Thu, 21 November 2024
Your Visitor Number :-   7253208
SuhisaverSuhisaver Suhisaver

ਫੇਸਬੁੱਕ ਦੀ ਦੁਨੀਆਂ -ਅਰੁਣਦੀਪ

Posted on:- 12-03-2012

ਇੰਟਰਨੈੱਟ ਐਂਡ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ ਅਤੇ ਆਈਐੱਮਆਰਬੀ ਦੀ ਸਾਂਝੀ ਰਿਪੋਰਟ ਦੇ ਅਨੁਸਾਰ ਭਾਰਤ ’ਚ ਦਸੰਬਰ 2011 ਤੱਕ ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ ਦੀ ਸੰਖਿਆ ਵੱਧ ਕੇ 12 ਕਰੋੜ 10 ਲੱਖ ਹੋ ਗਈ। ਦੁਨੀਆਂ ਦਾ ਹਰ 7 ਵਾਂ ਵਿਅਕਤੀ ਫੇਸਬੁੱਕ ਦਾ ਇਸਤੇਮਾਲ ਕਰਦਾ ਹੈ। ਦੁਨੀਆਂ ’ਚ ਫੇਸਬੁੱਕ ਇਸਤੇਮਾਲ ਕਰਨ ਦੇ ਮਾਮਲੇ ’ਚ ਭਾਰਤ ਚੌਥੇ ਨੰਬਰ ’ਤੇ ਹੈ। ਭਾਰਤ ’ਚ ਗੂਗਲ ਦਾ ਇਸਤੇਮਾਲ ਕਰਨ ਵਾਲੇ 10 ਕਰੋੜ ਲੋਕ ਜਦਕਿ ਫੇਸਬੁੱਕ 2.5 ਕਰੋੜ ਲੋਕ ਵਰਤਦੇ ਹਨ। ਇਸ ਤੋਂ ਮੈਂ ਅਤੇ ਤੁਸੀਂ ਵੀ ਬਚੇ ਹੋਏ ਨਹੀਂ ਹਾਂ।



2004 ’ਚ ਵੈੱਬਸਾਈਟ ਦੀ ਦੁਨੀਆਂ ’ਚ ਪੈਰ ਰੱਖਣ ਵਾਲੇ ਫੇਸਬੁੱਕ ਦੇ ਪ੍ਰਸ਼ੰਸਕਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਮਰੀਕਾ ’ਚ ਸਿਟੀ ਗਰੁਪ ਵੱਲੋਂ ਕਰਾਏ ਗਏ ਇਕ ਸਰਵੇ ’ਚ ਕਿਹਾ ਗਿਆ ਹੈ ਕਿ ਇੰਟਰਨੈੱਟ ’ਤੇ 16 ਪ੍ਰਤੀਸ਼ਤ ਅਮਰੀਕੀ ਫੇਸਬੁੱਕ ’ਤੇ ਆਪਣਾ ਸਮਾਂ ਦਿੰਦੇ ਹਨ ਜਦੋਂਕਿ ਗੂਗਲ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 11 ਪ੍ਰਤੀਸ਼ਤ ਹੈ। ਫੇਸਬੁੱਕ ਨੂੰ ਲੈ ਕੇ ਚੀਨ ਅਤੇ ਰੂਸ ਕਾਫੀ ਗੰਭੀਰ ਹਨ। ਭਾਰਤ ’ਚ ਵੀ ਇਸਨੂੰ ਬੰਦ ਜਾਂ ਸੀਮਤ ਕਰਨ ਨੂੰ ਲੈ ਕੇ ਕਈ ਗੱਲਾਂ ਉੱਠਦੀਆਂ ਰਹੀਆਂ ਹਨ, ਪਰ ਫਿਰ ਠੰਡੇ ਬਸਤੇ ’ਚ ਚਲੀਆਂ ਜਾਂਦੀਆਂ ਹਨ।

ਇੰਟਰਨੈੱਟ ਦੇ ਇਸਤੇਮਾਲ ਦੇ ਸੰਦਰਭ ’ਚ ਗੱਲ ਪੰਜਾਬ ਦੀ ਕਰ ਰਹੇ ਹਾਂ ਅਤੇ ਉਸ ਤੋਂ ਵੀ ਅੱਗੇ ਪੰਜਾਬ ਦੇ ਸੰਦਰਭ ’ਚ ਗੱਲ ਫੇਸਬੁੱਕ ਦੀ ਕਰ ਰਹੇ ਹਾਂ। ਪੰਜਾਬ ਦੇ ਪੜੇ-ਲਿਖੇ ਵਰਗ ’ਚ ਜਿਹੜਾ ਵੀ ਇੰਟਰਨੈੱਟ ਦਾ ਇਸਤੇਮਾਲ ਕਰਦਾ ਹੈ, ਉਹ ਫੇਸਬੁੱਕ ’ਤੇ ਜ਼ਰੂਰ ਮਿਲ ਜਾਂਦਾ ਹੈ।

ਟੌਪ ਸੋਸ਼ਲ ਵੈੱਬਸਾਈਟਸ

80 ਕਰੋੜ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਨਾਲ ਪਹਿਲੇ ਨੰਬਰ ’ਤੇ ਹੈ ਫੇਸਬੁੱਕ। 20 ਕਰੋੜ ਨਾਲ ਟਵਿੱਟਰ ਦੂਜੇ ਨੰਬਰ ’ਤੇ, ਲਿੰਕਡਿਨ 10 ਕਰੋੜ ਨਾਲ ਤੀਜੇ, ਮਾਈ ਸਪੇਸ 8.5 ਕਰੋੜ ਨਾਲ ਚੌਥੇ ਅਤੇ ਨਿੰਗ 6 ਕਰੋੜ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਨਾਲ ਪੰਜਵੇਂ ਨੰਬਰ ’ਤੇ ਹੈ। ਇਸਤੋਂ ਇਲਾਵਾ ਗੂਗਲ ਪਲਸ 2.2 ਕਰੋੜ, ਟੈਗਡ 2.5 ਕਰੋੜ, ਆਰਕੁੱਟ 1.5 ਕਰੋੜ, ਹਾਈ-5 1.1 ਕਰੋੜ ਅਤੇ ਮਾਈ ਈਅਰਬੁੱਕ ਨੂੰ 74 ਲੱਖ ਇਸਤੇਮਾਲ ਕਰਦੇ ਹਨ। ਇਸ ਤੋਂ ਬਿਨਾਂ ਵੀ ਅਨੇਕਾਂ ਸੋਸ਼ਲ ਵੈੱਬਸਾਈਟਸ ਹਨ।  

ਪ੍ਰਦੂਸ਼ਣ ਫੈਲਾ ਰਹੀਆਂ ਸੋਸ਼ਲ ਵੈੱਬਸਾਈਟਸ

ਸੋਸ਼ਲ ਨੈੱਟਵਰਕਿੰਗ ਸਾਈਟਸ ਲੋਕਾਂ ਨੂੰ ਇਕ-ਦੂਜੇ ਨਾਲ ਜੋੜਨ ਲਈ ਹਨ, ਪਰ ਹੁਣ ਇਹ ਸਮਾਜ ’ਚ ਪ੍ਰਦੂਸ਼ਣ ਫੈਲਾ ਰਹੀਆਂ ਹਨ। ਫੇਸਬੁੱਕ ਦੀ ਖਿਆਲੀ ਦੁਨੀਆਂ ਮਿਲੇ ਬਗੈਰ ਇਕ-ਦੂਜੇ ਨਾਲ ਜੋੜੀ ਰੱਖਦੀ ਹੈ। ਇਕ-ਦੂਜੇ ਦੇ ਸੁਪਨੇ, ਸੁੱਖ-ਦੁੱਖ ਵੰਡਦੀ ਵੀ ਹੈ ਅਤੇ ਦੂਜੇ ਹੀ ਪਲ ਰਿਸ਼ਤਿਆਂ ਨੂੰ ਬੰਦ ਕਰਕੇ ਅੱਗੇ ਵੱਧ ਜਾਂਦੀ ਹੈ। ਗੱਲ ਮੇਰੇ ਤੇ ਤੁਹਾਡੇ ਸ਼ਹਿਰ ਦੀ ਹੋ ਰਹੀ ਹੈ। ਸਾਡੇ ਸ਼ਹਿਰਾਂ ’ਚ ਫੇਸਬੁੱਕ ਦਾ ਏਦਾਂ ਦਾ ਸੰਸਾਰ ਤਿਆਰ ਹੋ ਚੁੱਕਾ ਹੈ, ਜਿਸ ’ਚ ‘ਲਾਈਕ’ ਅਤੇ ‘ਸ਼ੇਅਰ’ ਦਾ ਖੇਡ ਚਲਦਾ ਰਹਿੰਦਾ ਹੈ। ਸ਼ਹਿਰ ਦੇ ਨੌਜਵਾਨਾਂ ਦਾ ਇਕ ਵੱਡਾ ਹਿੱਸਾ ‘ਫੇਸਬੁੱਕ ਦਾ ਆਦੀ’ ਬਣ ਚੁੱਕਾ ਹੈ। ਇਹ ਐਡਿਕਸ਼ਨ ਉਨ੍ਹਾਂ ਦੀ ਜ਼ਿੰਦਗੀ ’ਚ ਏਦਾਂ ਦੀ ਬਾਰੀਕ ਤਬਦੀਲੀ ਲਿਆ ਰਹੀ ਹੈ, ਜਿਸਦਾ ਅੰਦਾਜ਼ਾ ਉਹ ਨਹੀਂ ਲਗਾ ਪਾ ਰਹੇ ਹਨ। ਉਨ੍ਹਾਂ ਲਈ ਹੁਣ ਫੇਸਬੁੱਕ ਸਟੇਟਸ ਸਿੰਬਲ ਬਣ ਚੁੱਕਾ ਹੈ। ਦੋਸਤ ਆਹਮਣੇ-ਸਾਹਮਣੇ ਮਿਲਣ ਜਾਂ ਨਾ ਮਿਲਣ, ਪਰ ਫੇਸਬੁੱਕ ’ਤੇ ਮੁਲਾਕਾਤ ਜ਼ਰੂਰੀ ਹੁੰਦੀ ਹੈ। ਏਦਾਂ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਇਸ ’ਤੇ ਸਿਰਫ ਨੌਜਵਾਨਾਂ ਦਾ ਰਾਜ ਹੈ। 35 ਤੋਂ ਜ਼ਿਆਦਾ ਉਮਰ ਦੇ ‘ਯੂਜਰਸ’ ਵੀ ਰੋਜ਼ ਸੈਂਕੜਿਆਂ ਦੀ ਗਿਣਤੀ ’ਚ ਫੇਸਬੁੱਕ ਦਾ ਹਿੱਸਾ ਬਣ ਰਹੇ ਹਨ। ਫੇਸਬੁੱਕ ਦੇ ਕਾਰਨ ਨੌਜਵਾਨਾਂ ਦੀ ਮਾਨਸਿਕਤਾ ’ਚ ਵੱਡੀ ਤਬਦੀਲੀ ਦੇਖੀ ਜਾ ਰਹੀ ਹੈ।


ਸਟੇਟਸ ਸਿੰਬਲ

ਕੈਨੇਡਾ ਦੀ ਗੁਲੇਫ ਯੂਨੀਵਰਸਿਟੀ ’ਚ ਹੋਈ ਇਕ ਖੋਜ ਮੁਤਾਬਕ ਘੱਟ ਉਮਰ ਦੇ ਨੌਜਵਾਨ ਫੇਸਬੁੱਕ ’ਤੇ ਹੋਣ ਨੂੰ ਸਟੇਟਸ ਸਿੰਬਲ ਮੰਨਣ ਲੱਗੇ ਹਨ। ਜੇ ਕੋਈ ਬੰਦਾ ਫੇਸਬੁੱਕ ’ਤੇ ਨਾ ਹੋਵੇ ਤਾਂ ਉਸਨੂੰ ‘ਆਊਟਡੇਟਡ’ ਕਹਿਣ ’ਚ ਦੇਰ ਨਹੀਂ ਕੀਤੀ ਜਾਂਦੀ। ਕਦੀ ਮੋਬਾਇਲ, ਬਾਈਕ, ਗਰਲ ਫਰੈਂਡ ਨੂੰ ਸਟੇਟਸ ਸਿੰਬਲ ’ਚ ਸ਼ਾਮਲ ਕੀਤਾ ਜਾਂਦਾ ਸੀ, ਪਰ ਹੁਣ ਇਸ ’ਚ ਫੇਸਬੁੱਕ ਵੀ ਜੁੜ ਚੁੱਕਾ ਹੈ। ਖੋਜ ’ਚ ਕਿਹਾ ਗਿਆ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟਸ ’ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਚਿੜਚਿੜਾਪਨ ਅਤੇ ਗੁੱਸਾ ਵਧਣ ਲੱਗਦਾ ਹੈ। ਦੋਸਤਾਂ ਨਾਲ ਰਿਸ਼ਤੇ ਵੀ ਪਹਿਲਾਂ ਵਰਗੇ ਨਹੀਂ ਰਹਿੰਦੇ। ਖੋਜ ਇਹ ਵੀ ਕਹਿੰਦੀ ਹੈ ਕਿ ਫੇਸਬੁੱਕ ’ਤੇ ਰੋਜ਼ ਦੋ ਘੰਟੇ ਗੁਜ਼ਾਰਨਾ ਮਾਨਸਿਕ ਸਮਰੱਥਾ ’ਤੇ ਗਹਿਰਾ ਪ੍ਰਭਾਵ ਪਾਉਂਦਾ ਹੈ।

ਤਣਾਅ ਦਿੰਦੀ ਫੇਸਬੁੱਕ

ਤਣਾਅ ਵਧਣ ਦੀ ਸ਼ੁਰੂਆਤ ਫਰੈਂਡ ਵਧਣ ਦੇ ਨਾਲ ਸ਼ੁਰੂ ਹੁੰਦੀ ਹੈ, ਜਿੰਨੇ ਜ਼ਿਆਦਾ ਦੋਸਤ ਓਨਾ ਜ਼ਿਆਦਾ ਤਣਾਅ। ਜਦੋਂ ਲਿਸਟ ’ਚ 500 ਤੋਂ ਜ਼ਿਆਦਾ ਦੋਸਤ ਹੋ ਜਾਂਦੇ ਹਨ ਤਾਂ ਚੰਗੀ ਤੇ ਮਨੋਰੰਜਕ ਪੋਸਟ ਪਾਉਣ ਦਾ ਪਰੈਸ਼ਰ ਵੱਧ ਜਾਂਦਾ ਹੈ। ‘ਸਟੇਟਸ’ ’ਤੇ ਜਦੋਂ ਮਨ ਮੁਤਾਬਕ ‘ਲਾਈਕ’ ਨਹੀਂ ਮਿਲਦੇ ਤਾਂ ਵੀ ਵੱਧਦਾ ਹੈ ਤਣਾਅ। ਮੈਸਜ਼ ਬਾਕਸ ’ਚ ਅਣਚਾਹੇ ਲੋਕਾਂ ਦੇ ਮੈਸਜ਼ ਦੇਖ ਕੇ ਮਾਨਸਿਕ ਪਰੇਸ਼ਾਨੀ ਹੁੰਦੀ ਹੈ। ਪ੍ਰੇਮੀ ਜਾਂ ਪ੍ਰੇਮਿਕਾ ਦੇ ਸਟੇਟਟਸ, ਮੈਸਜ਼ ਜਾਂ ਲਾਈਕ ਦਾ ਇੰਤਜ਼ਾਰ ਕਰਨਾ ਫੇਸਬੁਕ ਯੂਜਰਜ਼ ਨੂੰ ਜ਼ਬਰਦਸਤ ਤਣਾਅ ’ਚ ਲੈ ਆਉਂਦਾ ਹੈ। ਨਿੱਜੀ ਰਿਸ਼ਤਿਆਂ ਨੂੰ ਫੇਸਬੁੱਕ ’ਤੇ ਵਧਾਉਣ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਏਦਾਂ ਦੇ ਲੋਕਾਂ ਦਾ ਡਰ ਹਮੇਸ਼ਾ ਲੱਗਾ ਰਹਿੰਦਾ ਹੈ, ਜਿਨ੍ਹਾਂ ਨੂੰ ਤੁਸੀਂ ਆਪਣੀ ਫਰੈਂਡ ਲਿਸਟ ’ਚ ਨਹੀਂ ਦੇਖਣਾ ਚਾਹੁੰਦੇ।

ਰਚਨਾਤਮਕਤਾ ਨੂੰ ਖ਼ਤਰਾ

ਨੌਜਵਾਨਾਂ ਲਈ ਫੇਸਬੁੱਕ ਇੱਕ ਨਸ਼ੇ ਦੀ ਤਰ੍ਹਾਂ ਹੋ ਚੁੱਕਾ ਹੈ। 18-30 ਸਾਲ ਦੇ ਨੌਜਵਾਨਾਂ ਨਾਲ ਗੱਲ ਕਰਨ ’ਤੇ ਪਤਾ ਲੱਗਦਾ ਹੈ ਕਿ ਉਹ ਰੋਜ਼ 2 ਤੋਂ 8 ਘੰਟੇ ਤੱਕ ਫੇਸਬੁੱਕ ਨਾਲ ਚਿੰਬੜੇ ਰਹਿੰਦੇ ਹਨ। ਇਸ ਨਾਲ ਨਾ ਕੇਵਲ ਉਨ੍ਹਾਂ ਦੀ ਪੜਾਈ ਪ੍ਰਭਾਵਿਤ ਹੋ ਰਹੀ ਹੈ, ਬਲਕਿ ਕੁਝ ਨਵਾਂ ਕਰਨ ਦੀ ਰਚਨਾਤਮਕਤਾ ਵੀ ਖਤਮ ਹੋ ਰਹੀ ਹੈ। ਜ਼ਿਆਦਾਤਰ ਨੌਜਵਾਨਾਂ ਲਈ ਫੇਸਬੁੱਕ ‘ਗਰਲ ਫਰੈਂਡ’ ਲੱਭਣ ਦਾ ਰਾਹ ਬਣਿਆ ਹੋਇਆ ਹੈ।

ਮੂਰਖ ਨਾ ਬਣੋ

ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਫੇਸਬੁੱਕ ਸਮਾਜ ਨਾਲ ਜੁੜਨ ਦਾ ਇੱਕ ਚੰਗਾ ਰਾਹ ਹੈ, ਪਰ ਅੱਤ ਹਰ ਚੀਜ਼ ਦੀ ਬੁਰੀ ਹੁੰਦੀ ਹੈ। ਵਰਤਮਾਨ ’ਚ ਨੌਜਵਾਨ ਫੇਸਬੁੱਕ ’ਤੇ ਜ਼ਿਆਦਾ ਸਮਾਂ ਬਿਤਾ ਰਹੇ ਹਨ। ਐਡਿਕਸ਼ਨ ਵਧਣ ਨਾਲ ਰਚਨਾਤਮਕਤਾ ’ਤੇ ਬੁਰਾ ਅਸਰ ਪੈਂਦਾ ਹੈ। ਇੱਥੇ ਬਣਨ ਵਾਲੇ ਰਿਸ਼ਤੇ ਵੀ ਅਸਲੀ ਜ਼ਿੰਦਗੀ ’ਚ ਓਨੇ ਕਾਮਯਾਬ ਨਹੀਂ ਹੁੰਦੇ।

ਸੀਮਾਵਾਂ ਨਿਰਧਾਰਤ ਕਰਨ ਦੀ ਜ਼ਰੂਰਤ

ਅਮਰੀਕਾ ’ਚ ਫੇਸਬੁੱਕ ਇਸਤੇਮਾਲ ਕਰਨ ਵਾਲਿਆਂ ’ਤੇ ਹੋਈ ਇੱਕ ਖੋਜ ਦੱਸ ਰਹੀ ਹੈ ਕਿ ਫੇਸਬੁੱਕ ’ਤੇ ਜ਼ਿਆਦਾ ਸਮਾਂ ਬਿਤਾਉਣਾ ‘ਅਵਸਾਦ’ ਵਧਾ ਰਿਹਾ ਹੈ। ਸੋਸ਼ਲ ਨੈੱਟਵਰਕਿੰਗ ਸਾਈਟਸ ਦੀ ਇਹ ਖਿਆਲੀ ਦੁਨੀਆਂ ਇਸਤੇਮਾਲ ਕਰਨ ਵਾਲਿਆਂ ਨੂੰ ਅਸਲੀਅਤ ਤੋਂ ਪਰੇ ਲੈ ਕੇ ਜਾ ਰਹੀ ਹੈ। ਜੇ ਨੌਜਵਾਨਾਂ ਨੂੰ ਆਪਣੀ ਰਚਨਾਤਮਕਤਾ ਅਤੇ ਫਿਟਨੈੱਸ ਬਣਾ ਕੇ ਰੱਖਣੀ ਹੈ ਤਾਂ ਇਸ ਵਰਚੁਅਲ ਦੁਨੀਆਂ ਤੋਂ ਬਾਹਰ ਆਉਣਾ ਹੋਵੇਗਾ। ਹੁਣ ਫੇਸਬੁੱਕ ’ਤੇ ਸਮਾਂ ਬਿਤਾਉਣ ਦੀਆਂ ਸੀਮਾਵਾਂ ਨਿਰਧਾਰਤ ਕਰਨ ਦੀ ਜ਼ਰੂਰਤ ਹੈ।

Comments

Avtar Dhesi

bil lkul sahi bhaji

Mani sidhu

eh sarian nu padnana chahida

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ