ਕਣਕ ਦੀਆਂ ਦੋ ਬੋਰੀਆਂ ਖ਼ਾਤਰ ਜਿਗਰ ਦੇ ਟੋਟੇ ਰੱਖੇ ਜਾਂਦੇ ਨੇ ਗਹਿਣੇ !
Posted on:- 23-07-2013
'ਚਮਕਦੇ-ਦਮਕਦੇ ਭਾਰਤ’ ਦੀ ਅਸਲ ਤਸਵੀਰ
ਮੱਧ-ਪ੍ਰਦੇਸ ਦੇ ਪੰਨਾ ਜ਼ਿਲ੍ਹੇ ਦੇ ਪਿੰਡ ਰਾਜਾਪੁਰ ’ਚ ਕਣਕ ਦੀਆਂ ਕੁਝ ਬੋਰੀਆਂ ਖਾਤਰ ਬੱਚੇ ਗਹਿਣੇ ਰੱਖੇ ਜਾਂਦੇ ਹਨ। ਬਹੁਤ ਸਾਰੇ ਬੱਚੇ ਇਸ ਪਿੰਡ ਵਿੱਚ ਵਗਾਰ ਕਰਦੇ ਵੀ ਦੇਖੇ ਜਾ ਸਕਦੇ ਹਨ। ਪਿੰਡ ਰਾਜਾਪੁਰ 5 ਕੁ ਸਾਲ ਪਹਿਲਾਂ ਉਦੋਂ ਸੁਰਖੀਆਂ ਵਿੱਚ ਰਿਹਾ ਸੀ ਜਦੋਂ ਕਾਂਗਰਸ ਦੇ ਕੌਮੀ ਉੱਪ-ਪ੍ਰਧਾਨ ਰਾਹੁਲ ਗਾਂਧੀ ਨੇ ਇਸੇ ਪਿੰਡ ਦੀ ਗਰੀਬ ਆਦਿਵਾਸੀ ਬਜ਼ੁਰਗ ਲੱਲੀਬਾਈ ਦੇ ਘਰ ਖਾਣਾ ਖਾਧਾ, ਰਾਤ ਗ਼ੁਜ਼ਾਰੀ ਤੇ ਕਿਹਾ ਸੀ ਕਿ ਉਹ ਇਸ ਪਿੰਡ ਦੇ ਖਾਧੇ ਨਮਕ ਦਾ ਕਰਜ਼ ਜ਼ਰੂਰ ਅਦਾ ਕਰਨਗੇ, ਪਰ ਹੁਣ ਹਾਲਤ ਇਹ ਹੈ ਕਿ ਸਰਕਾਰ ਵੱਲੋਂ ਬੁੰਦੇਲਖੰਡ ਲਈ ਦਿੱਤਾ ਆਰਥਿਕ ਪੈਕੇਜ ਵੀ ਸਵਾਲਾਂ ਦੇ ਘੇਰੇ ਵਿੱਚ ਹੈ।
ਸਰਕਾਰੀ ਯੋਜਨਾਵਾਂ ਦੀ ਅਸਲੀਅਤ ਬਿਆਨਦੀ ਇਸ ਪਿੰਡ ਦੀ ਦਰਦਨਾਕ ਕਹਾਣੀ ਅੱਜ ਵੀ ਗੁਲਾਮ ਪ੍ਰਥਾ ਦਾ ਅਹਿਸਾਸ ਕਰਾਉਂਦੀ ਹੈ। ਦਵਿੰਦਰ ਨਗਰ ਤਹਿਸੀਲ ਦੇ ਮੁੱਖ ਦਫ਼ਤਰ ਤੋਂ ਮਹਿਜ਼ 5 ਕਿਲੋਮੀਟਰ ਦੂਰ ਵਸੇ ਇਸ ਪਿੰਡ ’ਚ ਆਦਿਵਾਸੀ ਤੇ ਦਲਿਤਾਂ ਦੀ ਬਹੁ-ਗਿਣਤੀ ਹੈ, ਜਿਨ੍ਹਾਂ ਦੀ ਕਮਾਈ ਦਾ ਸਾਧਨ ਮਿਹਨਤ-ਮਜ਼ਦੂਰੀ ਹੈ। ਬੁੰਦੇਲਖੰਡ ’ਚ ਅੱਜ ਵੀ ਦਲਿਤ ਤੇ ਆਦਿਵਾਸੀ ਆਪਣੀ ਰਿਹਾਇਸ਼ ਨਹੀਂ ਬਣਾ ਸਕਦੇ।
ਛੱਬੀ ਸੌ ਆਬਾਦੀ ਵਾਲ਼ੇ ਰਾਜਾਪੁਰ ਦੀ ਵਸਨੀਕ ਸ਼ੁਕਨਾਬਾਈ ਤੇ ਉਸ ਦੇ ਪਤੀ ਗਿਰਧਾਰੀ ਗੌੜ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ 13 ਸਾਲ ਦੇ ਬੇਟੇ ਨੂੰ ਅਨਾਜ ਦੀਆਂ 4 ਬੋਰੀਆਂ ਦੇ ਬਦਲੇ ਗਹਿਣੇ ਰੱਖ ਦਿੱਤਾ ਹੈ। ਉਨ੍ਹਾਂ ਦੇ 5 ਬੱਚੇ ਹਨ। 2 ਬੱਚੇ ਸ਼ਹਿਰ ’ਚ ਮਜ਼ਦੂਰੀ ਕਰਦੇ ਹਨ। ਗ਼ਰੀਬੀ-ਭੁੱਖਮਰੀ ਕਾਰਨ ਇਸ ਦੰਪਤੀ ਜੋੜੇ ਨੇ ਆਪਣੇ ਕਲੇਜੇ ਦੇ ਟੁਕੜੇ ਨੂੰ ਜ਼ਿਲ੍ਹਾ ਸਤਨਾ ਦੇ ਪਿੰਡ ਅਤਰੇਰਾ ਦੇ ਮੁਖੀ ਦੌਲਤ ਪਟੇਲ ਦੇ ਘਰ ਗਹਿਣੇ ਰੱਖ ਦਿੱਤਾ। ਇਸੇ ਪਿੰਡ ਦੇ ਇੱਕ ਹੋਰ ਬੱਚੇ ਮੰਗਲ ਦੀ ਵੀ ਇਹੋ ਕਹਾਣੀ ਹੈ ਜਿਸ ਨੂੰ ਉਸ ਦੇ ਮਾਪਿਆਂ ਨੇ 2 ਬੋਰੀਆਂ ਕਣਕ ਦੇ ਬਦਲੇ ਗਹਿਣੇ ਧਰ ਦਿੱਤਾ ਹੈ।
ਇਸੇ ਪਿੰਡ ਦੇ ਬੇਟੂ ਚੌਧਰੀ ਦਾ ਕਹਿਣਾ ਹੈ
ਕਿ ਉਨ੍ਹਾਂ ਦੇ ਪਿੰਡ ਸਮੇਤ ਹੋਰ ਆਦਿਵਾਸੀ ਇਲਾਕਿਆਂ ’ਚ ਬੱਚੇ ਗਹਿਣੇ ਰੱਖ ਕੇ ਅਨਾਜ ਲਿਆ
ਜਾਂਦਾ ਹੈ। ਪਿਛਲੇ ਸਾਲ ਉਨ੍ਹਾਂ ਦੇ ਇਲਾਕੇ ’ਚ 60 ਦੇ ਕਰੀਬ ਬੱਚੇ ਗਹਿਣੇ ਰੱਖੇ ਗਏ।
ਜੋ ਲੋਕਾਂ ਦੇ ਘਰਾਂ ’ਚ ਮਜ਼ਦੂਰੀ ਕਰਦੇ ਹਨ, ਕਈ ਬੱਚਿਆਂ ਦਾ ਜਿਣਸੀ ਸ਼ੋਸ਼ਣ ਵੀ ਹੁੰਦਾ ਹੈ
ਤੇ ਉਨ੍ਹਾਂ ਨੂੰ ਅੱਗੇ ਵੀ ਬੇਚਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਇਹ ਮਾਮਲਾ
ਜ਼ਿਲ੍ਹਾ ਮੁਖੀ ਕੋਲ਼ ਵੀ ਉਠਾਇਆ ਗਿਆ, ਪਰ ਪ੍ਰਸ਼ਾਸਨ ਚੁੱਪ ਹੈ।
ਪਿੰਡ ਰਾਜਾਪੁਰ ਦੀ ਹੀ ਰਹਿਣ ਵਾਲ਼ੀ ਸ਼ਕੁੰਤਲਾ ਅਹਿਰਵਾਰ ਦੱਸਦੀ ਹੈ ਕਿ ਅੱਤ ਗਰੀਬ ਨੂੰ 30 ਤੇ ਗਰੀਬੀ ਰੇਖ਼ਾ ਤੋਂ ਹੇਠਾਂ ਰਹਿਣ ਵਾਲ਼ੇ ਕਾਰਡ ਧਾਰਕਾਂ ਨੂੰ 20 ਕਿੱਲੋ ਅਨਾਜ ਪ੍ਰਤੀ ਮਹੀਨਾ ਮਿਲ਼ਦਾ ਹੈ। ਦਲਿਤ ਤੇ ਆਦਿਵਾਸੀ ਸਮਾਜ ’ਚ ਪਰਿਵਾਰਕ ਮੈਂਬਰ ਜ਼ਿਆਦਾ ਹੋਣ ਕਾਰਨ ਇੰਨੇ ਕੁ ਅਨਾਜ ਨਾਲ਼ ਕੁਝ ਨਹੀਂ ਬਣਦਾ, ਇਸ ਲਈ ਪੂਰੇ ਇਲਾਕੇ ’ਚ ਅਨਾਜ ਬਦਲੇ ਬੱਚੇ ਗਹਿਣੇ ਧਰਨ ਦਾ ਰਿਵਾਜ ਹੈ। ਸ਼ਕੁੰਤਲਾ ਅਨੁਸਾਰ ਇਹ ਇਲਾਕਾ ਕਾਫ਼ੀ ਪਛੜਿਆ ਹੋਇਆ ਹੈ। ਕੰਮ ਖ਼ਾਤਰ ਲੋਕਾਂ ਨੂੰ ਸ਼ਹਿਰ ਵੱਲ ਜਾਣਾ ਪੈ ਰਿਹੈ, ਘਰਾਂ ’ਚ ਸਿਰਫ ਬਜ਼ੁਰਗ ਤੇ ਛੋਟੇ ਬੱਚੇ ਹਨ ਤੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਵਗਾਰ ਵੱਲ ਧੱਕ ਦਿੱਤਾ ਜਾਂਦਾ ਹੈ।
ਪਿੰਡ ’ਚ ਇੱਕ ਸਕੂਲ ਹੈ। ਜਿਸ ਦਾ ਰਜਿਸਟਰ ਬੱਚਿਆਂ ਦੇ ਦਾਖਲੇ ਨਾਲ਼ ਭਰਿਆ ਹੋਇਆ ਹੈ, ਪਰ ਸਕੂਲ ਬੱਚਿਆਂ ਦੇ ਨਸੀਬ ’ਚ ਨਹੀਂ ਹੈ। ਜਿਸ ਲੱਲੀਬਾਈ ਦੇ ਘਰ ਰਾਹੁਲ ਗਾਂਧੀ ਨੇ ਖਾਣਾ ਖਾਧਾ ਤੇ ਰਾਤ ਬਿਤਾਈ ਸੀ, ਉਸ ਪਰਿਵਾਰ ਦੀ ਹਾਲਤ ਵੀ ਤਰਸਯੋਗ ਹੈ। ਜਿਸ ਬੈਠਕ ਵਿੱਚ ਰਾਹੁਲ ਨੇ ਰਾਤ ਗੁਜ਼ਾਰੀ ਸੀ, ਉਹ ਬੈਠਕ ਵੀ ਢਹਿ ਚੁੱਕੀ ਹੈ। ਰਾਹੁਲ ਦੇ ਦੌਰੇ ਤੋਂ ਬਾਅਦ ਕੇਂਦਰ ਨੇ ਬੁੰਦੇਲਖੰਡ ਲਈ ਇੱਕ ਆਰਥਿਕ ਪੈਕੇਜ ਦਿੱਤਾ ਸੀ, ਪਰ ਉਹ ਰਾਜਾਪੁਰ ਦੀ ਹਾਲਤ ਨਹੀਂ ਬਦਲ ਸਕਿਆ।
ਸਟੀਵਨ ਮਿਸਿਸਾਗਵੀ
ਇੱਕ ਪਾਸੇ ਤਾਂ ਬੱਚੇ ਭੁੱਖਮਰੀ ਦੇ ਸ਼ਿਕਾਰ ਹਨ, ਅਤੇ ਦੂਜੇ ਪਾਸੇ ਅਨਾਜ ਸੜਦਾ ਹੈ ।