ਬਿਸਤ ਦੁਆਬ ਨਹਿਰ ਦੀ ਮਾੜੀ ਅਤੇ ਖਸਤਾ ਹਾਲਤ ਕਾਰਨ ਆਰ ਪਾਰ ਦੇ ਅਨੇਕਾਂ ਪਿੰਡਾਂ ਦੇ ਲੋਕ ਭੈਅ ਭੀਤ
Posted on:- 14-07-2013
-ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਅਤੇ ਤਹਿਸੀਲ ਗੜ੍ਹਸ਼ੰਕਰ ਦੇ ਅੱਧ ਤੋਂ ਵੱਧ ਪਿੰਡਾਂ ਦੇ ਲੋਕ ਬਿਸਤ ਦੁਆਬ ਨਹਿਰ ਦੀ ਖਸਤਾ ਹਾਲਤ ਕਾਰਨ ਹਮੇਸ਼ਾਂ ਸਹਿਮ ਦੇ ਸਾਏ ਹੇਠ ਦਿਨ ਕਟੀ ਕਰ ਰਹੇ ਹਨ। ਇਸ ਨਹਿਰ ਦੇ ਆਰ ਪਾਰ ਦੇ ਲਗਭਗ 70 ਦੇ ਕਰੀਬ ਪਿੰਡ ਜੋ ਮਾਹਿਲਪੁਰ ਅਤੇ ਗੜ੍ਹਸ਼ੰਕਰ ਤਹਿਸੀਲ ਨਾਲ ਹੀ ਸਬੰਧਤ ਹਨ ਨੂੰ ਇਸ ਨਹਿਰ ਦੇ ਆਲੇ ਦੁਆਲੇ ਦੀਆਂ ਪਟੜੀਆਂ ਪਾਣੀ ਨਾਲ ਖੁਰਨ ਕਾਰਨ ਪੇਂਡੂ ਲੋਕਾਂ ਲਈ ਡਰ ਦਾ ਕਾਰਨ ਬਣਦੀਆਂ ਹਨ। ਬਰਸਾਤ ਦੇ ਮੌਸਮ ਵਿਚ ਉਕਤ ਨਹਿਰ ਪਿੰਡ ਕਿੱਤਣਾਂ, ਪੋਸੀ, ਦਿਹਾਣਾ ਤੋਂ ਇਲਾਵਾ ਮੌਰਾਂਵਾਲੀ ,ਮੋਲਾ ਵਾਹਿਦਪੁਰ ਤੋਂ ਅਕਸਰ ਹੀ ਪਾਣੀ ਦੇ ਤੇਜ ਵਹਾਅ ਕਾਰਨ ਪਟੜੀਆਂ ਟੁੱਟਣ ਕਾਰਨ ਲੋਕਾਂ ਲਈ ਮੁਸੀਬਤ ਬਣਦੀ ਹੈ।
ਰੋਪੜ ਤੋਂ ਜੀਵਨਪੁਰ ਜੱਟਾਂ(ਮਾਹਿਲਪੁਰ) ਤੱਕ ਉਕਤ ਨਹਿਰ ਹਾਲੇ ਤੱਕ ਕੱਚੀ ਹੋਣ ਕਾਰਨ ਇਸ ਵਿਚ ਪੌਦੇ , ਬੇਲ ਬੂਟੀਆਂ ਅਤੇ ਘਾਹ ਫੂਸ ਉਗਣ ਕਾਰਨ ਨਹਿਰ ਦੀ ਹੋਂਦ ਹੀ ਨਜ਼ਰ ਨਹੀਂ ਆਉਂਦੀ। ਅੱਜ ਇਥੇ ਪਿੰਡ ਲਕਸੀਹਾਂ ਦੇ ਵਾਸੀ ਜੈ ਗੋਪਾਲ ਧੀਮਾਨ, ਸਮਾਜ ਸੇਵਕਾ ਬੀਬੀ ਨਿਰਮਲ ਕੌਰ ਬੱਧਣ ,ਅਮਰੀਕ ਸਿੰਘ, ਪਿੰਡ ਕਿੱਤਣਾਂ ਦੇ ਸਤਨਾਮ ਸਿੰਘ, ਬਸਪਾ ਆਗੂ ਮਦਨ ਲਾਲ ਨਿੱਘਾ ਨੇ ਦੱਸਿਆ ਕਿ ਬਿਸਤ ਦੁਆਬ ਨਹਿਰ ਦੀ ਦਿਨੋ ਦਿਨ ਹੋ ਰਹੀ ਖਸਤਾ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀ ਪੂਰੀ ਤਰ੍ਹਾਂ ਬੇਫਿਕਰ ਹਨ। ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਤੇ ਉਕਤ ਨਹਿਰ ਦੀ ਸਫਾਈ ਦਾ ਕਾਰਜ ਵੀ ਅਧੂਰਾ ਪਿਆ ਹੋਇਆ ਹੈ। ਬਸਰਸਾਤ ਤੋਂ ਪਹਿਲਾਂ ਹੀ ਪਏ ਹਫਤਾ ਭਰ ਭਾਰੀ ਬਾਰਸ਼ ਕਾਰਨ ਨਹਿਰ ਦੀਆਂ ਦੋਵੇਂ ਪਟੜੀਆਂ ਥਾਂ ਥਾਂ ਤੋਂ ਟੁੱਟ ਚੁੱਕੀਆਂ ਹਨ। ਸਰਕਾਰ ਵਲੋਂ ਅਰਬਾਂ ਰੁਪਏ ਖਰਚ ਕਰਕੇ ਗੜ੍ਹਸ਼ੰਕਰ ਤੋਂ ਆਦਮਪੁਰ ਤੱਕ ਬਣਾਇਆ ਨਵਾਂ ਰੋਡ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕਾ ਹੈ। ਨਹਿਰ ਦੇ ਦੁਆਲਿਓ ਹਜ਼ਾਰਾਂ ਦਰੱਖਤ ਕੱਟਣ ਕਾਰਨ ਸੜਕ ਮੀਂਹ ਅਤੇ ਨਹਿਰ ਦੇ ਪਾਣੀ ਨਾਲ ਕਈ ਥਾਵਾਂ ਤੋਂ ਰੁੜ੍ਹ ਚੁੱਕੀ ਹੈ।
ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜੈ ਗੁਪਾਲ ਧੀਮਾਨ ਨੇ ਦੱਸਿਆ ਕਿ 1954-55 ਵਿਚ ਉਸਾਰੀ ਗਈ ਉਕਤ ਨਹਿਰ ਰੋਪੜ ਹੈਡ ਵਰਕਸ ਦੇ ਓੁਪਰਲੇ ਪਾਸੇ ਦਰਿਆ ਸਤਲੁਜ ਦੇ ਸੱਜੇ ਪਾਸੇ ਤੋਂ ਨਿਕਲਦੀ ਹੈ।ਇਸ ਦੀ ਨਿਰਧਾਰ ਸਮਰੱਥਾ 1452 ਕਿਊਸਕ ਹੈ ਤੇ ਲਗਭਗ 800 ਕਿਲੋਮੀਟਰ ਲੰਬੀ ਨਹਿਰ ਨਵਾਸ਼ਹਿਰ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲੇ ਵਿਚ 4.52 ਲੱਖ ਏਕੜ ਵਾਹੀ ਯੋਗ ਭੂਮੀ ਦੀ ਪਾਣੀ ਦੀ ਲੋੜ ਪੂਰੀ ਕਰਦੀ ਹੈ ਪ੍ਰੰਤੂ ਇਸ ਨਹਿਰ ਦੀ ਵਿਭਾਗ ਵਲੋਂ ਅਣਦੇਖੀ ਅਤੇ ਸਾਂਭ ਸੰਭਾਲ ਨਾ ਕਰਨ ਕਾਰਨ ਇਸ ਵਿਚ ਝਾੜ ਝੀਂਡਾ ਪੈਦਾ ਹੋਣ ਕਰਕੇ ਨਹਿਰ ਦੇ ਬੈਡ ਦੀ ਚੋੜਾਈ 86 ਫੁੱਟ ਤੋਂ ਘੱਟ ਕੇ 50 ਕੁ ਫੁੱਟ ਹੀ ਰਹਿ ਗਈ ਹੈ।
ਉਹਨਾਂ ਦੱਸਿਆ ਕਿ ਇਸ ਦੀ ਪਾਣੀ ਦੀ ਸਮਰਥਾ ਵੀ ਘੱਟ ਕੇ 1060 ਕਿਊਸਕ ਰਹਿ ਗਈ ਹੈ। ਇਸ ਅਧੀਨ 4 ਸਬ ਡਵੀਜਨਾਂ ਸ਼ਹੀਦ ਭਗਤ ਸਿੰਘ ਨਗਰ ਉਪ ਮੰਡਲ ਕਨਾਲ ਕਲੋਨੀ ਰਾਹੋਂ, ਅਲਾਵਲਪੁਰ ਉਪ ਮੰਡਲ ਕੈਨਾਲ ਕਲੋਨੀ ਗੜ੍ਹਸ਼ੰਕਰ, ਜਲੰਧਰ ਉਪ ਮੰਡਲ ਕਲੋਨੀ ਜਲੰਧਰ , ਉਪ ਮੰਡਲ ਕੈਨਾਲ ਕਲੋਨੀ ਗੋਰਾਇਆਂ ਹਨ । ਇਸ ਤੋਂ ਇਲਾਵਾ ਇਸ ਮੌਕੇ ਜਲੰਧਰ ਉਪ ਮੰਡਲ ਅਧੀਨ 33 ਬੇਲਦਾਰ, ਗੜ੍ਹਸ਼ੰਕਰ ਅਧੀਨ 30 ਬੇਲਦਾਰ, ਗੋਰਾਇਆਂ ਅਧੀਨ 26 ਬੇਲਦਾਰ ਅਤੇ ਸ਼ਹੀਦ ਭਗਤ ਸਿੰਘ ਨਗਰ ਅਧੀਨ 32 ਬੇਲਦਾਰ ਕੰਮ ਕਰਦੇ ਹਨ। ਉਹਨਾਂ ਦੱਸਿਆ ਕਿ ਇਕ ਸਮਾਂ ਸੀ ਜਦੋਂ ਉਕਤ ਨਹਿਰ ਅਤਿ ਸੁੰਦਰ ਸੀ ਤੇ ਹਰ ਪਾਸੇ ਬੁਰਜ਼ੀਆਂ ਸਨ ਪਰ ਵਿਭਾਗ ਵਲੋ ਮਾਰਚ 2000 ਤੋਂ ਲੈ ਕੇ ਮਾਰਚ 2013 ਤੱਕ ਇਥੇ ਕੋਈ ਵੀ ਬੁਰਜ਼ੀ ਨਹੀਂ ਲਗਵਾਈ । ਸਗੋਂ ਲੋਕਾਂ ਵਲੋਂ ਇਸਦੇ ਦੋਵੇਂ ਪਾਸੇ ਲੱਞਣ ਵਾਲੀਆਂ ਪਟੜੀਆਂ ਤੇ ਨਜ਼ਾਇਜ ਕਬਜੇ ਕਰ ਲਏ ਹਨ ਜਿਹਨਾਂ ਨੂੰ ਵਿਭਾਗ ਵਲੋਂ ਕਦੇ ਵੀ ਹਟਾਉਣ ਦੀ ਖੇਚਲ ਨਹੀਂ ਕੀਤੀ । ਨਹਿਰੀਵਿਭਾਗ ਵਲੋਂ 1 ਕਿਊਸਕਸ ਡਿਸਚਾਰਜ ਸਿਰਫ ਆਂਸ ਮਿੱਲ ਨੂੰ 307667/- ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਨਹਿਰੀ ਵਿਭਾਗ ਨੂੰ 2007 ਤੋਂ ਲੈ ਕੇ ਮਾਰਚ 2013 ਤੱਕ ਕਰੋੜਾਂ ਰੁਪਇਆ ਕੰਮ ਕਰਨ ਲਈ ਮਿਲ ਚੁੱਕਾ ਹੈ ਪਰ ਸਭ ਕੁੱਝ ਦੇ ਬਾਵਜੂਦ ਫਿਰ ਵੀ ਨਹਿਰ ਦੀ ਸੁਰੱਖਿਆ ਵਿਚ ਗਿਰਾਵਟ ਹੀ ਆਈ ਹੈ ਅਤੇ ਇਥੇ ਹੋਏ ਘਟੀਆ ਕੰਮਾਂ ਦੇ ਸਬੂਤ ਹਾਲੇ ਵੀ ਮਜੂਦ ਹਨ।
ਸ੍ਰੀ ਧੀਮਾਨ ਨੇ ਦੱਸਿਆ ਕਿ ਇਸ ਵਕਤ ਨਹਿਰ ਦੇ ਵਿਚ ਝਾੜ ਝਿੰਡਾ, ਦਰੱਖਤ, ਨਹਿਰ ਦੇ ਡੋਲਿਆਂ ਉਤੇ 10, 10 ਫੁੱਟ ਉਚੀ ਭੰਗ, ਗਾਜ਼ਰ ਬੂਟੀ ਅਤੇ ਹੋਰ ਪਹਾੜੀ ਬੂਟੀਆਂ ਦਾ ਝਰਮਟ ਫੈਲਿਆ ਪਿਆ ਹੈ, ਨਹਿਰ ਉਤੇ ਲੱਗੇ ਸੈਫਟੀ ਗਾਰਡ ਵੀ ਚੋਰੀ ਹੋ ਚੁੱਕੇ ਹਨ ।ਨਹਿਰ ਅੰਦਰ ਹਰੇਕ ਅੱਡੇ ਤੇ ਪੂਰੀ ਤਰ੍ਹਾਂ ਗੰਦ ਸੁੱਟਿਆ ਜਾਂਦਾ ਹੈ। ਨਹਿਰ ਦੇ ਉਤੇ ਬਣੇ ਸੁਰੱਖਿਆ ਡੋਲੇ ਵੀ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਅੋਲਪ ਹੋ ਗਏ ਹਨ ,ਜਿਸ ਸਦਕਾ ਹਮੇਸ਼ਾਂ ਖਤਰਾ ਬਣਿਆ ਰਹਿੰਦਾ ਹੈ। ਪਿਛਲੇ 55 ਸਾਲਾਂ ਵਿਚ ਨਹਿਰ ਕੱਚੀ ਤੋਂ ਪੱਕੀ ਬਣਨ ਦੀ ਥਾਂ ਪੱਕੀ ਬਣੀ ਹੋਈ ਵੀ ਕੱਚੀ ਨਾਲੋਂ ਭੈੜੀ ਬਣ ਗਈ ਹੈ। ਨਹਿਰ ਦੇ ਆਲੇ ਦਆਲੇ ਬਰਸਾਤੀ ਪਾਣੀ ਦੇ ਨਿਕਾਸ ਦਾ ਪ੍ਰਬੰਧ ਵੀ ਕੂੜਾ ਕਰਕਟ ਸੁੱਟਣ ਕਾਰਨ ਬਿਗੜ ਚੁੱਕੀ ਹੈ। ਪੁਲੀਆਂ ਕੂੜੇ ਨਾਲ ਭਰ ਗਈਆਂ ਹਨ ਤੇ ਪਾਣੀ ਦੇ ਬਹਾਓ ਨੂੰ ਰੋਕ ਕੇ ਨਜਾਇਜ ਕਬਜ਼ੇੇ ਕੀਤੇ ਗਏ ਹਨ। ਇਸੇ ਤਰ੍ਹਾਂ ਨਹਿਰ ਦੇ ਕਿਨਾਰੇ ਨਾਲ ਬਣੀ ਸੜਕ ਦੀ ਹਾਲਤ ਖਸਤਾ ਹੈ ਅਤੇ ਵੱਡੇ ਵੱਡੇ ਘਾਹ ਫੂਸ ਅਤੇ ਭੰਗ ਅਤੇ ਗਾਜ਼ਰ ਬੂਟੀ ਨੇ ਨਹਿਰ ਦਾ ਨਾਮੋ ਨਿਸ਼ਾਂਨ ਹੀ ਮਿਟਾਕੇ ਰੱਖ ਦਿੱਤਾ ਹੈ। ਬੁਰਜ਼ੀਆਂ ਦਾ ਪਤਾ ਹੀ ਨਹੀਂ ਲੱਗ ਰਿਹਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਹਿਰ ਦੀ ਹਾਲਤ ਨੂੰ ਸੁਧਾਰਨ ਲਈ ਤਰੰਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਲਾਕੇ ਦੇ ਪੇਂਡੂ ਲੋਕ ਤਿੱਖਾ ਸੰਘਰਸ਼ ਕਰਨਗੇ। ਉਹਨਾਂ ਦੱਸਿਆ ਉਹਨਾਂ ਇਸ ਸਬੰਧ ਵਿਚ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸਬੂਤਾਂ ਸਮੇਤ ਪੱਤਰ ਵੀ ਲਿਖੇ ਗਏ ਹਨ।
ਇਸ ਸਬੰਧ ਵਿਚ ਬਿਸਤ ਦੁਆਬ ਨਹਿਰ ਦੇ ਐਸ ਡੀ ਓ ਨੇ ਦੱਸਿਆ ਕਿ ਵਿਭਾਗ ਵਲੋਂ ਬਿਸਤ ਦੁਆਬ ਨਹਿਰ ਦੀ ਹਰ ਤਿੰਨ ਸਾਲ ਬਾਅਦ ਸਫਾਈ ਕਰਵਾਈ ਜਾਂਦੀ ਹੈ। ਵਿਭਾਗ ਕੋਲ ਕਈ ਵਾਰ ਫੰਡਾ ਦੀ ਘਾਟ ਕਾਰਨ ਕੰਮ ਅਧੂਰਾ ਵੀ ਰਹਿ ਜਾਂਦਾ ਹੈ।ਉਹਨਾਂ ਦੱਸਿਆ ਕਿ ਨਹਿਰ ਦੀ ਸਫਾਈ ਦਾ ਕੰਮ ਰੋਪੜ ਤੋਂ ਸ਼ਰੂ ਹੋ ਕੇ ਆਦਮਪੁਰ ਤੱਕ ਲਗਭਗ ਕੀਤਾ ਜਾ ਚੁੱਕਾ ਹੈ। ਇਸ ਸਬੰਧ ਵਿਚ ਪੰਜਾਬ ਦੇ ਮੁੱਖ ਸੰਸਦੀ ਸਕੱਤਰ (ਸਿੰਚਾਈ ਅਤੇ ਨਹਿਰੀ ਵਿਭਾਗ )ਸੋਹਣ ਸਿੰਘ ਠੰਡਲ ਹੁਰਾਂ ਦੱਸਿਆ ਕਿ ਨਹਿਰ ਨੂੰ ਸੁੰਦਰ ਦਿਖ ਪ੍ਰਦਾਨ ਕਰਨ ਲਈ ਵਿਭਾਗ ਅਤੇ ਸਰਕਾਰ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ। ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਹਿਰੀ ਪਾਣੀ ਦੀ ਚੋਰੀ ਨਾ ਕਰਨ ਅਤੇ ਕੂੜਾ ਕਰਕਟ ਵੀ ਨਹਿਰ ਵਿਚ ਨਾ ਸੁੱਟਣ। ਉਹਨਾਂ ਕਿਹਾ ਕਿ ਬਰਸਾਤ ਨੂੰ ਮੁੱਖ ਰੱਖਕੇ ਨਹਿਰ ਦੇ ਅਧੂਰੇ ਕਾਰਜ ਨੂੰ ਤੁਰੰਤ ਨਿਪਟਾਇਆ ਜਾ ਰਿਹਾ ਹੈ। ਉਹਨਾਂ ਸਫਾਈ ਕਾਮਿਆਂ ਦੀਆਂ ਤਨਖਾਹਾਂ ਵਿਚ ਘਪਲੇ ਦੇ ਦੋਸ਼ਾਂ ਨੂੰ ਕਾਂਗਰਸੀ ਆਗੂਆਂ ਦਾ ਕੂੜ ਪ੍ਰਚਾਰ ਐਲਾਨਿਆਂ।