ਮਾਨਸਾ 'ਚ ਇੱਜ਼ਤ ਲਈ ਬਾਲ ਵਿਆਹਾਂ ਦਾ ਰੁਝਾਨ ਬੇਟੋਕ ਜਾਰੀ-ਜਸਪਾਲ ਸਿੰਘ ਜੱਸੀ
Posted on:- 23-02-2013
ਬੋਹਾ 'ਚ ਪੰਜਵੀਂ ਜਮਾਤ ਦੀ ਵਿਦਿਆਰਥਣ ਵੀ ਬਾਲ ਵਿਆਹ ਦੀ ‘ਬਲੀ‘
ਮਾਨਸਾ 'ਚ ਲਾਅ ਐਂਡ ਆਰਡਰ ਸਖਤ : ਡਿਪਟੀ ਕਮਿਸ਼ਨਰ
ਦਿੱਲੀ ਸਮੂਹਿਕ ਬਲਾਤਕਾਰ ਕਾਂਢ ਸਮੇਤ ਪੰਜਾਬ ਅਤੇ ਗੁਆਂਢੀ ਰਾਜਾਂ 'ਚ ਕੁੜੀਆਂ ਨਾਲ ਵਪਰੀਆਂ ਅਗਵਾ/ਬਲਾਤਕਾਰ ਤੇ ਛੇੜ-ਛਾੜ ਦੀਆਂ ਘਟਨਾਵਾਂ ਨੇ ਮੱਧ ਵਰਗੀ ਪਰਿਵਾਰਾਂ ਨਾਲ ਸੰਬੰਧਤ ਮਾਪਿਆਂ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੇ ਮਾਪੇ ਖੁਦ ਅਤੇ ਆਪਣੀਆਂ ਧੀਆਂ ਨੂੰ ਅਸੁਰੱਖਿਤ ਮਹਿਸੂਸ ਕਰਦੇ ਹੋਏ ਬਾਲ ਵਿਆਹ ਰਚਾਉਣ ਲਈ ਮਜਬੂਰ ਹੋ ਰਹੇ ਹਨ।
ਮਾਨਸਾ ਜ਼ਿਲ੍ਹੇ ਅੰਦਰ ਅਜਿਹੇ ਵਿਆਹਾਂ ਦੀ ਗਿਣਤੀ ਸੈਂਕੜਾ ਪਾਰ ਕਰ ਚੁੱਕੀ ਹੈ।ਬਾਲ ਵਿਆਹ ਜਿੱਥੇ ਕਾਨੂੰਨਣ ਜੁਰਮ ਹੈ, ਉੱਥੇ ਸਮਾਜਕ ਨਜ਼ਰੀਏ ਨਾਲ ਵੀ ਇਹ ਵਿਕਸਤ ਅਤੇ ਤੰਦਰੁਸਤ ਸਮਾਜ ਦੀ ਸਿਰਜਣਾਂ ਦੇ ਰਾਹ ਵੱਡਾ ਅੜਿੱਕਾ ਹੈ। 5ਵੀਂ ਜਮਾਤ 'ਚ ਪੜ੍ਹਦੀ ਧੀ ਨੂੰ ਡੋਲੀ ਚ ਪਾਉਣ ਵਾਲੇ ਬੋਹਾ ਵਾਸੀ ਨਾਲ ਜਦ ਨਬਾਲਗ ਲੜਕੀ ਦਾ ਵਿਆਹ ਕਰਨਾ ਕਾਨੂੰਨੀ ਜੁਰਮ ਦੱਸਦਿਆਂ ਗੱਲ ਕੀਤੀ ਤਾਂ ਉਸ ਦਾ ਇੱਕ ਟੁੱਕ ਜਵਾਬ ਸੀ ਕਿ ‘‘ਰੂੜੀ ਦਾ ਕੂੜਾ...ਰੂੜੀ 'ਤੇ ਹੀ ਜਾਣਾ ਸੀ....ਸਮਾਂ ਬਹੁਤ ਖਰਾਬ ਹੈ...ਬੱਚੀਆਂ ਘਰੇ ਵੀ ਸੁਰੱਖਿਅਤ ਨਹੀਂ....ਕਰਮਾਂ 'ਚ ਹੋਇਆ ਤਾਂ ਪੜਾਈ ਤਾਂ ਆਪਣੇ (ਸੁਹਰੇ ਘਰ) ਘਰ ਵੀ ਜਾਰੀ ਰੱਖ ਸਕੇਗੀ ਪਰ ਇੱਜ਼ਤ....!"
ਆਪਣੀ ਨਬਾਲਗ ਧੀ ਦੇ ਵਿਆਹ ਕਰਨ ਦਾ ਅਪਰਾਧ ਕਰ ਚੁੱਕੇ ਇੱਕ ਹੋਰ ਬਾਪ ਨੇ ਕਿਹਾ ਕਿ ‘‘ਦਿਲ ਤਾਂ ਕਰਦਾ ਸੀ ਕਿ ਮੈਂ ਵੀ ਆਪਣੀ ਧੀ ਨੂੰ ਕਾਲਜ ਤੱਕ ਪੜ੍ਹਾਵਾਂ, ਪਰ ਹਾਲਾਤ ਬਹੁਤ ਖਰਾਬ ਨੇ...ਸਮਾਜ ਦੀ ਸੁਰੱਖਿਆ ਲਈ ਤਾਇਨਾਤ ਪੁਲੀਸ ਜਦ ਆਪਣੀਆਂ ਧੀਆਂ ਦੀ ਰਾਖੀ ਨਹੀਂ ਕਰ ਪਾ ਰਹੀ ਤਾਂ ਸਾਡੇ ਗ਼ਰੀਬਾਂ ਦਾ ਬਾਲੀ-ਵਾਰਸ ਕੌਣ ਐ...ਗਰੀਬ ਲਈ ਇੱਜ਼ਤ ਹੀ ਉਸ ਦੀ ਸਭ ਤੋਂ ਵੱਡੀ ਦੌਲਤ ਹੁੰਦੀ ਐ.. ਜੇ ਉਹੀ ਨਾ ਰਹੀ ਤਾਂ....ਕੀ ਪੜਾਈਆਂ ਕਰਨਗੀਆਂ....ਵੱਡੇ ਤਾਂ ਪੈਸੇ ਦੇ ਜ਼ੋਰ 'ਤੇ ਪਰਦੇ ਕੱਜ ਲੈਂਦੇ ਨੇ....ਸਾਡੀ ਤਾਂ ਬੱਸ....।"
ਦੂਜੇ ਪਾਸੇ ਧੀਆਂ ਦੇ ਬਾਲ ਵਿਆਹ ਕਰਨ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਾਜ ਸ਼ਾਸਤਰੀ ਵੀ ਡਾਢੇ ਚਿੰਤਤ ਹਨ। ਉੱਘੇ ਸਮਾਜ ਸਾਸਤਰੀ ਤੇ ਸਾਹਿਤਕਾਰ ਡਾ.ਨਾਇਬ ਸਿੰਘ ਮੰਡੇਰ ਨੇ 18 ਸਾਲ ਤੋਂ ਘੱਟ ‘‘ਮਰ ਦੀਆਂ ਲੜਕੀਆਂ ਦੇ ਵਿਆਹਾਂ ਨੂੰ ਬਾਲ ਵਿਆਹ ਦਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਨੇੜ ਭਵਿੱਖ ਚ ਪਰਿਵਾਰ ਟੁੱਟਣ ਦੇ ਜ਼ਿਆਦਾ ਆਸਾਰ ਹੋਣਗੇ।
ਉਨ੍ਹਾਂ ਦਾ ਤਰਕ ਸੀ ਕਿ ਨਬਾਲਗ ਬੱਚਾ ਸਹੁਰੇ ਘਰ ਚ ਆਪਣੇ ਆਪ ਨੂੰ ਸਥਾਪਤ ਕਰਨ ਅਤੇ ਗ੍ਰਸਤੀ ਜੀਵਨ ਨੂੰ ਸਫਲਤਾ ਪੂਰਵਕ ਚਲਾਉਣ 'ਚ ਅਸਮਰੱਥ ਹੁੰਦਾ ਹੈ। ਸਮਾਜ ਸਾਸਤਰੀ ਅਤੇ ਚਲੰਤ ਮਾਮਲਿਆਂ ਦੇ ਮਾਹਰ ਦਰਸ਼ਨ ਸਿੰਘ ਢਿੱਲੋਂ ਨੇ ਔਰਤ ਉਪਰ ਜ਼ੁਲਮਾਂ ਦੇ ਵਾਧੇ ਦੀ ਗੱਲ ਨੂੰ ਕਬੂਲਦਿਆਂ ਇਸ ਲਈ ਮਨੁੱਖ ਦੀ ਮਰਦ ਪ੍ਰਧਾਨ ਸਮਾਜ ਵਾਲੀ ਪ੍ਰਵਿਰਤੀ ਨੂੰ ਦੋਸ਼ੀ ਠਹਿਰਾਇਆ ਹੈ।ਸ੍ਰ.ਢਿੱਲੋਂ ਦਾ ਮੰਨਣਾ ਹੈ ਕਿ ਭਾਵੇਂ ਅਧੁਨਿਕ ਹੋਣ ਦੀਆਂ ਅਸੀਂ ਕਿੰਨੀਆਂ ਮਰਜ਼ੀ ਡੀਂਗਾਂ ਮਾਰੀ ਜਾਈਏ ਪਰ ਸੱਚ ਹੈ ਕਿ ਮਰਦ ਪ੍ਰਧਾਨ ਸਮਾਜ 'ਚ ਔਰਤ ਨੂੰ ਬਰਾਬਰੀ ਵਾਲਾ ਦਰਜਾ ਦੇਣ ਲਈ ਅੱਜ ਵੀ ਅਸੀਂ ਮਾਨਸਿਕ ਤੌਰ 'ਤੇ ਤਿਆਰ ਨਹੀਂ ਹੋਏ।ਅੱਜ ਵੀ ਔਰਤਾਂ 'ਚ ਆਪਣੇ ਹੱਕਾਂ ਪ੍ਰਤੀ ਚੇਤਨਾ ਦੀ ਵੱਡੀ ਕਮੀ ਹੈ। ਲੜਕੀਆਂ ਦੇ ਬਾਲ ਵਿਆਹ ਰਚਾਉਣਾ ਇਸ ਸਮੱਸਿਆ ਦਾ ਹੱਲ ਨਹੀਂ ਹੈ...ਲੋੜ ਹੈ ਆਪਣੇ ਹੱਕਾਂ ਅਤੇ ਹਿੱਤਾਂ ਲਈ ਲੜਕੀਆਂ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨ ਦੀ...।
ਜੁਡੀਸ਼ੀਅਲ ਕੋਰਟ ਕੰਪਲੈਕਸ ਬੁਢਲਾਡਾ ਦੇ ਵਕੀਲ ਸਵਰਨਜੀਤ ਸਿੰਘ ਦਲਿਓ ਦਾ ਮੰਨਣਾ ਹੈ ਕਿ ਇਹ ਬਾਲ ਵਿਆਹ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਰਾਹ ਚ ਵੱਡਾ ਅੜਿੱਕਾ ਸਾਬਤ ਹੋਣਗੇ।ਐਡਵੋਕੇਟ ਦਲਿਓ ਦਾ ਤਰਕ ਹੈ ਨਬਾਲਗ ਧੀਆਂ ਦੀ ਕੁੱਖੋਂ ਪੈਦਾ ਹੋਣ ਵਾਲੇ ਬੱਚੇ ਵੀ ਸਿਹਤਮੰਦ ਨਹੀਂ ਹੋਣਗੇ।ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਪਹਿਲਾਂ ਹੀ ਪੈਦਾ ਹੋਣ ਵਾਲਾ ਲੱਗਭੱਗ ਹਰ ਦੂਸਰਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ ਅਤੇ ਇਸ ਸੰਦਰਭ ਚ ਆਉਣ ਵਾਲੇ ਸਮੇਂ ਚ ਸਮਾਜ ਸਿਹਤਮੰਦ ਤੇ ਤੰਦਰੁਸਤ ਨਹੀਂ ਹੋਵੇਗਾ।
ਮੌਜੂਦਾ ਹਲਾਤਾ 'ਚ ਮਾਪਿਆਂ ਦਾ ਖੁਦ ਅਤੇ ਆਪਣੀਆਂ ਧੀਆਂ ਨੂੰ ਅਸੁਰੱਖਿਅਤ ਮਹਿਸੂਸ ਕਰਨ ਬਾਰੇ ਡੂੰਘੀ ਚਿੰਤਾ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਅਹਿਜੀਆਂ ਹਾਲਤਾਂ ਲਈ ਸਰਕਾਰ,ਪ੍ਰਸ਼ਾਸ਼ਨ ਅਤੇ ਸਾਡੀ ਨਿਆਂ ਪ੍ਰਣਾਲੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਸੁਰੱਖਿਅਤ ਮਹਿਸੂਸ ਕਰਦਿਆਂ ਨਬਾਲਗ ਧੀਆ ਦਾ ਵਿਆਹ ਕਰਨਾਂ ਕੋਈ ਅਪਰਾਧ ਨਹੀ..ਲੋਕਾਂ ਦੇ ਜਾਨ-ਮਾਲ ਦੀ ਰਾਖੀ ਨਾ ਕਰਨਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਨਾ ਕਰਵਾ ਸਕਣ ਲਈ ਸਰਕਾਰ ਅਤੇ ਪ੍ਰਸ਼ਾਸ਼ਨ ‘ਦੋਸ਼ੀ‘ ਜ਼ਰੂਰ ਹਨ।ਉਨ੍ਹਾਂ ਕਿਹਾ ਕਿ ਅਪਰਾਧਕ ਮਾਮਲਿਆਂ 'ਚ ਦੋਸ਼ੀਆਂ ਖਿਲਾਫ ਲੰਬੇ ਸਮੇਂ ਤੱਕ ਚੱਲਣ ਵਾਲੀ ਨਿਆ ਪ੍ਰਣਾਲੀ ਵੀ ਕਸੂਰਵਾਰ ਹੈ।ਸ੍ਰ.ਦਲਿਓ ਨੇ ਕਿਹਾ ਕਿ ਜਦ ਤੱਕ ਲੱਚਰ ਮੀਡੀਆ ਅਤੇ ਇੰਟਰਨੈੱਟ ਉੱਪਰ ਮੁਕੰਮਲ ਪਾਬੰਧੀ ਨਹੀਂ ਲੱਗ ਜਾਂਦੀ ਤੇ ਬਲਾਤਕਾਰ ਅਤੇ ਅਗਵਾ ਕਾਂਢ ਜਿਹੇ ਸਾਰੇ ਮਾਮਲਿਆਂ ਦੇ ਅਪਰਾਧੀਆਂ ਨੂੰ ‘ਫਸਟ ਟਰੈਕ‘ ਅਦਾਲਤਾਂ ਚ ਗਿਣਵੇਂ ਦਿਨਾਂ ਅੰਦਰ ਸਖਤ ਸਜ਼ਾਵਾਂ ਦੇਣ ਦਾ ਸਿਲਸਿਲਾ ਅਮਲ ਚ ਨਹੀਂ ਲਿਆਂਦਾ ਜਾਂਦਾ, ਉਦੋਂ ਤੱਕ ਇਹ ਦਿਲ ਕੰਬਾਊ ਰੁਝਾਨ ਜਾਰੀ ਰਹੇਗਾ।
ਉੱਘੇ ਸਾਹਿਤਕਾਰ ਅਤੇ ਪ੍ਰਸਿੱਧ ਕਾਲਮ ਨਵੀਸ ਸੱਤਪਾਲ ਭੀਖੀ ਦਾ ਤਰਕ ਹੈ ਕਿ ਵਿਗੜ ਰਹੇ ਲਿੰਗ ਅਨੁਪਾਤ ਨਾਲ ਆਉਣ ਵਾਲੇ ਸਮੇਂ ਅੰਦਰ ਔਰਤਾਂ 'ਤੇ ਅੱਤਿਆਚਾਰ ਹੋਰ ਵਧਣਗੇ।ਉਨ੍ਹਾਂ ਕਿਹਾ ਕਿ ਔਰਤ ਨੂੰ ਪੂਰਨ ਰੂਪ 'ਚ ਸਮਾਜਕ ਬਰਾਬਰੀ ਦੇਣ ਅਤੇ ਉਸ ਬਾਰੇ ਆਪਣਾ ਦ੍ਰਿਸ਼ਟੀਕੋਣ ਬਦਲਣਾ ਹੀ ਇਨ੍ਹਾਂ ਹਾਲਤਾਂ ਦਾ ਇੱਕੋ ਇੱਕ ਹੱਲ ਹੈ।
ਪੀ.ਸੀ.ਐਮ.ਐਸ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਅਤੇ ਐਸ.ਐਮ.ਓ ਮਾਨਸਾ ਡਾ.ਨਿਸ਼ਾਨ ਸਿੰਘ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਸਰੀਰਕ ਤੌਰ 'ਤੇ ਵੀ ਵਿਆਹ ਦੇ ਯੋਗ ਇਸ ਲਈ ਵੀ ਨਹੀ ਹੁੰਦੀਆਂ ਕਿਉਂਕਿ ਉਹ ਸਰੀਰਕ ਤੌਰ 'ਤੇ ਵੀ ਬੱਚੇ ਪੈਦਾ ਕਰ ਸਕਣ ਦੇ ਸਮਰੱਥ ਨਹੀਂ ਹੁੰਦੀਆਂ।ਅਜਿਹੀਆਂ ਬੱਚੀਆਂ ਦੁਆਰਾ ਪੈਦਾ ਕੀਤੇ ਬੱਚੇ ਜਿਥੇ ‘ਕੁਪੋਸ਼ਣ‘ ਦਾ ਸ਼ਿਕਾਰ ਹੋਣਗੇ, ਉਥੇ ਇਹ ਖੁਦ ਵੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਦੀ ਜਕੜ ਚ ਆ ਜਾਣਗੀਆਂ।
ਇਸ ਪੂਰੇ ਮਾਮਲੇ ਤੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ. ਅਮਿੱਤ ਢਾਕਾ ਨੇ ਕਿਹਾ ਕਿ ਬਾਲ ਵਿਆਹ ਕਰਨਾਂ ਕਾਨੂੰਨੀ ਅਪਰਾਧ ਹੈ ਅਤੇ ਇਨ੍ਹਾਂ ਘਟਨਾਵਾਂ 'ਤੇ ਪ੍ਰਸ਼ਾਸਨ ਦੀ ਤਿੱਖੀ ਨਜ਼ਰ ਹੈ।ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ 'ਚ ਪਿਛਲੇ ਸਮਿਆਂ ਦੇ ਮੁਕਾਬਲੇ ‘ਲਾਅ ਐਂਡ ਆਰਡਰ‘ ਬੜਾ ਸਖਤ ਹੈ,ਜਿਸ ਤਹਿਤ ਅਪਰਾਧਿਕ ਮਾਮਲਿਆਂ 'ਤੇ ਕਾਫੀ ਸਖਤੀ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਲੋਕ ਉਨਾਂ ਦੇ ਧਿਆਨ ਚ ਲੈਕੇ ਆਉਣ ਤਾਂ ਜੋ ਅਜਿਹਾ ਗੁਨਾਹ ਕਰਨ ਵਾਲਿਆਂ ਖਿਲਾਫ ਕਰੜੀ ਕਾਰਵਾਈ ਕੀਤੀ ਜਾ ਸਕੇ।
ਡਿਪਟੀ ਕਮਿਸ਼ਨ ਮਾਨਸਾ ਜੇ 18 ਸਾਲਾਂ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਵਿਆਹਾਂ ਬਾਰੇ ਪਿੰਡ,ਮੁਹੱਲਾ ਅਤੇ ਵਾਰਡ ਪੱਧਰ ਤੇ ਭਰੋਸੇਯੋਗ ਅਫਸਰਾਂ ਤੋਂ ਗੁਪਤ ਰਿਪੋਰਟ ਪ੍ਰਾਪਤ ਕਰਨ ਤਾਂ ਮਾਨਸਾ ਜ਼ਿਲ੍ਹੇ ਦੇ ਸਖਤ ‘ਲਾਅ ਐਂਡ ਆਰਡਰ‘ ਦੀ ਅਸਲ ਤਸਵੀਰ ਉਘੜੇਗੀ ।
Savaitu
ਰੱਬ ਕੀ ਹੈ ? {www.savaitu.com} ਜੀਵਨ ਦੋੜ ਦੌੜਦੇ ਦੌੜਦੇ ਹਰ ਇਨਸਾਨ ਦੇ ਅੰਦਰ ਬਹੁਤ ਸਾਰੇ ਸਵਾਲ ਦੌੜਨ ਲਗਦੇ ਨੇ। ਜੋ ਸਵਾਲ ਦੁਨੀਆਂ ਦੀ ਮਿਣਤੀ ਕਰਨਾ ਚਾਹੁ...