ਹਕੀਕਤ ਤੋਂ ਕੋਹਾਂ ਦੂਰ ਨੇ ਕੈਂਸਰ ਬਾਰੇ ਸਰਕਾਰੀ ਸਰਵੇਖਣ ਦੇ ਅੰਕੜੇ - ਬਲਜਿੰਦਰ ਕੋਟਭਾਰਾ
Posted on:- 29-01-2013
ਜ਼ੁਬਾਨੀ-ਕਲਾਮੀ ਹੋਏ ਸਰਵੇਖਣ ਦੌਰਾਨ ਕਿਸੇ ਦਾ ਵੀ
ਮੈਡੀਕਲ ਚੈੱਕਅੱਪ ਨਹੀਂ ਹੋਇਆ
ਸਭ ਤੋਂ ਵੱਧ ਮੌਤਾਂ ਵਾਲੇ ਜੱਜਲ ਤੇ ਗਿਆਨਾ ਪਿੰਡਾਂ ਬਾਰੇ ਵੀ
ਸਰਕਾਰੀ ਅੰਕੜੇ ਝੂਠੇ
ਪੰਜਾਬ ਸਰਕਾਰ ਨੇ ਕੈਂਸਰ ਬਾਰੇ ਹੋਏ ਕਈ ਸਰਵੇਖਣਾਂ ਦੀਆਂ ਰਿਪੋਰਟਾਂ ’ਤੇ ਯਕੀਨ ਨਾ ਕਰਦਿਆਂ ਆਪਣੇ ਸਿਹਤ ਵਿਭਾਗ ਨੂੰ ਇਹ ਕਾਰਜ ਸੌਂਪਿਆ ਸੀ, ਜਿਸ ਨੇ ਹੁਣੇ ਜਿਹੇ ‘ਡੋਰ ਟੂ ਡੋਰ’ ਸਰਵੇਖਣ ਕਰਕੇ ਰਿਪੋਰਟ ਨਸ਼ਰ ਕਰ ਦਿੱਤੀ ਹੈ। ਇਸ ਰਿਪੋਰਟ ਮੁਤਾਬਕ ਪਿਛਲੇ 5 ਸਾਲਾਂ ਵਿਚ ਸੂਬੇ ਵਿੱਚ ਕੈਂਸਰ ਨਾਲ 33 ਹਜ਼ਾਰ 318 ਮੌਤਾਂ ਹੋਈਆਂ ਹਨ, ਪਰ ਮੌਤਾਂ ਅਤੇ ਪੀੜਤ ਰੋਗੀਆਂ ਦੀ ਹਕੀਕਤ ਤਾਂ ਜ਼ਮੀਨੀ ਪੱਧਰ ’ਤੇ ਹੀ ਜਾ ਕੇ ਵੇਖੀ ਜਾ ਸਕਦੀ ਹੈ।
ਸਿਹਤ ਵਿਭਾਗ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਬਠਿੰਡਾ ਜ਼ਿਲੇ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਕੈਂਸਰ ਨੇ 2058 ਲੋਕਾਂ ਦੀ ਜਾਨ ਲਈ, ਇਹਨਾਂ ਵਿੱਚੋਂ 68 ਪ੍ਰਤੀਸ਼ਤ ਤੋਂ ਵੱਧ ਦਿਹਾਤੀ ਅਤੇ 31.64 ਪ੍ਰਤੀਸ਼ਤ ਸ਼ਹਿਰੀ ਲੋਕ ਸ਼ਾਮਲ ਹਨ ਭਾਵ ਮਰਨ ਵਾਲਿਆਂ ਵਿੱਚ 1407 ਪਿੰਡਾਂ ਦੇ ਰਹਿਣ ਵਾਲੇ ਅਤੇ 651 ਸ਼ਹਿਰੀ ਸ਼ਾਮਲ ਹਨ। ਸਰਕਾਰੀ ਗਿਣਤੀ ਮੁਤਾਬਕ ਇਸ ਵੇਲੇ ਜ਼ਿੰਦਗੀ-ਮੌਤ ਵਿਚਾਲੇ ਜੂਝ ਰਹੇ ਕੈਂਸਰ ਰੋਗੀਆਂ ਦੀ ਗਿਣਤੀ 1621 ਹੈ, ਜਿਹਨਾਂ ਵਿੱਚ 64 ਪ੍ਰਤੀਸ਼ਤ ਲੋਕ ਪੇਂਡੂ ਅਤੇ 36 ਪ੍ਰਤੀਸ਼ਤ ਸ਼ਹਿਰੀ ਹਨ, ਇਹਨਾਂ ਅੰਕੜਿਆਂ ਮੁਤਾਬਕ 3515 ਲੋਕਾਂ ਵਿੱਚ ਅਜਿਹੇ ਲੱਛਣ ਪਾਏ ਗਏ ਜਿਹੜੇ ਕੈਂਸਰ ਦਾ ਰੋਗ ਜਾਪਦੇ ਹਨ।
ਇਹ ਸਰਵੇਖਣ ਜ਼ਿਲੇ ਦੇ 2 ਲੱਖ 61 ਹਜ਼ਾਰ 847 ਘਰਾਂ ਅਤੇ 12 ਲੱਖ 93 ਹਜ਼ਾਰ 628 ਲੋਕਾਂ ਨਾਲ ਕੀਤੀ ਗੱਲਬਾਤ ’ਤੇ ਅਧਾਰਤ ਹੈ। ਸਿਰਫ ਜ਼ੁਬਾਨੀ-ਕਲਾਮੀ ਹੋਏ ਇਸ ਸਰਵੇਖਣ ਦੌਰਾਨ ਕਿਸੇ ਦਾ ਵੀ ਮੈਡੀਕਲ ਚੈੱਕਅੱਪ ਨਹੀਂ ਹੋਇਆ। ਸਰਕਾਰੀ ਅੰਕੜਿਆਂ ਨੇ ਤਲਵੰਡੀ ਸਾਬੋ ਵਿੱਚ ਕੈਂਸਰ ਨਾਲ ਵੱਧ ਮੌਤਾਂ ਬਾਰੇ ਤੱਥਾਂ ਨੂੰ ਝੁਠਲਾਕੇ ਆਪਣੇ ਸਰਵੇਖਣ ਮੁਤਾਬਕ ਸਭ ਤੋਂ ਵੱਧ ਪੀੜਤ ਬਲਾਕ ਗੋਨਿਆਣਾ ਨੂੰ ਦਰਸਾਇਆ ਹੈ, ਬਲਾਕ ਗੋਨਿਆਣਾ ਵਿੱਚ 25 ਪ੍ਰਤੀਸ਼ਤ, ਜਦੋਂ ਕਿ ਤਲਵੰਡੀ ਸਾਬੋ ਵਿੱਚ 15.35 ਪ੍ਰਤੀਸ਼ਤ ਮੌਤਾਂ ਹੋਈਆਂ ਦੱਸੀਆਂ ਹਨ, ਕੈਂਸਰ ਪੀੜਤਾਂ ਦੀ ਗਿਣਤੀ ਪੱਖੋਂ ਸੰਗਤ ਬਲਾਕ ਦੀ ਹਾਲਤ ਸਭ ਤੋਂ ਬਦਤਰ ਹੈ, ਸਾਰੇ ਜ਼ਿਲੇ ਦੇ ਕੈਂਸਰ ਮਰੀਜ਼ਾਂ ਦਾ ਚੌਥਾ ਹਿੱਸਾ ਇਸ ਬਲਾਕ ਵਿੱਚ ਹੈ। ਇਸ ਮੁਤਾਬਕ ਬਲਾਕ ਗੋਨਿਆਣਾ ਦੇ 33641 ਘਰਾਂ ਵਿੱਚੋਂ ਇੱਕ ਲੱਖ 75 ਹਜ਼ਾਰ 509 ਲੋਕਾਂ ਦੇ ਸਰਵੇਖਣ ਕਰਨ ਮਗਰੋਂ ਇਹ ਤਸਵੀਰ ਸਾਹਮਣੇ ਆਈ ਹੈ ਕਿ ਇਸ ਬਲਾਕ ਵਿੱਚ ਪਿਛਲੇ 5 ਸਾਲਾਂ ਵਿੱਚ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 354 ਹੈ ਜੋ ਕਿ ਸਾਰੀਆਂ ਮੌਤਾਂ ਦਾ 25.15 ਪ੍ਰਤੀਸ਼ਤ ਬਣ ਹੈ, ਜਦੋਂ ਕਿ ਇਸ ਬਲਾਕ ਵਿੱਚ 238 ਕੈਂਸਰ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਜੋ ਕਿ ਕੈਂਸਰ ਮਰੀਜ਼ਾਂ ਵਿੱਚੋਂ 23 ਪ੍ਰਤੀਸ਼ਤ ਬਣਦੇ ਹਨ, 395 ਮਰਦ-ਔਰਤਾਂ ਵਿੱਚ ਕੈਂਸਰ ਦੇ ਲੱਛਣ ਵੀ ਪਾਏ ਗਏ ਹਨ।
ਕੈਂਸਰ ਨਾਲ ਮੌਤਾਂ ਪੱਖੋਂ ਦੂਜਾ ਨੰਬਰ ਸੰਗਤ ਬਲਾਕ ਦਾ ਹੈ ਇਸ ਬਲਾਕ ਵਿੱਚ ਪਿਛਲੇ 5 ਸਾਲਾਂ ’ਚੋਂ 276 ਮੌਤਾਂ ਹੋਈਆਂ ਜਦੋਂ ਕਿ 25 ਪ੍ਰਤੀਸ਼ਤ ਕੈਂਸਰ ਰੋਗੀ ਹਨ, ਸਰਕਾਰੀ ਅੰਕੜਿਆਂ ਮੁਤਾਬਕ ਇਹ ਸਰਵੇ 35 ਹਜ਼ਾਰ 7 ਘਰਾਂ ਦੇ ਇੱਕ ਲੱਖ 47 ਹਜ਼ਾਰ 447 ਲੋਕਾਂ ਦਾ ਕੀਤਾ ਗਿਆ, ਜਿਹਨਾਂ ਵਿੱਚ 241 ਲੋਕਾਂ ਵਿੱਚ ਕੈਂਸਰ ਦੇ ਲੱਛਣ ਪਾਏ ਗਏ, 266 ਕੈਂਸਰ ਨਾਲ ਜੂਝ ਰਹੇ ਹਨ, ਭਾਵ ਕੈਂਰ ਦੇ ਐਲਾਨੇ ਜਾ ਚੁੱਕੇ ਮਰੀਜ਼ ਹਨ। ਕੈਂਸਰ ਮਰੀਜ਼ਾਂ ਅਤੇ ਮੌਤਾਂ ਦੀ ਬਹੁਤਾਤ ਵਜੋਂ ਖ਼ਬਰਾਂ ਵਿੱਚ ਚਰਚਾ ਵਾਲੇ ਜੱਜਲ ਅਤੇ ਗਿਆਨਾ ਪਿੰਡ ਜੋ ਤਲਵੰਡੀ ਸਾਬੋ ਬਲਾਕ ਵਿੱਚ ਪੈਂਦੇ ਹਨ, ਸਰਕਾਰੀ ਸਰਵੇ ਮੁਤਾਬਕ ਇਹ ਜ਼ਿਲੇ ਵਿੱਚੋਂ ਤੀਜੇ ਸਥਾਨ ’ਤੇ ਹੈ। ਇਸ ਬਲਾਕ ਦੇ 32 ਹਜ਼ਾਰ 118 ਘਰਾਂ ਦੇ ਇੱਕ ਲੱਖ 69 ਹਜ਼ਾਰ 99 ਲੋਕਾਂ ਦੇ ਸਰਵੇ ਅਧਾਰਤ 369 ਲੋਕਾਂ ’ਚ ਕੈਂਸਰ ਵਾਲੇ ਲੱਛਣ ਪਾਏ ਗਏ, 170 ਮਰੀਜ਼ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਹੇ ਹਨ ਜਦੋਂ ਕਿ 216 ਜ਼ਿੰਦਗੀ ਹੱਥੋਂ ਬਾਜ਼ੀ ਹਾਰ ਗਏ।
ਭਗਤਾ ਬਲਾਕ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ ਦਾ 15 ਪ੍ਰਤੀਸ਼ਤ ਹੈ, ਇਸ ਬਲਾਕ ਦੇ ਪਿੰਡਾਂ ਵਿੱਚ 483 ਲੋਕਾਂ ’ਚ ਕੈਂਸਰ ਦੇ ਲੱਛਣ ਪਾਏ ਗਏ, 155 ਮਰੀਜ਼ਾਂ ਦੀ ਪੁਸ਼ਟੀ ਹੋਈ ਅਤੇ 196 ਲੋਕਾਂ ਦੀ ਕੈਂਸਰ ਜਾਨ ਲੈ ਚੁੱਕਿਆ ਹੈ, ਇਹ ਸਰਕਾਰੀ ਸਰਵੇਖਣ ਬਲਾਕ ਦੇ 28 ਹਜ਼ਾਰ 682 ਘਰਾਂ ਦੇ ਇੱਕ ਲੱਖ 63 ਹਜ਼ਾਰ 370 ਲੋਕਾਂ ’ਤੇ ਅਧਾਰਤ ਹੈ। ਬਲਾਕ ਬਾਲਿਆਂਵਾਲੀ ਦੇ 19 ਹਜ਼ਾਰ 594 ਘਰਾਂ ਦੇ ਇੱਕ ਲੱਖ 15 ਹਜ਼ਾਰ 547 ਲੋਕਾਂ ਦੇ ਲਏ ਗਏ ਬਿਆਨਾਂ ’ਤੇ ਅਧਾਰਤ ਇਸ ਬਲਾਕ ਦੇ 271 ਲੋਕਾਂ ਵਿੱਚ ਕੈਂਸਰ ਦੇ ਲੱਛਣ ਪਾਏ ਗਏ, 117 ਮਰੀਜ਼ ਜ਼ਿੰਦਗੀ ਲਈ ਲੜ ਰਹੇ ਹਨ ਅਤੇ 198 ਦੀ ਕੈਂਸਰ ਨੇ ਜਾਨ ਲੈ ਲਈ ਹੈ। ਬਲਾਕ ਨਥਾਣਾ ਦੇ 24 ਹਜ਼ਾਰ 886 ਘਰਾਂ ਦੇ ਇੱਕ ਲੱਖ 35 ਹਜ਼ਾਰ 341 ਲੋਕਾਂ ’ਤੇ ਹੋਏ ਸਰਵੇਖਣ ਮੁਤਾਬਕ 210 ਵਿੱਚ ਕੈਂਸਰ ਵਾਲੇ ਲੱਛਣ, 91 ਕੈਂਸਰ ਪੀੜਤ ਅਤੇ 167 ਦੀ ਕੈਂਸਰ ਕਾਰਣ ਮੌਤ ਹੋ ਚੁੱਕੀ ਹੈ।
ਬਠਿੰਡਾ ਸ਼ਹਿਰੀ ਇਲਾਕੇ ਵਿੱਚ 87 ਹਜ਼ਾਰ 919 ਘਰਾਂ ਦੇ ਤਿੰਨ ਲੱਖ 75 ਹਜ਼ਾਰ 315 ਸ਼ਹਿਰੀਆਂ ’ਤੇ ਹੋਏ ਸਰਵੇਖਣ ਦੌਰਾਨ 1546 ਲੋਕਾਂ ਵਿੱਚ ਅਜਿਹੇ ਲੱਛਣ ਪਾਏ ਗਏ ਜਿਹਨਾਂ ਨੂੰ ਕੈਂਸਰ ਹੋਣ ਦਾ ਖ਼ਦਸ਼ਾ ਹੈ, ਇਸ ਸ਼ਹਿਰੀ ਇਲਾਕੇ ਵਿੱਚ 584 ਕੈਂਸਰ ਪੀੜਤ ਹਨ ਅਤੇ 651 ਕੈਂਸਰ ਕਾਰਣ ਇਸ ਜਹਾਨ ਨੂੰ ਅਲਵਿਦਾ ਕਹਿ ਗਏ। ਇਹ ਗਿਣਤੀ ਸਰਕਾਰੀ ਸਰਵੇਖਣ ਮੁਤਾਬਕ ਹੈ। ਇੱਕ ਡਾਕਟਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਇਸ ਨੂੰ ਅਤਿ ਅਧੂਰਾ ਕਰਾਰ ਦਿੰਦਿਆਂ ਕਿਹਾ ਕਿ ਕੈਂਸਰ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ, ਕਿਉਂਕਿ ਸਰਵੇਖਣ ਕਰਨ ਵਾਲੀ ਟੀਮ ਕੋਲ ਕਿਸੇ ਪ੍ਰਕਾਰ ਦੇ ਮੈਡੀਕਲ ਟੈਸਟ ਲਈ ਕੋਈ ਸਹੂਲਤ ਮੌਜੂਦ ਨਹੀਂ ਹੈ ਅਤੇ ਲੋਕਾਂ ਨਾਲ ਕੇਵਲ ਗੱਲਬਾਤ ਕਰਕੇ ਸਹੀ ਅੰਕੜੇ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਕਿਉਂਕਿ ਕੈਂਸਰ ਮਰੀਜ਼ ਨੂੰ ਵੀ ਇਸ ਬਾਰੇ ਕਾਫੀ ਦੇਰ ਬਾਅਦ ਹੀ ਪਤਾ ਲੱਗਦਾ ਹੈ। ਕੁਝ ਅਜਿਹੇ ਮਰੀਜ਼ਾਂ ਦੀ ਪੁਸ਼ਟੀ ਬਾਅਦ ਵਿੱਚ ਮੈਡੀਕਲ ਟੈਸਟਾਂ ਮਗਰੋਂ ਵੀ ਹੋਈ ਹੈ।
Jiwanjot Kaur
In villages move should be started against pesticides and insecticides to decrease cancer