ਸ੍ਰੀ ਹੇਮਕੁੰਟ ਸਾਹਿਬ ਤੋਂ ਮੌਤ ਦੇ ਮੂੰਹੋਂ ਵਿੱਚੋਂ ਨਿਕਲਕੇ ਮਾਹਿਲਪੁਰ ਪੁੱਜੇ ਜਥੇ ਦੀ ਹੱਡਬੀਤੀ ਦਾਸਤਾਨ
Posted on:- 25-06-2013
-ਸ਼ਿਵ ਕੁਮਾਰ ਬਾਵਾ
ਕੁਦਰਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ । ਇਸ ਵਾਰ ਹੇਮਕੁੰਟ ਸਮੇਤ ਰਿਸ਼ੀ ਕੇਸ ਦੀ ਯਾਤਰਾ ਤੇ ਆਪਣੇ ਪਰਿਵਾਰ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ ਵੱਖ ਪਿੰਡਾਂ ਤੋਂ ਮਾਹਿਲਪੁਰ ਨਾਲ ਲਗਦੇ ਪਿੰਡ ਹਵੇਲੀ ਤੋਂ 350 ਦੇ ਕਰੀਬ ਜਥੇਦਾਰ ਜਰਨੈਲ ਸਿੰਘ ਮੰਤਰੀ ਅਤੇ ਜਥੇਦਾਰ ਗੁਰਨਾਮ ਸਿੰਘ ਬੈਂਸ ਦੀ ਅਗਵਾਈ ਵਿਚ ਸੰਗਤ ਨਾਲ ਗਈ ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਕਹਾਰਪੁਰ ਦੀ ਵਾਸੀ ਬੀਬੀ ਸੁਖਵਿੰਦਰ ਕੌਰ ਬੈਂਸ ਅਤੇ ਉਸਦੇ ਪੁੱਤਰਾਂ ਨੇ ਭਰੇ ਮਨ ਨਾਲ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ।
ਉਸਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਹ 12 ਦਿਨਾਂ ਬਾਅਦ ਸਾਰੀ ਸੰਗਤ ਸਮੇਤ ਸੁੱਖੀ ਸਾਂਦੀ ਘਰ ਤਾਂ ਪੁੱਜ ਗਏ ਹਨ ਪ੍ਰੰਤੂ ਉਹਨਾਂ ਦੀਆਂ ਅੱਖਾਂ ਸਾਮ੍ਹਣੇ ਸੈਕੜੇ ਸੰਗਤਾਂ ਦੇ ਜਥੇ, ਲੰਗਰਾਂ ਦੀ ਸੇਵਾ ਕਰ ਰਹੀ ਸੰਗਤ , ਬੱਚੇ ,ਔਰਤਾਂ ਅਤੇ ਨੌਜ਼ਵਾਨ ਨਦੀਆਂ , ਪਹਾੜੀ ਪਾਣੀ ਤੋਂ ਡਿੱਗਦੀਆਂ ਤੇਜ ਧਰਾਵਾਂ ਦੇ ਨਾਲ ਹੀ ਰੁੜ ਗਏ। ਹਜ਼ਾਰਾਂ ਦਰੱਖਤ ਅਤੇ ਘਰਾਂ ਦਾ ਕੀਮਤੀ ਸਮਾਨ ਉਹਨਾਂ ਪਾਣੀ ਵਿਚ ਰੁੜਦਾ ਅੱਖੀਂ ਵੇਖਿਆ ਜਿਸਨੂੰ ਯਾਦ ਕਰਕੇ ਰੂਹ ਕੰਬ ਜਾਂਦੀ ਹੈ।
ਉਹ ਵੀ ਹੋਰ ਸੰਗਤ ਵਾਂਗ ਕਈ ਦਿਨ ਭੁੱਖ ਨਾਲ ਜੂਝਦੇ ਰਹੇ । ਉਹ ਜ਼ਿੰਦਗੀ ਦੇ ਮੌਤ ਦੇ ਮੂੰਹ ਵਿਚ ਗੁਜ਼ਾਰੇ 8 ਦਿਨ ਕਦੇ ਵੀ ਨਹੀਂ ਭੁਲਾ ਸਕਦੇ। ਮੌਤ ਉਹਨਾਂ ਨੂੰ ਛੂਹ ਛੂਹ ਕੋਲੋਂ ਲੰਘਦੀ ਰਹੀ ਤੇ ਅੱਜ ਉਹਨਾਂ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਉਹ ਵਾਪਿਸ ਆਪਣੇ ਪਿੰਡ ਆਪਣੇ ਪਰਿਵਾਰ ਕੋਲ ਪੁੱਜ ਗਏ
ਹਨ।
ਬੀਬੀ ਸੁਖਵਿੰਦਰ ਕੌਰ ਬੈਂਸ ਉਸਦੇ ਦੋਵੇਂ ਪੁੱਤਰਾਂ ਜਸਕਰਨ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਜਥੇਦਾਰ ਜ਼ਰਨੈਲ ਸਿੰਘ ਦੀ ਹਾਜ਼ਰੀ ਵਿਚ ਦੱਸਿਆ ਕਿ ਉਸ ਵਲੋਂ ਇਸ ਵਾਰ ਪਿੰਡ ਕਹਾਰਪੁਰ ਦੀ ਸਰਪੰਚੀ ਦੀ ਚੋਣ ਲੜਨੀ ਸੀ ਜਿਸ ਸਦਕਾ ਉਹ ਆਪਣੇ ਪਰਿਵਾਰ ਸਮੇਤ ਚੋਣ ਤੋਂ ਪਹਿਲਾਂ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਨਾਲ ਲਗਦੇ ਪਿੰਡ ਹਵੇਲੀ ਤੋਂ ਪਿੱਛਲੇ 18 ਸਾਲ ਤੋਂ ਲਗਾਤਾਰ ਜਾ ਰਹੀ ਸੰਗਤ ਨਾਲ ਦਰਸ਼ਨਾਂ ਲਈ ਚਲੇ ਗਏ। ਉਸਨੇ ਦੱਸਿਆ ਕਿ ਸਾਡਾ 350 ਸੰਗਤ ਦਾ ਜਥਾ 12 ਜੂਨ ਨੂੰ ਪਿੰਡ ਹਵੇਲੀ ਤੋਂ 5 ਟਰੱਕਾਂ ਤੇ ਸਵਾਰ ਹੋ ਕੇ ਬੜੇ ਵਧੀਆ ਢੰਗ ਨਾਲ 800 ਕੱਟਾ ਕਣਕ ਅਤੇ ਹੋਰ ਰਸਦ ਲੈ ਕੇ ਸ੍ਰੀ ਹੇਮਕੁੰਟ ਸਾਹਿਬ ਪੁੱਜ ਗਿਆ। ਸਮੁੱਚੀ ਸੰਗਤ ਵਲੋਂ ਪੂਰੀ ਸ਼ਰਧਾ ਨਾਲ ਮੱਥਾ ਟੇਕਿਆ ਅਤੇ 16 ਜੂਨ ਨੂੰ ਹੇਮਕੁੰਟ ਸਾਹਿਬ ਤੋਂ ਵਾਪਿਸ ਤੁਰ ਪਏ।
ਉਹਨਾਂ ਦੱਸਿਆ ਕਿ ਜਦ ਉਹ ਵਾਪਿਸੀ ਸਮੇਂ ਰਿਸ਼ੀਕੇਸ,ਗੋਬਿੰਦਘਾਟ ਅਤੇ ਜੋਸ਼ੀ ਮੱਠ ਵਿਚੋਂ ਦੀ ਗੁਜ਼ਰਦਿਆਂ ਆਪਣੀਆਂ ਗੱਡੀਆਂ ਦੇ ਕਾਫਲੇ ਕੋਲ ਪੁੱਜੇ ਤਾਂ ਕਾਲੇ ਸੰਘਣੇ ਬੱਦਲਾਂ ਵਿਚ ਘਿਰ ਗਏ। ਅਸਮਾਨੀ ਬਿਜ਼ਲੀ ਅਤੇ ਬੱਦਲਾਂ ਦੇ ਫਟਣ ਕਾਰਨ ਹਜ਼ਾਰਾਂ ਸੰਗਤਾਂ ਦੇ ਕਾਲਜੇ ਫੱਟ ਗਏ ਅਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਹਨੇਰਾ ਛਾਅ ਗਿਆ। ਨਦੀਆਂ, ਦਰਿਆ ਅਤੇ ਪਹਾੜਾਂ ਤੋਂ ਤੇਜ ਬਾਰਸ਼ ਅਤੇ ਬੇਸ਼ੁਮਾਰ ਪਾਣੀ ਦਾ ਵਹਾਅ ਵੇਖਕੇ ਉਹ ਦੰਗ ਰਹਿ ਗਏ। ਮਿੰਟਾਂ ਸਕਿੰਟਾਂ ਵਿਚ ਸਭ ਕੁੱਝ ਉਥਲ ਪੁੱਥਲ ਹੋ ਗਿਆ ।
ਉਹ ਸੈਕੜੇ ਘਰ, ਪੁੱਲ, ਦੁਕਾਨਾਂ,ਅਤੇ ਉਚੇ ਪਹਾੜਾਂ ਤੋਂ ਡਿੱਗ ਰਹੀਆਂ ਮਿੱਟੀ ਦੀਆਂ ਢਿੱਗਾਂ ਹੇਠ ਦੱਬ ਹੋਈ ਸੰਗਤ, ਵਾਹਨ ਦੇਖਕੇ ਪੂਰੀ ਤਰ੍ਹਾਂ ਸਹਿਮ ਗਏ। ਉਸਨੇ ਦੱਸਿਆ ਕਿ ਭਾਵੇਂ ਉਹਨਾਂ ਦੇ ਸੰਗਤ ਦੇ ਜਥੇ ਦੇ ਕਿਸੇ ਵੀ ਮੈਂਬਰ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਹਜ਼ਾਰਾਂ ਸੰਗਤਾਂ ਅਤੇ ਉਕਤ ਧਾਰਮਿਕ ਸਥਾਨਾਂ ਤੇ ਰਹਿੰਦੇ ਬਹੁਤ ਸਾਰੇ ਲੋਕਾਂ ਦਾ ਵੱਡੇ ਪੱਧਰ ਤੇ ਜਿਥੇ ਜਾਨੀ ਨੁਕਸਾਨ ਹੋਇਆ ਹੈ ਉਥੇ ਮਾਲੀ ਤੌਰ ਤੇ ਪੂਰੇ ਦੇ ਪੂਰੇ ਉਜੜ ਗਏ ਹਨ। ਹਜ਼ਾਰਾਂ ਵਾਹਨ ਟਰੱਕ ਅਤੇ ਗੱਡੀਆਂ ਵਿੰਗੇ ਟੇਢੇ ਅਤੇ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਪਹਾੜੀ ਰਸਤਿਆਂ ਵਿਚ ਫਸੇ ਹੋਏ ਹਨ, ਜਿਹਨਾਂ ਨੂੰ ਕੱਢਣਾ ਫੌਜ ਅਤੇ ਸੂਬਾ ਪੁਲੀਸ ਲਈ ਬੜੀ ਮੁਸ਼ਕਲ ਬਣਿਆ ਹੋਇਆ ਹੈ।
ਜਥੇਦਾਰ ਜ਼ਰਨੈਲ ਸਿੰਘ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਪੁਲੀਸ ਅਤੇ ਫੋਜ਼ ਵਲੋਂ ਸੰਗਤ ਦੇ ਬਚਾਅ ਲਈ ਵੱਡੇ ਪੱਧਰ ਤੇ ਮੱਦਦ ਕੀਤੀ ਗਈ ਅਤੇ ਕੀਤੀ ਜਾ ਰਹੀ ਹੈ। ਉਸਨੇ ਦੱਸਿਆ ਕਿ ਜਿਹੜੇ ਲੋਕ ਸਰਕਾਰ ਅਤੇ ਪੁਲੀਸ ਨੂੰ ਮਾੜੇ ਪ੍ਰਬੰਧਾਂ ਲਈ ਮੁੱਖ ਦੋਸ਼ੀ ਆਖ ਰਹੇ ਹਨ ਉਹ ਸਾਰਾ ਝੂਠੇ ਅਤੇ ਗਲਤ ਹਨ। ਉਹਨਾਂ ਕਿਹਾ ਕਿ ਕੁਦਰਤ ਦੀ ਮਾਰ ਅੱਗੇ ਕੋਈ ਕੁੱਝ ਨਹੀਂ ਕਰ ਸਕਦਾ। ਪੁਲੀਸ ਅਤੇ ਫੋਜ਼ ਸਮੇਤ ਪੰਜਾਬ ਤੋਂ ਗਈ ਸੰਗਤ ਨੇ ਸੰਗਤਾਂ ਦੇ ਬਚਾਅ ਲਈ ਬਹੁਤ ਕੁੱਝ ਕੀਤਾ ਪ੍ਰੰਤੂ ਉਹ ਆਪਣੀਆਂ ਜਾਨਾਂ ਦੂਸਰਿਆਂ ਨੂੰ ਬਚਾਉਂਦੇ ਖੁਦ ਪਾਣੀ ਦੇ ਤੇਜ ਵਹਾਅ ਵਿਚ ਰੁੜ ਗਏ। ਪੁਲ ਅਤੇ ਸੜਕਾਂ ਰੁੜ ਜਾਣ ਕਾਰਨ ਭਾਵੇਂ ਸਰਕਾਰੀ ਤੌਰ ਤੇ 6000 ਕੁ ਹਜ਼ਾਰ ਮੌਤਾਂ ਹੋਣ ਦਾ ਅੰਦਾਜਾ ਲਾਇਆ ਜਾ ਰਿਹਾ ਹੈ ਪ੍ਰੰਤੂ ਜਿਹੜੇ ਜਥੇ ਸੰਗਤਾਂ ਲਈ ਰਸਤਿਆਂ ਵਿਚ ਤੰਬੂ ਲਾਕੇ ਆਉਣ ਜਾਣ ਵਾਲੀ ਸੰਗਤਾਂ ਲਈ ਲੰਗਰ ਲਾਈ ਬੈਠੇ ਸਨ ਉਹ ਆਪਣੇ ਸਮਾਨ ਅਤੇ ਵਹੀਕਲਾਂ ਸਮੇਤ ਤੇਜ ਪਾਣੀ ਦੀਆਂ ਛੱਲਾਂ ਵਿਚ ਵੱਡੀ ਗਿਣਤੀ ਵਿਚ ਰੁੜ ਗਏ। ਉਹ ਮੌਤਾਂ ਸਰਕਾਰੀ ਅੰਕੜਿਆਂ ਵਿਚ ਦਰਜ ਨਹੀਂ ਹਨ। ਪੰਜਾਬ ਦੇ ਬਹੁਤੇ ਨੌਜਵਾਨ ਲੋਕਾਂ ਨੂੰ ਬਚਾਉਂਦੇ ਜ਼ਖਮੀ ਹੋਏ ਹਨ ।
ਬਹੁਤ ਸਾਰੇ ਲਾਪਤਾ ਹਨ। ਬੀਬੀ ਜਸਵਿੰਦਰ ਕੌਰ ਕਹਾਰਪੁਰ ਅਤੇ ਨੌਜ਼ਵਾਨ ਜਸਕਰਨ ਸਿੰਘ ਬੈਂਸ ਨੇ ਦੱਸਿਆ ਕਿ ਉਹਨਾਂ ਕੁਦਰਤ ਦੀ ਕਰੋਪੀ ਦਾ ਅੱਖੀ ਡਿੱਠਾ ਹਾਲ ਦੇਖਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਗਲੇਸ਼ੀਅਰ ਲਾਗੇ ਬਿਜ਼ਲੀ ਘਰ, ਪੁੱਲ ਅਤੇ ਘੱਗਰੀਆ ਪਿੰਡ ਦੇ ਬਹੁਤ ਸਾਰੇ ਘਰ, ਘਰਾਂ ਦਾ ਸਮਾਨ, ਗੋਬਿੰਦ ਧਾਮ, ਗੋਬਿੰਦ ਘਾਟ, ਜੋਸ਼ੀ ਮੱਠ, ਸ੍ਰੀ ਨਗਰ,ਰੂਦਰ ਪਰਿਆਦ, ਸੱਚਰ,ਜਗਰਾਸੂ ਲਾਗੇ ਤੇਜ ਪਾਣੀ ਨਾਲ ਵੱਡੇ ਪੱਧਰ ਤੇ ਹੋਈ ਤਬਾਹੀ ਨੂੰ ਅੱਖੀਂ ਦੇਖਿਆ ਹੈ ਜਿਸਨੂੰ ਯਾਦ ਕਰਕੇ ਰੂਹ ਕੰਬ ਉਠਦੀ ਹੈ। ਉਕਤ ਸਥਾਨਾਂ ਅਤੇ ਸੜਕਾਂ ਕੰਢੇ ਬਣਾਏ ਗਏ ਰਹਾਇਸ਼ੀ ਹਾਲ, ਹੋਟਲ, ਢਾਬੇ ਸਭ ਕੁੱਝ ਹੜ ਗਿਆ। ਬਹੁਤੀ ਸੰਗਤ ਪਹਾੜਾਂ ਵਿਚ ਫਸੀ ਪਈ ਹੈ।
ਬਹੁਤ ਲਾਸ਼ਾਂ ਗਲ ਸੜਕੇ ਮੁਸ਼ਕ ਮਾਰ ਰਹੀਆਂ ਹਨ। ਲੋਕਾਂ ਦਾ ਸਮਾਨ ਦਰੱਖਤਾਂ ਵਿਚ ਫਸਿਆ ਪਿਆ ਹੈ। ਜਥੇਦਾਰ ਜਰਨੈਲ ਸਿੰਘ ਮੰਤਰੀ ਹਵੇਲੀ ਨੇ ਦੱਸਿਆ ਕਿ ਉਕਤ ਭਾਣਾਂ ਕੁਦਰਤੀ ਵਾਪਰਿਆ ਹੈ ਹੋਣ ਕਾਰਨ ਉਹ ਇਸ ਵਿਚ ਸਰਕਾਰ ਜਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਕੋਈ ਦੋਸ਼ ਨਹੀਂ ਦੇ ਰਹੇ ਪ੍ਰੰਤੂ ਉਹ ਇਹ ਜ਼ਰੂਰ ਕਹਿਣਗੇ ਕਿ ਜਿਹੜੇ ਲੋਕ ਉਕਤ ਧਾਰਮਿਕ ਸਥਾਨਾਂ ਤੇ ਮਾੜੇ ਇਰਾਦਿਆਂ ਨਾਲ ਜਾਂ ਮੋਜ ਮਸਤੀ ਲਈ ਜਾਂਦੇ ਹਨ ਉਹਨਾਂ ਦਾ ਅਜਿਹਾ ਹਸ਼ਰ ਕੁਦਰਤੀ ਹੁੰਦਾ ਹੈ।
ਉਹਨਾਂ ਕਿਹਾ ਕਿ ਉਹਨਾਂ ਦੇ ਜਥੇ ਵਿਚ 350 ਵਿਆਕਤੀ ਜਿਹਨਾਂ ਵਿਚ ਬੱਚੇ, ਔਰਤਾਂ ਅਤੇ ਨੌਜ਼ਵਾਨ ਸ਼ਾਮਿਲ ਸਨ, ਵਿਚੋਂ ਕਿਸੇ ਇਕ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਉਹ ਸ਼ਰਧਾ ਨਾਲ ਦੇਵ ਅਤੇ ਗੁਰੂਆਂ ਦੀ ਭੂੰਮੀ ਨੂੰ ਸਿਜਦਾ ਕਿਰਨ ਗਏ ਸਨ ਤੇ ਅਜ ਸੁੱਖੀ ਸਾਂਦੀ ਸਾਰੇ ਵਾਪਿਸ ਮਾਹਿਲਪੁਰ ਪਰਤੇ ਆਏ ਹਨ।
rajinder aatish
Khuda khaer kare....