ਸਕੂਲਾਂ ’ਚ ਨਾ ਅਧਿਆਪਕ ਨਾ ਸਟਾਫ ਗ਼ਰੀਬਾਂ ਦੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਹੋਏ ਲਾਚਾਰ
ਕੰਢੀ ਖਿੱਤੇ ਦੇ ਬਹੁਤੇ ਸਕੂਲਾਂ ’ਚ 15 ਸਾਲ ਤੋਂ ਅਧਿਆਪਕਾਂ ਸਮੇਤ ਕਈ ਅਸਾਮੀਆਂ ਖਾਲੀ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਦਿਵਾਲਾ ਨਿਕਲ ਚੁੱਕਾ ਹੈ। ਵਿਭਾਗ ਦੇ ਅਧਿਕਾਰੀ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਨਾਲ ਮਿਲਕੇ ਜਿਥੇ ਕੇਂਦਰ ਸਰਕਾਰ ਵਲੋਂ ਸਰਕਾਰੀ ਸਕੂਲਾਂ ਲਈ ਵੱਖ ਵੱਖ ਸਕੀਮਾਂ ਤਹਿਤ ਭੇਜਿਆ ਜਾਂਦਾ ਅਰਬਾਂ ਰੁਪਿਆ ਹੜੱਪ ਕਰ ਚੁੱਕੇ ਹਨ ਉਥੇ ਵਿਭਾਗ ਦੇ ਹੇਠਲੇ ਪੱਧਰ ਦੇ ਅਧਿਕਾਰੀ ਅਤੇ ਕਰਮਚਾਰੀ ਸਰਕਾਰ ਵਲੋਂ ਭੇਜੇ ਜਾਂਦੇ ਸਮਾਨ ਨੂੰ ਖੁਰਦ ਬੁਰਦ ਕਰਕੇ ਇਹਨਾਂ ਸਕੂਲਾਂ ਵਿਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਤਹਿਸੀਲ ਗੜ੍ਹਸ਼ੰਕਰ ਸਮੇਤ ਕੰਢੀ ਖਿੱਤੇ ਦੇ ਸਰਕਾਰੀ ਸਕੂਲਾਂ ਦੀਆਂ ਅੰਗ੍ਰੇਜ਼ਾਂ ਦੇ ਸਮੇਂ ਦੀਆਂ ਇਮਾਰਤਾਂ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਰੂਪ ਧਾਰਨ ਕਰ ਸਕਦੀਆਂ ਹਨ।
ਇਥੇ ਪਹਾੜੀ ਪਿੰਡਾਂ ਵਿਚ ਸਥਿੱਤ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਅਧਿਆਪਕਾਂ ਅਤੇ ਖੇਡ ਦੇ ਮੈਦਾਨਾਂ ਦੀ ਘਾਟ ਤੋਂ ਇਲਾਵਾ ,ਸਕੂਲਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਢੁਕਵਾਂ ਪ੍ਰਬੰਧ ਹੀ ਨਹੀਂ ਹੈ। ਇਹਨਾਂ ਕਿਸਮਤ ਅਤੇ ਥੁੜ੍ਹਾਂ ਮਾਰੇ ਸਕੂਲਾਂ ਵਿਚ ਬੱਚੇ ਘਰਾਂ ਤੋਂ ਪੜ੍ਹਨ ਆਉਂਦੇ ਹਨ ਪ੍ਰੰਤੂ ਉਹ ਸਰਕਾਰ ਵਲੋਂ ਦਿੱਤੇ ਜਾਂਦੇ ਖਾਣੇ ਨੂੰ ਤਿਆਰ ਕਰਨ ਲਈ ਬਾਲਣ ਅਤੇ ਗੈਸ ਸਿਲੰਡਰ ਢੋਣ ਤੋਂ ਲੈ ਕੇ ਖੁਦ ਹੀ ਸਕੂਲ ਦੀ ਸਫਾਈ ਕਰਕੇ ਅਤੇ ਖਾਣਾ ਬਣਾਕੇ ਖਾਕੇ ਘਰਾਂ ਨੂੰ ਚਲੇ ਜਾਂਦੇ ਹਨ। ਇਸ ਵਾਰ ਇਹਨਾਂ ਸਕੂਲਾਂ ਵਿਚ ਬੱਚਿਆਂ ਦੇ ਫੇਲ੍ਹ ਹੋਣ ਦਾ ਕਾਰਨ ਵੀ ਇਹੋ ਰਿਹਾ ਹੈ।
ਇਹਨਾਂ ਸਕੂਲਾਂ ਵਿਚ ਪੜ੍ਹਾਉਂਦੇ ਅਧਿਆਪਕਾਂ ਦੀਆਂ 40 -40 ਹਜ਼ਾਰ ਤੋਂ ਉਪਰ ਹਨ ਪ੍ਰੰਤੂ ਉਹ ਸਕੂਲ ਵਿਚ ਗੱਪਾਂ ਮਾਰਨ ਤੋਂ ਸਿਵਾ ਕੁੱਝ ਵੀ ਨਹੀਂ ਕਰਦੇ। ਬਹੁਤੇ ਅਧਿਆਪਕ ਅਜਿਹੇ ਵੀ ਹਨ ਜਿਹਨਾਂ ਨੂੰ ੳੂੜਾ ਐੜਾ ਵੀ ਨਹੀਂ ਆਊਂਦਾ। ਗਰੀਬ ਪਰਿਵਾਰਾਂ ਦੇ ਬੱਚੇ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਸਰਕਾਰੀ ਸਕੂਲਾਂ ਨੂੰ ਨਿਵੇਕਲੇ ਕਿਸਮ ਦੀਆਂ ਸਹੂਲਤਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਜਿਸਦਾ ਖੁਲਾਸਾ ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਕੀਤੀ ਗਈ ਜਾਣਕਾਰੀ ਤੋਂ ਮਿਲਿਆ ਹੈ। ਸਰਕਾਰੀ ਕਾਗਜ਼ਾਂ ਅਤੇ ਸਿਆਸੀ ਪਾਰਟੀਆਂ ਦੇ ਬਿਆਨਾਂ ਵਿਚ ਅਸੀਂ ਵਿਦੇਸ਼ੀ ਤਰਜ ਤੇ ਆਪਣੇ ਸੂਬੇ ਦੇ ਸਕੂਲ ਕਈ ਸਾਲ ਪਹਿਲਾਂ ਹੀ ਬਣਾ ਚੁੱਕੇ ਹਾਂ ਜਦ ਕਿ 70 ਪ੍ਰਤੀਸ਼ਤ ਤੋਂ ਵੱਧ ਅਜਿਹੇ ਸਰਕਾਰੀ ਅਤੇ ਨਿਜੀ ਸਕੂਲ ਅਜਿਹੇ ਹਨ ਜਿਹਨਾਂ ਦਾ ਪਾਣੀ ਪੀਣ ਦੇ ਯੋਗ ਹੀ ਨਹੀਂ ਹੈ ਤੇ ਸਰਕਾਰ ਵਲੋਂ ਉਕਤ ਸਕੂਲਾਂ ਦੇ ਪਾਣੀ ਦੇ ਸੈਂਪਲ ਭਰਕੇ ਰਿਪੋਰਟ ਵੀ ਸਕੂਲ ਮੁੱਖੀਆਂ ਨੂੰ ਭੇਜਕੇ ਆਖਿਆ ਗਿਆ ਹੈ ਕਿ ਅਜਿਹਾ ਪਾਣੀ ਆਪਣੇ ਸਕੂਲ ਦੇ ਬੱਚਿਆਂ ਨੂੰ ਪੀਣ ਤੋਂ ਤੁਰੰਤ ਰੋਕਿਆ ਜਾਵੇ । ਉਸ ਰਿਪੋਰਟ ਵੱਲ ਕਿਸੇ ਵੀ ਸਕੂਲ ਦੇ ਮੁੱਖੀ ਜਾਂ ਪ੍ਰਬੰਧਕ ਵਲੋਂ ਕੋਈ ਪ੍ਰਵਾਹ ਨਹੀਂ ਕੀਤੀ ਗਈ।
ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਰਕਾਰੀ ਐਲੀਮੈਂਟਰੀ ਸਕੂਲਾਂ ਦੀ ਕੁੱਲ ਗਿਣਤੀ 1284 ਹੈ, ਜਿਹਨਾਂ ਵਿਚ 38153 ਲੜਕੇ ਅਤੇ 34204 ਲੜਕੀਆਂ ਪੜ੍ਹਦੀਆਂ ਹਨ। ਸਮਾਜ ਸੇਵੀ ਜੈ ਗੁਪਾਲ ਧੀਮਾਨ ਨੇ ਦੱਸਿਆ ਕਿ ਇਹਨਾਂ ਸਕੂਲਾਂ ਵਿਚ 1624 ਲੜਕਿਆਂ ਅਤੇ 1838 ਲੜਕੀਆਂ ਲਈ ਪਖਾਨੇ ਬਣਾਏ ਗਏ ਹਨ ਜਿਹਨਾਂ ਦੀ ਹਾਲਤ ਇਹ ਹੈ ਕਿ ਇਹਨਾਂ ਪੈਖਾਨਿਆਂ ਕੋਲ ਖੜ੍ਹਨਾਂ ਵੀ ਮੁਸ਼ਕਲ ਹੈ। ਕਦੇ ਵੀ ਉਹਨਾਂ ਦੀ ਸਫਾਈ ਨਹੀਂ ਕੀਤੀ ਗਈ ਅਤੇ ਉਹਨਾਂ ਤੇ ਖਰਚਿਆ ਗਿਆ ਅਰਬਾਂ ਰੁਪਿਆ ਬੇਅਰਥ ਹੋ ਕੇ ਰਹਿ ਗਿਆ ਹੈ।
ਉਹਨਾਂ ਹੋਰ ਦੱਸਿਆ ਕਿ 777 ਸਕੂਲਾਂ ਕੋਲ ਹੀ ਖੇਡ ਦੇ ਛੋਟੇ ਮੋਟੇ ਮੈਦਾਨ ਹਨ ਅਤੇ 504 ਸਕੂਲਾਂ ਕੋਲ ਖੇਡ ਦਾ ਕੋਈ ਵੀ ਮੈਦਾਨ ਨਹੀਂ ਹੈ। ਇਹਨਾਂ ਬੱਚਿਆਂ ਦੇ ਭਵਿੱਖ ਨੂੰ ਰੁਸ਼ਨਾੳਂੁਣ ਲਈ ਜ਼ਿਲੇ ਅੰਦਰ ਕੁੱਲ 2488 ਅਧਿਆਪਕਾਂ ਦੀਆਂ ਅਸਾਮੀਆਂ ਮਨਜੂਰ ਹਨ ਪ੍ਰੰਤੂ ਇਹਨਾਂ ਵਿਚੋਂ ਪਿੱਛਲੇ 15 =15 ਸਾਲ ਤੋਂ 680 ਅਸਾਮੀਆਂ ਬਿਲਕੁੱਲ ਖਾਲੀ ਪਈਆਂ ਹਨ । ਸਿੱਖਿਆ ਵਿਭਾਗ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਵਿਚ ਸ਼ਪੱਸ਼ਟ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਅਜਿਹੇ ਸਕੂਲ ਹਨ ਜਿਹਨਾਂ ਵਿਚ ਪਿੱਛਲੇ 14 ਸਾਲ ਅਤੇ 8 ਮਹੀਨਿਆਂ ਤੋਂ ਕਈ ਕਈ ਵਿਸ਼ਿਆਂ ਨਾਲ ਸਬੰਧਤ ਅਧਿਆਪਕ ਅਤੇ ਲੈਕਚਰਾਰ ਹੀ ਨਹੀਂ ਹਨ। ਸ੍ਰੀ ਧੀਮਾਨ ਅਨੁਸਾਰ ਭੂੰਗਾ ਪਿੰਡ ਜੇ ਬੀ ਟੀ ਦੀ ਅਸਾਮੀ ਪਿੱਛਲੇ 15 ਸਾਲ ਤੋਂ ਖਾਲੀ ਪਈ ਹੈ। ਵਿਭਾਗ ਵਲੋਂ ਅਜਿਹਾ ਇਲਾਕੇ ਦੇ ਸਿਆਸੀ ਆਗੂਆਂ ਦੀ ਆਪਸੀ ਖਹਿਬਾਜੀ ਕਰਕੇ ਵੀ ਕੀਤਾ ਜਾ ਰਿਹਾ ਹੈ। ਸਿਆਸੀ ਦੁਸ਼ਮਣੀ ਜਿਥੇ ਗਰੀਬ ਪਰਿਵਾਰਾਂ ਦਾ ਖੂਨ ਚੂਸ ਰਹੀ ਹੈ ਉਥੇ ਉਹਨਾਂ ਦੇ ਉਕਤ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦਾ ਭਵਿੱਖ ਤਬਾਹ ਕਰ ਰਹੀ ਹੈ। ਬਲਾਕ ਪੱਧਰ ਤੇ ਸਕੂਲਾਂ ਦੀਆਂ ਖਾਲੀ ਅਸਾਮੀਆਂ ਨੂੰ ਜਾਣਬੁੱਝ ਕੇ ਨਹੀਂ ਭਰਿਆ ਜਾ ਰਿਹਾ । ਖਾਲੀ ਅਸਾਮੀਆਂ ਵਿਚ ਸੀ ਐਚ ਟੀ ਦੀਆਂ 35, ਐਚ ਟੀ ਦੀਆਂ 212 ਅਤੇ ਜੇ ਬੀ ਟੀ ਦੀਆਂ 433 ਸ਼ਾਮਿਲ ਹਨ।
ਉਹਨਾਂ ਇਹ ਵੀ ਖੁਲਾਸਾ ਕੀਤਾ ਵਿਭਾਗ ਦੇ ਉਚ ਅਧਿਕਾਰੀਆਂ ਕੋਲ ਬੱਚਿਆਂ ਦੇ ਪੀਣ ਵਾਲੇ ਪਾਣੀ ਦੀ ਸ਼ੁਧਤਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਜਾਣਕਾਰੀ ਮੁਤਾਬਿਕ ਅਗਸਤ 2012 ਤੋਂ ਲੈ ਕੇ ਮਾਰਚ 2013 ਤਕ ਇਥੇ ਦੇ ਐਲੀਮੈਂਟਰੀ ਸਕੂਲਾਂ ਵਿਚ 6, 32, 850 ਰੁਪਏ ਦਾ ਬੱਚਿਆਂ ਦੇ ਹੱਥ ਧੋਣ ਲਈ ਸਾਬਣ ਖਰੀਦਿਆ ਗਿਆ ਪ੍ਰੰਤੂ ਖਰੀਦਿਆ ਸਾਬਣ ਸਕੂਲਾਂ ਵਿਚਦੇਖਣ ਨੂੰ ਵੀ ਨਹੀਂ ਮਿਲ ਰਿਹਾ। ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਹੱਥ ਧੋਣ ਲਈ ਜ਼ਿਲ੍ਹੇ ਦੇ ਬਲਾਕ ਮਾਹਿਲਪੁਰ- 1 ਵਿਚ 29850 ਰੁਪਏ , ਮਾਹਿਲ ਪੁਰ- 2 ਵਿਚ 34950 ਰੁਪਏ,ਹੁਸ਼ਿਆਰ ਬਲਾਕ -1 ਏ ਵਲੋਂ 31800 ਰੁਪਏ, ਹੁਸ਼ਿਆਰਪੁਰ- 2 ਏ ਵਲੋਂ 41100 ਰੁਪਏ , ਹੁਸ਼ਿਆਰਪੁਰ- 1 ਬੀ ਵਲੋਂ 34200 ਰਪਏ , ਹੁਸਿਆਰਪੁਰ -2 ਬੀ ਵਲੋਂੇ 30600 ਰੁਪਏ , ਬੁੱਲੋਵਾਲ ਵਿਚ 24000 ਰੁਪਏ , ਟਾਂਡਾ -1 ਵਿਚ 28200 , ਟਾਂਡਾ- 2 ਵਿਚ 25500 ਰੁ: , ਦਸੂਹਾ- 1 ਵਿਚ 34800 ਰੁ :, ਦਸੂਹਾ- 2 ਵਿਚ 30900 ਰੁਪਏ, ਮੁਕੋਰੀਆਂ-1 ਵਿਚ 40650 ਰਪਏ: , ਮੁਕੇਰੀਆਂ- 2 ਵਿਚ 33150 ਰੁਪਏ , ਹਾਜੀਪੁਰ ਵਿਚ 32550 ਰੁਪਏ , ਤਲਵਾੜਾ ਵਿਚ 30750 ਰੁਪਏ , ਭੂੰਗਾ- 1 ਵਿਚ 36150 ਰੁਪਏ , ਭੂੰਗਾ- 2 ਵਿਚ 42750 ਰੁਪਏ, ਗੜ੍ਹਸ਼ੰਕਰ 1 ਵਿਚ 36150 ਰ:ੁ , ਗੜ੍ਹਸ਼ੰਕਰ -2 ਵਿਚ 34650 ਰੁ: ਦਾ ਸਾਬਣ ਖ੍ਰੀਦਿਆ ਗਿਆ ਪ੍ਰੰਤ ਉਕਤ ਖਰੀਦਿਆ ਗਿਆ ਸਾਬਣ ਬੱਚਿਆਂ ਨੂੰ ਕਦੇ ਵਰਤੋਂ ਲਈ ਦਿੱਤਾ ਹੀ ਨਹੀਂ ਗਿਆ। ਜੇਕਰ ਦਿੱਤਾ ਗਿਆ ਹੁੰਦਾਂ ਤਾਂ ਸਕੂਲਾਂ ਦੇ ਬਾਥਰੂਮ ਅਤੇ ਪਖਾਨੇ ਗੰਦਗੀ ਨਾਲ ਭਰੇ ਨਾ ਪਏ ਹੋਣ। ਸਾਬਣ ਦੀ ਖਰੀਦ ਸਕੂਲ ਪੱਧਰ ਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਕਰਨੀ ਹੁੰਦੀ ਹੈ। ਇਸ ਤੋਂ ਇਲਾਵਾ ਇਥੇ ਦੇ ਬਹੁਤੇ ਸਕੂਲਾਂ ਵਿਚ ਪੱਕੇ ਤੌਰ ਤੇ ਸੇਵਾਦਾਰ, ਚੋਕੀਦਾਰ ਅਤੇ ਮਾਲੀ ਦੀਆਂ ਅਸਾਮੀਆਂ ਖਾਲੀ ਹਨ। ਸਕੂਲ ਰੱਬ ਆਸਰੇ ਹਨ । ਸਕੂਲਾਂ ਵਿਚ ਗੈਸ ਸਿਲੰਡਰ, ਕੀਮਤੀ ਸਮਾਨ, ਪੱਖੇ ਅਤੇ ਟੂਟੀਆਂ ਸਮੇਤ ਵੱਡੇ ਵੱਡੇ ਦਰੱਖਤ ਰਾਤੋ ਰਾਤ ਚੋਰੀ ਹੋਣ ਦੇ ਬਹੁਤ ਸਾਰੇ ਮਾਮਲੇ ਪੁਲੀਸ ਥਾਣਿਆਂ ਵਿਚ ਦਰਜ ਹਨ।
ਜੈ ਗੁਪਾਲ ਧੀਮਾਨ ਨੇ ਦੱਸਿਆ ਕਿ ਬਹੁਤੇ ਸਰਕਾਰੀ ਸਕੂਲਾਂ ਦੇ ਸਟਾਫ ਅਤੇ ਪਿ੍ਰੰਸੀਪਲਾਂ ਵਲੋਂ ਬੱਚਿਆਂ ਕੋਲੋਂ ਹੀ ਸਕੂਲ ਦੀ ਸਫਾਈ ਅਤੇ ਇਮਾਰਤਾਂ ਦੀ ਉਸਾਰੀ ਮੌਕੇ ਮਜ਼ਦੂਰੀ ਦਾ ਕੰਮ ਵੀ ਵਿਦਿਆਰਥੀਆਂ ਕੋਲੋਂ ਲਿਆ ਜਾਂਦਾ ਹੈ ਜੋ ਕਾਨੂੰਨ ਦੀ ਸਖਤ ਉਲੰਘਣਾ ਹੈ। ਉਹਨਾਂ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਕਾਗਜਾਂ ਵਿਚ ਹੀ ਬਿਨਾਂ੍ਹ ਅਧਿਆਪਕਾਂ ਤੋਂ ਵਿਸ਼ਵ ਪੱਧਰ ਦੀ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆ ਦੇ ਰਹੀ ਹੈ। ਉਹਨਾਂ ਦੱਸਿਆ ਕਿ ਅਜਿਹਾ ਕਰਨਾ ਸੰਵਿਧਾਨ ਦੀ ਮੁੱਢਲੇ ਅਧਿਕਾਰਾਂ ਦੀ ਧਾਰਾ 14 ਸਮਾਨਤਾ, 15 ਵਿਤਕਰੇ ਰੋਕਣਾ ਅਤੇ ਧਾਰਾ 45 ਲਾਜ਼ਮੀ ਵਿਦਿਆ ਦੀ ਘੋਰ ਉਲੰਘਣਾ ਹੈ।
ਇਸ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਹੁਸ਼ਿਆਰਪੁਰ ਦੇ ਦਫਤਰ ਦਾ ਕਹਿਣ ਹੈ ਕਿ ਸੂਚਨਾ ਅਧਿਕਾਰ ਐਕਟ ਤਹਿਤ ਦਿੱਤੀ ਗਈ ਜਾਣਕਾਰੀ ਸਹੀ ਹੈ। ਉਹਨਾਂ ਦੱਸਿਆ ਕਿ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕੀਤਾ ਜਾ ਚੁੱਕਾ ਹੈ। ਖਾਲੀ ਅਸਾਮੀਆਂ ਸਮੇਤ ਐਲੀਮੈਂਟਰੀ ਸਕੂਲਾਂ ਤੋਂ ਇਲਾਵਾ ਹੋਰ ਜਿਲ੍ਹੇ ਦੇ ਹੋਰ ਸਕੂਲਾਂ ਵਿਚ ਕਮੀਆਂ , ਮੁੱਖ ਮੰਗਾਂ ਦੀ ਰਿਪੋਰਟ ਤਿਆਰ ਕਰਵਾਈ ਜਾ ਰਹੀ ਹੈ । ਦਫਤਰ ਦੇ ਅਧਿਕਾਰੀ ਨੇ ਆਪਣਾਂ ਨਾਮ ਨਹੀਂ ਦੱਸਿਆ ਪ੍ਰੰਤੂ ਉਹਨਾਂ ਕਿਹਾ ਕਿ ਖਾਲੀ ਅਸਾਮੀਆਂ ਵਾਲੇ ਸਕੂਲਾਂ ਵਿਚ ਅਧਿਆਪਕ ਅਤੇ ਲੋੜੀਦਾ ਸਟਾਫ ਭੇਜਿਆ ਜਾ ਰਿਹਾ ਹੈ।
ਇਸ ਸਬੰਧ ਵਿਚ ਸ੍ਰੋਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਗੜ੍ਹਸ਼ਕਰ ਹਲਕੇ ਦੇ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਅਤੇ ਚੱਬੇਵਾਲ ਦੇ ਵਿਧਾਇਕ ਸੋਹਣ ਸਿੰਘ ਠੰਡਲ ਨੇ ਦਾਅਵਾ ਕੀਤਾ ਕਿ ਤਹਿਸੀਲ ਗੜ੍ਹਸ਼ੰਕਰ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਜਲਦ ਭਰੀਆਂ ਜਾ ਰਹੀਆਂ ਹਨ। ਖਸਤਾ ਹਾਲਤ ਇਮਾਰਤਾਂ ਦੀ ਮੁਰੰਮਤ ਅਤੇ ਨਵੇਂ ਕਮਰਿਆਂ ਦੀ ਉਸਾਰੀ ਲਈ ਗਰਾਂਟਾਂ ਦੇ ਖੁੱਲ੍ਹੇ ਗੱਫੇ ਵੰਡੇ ਗਏ ਹਨ । ਇਮਾਰਤਾਂ ਦੀ ਉਸਾਰੀ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਸਾਲ ਵਿਚ ਕੰਢੀ ਦੇ ਸਾਰੇ ਪੇਂਡੂ ਸਕੂਲ ਨਮੂਨੇ ਦੇ ਬਣਾ ਦਿੱਤੇ ਜਾਣਗੇ। ਕੁਤਾਹੀ ਕਰਨ ਵਾਲੇ ਕਿਸੇ ਵੀ ਅਧਿਆਪਕ ਨੂੰ ਬਖਸ਼ਿਆ ਨਹੀਂ ਜਾਵੇਗਾ । ਅਜਿਹੇ ਅਧਿਆਪਕਾਂ ਵਿਰੁੱਧ ਸਖਤੀ ਵਰਤੀ ਜਾਵੇਗੀ ਜੋ ਬੱਚਿਆਂ ਕੋਲੋਂ ਮਜ਼ਦੂਰੀ ਦਾ ਕੰਮ ਲੈਂਦੇ ਹਨ।