ਰਾਪਤ ਹੋਣਗੇ, ਉਸੇ ਦਿਨ ਤੋਂ ਹੀ ਤੁਹਾਡੀ ਅਰਜ਼ੀ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਸਹੀ/
ਪਬਲਿਕ ਇਨਫਰਮੇਸ਼ਨ ਅਫ਼ਸਰ (ਰਜਿਸਟਰਾਰ)
ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ
ਸੂਚਨਾ ਕਿਉਂ ਛੁਪਾਈ ਜਾ ਰਹੀ ਹੈ?
ਇਸ ਸਵਾਲ ਦਾ ਉੱਤਰ ਲੱਭਣ ਲਈ ਬਹੁਤੀ ਮਗਜ਼ ਖਪਾਈ ਦੀ ਲੋੜ ਨਹੀਂ।
sunny
pujabi vidvaana lai sharm dee gal