ਸਿੰਚਾਈ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ. ਠੰਡਲ ਦੇ ਜ਼ਿਲ੍ਹੇ ਅੰਦਰ ਹੀ ਨਹਿਰਾਂ ਦੀ ਸਫਾਈ ’ਚ ਗੜਬੜ ਘੋਟਾਲਾ -ਸ਼ਿਵ ਕੁਮਾਰ ਬਾਵਾ
Posted on:- 11-07-2013
ਅਧਿਕਾਰੀਆਂ ਨੇ ਨਹਿਰਾਂ ਦੀ ਸਫ਼ਾਈ ਆਪ ਕਰਾਈ ਅਤੇ ਅਦਾਇਗੀ ਠੇਕੇਦਾਰਾਂ ਦੇ ਖਾਤੇ ਪੁਆਈ
ਆਪਣੀ ਮਜ਼ਦੂਰੀ ਲੈਣ ਲਈ 150 ਤੋਂ ਵਧ ਮਜ਼ਦੂਰਾਂ ਨੂੰ ਨਹੀਂ ਲੱਭ ਰਿਹਾ ਕੰਮ ਕਰਾਉਣ ਵਾਲਾ ਠੇਕੇਦਾਰ
ਪੰਜਾਬ ਸਰਕਾਰ ਦੀਆਂ ਭ੍ਰਿਸ਼ਟਾਚਾਰ ਰੋਕਣ ਦੀਆ ਕੋਸ਼ਿਸ਼ਾਂ ਦੇ ਬਾਵਜੂਦ ਅਧਿਕਾਰੀ ਨਵੇਂ ਤਰੀਕਿਆ ਨਾਲ ਭ੍ਰਿਸ਼ਟਚਾਰ ਕਰਨ ਵਿੱਚ ਲੱਗੇ ਹੋਏ ਹਨ, ਅਜਿਹਾ ਹੀ ਇੱਕ ਮਾਮਲਾ ਵਿਭਾਗੀ ਮੁੱਖ ਸੰਸਦੀ ਸਕੱਤਰ ਸੋਹਣ ਸਿੰਘ ਠੰਡਲ ਦੇ ਜ਼ਿਲ੍ਹੇ ਅਧੀਨ ਪੈਂਦੇ ਸ਼ਾਹ ਨਹਿਰ ਮੁਕੇਰੀਆਂ ਦੇ ਅਧਿਕਾਰੀਆਂ ਦਾ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਕਥਿਤ ਤੌਰ ’ਤੇ ਫਰਜ਼ੀ ਠੇਕੇਦਾਰ ਖੜ੍ਹੇ ਕਰਕੇ ਸਿੰਚਾਈ ਨਹਿਰਾਂ ਦੀ ਸਫਾਈ ਕਰਨ ਦਾ ਕੰਮ ਆਪ ਕਰਵਾ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦਾ ਯਤਨ ਕੀਤਾ ਹੈ।
ਇਹ ਮਾਮਲਾ ਉਸ ਵੇਲੇ ਉਜਾਗਰ ਹੋਇਆ ਜਦੋਂ ਨਹਿਰ ਦੀ ਸਫਾਈ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਦੀ ਰਕਮ ਉਨ੍ਹਾਂ ਨੂੰ ਨਾ ਮਿਲੀ ਤਾਂ ਉਨ੍ਹਾਂ ਨੇ ਠੇਕੇਦਾਰ ਲੱਭਣੇ ਸ਼ੁਰੂ ਕੀਤੇ। ਇਸ ਮਾਮਲੇ ਵਿੱਚ ਅਧਿਕਾਰੀਆਂ ਵਲੋਂ ਕੰਮ ਅਲਾਟ ਕੀਤੇ ਜਾਣ ਵਾਲੇ ਠੇਕੇਦਾਰਾਂ ਦੇ ਨਾਮ ਵੀ ਨਹੀਂ ਦੱਸੇ ਜਾ ਰਹੇ, ਜਿਸ ਦੇ ਚੱਲਦਿਆ ਮਜ਼ਦੂਰਾਂ ਦੀਆਂ ਗੱਲਾਂ ਸੱਚੀਆ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਵਿਭਾਗੀ ਅਧਿਕਾਰੀਆ ਨੇ ਇਸ ਮਾਮਲੇ ਨੂੰ ਵਿੱਤੀ ਮਜਬੂਰੀ ਦੱਸ ਕੇ ਟਾਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਵਿਭਾਗ ਦੇ ਐਸ.ਈ. ਸ੍ਰੀ ਮਾਨ ਨੇ ਠੇਕੇਦਾਰਾਂ ਦੇ ਨਾਮ ਦੱਸੇ ਜਾਣ ਬਾਰੇ ਸਬੰਧਤ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਸੰਗੋ ਕਤਰਾਲਾ ਦੇ ਵਸਨੀਕਾਂ ਬਖਸ਼ੀ ਰਾਮ, ਗੁਰਮੀਤੋ ਦੇਵੀ, ਪੁਸ਼ਪਾ ਦੇਵੀ, ਗੁਰਦੀਪ ਕੌਰ, ਰਾਮ ਪਿਆਰੀ, ਰਾਣੀ ਦੇਵੀ, ਬੀਨਾ ਦੇਵੀ, ਸੰਤੋਸ਼ ਕੁਮਾਰੀ, ਪ੍ਰਵੀਨ ਬਖਸ਼ੋ ਦੇਵੀ, ਕਾਂਤਾ ਦੇਵੀ, ਦਰਸ਼ਨਾ ਦੇਵੀ, ਹਰਬੰਸ ਲਾਲ, ਪਰਮਪਾਲ, ਬਲਕਾਰ ਸਿੰਘ, ਰਤਨ ਚੰਦ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਕੌਰ, ਮਹਿੰਦਰ ਕੌਰ, ਕਮਲਜੀਤ ਕੌਰ, ਰੇਖਾ ਦੇਵੀ, ਸੋਮਾ ਦੇਵੀ, ਰਾਣੀ ਦੇਵੀ ਸਮੇਤ 3 ਦਰਜ਼ਨ ਤੋਂ ਵੱਧ ਮਜ਼ਦੂਰਾਂ ਨੇ ਦੱਸਿਆ ਕਿ ਵਿਭਾਗ ਦੇ ਐਸ.ਡੀ.ਓ. ਧਰਮਪਾਲ ਅਤੇ ਜੇ.ਈ. ਪ੍ਰਮੋਦ ਕੁਮਾਰ ਵਲੋਂ ਉਨ੍ਹਾਂ ਕੋਲੋਂ 18 ਮਈ ਤੋਂ ਲੈ ਕੇ 30 ਮਈਤੱਕ ਨਹਿਰਾਂ ਦੀ ਸਫਾਈ ਦਾ ਕੰਮ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨਹਿਰਾਂ ਦੀ ਸਫਾਈ ਦਾ ਕੰਮ ਵਿਭਾਗ ਦੇ ਅਧਿਕਾਰੀਆਂ ਵਲੋਂ ਕਰਵਾਇਆ ਗਿਆ ਸੀ ਅਤੇ ਵਿਭਾਗੀ ਅਧਿਕਾਰੀਆ ਰਾਹੀਂ ਹੀ
ਉਨ੍ਹਾਂ ਨੂੰ ਪਹਿਲਾਂ 25000 ਰੁਪਏ ਦੀ ਰਕਮ ਮਿਲੀ ਸੀ। ਉਨ੍ਹਾਂ ਦੱਸਿਆ ਕਿ ਸਾਨੂੰ ਕੰਮ ਕੀਤਿਆਂ ਕਰੀਬ ਡੇਢ ਮਹੀਨੇ ਤੋਂ ਵਧ ਹੋ ਚੁੱਕਾ ਹੈ, ਪਰ ਉਨ੍ਹਾਂ ਨੂੰ ਰਹਿੰਦੀ ਕਰੀਬ 80 ਹਜਾਰ ਰੁਪਏ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨਾਲ 250 ਰੁਪਏ ਦਿਹਾੜੀ ਮੁਕਾਈ ਗਈ ਸੀ, ਪਰ ਹੁਣ 200 ਰੁਪਏ ਦਿਹਾੜੀ ਦੇਣ ਦਾ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਤਾਂ ਇਹ ਕਿਹਾ ਜਾਦਾ ਹੇ ਕਿ ਠੇਕੇਦਾਰ ਕੋਲੋਂ ਅਜੇ ਰਕਮ ਨਹੀਂ ਮਿਲੀ, ਪਰ ਹੈਰਾਨੀ ਦੀ ਗੱਲ ਹੈ ਕਿ ਕੰਮ ਤਾਂ ਵਿਭਾਗੀ ਐਸ.ਡੀ.ਓ. ਅਤੇ ਜੇ.ਈ. ਵਲੋਂ ਕਰਵਾਇਆ ਗਿਆ ਅਤੇ ਇਸ ਦੀ ਨਿਗਰਾਨੀ ਵੀ ਵਿਭਾਗੀ ਕਰਮਚਾਰੀਆ ਨੇ ਹੀ ਕੀਤੀ। ਉਨ੍ਹਾਂ ਨੇ ਤਾਂ ਕਦੇ ਕਿਸੇ ਠੇਕੇਦਾਰ ਨੂੰ ਜਾਂ ਉਸ ਦੇ ਕਰਿੰਦੇ ਨੂੰ ਦੇਖਿਆ ਵੀ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਉਹ ਸਬੰਧਿਤ ਠੇਕੇਦਾਰ ਦਾ ਨਾਮ ਪੁੱਛਦੇ ਹਨ ਤਾਂ ਉਹ ਵੀ ਨਹੀਂ ਦੱਸਿਆ ਜਾਦਾ ਅਤੇ ਕਰੀਬ ਡੇਢ ਮਹੀਨੇ ਤੋਂ ਅਗਲੇ ਹਫ਼ਤੇ ਪੈਸੇ ਦੇਣ ਦਾ ਲਾਰਾ ਲਾ ਕੇ ਸਮਾਂ ਪਾਸ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਪਨਖੂਹ ਅਤੇ ਭਵਨਾਲੀ ਸਮੇਤ ਕੁਝ ਹੋਰ ਪਿੰਡਾਂ ਦੇ ਨਹਿਰਾਂ ਦੀ ਸਫਾਈ ਕਰਨ ਵਾਲੇ ਕਰੀਬ 100 ਤੋਂ ਵਧ ਲੋਕਾਂ ਦੀ ਦਾਸਤਾਨ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਨਹਿਰਾਂ ਦੀ ਸਫਾਈ ਦੌਰਾਨ ਉਨ੍ਹਾਂ ਨੇ ਕਦੇ ਵੀ ਠੇਕੇਦਾਰ ਦੇ ਦਰਸ਼ਨ ਨਹੀਂ ਕੀਤੇ ਅਤੇ ਨਾ ਹੀ ਉਨ੍ਹਾਂ ਨੂੰ ਠੇਕੇਦਾਰ ਨੇ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਕੁਝ ਵਿਭਾਗੀ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਨਹਿਰਾਂ ਦੀ ਸਫਾਈ ਕਰਨ ਦੇ ਕੰਮ ਵਿੱਚ ਵਿਭਾਗੀ ਐਸ.ਡੀ.ਓ. ਅਤੇ ਸਬੰਧਿਤ ਜੇ.ਈ. ਵਲੋਂ ਕਥਿਤ ਤੌਰ ’ਤੇ ਮੋਟੀ ਕਮਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕੰਮ ਦੇਣ ਤੋਂ ਪਹਿਲਾਂ ਕੰਮ ਅਲਾਟ ਕੀਤੇ ਜਾਣ ਵਾਲੇ ਠੇਕੇਦਾਰਾਂ ਨਾਲ ਇਹ ਤੈਅ ਕੀਤਾ ਗਿਆ ਕਿ ਕੰਮ ਵਿਭਾਗੀ ਅਧਿਕਾਰੀ ਕਰਵਾਉਣਗੇ ਅਤੇ ਇਸ ਦੀ ਰਕਮਾਂ ਠੇਕੇਦਾਰਾਂ ਦੇ ਖਾਤੇ ਵਿੱਚ ਪਵਾਈਆਂ ਜਾਣਗੀਆਂ।
ਇਸ ਵਿੱਚ ਵਿਭਾਗ ਦੇ ਕੁਝ ਉੱਚ ਅਧਿਕਾਰੀਆਂ ਦੀ ਵੀ ਮਿਲੀਭੁਗਤ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਕੰਮ ਆਪ ਕਰਵਾ ਲਿਆ ਗਿਆ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਲੱਗਣ ਵਾਲੇ ਜ਼ਾਬਤੇ ਕਾਰਨ ਕਾਹਲੀ ਵਿੱਚ ਕੀਤੇ ਕੰਮ ਦੀ ਪੇਮੈਂਟ ਵੀ ਵਿਭਾਗ ਕੋਲੋਂ ਲੈ ਕੇ ਇਨ੍ਹਾਂ ਠੇਕੇਦਾਰਾਂ ਦੇ ਖਾਤੇ ਵਿੱਚ ਪੁਆ ਲਈ ਗਈ। ਪਰ ਹੁਣ ਨਾ ਤਾਂ ਠੇਕੇਦਾਰ ਲੱਭਦੇ ਹਨ ਅਤੇ ਨਾ ਹੀ ਵਿਭਾਗੀ ਅਧਿਕਾਰੀ ਪੱਲਾ ਫੜਾਉਂਦੇ ਹਨ। ਉਸ ਨੇ ਦੱਸਿਆ ਕਿ ਇਸ ਜੇਕਰ ਵਿਭਾਗ ਅੰਦਰ ਇਸ ਦੀ ਕੋਈ ਗੱਲ ਕਰਦਾ ਹੈ ਤਾਂ ਸਬੰਧਿਤ ਐਸ.ਡੀ.ਓ. ਵਲੋਂ ਮੁਲਾਜ਼ਮਾਂ ਨੂੰ ਉੱਚ ਰਾਜਸੀ ਪਹੁੰਚ ਦਾ ਦਬਾਅ ਪਾ ਕੇ ਬਦਲੀਆਂ ਕਰਨ ਦੀਆਂ ਧਮਕੀਆ ਦਿੱਤੀਆਂ ਜਾਂਦੀਆ ਹਨ। ਇਸੇ ਤਰ੍ਹ੍ਹਾਂ ਬਿਸਤ ਦੁਆਬ ਨਹਿਰ ਦੀ ਗੜ੍ਹਸ਼ੰਕਰ ਤੋਂ ਆਦਮਪੁਰ ਤੱਕ ਕਰਵਾਈ ਸਫਾਈ ਵੀ ਸ਼ੱਕ ਦੇ ਘੇਰੇ ਅੰਦਰ ਹੈ। ਨਹਿਰ ਨਾਲ ਲਗਦੀ ਸਮੁੱਚੀ ਸੜਕ ਭਾਰੀ ਬਾਰਸ਼ ਅਤੇ ਨਹਿਰ ਦੀਆਂ ਪਟੜੀਆਂ ਤੇਜ ਪਾਣੀ ਦੇ ਵਹਾਅ ਨਾਲ ਰੁੜ੍ਹ ਗਈਆਂ ਹਨ। ਥਾਂ ਥਾਂ ਡੂੰਘੇ ਟੋੲ ਪਏ ਹੋਏ ਹਨ।
ਕੀ ਹੈ ਅਸਲ ਕਹਾਣੀ: ਇਸ ਸਬੰਧੀ ਇੱਕ ਵਿਭਾਗੀ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਬੰਧਿਤ ਐਸ.ਡੀ.ਓ. ਮੁਕੇਰੀਆ ਵਿਖੇ ਪਿਛਲੇ ਕਰੀਬ 15 ਸਾਲ ਤੋਂ ਤਾਇਨਾਤ ਹੈ ਅਤੇ ਉਹ ਪਹਿਲਾਂ ਇੱਥੇ ਹੀ ਜੇ.ਈ. ਸੀ ਅਤੇ ਬਾਅਦ ਵਿੱਚ ਪ੍ਰਮੋਟ ਹੋ ਕੇ ਐਸ.ਡੀ.ਓ. ਬਣ ਗਿਆ। ਇਸ ਅਧਿਕਾਰੀ ਦਾ ਹਰ ਰਾਜਸੀ ਆਗੂ ਖਾਸ ਕਰ ਸੱਤਾਧਾਰੀ ਪਾਰਟੀ ਦੇ ਆਗੂਆਂ ਨਾਲ ਖਾਸ ਸੰਪਰਕ ਹੈ। ਸਬੰਧਿਤ ਐਸ.ਡੀ.ਓ. ਅਤੇ ਜੇ.ਈ. ਨੇ ਮਿਲ ਕੇ ਕਥਿਤ ਤੌਰ ’ਤੇ ਫਰਜ਼ੀਵਾੜਾ ਕਰਦਿਆਂ ਬੋਗਸ ਠੇਕੇਦਾਰ ਖੜ੍ਹੇ ਕਰਕੇ ਇਹ ਕੰਮ ਆਪ ਕਰਵਾ ਲਿਆ ਅਤੇ ਨਿਗਰਾਨੀ ਵਜੋਂ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਲਗਾ ਦਿੱਤੀ। ਕੰਮ ਦਿੱਤੇ ਜਾਣ ਵਾਲੇ ਠੇਕੇਦਾਰਾਂ ਵਿੱਚੋਂ ਇੱਕ ਠੇਕੇਦਾਰ ਕਥਿਤ ਤੌਰ ’ਤੇ ਭਾਜਪਾ ਆਗੂ ਦਾ ਪੀ.ਏ. ਹੈ, ਦੋ ਠੇਕੇਦਾਰ ਅਕਾਲੀ ਦਲ ਅਤੇ ਇੱਕ ਕਾਂਗਰਸ ਨਾਲ ਸਬੰਧਿਤ ਹੈ। ਇਨ੍ਹਾਂ ਠੇਕੇਦਾਰਾਂ ਨੂੰ ਨਾ ਤਾਂ ਕੰਮ ਕੀਤੇ ਜਾਣ ਵਾਲੀ ਨਹਿਰ ਦਾ ਹੀ ਪਤਾ ਹੈ ਅਤੇ ਨਾ ਹੀ ਇਨ੍ਹਾਂ ਕੋਲ ਸਬੰਧਿਤ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜਾਣਕਾਰੀ। ਸੂਤਰ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਨਹਿਰਾਂ ਦੀ ਸਫਾਈ ਕਰਨ ਦੇ ਕੰਮ ਦੀ ਕੁਝ ਅਦਾਇਗੀ ਆਈ ਸੀ, ਜਿਹੜੀ ਕਿ ਪੇਮੈਂਟ ਆਨ ਲਾਈਨ ਹੋਣ ਕਰਕੇ, ਜਿਹੜੀ ਕਿ ਸਿੱਧੀ ਠੇਕੇਦਾਰਾਂ ਦੇ ਖਾਤੇ ਵਿੱਚ ਚਲੀ ਗਈ। ਹੁਣ ਉਹ ਠੇਕੇਦਾਰ ਪੈਸੇ ਵਾਪਸ ਨਹੀਂ ਦੇ ਰਹੇ, ਜਿਸ ਕਰਕੇ ਮਜ਼ਦੂਰਾਂ ਦੀ ਕੋਈ ਅਦਾਇਗੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਠੇਕੇਦਾਰ ਰਾਜਸੀ ਅਸਰ ਰਸੂਖ ਵਾਲੇ ਹੋਣ ਕਰਕੇ ਐਸ.ਡੀ.ਓ. ਉਨ੍ਹਾਂ ਖਿਲਾਫ਼ ਸਖਤੀ ਵਰਤਣ ਤੋਂ ਵੀ ਅਸਮਰੱਥ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਠੇਕੇਦਾਰਾਂ ਨਾਲ ਕਮਿਸ਼ਨ ਹੀ ਤੈਅ ਹੋਇਆ ਸੀ ਅਤੇ ਕੰਮ ਕਰਾਉਣ ਅਤੇ ਰਕਮ ਦੀ ਅਦਾਇਗੀ ਕਰਨ ਦੀ ਜਿੰਮੇਵਾਰੀ ਸਬੰਧਿਤ ਵਿਭਾਗੀ ਅਧਿਕਾਰੀ ਨੇ ਲਈ ਸੀ।
ਕੀ ਕਹਿੰਦੇ ਨੇ ਐਸ.ਡੀ.ਓ. ਧਰਮਪਾਲ: ਇਸ ਸਬੰਧੀ ਸੰਪਰਕ ਕਰਨ ’ਤੇ ਵਿਭਾਗੀ ਐਸ.ਡੀ.ਓ. ਧਰਮਪਾਲ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਰਦਿਆਂ ਕਿਹਾ ਕਿ ਫੰਡਾ ਦੀ ਕਮੀ ਕਾਰਨ ਨਹਿਰਾਂ ਦੀ ਸਫਾਈ ਕਰਨ ਵਾਲੇ ਮਜ਼ਦੂਰਾਂ ਦੀ ਅਦਾਇਗੀ ਨਹੀਂ ਕੀਤੀ ਜਾ ਸਕੀ। ਠੇਕੇਦਾਰਾਂ ਸਬੰਧੀ ਉਨ੍ਹਾਂ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਠੇਕੇਦਾਰਾਂ ਸਬੰਧੀ ਜਾਣਕਾਰੀ ਤਾਂ ਸਬੰਧਿਤ ਐਸ.ਡੀ.ਓ. ਹੀ ਦੇਵੇਗਾ: ਇੰਜੀਨੀਅਰ ਭਾਟੀਆ ਜਦੋਂ ਇਸ ਸਬੰਧੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਅਮਰੀਕ ਸਿੰਘ ਭਾਟੀਆ ਨੇ ਕਿਹਾ ਕਿ ਕੰਮ ਅਲਾਟ ਕੀਤੇ ਜਾਣ ਵਾਲੇ ਠੇਕੇਦਾਰਾਂ ਬਾਰੇ ਜਾਣਕਾਰੀ ਤਾਂ ਸਬੰਧਿਤ ਐਸ.ਡੀ.ਓ. ਹੀ ਦੇਵੇਗਾ, ਪਰ ਵਿੱਤੀ ਮਜ਼ਬੂਰੀਆਂ ਦੇ ਚੱਲਦਿਆਂ ਨਹਿਰਾਂ ਦੀ ਸਫ਼ਾਈ ਕਰਨ ਵਾਲੇ ਮਜ਼ਦੂਰਾਂ ਦੀ ਅਦਾਇਗੀ ਅਜੇ ਨਹੀਂ ਕੀਤੀ ਜਾ ਸਕੀ।
ਠੇਕੇਦਾਰਾਂ ਦੀ ਜਾਣਕਾਰੀ ਦੇਣ ਲਈ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤਾਂ ਕਰਨਗੇ: ਨਿਗਰਾਨ ਇੰਜੀਨੀਅਰ ਇਸ ਸਬੰਧੀ ਸੰਪਰਕ ਕਰਨ ’ਤੇ ਵਿਭਾਗੀ ਨਿਗਰਾਨ ਇੰਜੀਨੀਅਰ ਸ੍ਰੀ ਮਾਨ ਨੇ ਕਿਹਾ ਕਿ ਜੇਕਰ ਵਿਭਾਗੀ ਅਧਿਕਾਰੀਆਂ ਵਲੋਂ ਕੋਈ ਹੇਰਾਫੇਰੀ ਕੀਤੀ ਗਈ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਠੇਕੇਦਾਰਾਂ ਦੀ ਜਾਣਕਾਰੀ ਦੇਣ ਬਾਰੇ ਉਹ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤਾਂ ਜਾਰੀ ਕਰਨਗੇ।