ਵਿਧਾਇਕ ਸਮਾਓਂ ਦੀ ਟਿਕਟ ਵੰਡ ਪ੍ਰਣਾਲੀ ’ਤੇ ਬਾਗੀ ਸੁਰ
ਹਲਕਾ ਵਿਧਾਇਕ ਸ੍ਰ.ਚਤਿੰਨ ਸਿੰਘ ਸਮਾਂਓ ਤੇ ਜੁੰਡਲੀ ਵੱਲੋਂ ਵਿਧਾਨ ਸਭਾ ਹਲਕਾ ਬੁਢਲਾਡਾ ਦੀਆਂ 25 ਬਲਾਕ ਸੰਮਤੀ ਅਤੇ 4 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਲਈ ਉਮੀਦਵਾਰਾਂ ਦੇ ਐਲਾਣ ਕਰਨ ਉਪਰੰਤ ਜਿੱਥੇ ਹਲਕੇ ਦੇ ਅਕਾਲੀ ਖੇਮੇ ਅੰਦਰ ਭਾਰੀ ਮਾਯੂਸੀ ਪਾਈ ਜਾ ਰਹੀ ਹੈ,ਉਥੇ ‘ਸੱਜਰੇ‘ ਬਣੇ ਅਕਾਲੀ ਵੀ ਤੱਕੜੀ ਚ ਤੁਲਕੇ ‘ਪਛਤਾਅ‘ ਰਹੇ ਹਨ।
ਕੁਝ ਦਿਨ ਪਹਿਲਾਂ ਐਲਾਨੀ ਸੂਚੀ ’ਚ ਜਿਥੇ ਜਿਲਾ ਯੋਜਨਾਂ ਬੋਰਡ ਦੇ ਚੇਅਰਮੈਨ ਸ੍ਰੀ.ਮੰਗਤ ਰਾਏ ਬਾਂਸਲ ਦੇ ਨਜ਼ਦੀਕੀਆਂ ਨੂੰ ਪੂਰੀ ਤਰਾਂ ਦੂਰ ਰੱਖਿਆ ਗਿਆ ਉਥੇ ਕੁਝ ਅਜਿਹੇ ਸੱਜਣਾ ਨੂੰ ਵੀ ਟਿਕਟਾਂ ਨਾਲ ਨਿਵਾਜਿਆ ਗਿਆ ਹੈ, ਜਿਹੜੇ ਪਿਛਲੇ ਸਮੇਂ ’ਚ ਪੀਪਲਜ ਪਾਰਟੀ ਦੀਆਂ ਸਰਗਰਮੀਆਂ ਦੇ ਹਿੱਸੇਦਾਰ ਰਹੇ ਹਨ।ਸੂਚੀ ’ਚ ਭਾਵੇਂ ਕੁਝ ਨਵੇਂ ਨੌਜਵਾਨ ਚਿਹਰਿਆਂ ਨੂੰ ਵੀ ਥਾਂ ਦਿੱਤੀ ਗਈ ਹੈ, ਜੋ ਇੱਕ ਚੰਗਾ ਸੰਕੇਤ ਹੈ, ਪਰ ਇਨਾਂ ਹਲਕਿਆਂ ਤੋਂ ਮਜ਼ਬੂਤ ਦਾਅਵੇਦਾਰਾਂ ਨੂੰ ਅੱਖੋਂ-ਪਰੋਖੇ ਕਰਨਾਂ ਵੀ ਪਾਰਟੀ ਦੇ ਹਿੱਤ ਦਾ ਫੈਸਲਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਮੀਦਵਾਰਾਂ ਦੀ ਸੂਚੀ ਦੇ ਐਲਾਣ ਕਰਨ ਉਪਰੰਤ ਉਠੀਆਂ ਵਿਦਰੋਹੀ ਸੁਰਾਂ ਕਾਂਗਰਸੀ ਉਮੀਦਵਾਰਾਂ ਦੀ ਸਥਿਤੀ ਨੂੰ ਵਧੇਰੇ ਮਜ਼ਬੂਤੀ ਦੇ ਰਹੀਆਂ ਹਨ।
ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨਾਲ ਕਾਂਗਰਸ ਪਾਰਟੀ ਦੇ ਚੰਗੇ ਅਹੁਦਿਆਂ ਤੋਂ ਤੱਕੜੀ ’ਚ ਤੁਲਣ ਵਾਲੇ ਵਿਅਕਤੀਆਂ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਲਈ ਬਿਲਕੁਲ ਹੀ ਨਾ ਵਿਚਾਰਿਆ ਜਾਣਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਤ ‘ਚ ਨਹੀਂ ਹੈ।ਇਸ ਬਾਰੇ ਭਾਵੇਂ ਕਿਸੇ ਵੀ ਸੱਜਰੇ ਬਣੇ ਅਕਾਲੀ ਨੇ ਆਪਣਾ ਮੂੰਹ ਨਹੀਂ ਖੋਲਿਆ ਪਰ ਉਨ੍ਹਾਂ ਦੀ ‘ਚੁੱਪ‘ ਵੀ ਅਕਾਲੀ ਦਲ ਨੂੰ ਮਹਿੰਗੀ ਸਾਬਤ ਹੋਵੇਗੀ।
ਸ੍ਰੀ.ਬਾਂਸਲ ਨੂੰ ਸਜ਼ਾ ਜਾਫਤਾ ਹੋਣ ਉਪਰੰਤ ਹਲਕੇ ਅੰਦਰ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਦੀ ਵਿਥਿਆ ਸਮਰਥਕਾਂ ਨੇ ਅੱਜ ਉਨ੍ਹਾਂ (ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਮੰਗਤ ਰਾਏ ਬਾਂਸਲ) ਨੂੰ ਬੁਢਲਾਡਾ ਅਦਾਲਤ ਚ ਪੇਸ਼ੀ ਦੌਰਾਨ ਵੀ ਸੁਣਾਈ।ਓਧਰ ਹਲਕੇ ਦੇ ਤਿੰਨ ਸੈਕੜੇ ਲੋਕਾਂ, ਜਿਨ੍ਹਾਂ ’ਚ ਵੱਡੀ ਗਿਣਤੀ ਪਿੰਡਾਂ ਦੇ ਸਾਬਕਾ ਤੇ ਮੌਜੂਦਾ ਸਰਪੰਚਾਂ,ਬਲਾਕ ਸੰਮਤੀ,ਜ਼ਿਲ੍ਹਾ ਪ੍ਰੀਸ਼ਦ ਮੈਬਰਾਂ ਅਤੇ ਨੰਬਰਦਾਰ ਸ਼ਾਮਲ ਸਨ ਨੇ ਅੱਜ ਸ੍ਰੋਮਣੀ ਅਕਾਲੀ ਦਲ ਦੇ ਬੁਢਲਾਡਾ ਸਥਿਤ ਦਫਤਰ ’ਚ ਧਰਨਾਂ ਜਾ ਮਾਰਿਆ। ਜਿੱਥੇ ਸਰਪੰਚ ਦਰਸ਼ਨ ਸਿੰਘ ਗੋਰਖਨਾਥ,ਐਸ.ਸੀ ਵਿੰਗ ਦੇ ਹਲਕਾ ਇੰਚਾਰਜ ਹੰਸਾ ਸਿੰਘ ਰਿਟਾਂ ਬੀ.ਈ.ਓ,ਤੇਜਾ ਸਿੰਘ ਸਾਬਕਾ ਸਰਪੰਚ ਕੂਲਰੀਆਂ,ਬਲਾਕ ਸੰਮਤੀ ਮੈਬਰ ਬਿੱਕਰ ਸਿੰਘ ਬੋੜਾਵਾਲ,ਭੋਲਾ ਸਿੰਘ ਸਾਬਕਾ ਸਰਪੰਚ ਬੀਰੋਕੇ ਖੁਰਦ,ਜਗਜੀਤ ਸਿੰਘ ਜੀਤ ਬਰ੍ਹੇ,ਜਰਨੈਲ ਸਿੰਘ ਬੀਰੋਕੇ ਖੁਰਦ,ਗੁਰਪਾਲ ਸਿੰਘ ਸਰਪੰਚ ਚੱਕ ਅਲੀਸ਼ੇਰ,ਬਲਜਿੰਦਰ ਸਿੰਘ ਸਰਪੰਚ ਖੁਡਾਲ,ਸੀਤਾ ਸਿੰਘ ਸਾਬਕਾ ਸਰਪੰਚ ਰਿਉਦ ਖੁਰਦ,ਅਮਰੀਕ ਸਿੰਘ ਸਰਪੰਚ ਗੁੰਢੂ ਖੁਰਦ,ਬਲਕਾਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਮੰਘਾਣੀਆਂ,ਬਲਵਿੰਦਰ ਸਿੰਘ ਨੰਬਰਦਾਰ ਕੁਲਾਣਾ,ਸਰਪੰਚ ਜਮਨਾ ਸਿੰਘ ਆਂਡਿਆਂਵਾਲੀ,ਸਰਪੰਚ ਅੰਗਰੇਜ ਸਿੰਘ ਰਿਉਦ ਕਲਾਂ,ਸਰਪੰਚ ਇੰਦਰਜੀਤ ਸਿੰਘ ਰਿਉਦ ਖੁਰਦ, ਅਜੀਤ ਸਿੰਘ ਭੋਲਾ ਨੇ ਜਿੱਥੇ ਟਿਕਟਾਂ ਲਈ ਟਕਸਾਲੀ ਅਕਾਲੀਆਂ ਨੂੰ ਨਜਰਅੰਦਾਜ ਕਰਨ ਦੇ ਦੋਸ਼ ਲਾਏ ਉਥੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਸੀਟਾਂ ’ਤੇ ਆਜ਼ਾਦ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਹੈ।
ਵਿਧਾਇਕ ਦੁਆਰਾ ਜਾਰੀ ਕੀਤੀ ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੀ ਸੂਚੀ ਤੇ ਹਲਕੇ ਅੰਦਰ ਉੱਠੀ ਬਾਗੀ ਸੁਰ ਨੂੰ ਜੇ ਪਾਰਟੀ ਨੇ ਸਮਾਂ ਰਹਿੰਦੇ ਨੱਥ ਨਾ ਮਾਰੀ ਤਾਂ ਅਗਾਮੀ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੇ ਬੁਰੇ ਨਤੀਜੇ ਕੰਧ ’ਤੇ ਲਿਖੇ ਵਾਂਗ ਸਾਫ ਹਨ।ਇਸ ਸਬੰਧੀ ਜਦ ਹਲਕਾ ਵਿਧਾਇਕ ਸ੍ਰੀ.ਚਤਿੰਨ ਸਿੰਘ ਸਮਾਂਓ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਟਿਕਟਾਂ ਦੀ ਵੰਡ ਜਮਹੂਰੀਅਤ ਤਰੀਕੇ ਨਾਲ ਕੀਤੀ ਗਈ ਹੈ ਅਤੇ ਇਹ ਸੂਚੀ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ,ਜਿਲਾ ਪ੍ਰਧਾਨ ਹਰਬੰਤ ਸਿੰਘ ਦਾਤੇਵਾਸ,ਸਰਕਲ ਪ੍ਰਧਾਨਾਂ ਦੀ ਸਹਿਮਤੀ ਨਾਲ ਐਲਾਣੀ ਗਈ ਹੈ।ਸੂਚੀ ਤੇ ਬਾਗੀ ਸੁਰਾਂ ਬਾਰੇ ਉਨਾਂ ਕਿਹਾ ਕਿ ਪਾਰਟੀ ਅੰਦਰ ਫੈਸਲਿਆਂ ਤੇ ਬਾਗੀ ਸੁਰਾਂ ਵਾਲਿਆਂ ਲਈ ਕੋਈ ਜਗਾ ਨਹੀਂ ਹੈ।ਇਸ ਸਬੰਧੀ ਜਦ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਬੰਤ ਸਿੰਘ ਦਾਤੇਵਾਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਹਲਕੇ ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਲਈ ਉਮੀਦਵਾਰਾਂ ਬਾਰੇ ਉਨ੍ਹਾਂ ਨੂੰ ਭਰੋਸੇ ’ਚ ਨਹੀਂ ਲਿਆ ਗਿਆ।ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਪਾਰਟੀ ਹਾਈ ਕਮਾਂਡ ਦੇ ਧਿਆਨ ’ਚ ਲਿਆਉਣਗੇ।