Thu, 21 November 2024
Your Visitor Number :-   7256111
SuhisaverSuhisaver Suhisaver

ਪੰਜਾਬ ਤੇ ਬਿਹਾਰ ਦੀ ਗਲਵੱਕੜੀ ਨਹੀਂ ਟੁੱਟ ਸਕਦੀ... -ਅਮਨਦੀਪ ਹਾਂਸ

Posted on:- 21-05-2020

suhisaver

ਸੁਧਾ..
ਸੁਧਾ ਤੇਰਾ ਲਹੂ ਮੁੜ੍ਹਕਾ ਬਣ
ਪੰਜਾਬ ਦੀ ਹਿੱਕੜੀ ਚ ਸਮਾਇਆ
ਪੰਜਾਬ ਦੀਆਂ ਲਹਿਰਾਂ ਬਹਿਰਾਂ
ਪੰਜਾਬ ਦੇ ਮੁਖੜੇ ਤੇ ਦੀਂਹਦੀ ਲਾਲੀ
 ਤੇਰੇ ਲਹੂ ਦੀ ਰੰਗਤ ਦਾ ਅਸਰ ਵੀ ਹੈ

ਕੁਝ ਚਿਰ ਤੋਂ
ਫਿੱਕੀ ਪੈ ਰਹੀ ਸੀ ਰੰਗਤ
ਲਾਲੀ ਦੀ ਭਾਅ ਤਾਂ ਬੱਸ
 ਕਿਤੇ ਕਿਤੇ ਈ ਸੀ
ਅੱਜ ਮਹਿਸੂਸ ਹੋਈ
ਰੰਗਤ ਉੱਡਣ ਦੀ ਵਜਾ
ਸੁਧਾ ਤੇਰਾ ਲਹੂ-ਮੁੜ੍ਹਕਾ ਹੀ ਨਹੀਂ
ਤੇਰੇ ਅੱਥਰੂ ਵੀ ਡੁੱਲੇ
ਪੰਜਾਬ ਦੀ ਹਿੱਕ ਤੇ
ਖਾਰੇਪਣ ਦੀ ਕਾਟ ਤੋਂ
ਬਚੀ ਹੈ ਕਿਹੜੀ ਲਾਲੀ ਭਲਾ..?
ਸੁਧਾ..
ਤੇਰੇ ਤਾਂ ਲਹੂ-ਮੁੜ੍ਹਕੇ ਦਾ ਕਰਜ਼ ਬੜਾ ਸੀ
ਤੇਰੇ ਅੱਥਰੂਆਂ ਦਾ ਕਰਜ਼
ਪੰਜਾਬ ਕਿਵੇਂ ਲਾਹੂ..

ਕਪੂਰਥਲਾ ਦੇ ਬੱਸ ਅੱਡੇ ਦੇ ਬਾਹਰ ਪਰਸ਼ਾਸਨ ਦੇ ਨਾਕਸ ਪਰਬੰਧਾਂ ਅਤੇ ਸਿਰਫ ਚੌਧਰਪੁਣੇ ਤੱਕ ਸੀਮਤ ਰਹਿਣ ਵਾਲੇ ਕੁਝ ਮੀਡੀਆ ਹਲਕਿਆਂ ਦੀ ਨਲਾਇਕੀ ਕਰਕੇ ਦਰਜਨਾਂ ਕਿਰਤੀ ਰੋਂਦੇ ਵਿਲਕਦੇ ਰਹੇ।

ਕਪੂਰਥਲਾ ਜ਼ਿਲੇ ਚ ਹੋਰ ਸੂਬਿਆਂ ਵਾਂਗ ਬਿਹਾਰ ਤੋਂ ਵੀ ਸੈਂਕੜੇ ਕਿਰਤੀ ਰੁਜ਼ਗਾਰ ਖਾਤਰ ਆਉਂਦੇ ਨੇ। ਇਹਨਾਂ ਵਿਚੋਂ ਕਈ ਖੇਤੀ ਦਾ ਕੰਮ ਕਰਦੇ ਨੇ, ਕਈ ਦਿਹਾੜੀਦਾਰ ਨੇ, ਕਈ ਆਈ ਟੀ ਸੀ ਕੰਪਨੀ ਚ ਕੰਮ ਕਰਦੇ ਨੇ।

ਲੌਕਡਾਊਨ ਕਾਰਨ ਸਾਰੇ ਹੀ ਬੇਰੁਜ਼ਗਾਰ ਹੋ ਗਏ, ਸਾਹਾਂ ਨੂੰ ਛੱਡ ਕੇ ਇਹਨਾਂ ਦਾ ਸਭ ਕੁਝ ਲੌਕ ਹੋ ਗਿਆ। ਜੋ ਪੈਸੇ ਸਨ ਹਫਤੇ ਦਸ ਦਿਨ ਚ ਹੀ ਮੁੱਕ ਗਏ, ਖਾਣ ਦੇ ਲਾਲੇ ਪੈ ਗਏ, ਪ੍ਰਸ਼ਾਸਨ ਨੇ ਦਸ ਕੁ ਦਿਨ ਰਾਸ਼ਨ ਦਿੱਤਾ, ਪਰ ਫੇਰ ਸਾਰ ਨਾ ਲਈ। ਇਹ ਕਿਰਤੀ ਲੋਕ ਨੇ, ਪਰ ਕਰੋਨਾ ਸੰਕਟ ਦੇ ਨਾਮ ਹੇਠ ਮੜ੍ਹ ਦਿੱਤੀ ਗਈ ਮਜਬੂਰੀ ਨੇ ਇਹਨਾਂ ਨੂੰ ਹੱਥ ਅੱਡਣ ਲਾ ਦਿੱਤਾ, ਆਈ ਟੀ ਸੀ ਕੰਪਨੀ ਨੇ ਤਾਂ ਆਪਣੇ ਮਜ਼ਦੂਰਾਂ ਨੂੰ ਹਫਤੇ ਦਾ ਪੰਜ ਪੰਜ ਸੌ ਰੁਪਿਆ ਖਰਚ ਲਈ ਦਿੱਤਾ, ਪਰ ਲੌਕਡਾਊਨ ਤੋਂ ਪਹਿਲਾਂ ਦੀ ਵੀਹ ਪੱਚੀ ਦਿਨ ਦੀ ਤਨਖਾਹ ਨਹੀਂ ਦਿੱਤੀ।

ਖੇਤੀ ਤੇ ਹੋਰ ਕਿੱਤਿਆਂ ਨਾਲ ਜੁੜੇ ਕਿਰਤੀਆਂ ਲਈ ਮਾਲਕਾਂ ਨੇ, ਜ਼ਿਮੀਦਾਰਾਂ ਨੇ ਦਰ ਭੇਡ਼ ਲਏ... ਕਿਰਤੀਆਂ ਵਿਚੋਂ ਕੁਝ ਨੇ ਆਪਣੇ ਘਰੋਂ ਪੈਸੇ ਮੰਗਵਾਏ, ਬਹੁਤਿਆਂ ਨੇ ਸਡ਼ਕਾਂ ਕਿਨਾਰੇ ਖੜ੍ਹ ਕੇ ਲਂਗਰ ਦੀ ਉਡੀਕ ਕੀਤੀ ਤੇ ਸਿਰਫ ਲੰਗਰ ਦੇ ਆਸਰੇ ਵਕਤ ਟਪਾਇਆ.. ਕੀ ਸਿਰਫ ਲੰਗਰ ਜਿਉਣ ਲਈ ਕਾਫੀ ਹੈ?

ਪਰ ਫੇਰ ਵੀ ਹਰ ਹਾਲ ਕਿਸੇ ਸੁੱਖ-ਸਨੇਹੇ ਦੀ ਸੂਹ ਦੀ ਆਸ ਚ ਇਹ ਕਿਰਤੀ ਪੰਜਾਬ ਦੀ ਹਿੱਕ ਨਾਲ ਲੱਗੇ ਰਹੇ।
ਕੁਝ ਦਿਨ ਪਹਿਲਾਂ ਗੱਲ ਤੁਰੀ ਕਿ ਲੌਕਡਾਊਨ ਚ ਢਿੱਲ ਮਿਲੇਗੀ, ਕੰਮਕਾਰ ਕੁਝ ਖੁਲਣਗੇ, ਪਰ ਨਾਲ ਹੀ ਜੋ਼ਰ ਸ਼ੋਰ ਨਾਲ ਪ੍ਰਚਾਰਿਆ ਗਿਆ ਕਿ ਸਰਕਾਰਾਂ ਆਪਣੇ ਹੀ ਮੁਲਕ ਚ ਪਰਵਾਸੀ ਗਰਦਾਨ ਦਿੱਤੇ ਗਏ ਕਿਰਤੀਆਂ ਨੂੰ ਉਹਨਾਂ ਦੇ ਘਰੀਂ ਭੇਜਣ ਦਾ ਬੰਦੋਬਸਤ ਕਰ ਰਹੀਆਂ ਨੇ.. ਇਹ ਸ਼ੋਰ ਕੰਮਕਾਰ ਖੁੱਲਣ ਵਾਲੀ ਮੱਧਮ ਜਿਹੀ ਅਵਾਜ਼ ਨੂੰ ਨੱਪ ਬੈਠਾ..
ਕਿਰਤੀਆਂ ਨੇ ਬੋਰੀਆ ਬਿਸਤਰਾ ਬੰਨ ਲਿਆ।

ਕਪੂਰਥਲਾ ਦੇ ਵੀ ਦਰਜਨਾਂ ਕਿਰਤੀਆਂ ਨੂੰ 18 ਮਈ ਨੂੰ ਸੁਨੇਹਾ ਮਿਲਿਆ ਕਿ ਰੇਲ ਗੱਡੀ ਚ ਬਿਹਾਰ ਭੇਜ ਰਹੇ ਹਾਂ, ਬੱਸ ਅੱਡੇ ਪੁੱਜੋ, ਜੋ ਵੀ ਪੈਸੇ ਸੀ, ਜਾਂ ਇਧਰੋਂ ਓਧਰੋਂ ਜੁਗਾਡ਼ ਕਰਕੇ ਕਿਰਾਏ ਤੇ ਆਟੋ ਲੈ ਕੇ ਸਮਾਨ ਲੱਦ ਕੇ ਕਿਰਤੀ ਬੱਸ ਅੱਡੇ ਤੇ ਆ ਪੁੱਜੇ, ਸਭ ਦਾ ਮੈਡੀਕਲ ਹੋਇਆ, ਬੌਡੀ ਟੈਂਪਰੇਚਰ ਚੈੱਕ ਕਰਕੇ ਫਿੱਟ ਦੀ ਸਲਿੱਪ ਦੇ ਦਿੱਤੀ ਗਈ, ਰਾਤ ਸ਼ਾਲਾਮਾਰ ਬਾਗ ਦੇ ਰੈਣਬਸੇਰੇ ਚ ਠਹਿਰਾਇਆ ਗਿਆ, ਖਾਣ ਲਈ ਰੋਟੀ, ਸੌਣ ਲਈ ਬਿਸਤਰੇ, ਚੰਗਾ ਪ੍ਰਬੰਧ ਕੀਤਾ ਗਿਆ।

19 ਮਈ ਨੂੰ ਸਾਰੇ ਕਿਰਤੀ ਸਾਰਾ ਸਮਾਨ ਸਿਰ, ਮੋਢਿਆਂ ਤੇ ਲੱਦ ਕੇ ਫੇਰ ਬੱਸ ਅੱਡੇ ਆ ਪੁੱਜੇ, ਸਭ ਨੂੰ ਬੱਸ ਅੱਡੇ ਦੇ ਅੰਦਰ ਬਿਠਾ ਕੇ ਸੁਆਰ ਕੇ ਖਾਣਾ ਖਵਾਇਆ ਗਿਆ, ਖਾਸਮਖਾਸ ਮੀਡੀਆ ਹਲਕੇ ਸੱਦ ਕੇ ਫੋਟੋਆਂ, ਵੀਡੀਓ ਬਣਾ ਕੇ ਸੁਨੇਹਾ ਦੇਣ ਦੀ ਰਸਮ ਪੂਰੀ ਕੀਤੀ ਗਈ ਕਿ ਪ੍ਰਸ਼ਾਸਨ ਬੜਾ ਮਿਹਰਬਾਨ ਹੈ..

ਫੇਰ ਇਹਨਾਂ ਵਿਚੋਂ ਸੱਤਰ ਦੇ ਕਰੀਬ ਕਿਰਤੀਆਂ ਨੂੰ ਦੋ ਸਰਕਾਰੀ ਬੱਸਾਂ ਚ ਬਿਠਾ ਕੇ ਜਲਂਧਰ ਲੈ ਜਾਇਆ ਗਿਆ, ਤੇ ਬਾਕੀਆਂ ਨੂੰ ਮੀਡੀਆ ਦੇ ਜਾਣ ਮਗਰੋਂ ਪੁਲਸ ਵਲੋਂ ਜੁੱਲੀ-ਤੱਪਡ਼ ਚੁਕਵਾ ਕੇ ਬੱਸ ਅੱਡੇ ਤੋਂ ਬਾਹਰ ਕਢ ਦਿੱਤਾ ਗਿਆ। ਸਵੇਰ ਤੋਂ ਦੁਪਹਿਰ ੧੨ ਵਜੇ ਦੇ ਕਰੀਬ ਤੱਕ ਇਹ ਕਿਰਤੀ ਸਮਾਨ ਦੇ ਢੇਰ ਕੋਲ ਰੋਂਦੇ ਵਿਲਕਦੇ ਰਹੇ, ਜਿਹਨਾਂ ਚ ਔਰਤਾਂ, ਬੱਚੇ ਬੱਚੀਆਂ, ਬਜ਼ੁਰਗ ਵੀ ਸ਼ਾਮਲ ਹਨ, ਇਹਨਾਂ ਨੂੰ ਪਤਾ ਨਹੀਂ ਕਿ ਹੁਣ ਕੀ ਹੋਣਾ ਹੈ, ਕੋਈ ਸੁਣਵਾਈ ਨਹੀਂ।

 ਪੇਸ਼ਾਬ ਕਰਨ ਲਈ ਬੱਸ ਅੱਡੇ ਦੇ ਪਖਾਨੇ ਗਏ ਤਾਂ ਪ੍ਰਤੀ ਜੀਅ ਦਸ ਦਸ ਰੁਪਏ ਵਸੂਲੇ ਗਏ, ਜੇਬ ਖਾਲੀ .. ਕਿਰਤੀ ਇਕ ਦੂਜੇ ਤੋਂ ਮੰਗ ਕੇ ਪੈਸੇ ਦਿੰਦੇ, ਤੇ ਕਈਆਂ ਨੇ ਤਾਂ ਪੈਸੇ ਨਾ ਹੋਣ ਕਰਕੇ ਪੇਸ਼ਾਬ ਹੀ ਰੋਕੀ ਰੱਖਿਆ..
ਏਦੂੰ ਵਧ ਹਰਡ-ਅਮਿਊਨਿਟੀ ਹੋਰ ਕੀ ਹੋਊ ਭਲਾ ਸਾਹੇਬ..?

ਇਥੇ ਇਕ ਭੱਦਰਪੁਰਸ਼ ਦੀ ਮਦਦ ਨਾਲ ਸਰਕਾਰੀ ਤੰਤਰ ਤੱਕ ਪਹੁੰਚ ਕੀਤੀ, ਪਤਾ ਲਗਿਆ ਕਿ ਜਲਂਧਰ ਵੱਲ ਗਏ ਸੱਤਰ ਕਿਰਤੀਆਂ ਚੋਂ ਕਈ ਵਾਪਸ ਆ ਗਏ, ਰੇਲ ਗੱਡੀ ਚ ਸ਼ਾਇਦ ਜਗਾ ਨਹੀ ਸੀ, ਬਾਕੀਆਂ ਨੂੰ ਕੱਲ ਜਾਂ ਪਰਸੋਂ ਭੇਜਿਆ ਜਾਵੇਗਾ। ਫੇਰ ਦੋ ਆਟੋ ਰਿਕਸ਼ਾ ਕਿਰਾਏ ਤੇ ਕਰਕੇ ਸਾਰਾ ਸਮਾਨ ਲਦਾਅ ਕੇ ਸ਼ਾਲਾਮਾਰ ਬਾਗ ਦੇ ਰੈਣਬਸੇਰੇ ਚ ਛੱਡਵਾ ਕੇ ਆਏ, ਰੋਟੀ ਦਾ ਇੰਤਜ਼ਾਮ ਕੀਤਾ ਹੈ, ਇਹਨਾਂ ਦੇ ਵਾਪਸ ਘਰ ਪੁੱਜਣ ਤੱਕ ਇਹਨਾਂ ਨਾਲ ਸੰਪਰਕ ਰੱਖਿਆ ਜਾਵੇਗਾ। ਜੋ ਵੀ ਮਦਦ ਹੋਈ ਕਰਾਂਗੇ।

ਬੱਸ ਅੱਡੇ ਤੇ ਖੜ੍ਹਿਆਂ ਜਦ ਇਹਨਾਂ ਕਿਰਤੀਆਂ ਨਾਲ ਗੱਲ ਕੀਤੀ ਤਾਂ ਓਥੇ ਭਾਗਲਪੁਰ ਬਿਹਾਰ ਦੀ ਸੁਧਾ ਭੁੱਬਾਂ ਮਾਰ ਕੇ ਰੋ ਰਹੀ ਸੀ, ਉਹ ਪਹਿਲੀ ਵਾਰ ਫਰਵਰੀ ਮਹੀਨੇ ਆਪਣੇ ਘਰਵਾਲੇ ਨਾਲ ਆਲੂਆਂ ਦਾ ਸੀਜ਼ਨ ਲਾਉਣ ਆਈ ਸੀ, ਪਿੱਛੇ ਤਿੰਨ ਛੋਟੇ ਬੱਚੇ, ਬਜ਼ੁਰਗ ਸੱਸ ਸਹੁਰੇ ਕੋਲ ਛੱਡ ਆਈ, ਕਿ ਚਾਰ ਹੱਥ ਰਲ ਕੇ ਕੁਝ ਵੱਧ ਕਮਾਈ ਕਰ ਲੈਣਗੇ..

ਪਰ ਸਭ ਕੁਝ ਗਰੀਬ ਦੀ ਸੋਚ ਅਨੁਸਾਰ ਥੋੜਾ ਚੱਲਦਾ ਹੈ..?

ਸੁਧਾ ਨੇ ਰੋਂਦਿਆਂ ਕਿਹਾ-ਹਮਰਾ ਕਸੂਰ ਕਿਆ ਹੈ , ਹਮਰਾ ਕੌਨ ਸਾ ਦੇਸ ਹੈ, ਹਮੇਂ ਬੋਲਤੇ ਹੈਂ ਅਪਨੇ ਦੇਸ ਜਾਓ,
ਹਮੇਂ ਜੋ ਭੀ ਕਾਮ ਦੋ ਹਮ ਕਰਤੇ ਹੈਂ, ਜਿ਼ਮੀਦਾਰ ਕੋ ਪੱਠਾ ਉੱਠਾ ਭੀ ਕਾਟਾ ਕੇ ਦੀਆ, ਸਾਫ ਸਫਾਈ ਭੀ ਕਰਕੇ ਦੀ, ਹੁਸੈਨਪੁਰ ਆਲੂ ਕਾ ਸੀਜ਼ਨ ਲਗਾਇਆ, ਆਲੂ ਤੋ ਆਪ ਭੀ ਖਾਤੇ ਹੋਂਗੇ.. ਆਪ ਲੋਗੋਂ ਨੇ ਹਮੇਂ ਧਕੇਲ ਦੀਆ.. ਅਬ ਹਮ ਕਭੀ ਨਹੀਂ ਪੰਜਾਬ ਆਏਂਗੇ....

ਉਹ ਹੁਬਕੀਂ ਰੋ ਪਈ, ਬਾਕੀ ਕਿਰਤੀ ਵੀ ਰੋ ਰਹੇ ਸਨ, ਮੈਂ ਸੁਧਾ ਨੂੰ ਗਲਵੱਕੜੀ ਚ ਲੈ ਲਿਆ, ਓਹਦੇ ਅੱਥਰੂ ਪੂੰਝੇ, ਮੇਰਾ ਵੀ ਮਨ ਭਰ ਆਇਆ, ਸਿਰਫ ਏਨਾ ਹੀ ਕਹਿ ਸਕੀ- ਸੁਧਾ ਤੁਹਾਡੇ ਬਿਨਾਂ ਪੰਜਾਬ ਅਧੂਰਾ ਹੈ..
ਸਿਰਫ ਏਨਾ ਹੀ ਕਿਹਾ ਸੀ ਮੈਂ, ਸੁਧਾ ਤੇ ਸਾਥੀ ਸਾਥਣਾਂ ਝੱਟ ਮੁੱਕਰ ਗਏ ਆਪਣੀ ਪਹਿਲੀ ਗੱਲ ਤੋਂ, ਕਹਿੰਦੇ- ਦੀਦੀ ਸਭ ਠੀਕ ਹੋ ਜਾਏ, ਤੋ ਹਮ ਫਿਰ ਸੇ ਆ ਜਾਏਂਗੇ.. ਹੁਣ ਸੁਧਾ ਦੀ ਗਲਵੱਕੜੀ ਚ ਮੈਂ ਸੀ..
ਇਹ ਗਲਵੱਕੜੀ ਪੰਜਾਬ-ਬਿਹਾਰ ਦੀ ਹੈ, ਕੌਣ ਤੋਡ਼ੂ ਏਸ ਸਾਂਝ ਨੂੰ..?


---- ---
ਸਥਾਨਕ ਮੀਡੀਆਕਰਮੀਆਂ ਨਾਲ ਗਿਲਾ ਹੈ, ਕਿ ਪਰਸ਼ਾਸਨ ਦੇ ਸੱਦੇ ਤੇ ਤਾਂ ਓਥੇ ਜਾ ਅੱਪੜੇ, ਬਾਅਦ ਚ ਕਿਸੇ ਨੇ ਇਹਨਾਂ ਕਿਰਤੀਆਂ ਦੀ ਸਾਰ ਨਾ ਲਈ। ਜਦ ਇਹ ਸਭ ਲਿਖ ਰਹੀ ਹਾਂ ਤਾਂ ਇਥੇ ਕਪੂਰਥਲੇ ਚ ਜ਼ੋਰ ਦੀ ਮੀਂਹ ਪੈ ਰਿਹਾ ਹੈ, ਜੇ ਅਸੀਂ ਕਿਰਤੀਆਂ ਨੂੰ ਰੈਣਬਸੇਰੇ ਵਾਪਸ ਭੇਜਣ ਲਈ ਮਦਦ ਨਾ ਕਰਦੇ ਤਾਂ ਕੀ ਬਣਦਾ?
ਕਿਰਤੀਆਂ ਦੇ ਬੇਮੁਖ ਹੋਣ ਦੀ ਮਾਰ ਪੰਜਾਬ ਝੱਲ ਨਹੀਂ ਸਕੇਗਾ...
ਬਾਕੀ ਸਭ ਸਿਆਣੇ ਨੇ..
ਬਹੁਤਾ ਬੋਲਿਆ, ਲਿਖਿਆ ਗਿਆ ਹੋਵੇ ਤਾਂ ਮਾਫੀ...

-ਅਮਨਦੀਪ ਹਾਂਸ

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ