ਮਾਨਸਾ ਦੇ ਪਿੰਡ ਠੂਠਿਆਂਵਾਲੀ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ
ਬਾਬਾ ਨਜ਼ਮੀ ਸਾਹਿਬ ਆਂਹਦੇ ਨੇ...ਸੱਚਿਆ ਸੱਚ ਸੁਣਾਉਂਦਾ ਕਿਉਂ ਨਹੀਂ
ਪਾਇਆ ਢੋਲ ਵਜਾਉਂਦਾ ਕਿਉਂ ਨਹੀਂ
ਆਪਣਾ ਫਰਜ਼ ਨਿਭਾਉਂਦਾ ਕਿਉਂ ਨਹੀਂ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਕੋਈ ਸੱਚੇ ਅੱਖਰ ਲਿਖੇ ਨਾ ਲਿਖੇ, ਪਰ ਸੱਚ ਕਹਿਣ ਸੁਣਨ ਦੀ ਜੁਰੱਅਤ ਵਾਲੇ ਸਾਥੀਆਂ ਦੇ ਸਾਥ ਨੇ ਸਾਡੀ ਟੀਮ ਨੂੰ ਸੱਚੇ ਅੱਖਰ ਲਿਖਣ ਦੀ ਹਿੰਮਤ ਬਖਸ਼ੀ ਹੈ . . . ਆਓ, ਇਹਨਾਂ ਅੱਖਰਾਂ ਦੀ ਉਂਗਲ ਫੜ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਚੱਲਦੇ ਹਾਂ, ਜਿੱਥੇ ਲੌਕਡਾਊਨ ਦੇ ਨਿਯਮ ਸਮਝਾਉਣ ਗਈ ਪੁਲਸ ਨੇ ਮੁਲਜ਼ਮਾਂ ਦੇ ਨਾਲ ਮਜ਼ਲੂਮਾਂ ਨੂੰ ਵੀ ਛੱਲੀਆਂ ਵਾਂਗ ਉਧੇੜ ਸੁੱਟਿਆ, ਕੀ ਬੁੜ੍ਹੀਆਂ, ਕੀ ਕੁੜੀਆਂ, ਕੀ ਜਵਾਕ, ਜੋ ਵੀ ਮੂਹਰੇ ਆਇਆ, ਸਭ ਦੇ ਪੁਲਸੀਆ ਡਾਂਗ ਐਸੀ ਵਰਾਈ ਕਿ ਨੀਲ, ਨਿਸ਼ਾਨ ਇਸ ਤਸ਼ੱਦਦ ਦੀ ਗਵਾਹੀ ਭਰਦੇ ਨੇ। ਸਾਰਾ ਕਹਿਰ ਰੰਘਰੇਟੇ ਗੁਰੂ ਦੇ ਬੇਟਿਆਂ ਦੇ ਟੱਬਰਾਂ ਤੇ ਵਰਪਿਆ। ਪਿੰਡ ਦੇ ਸਰਪੰਚ ਸ. ਬਿੱਕਰ ਸਿੰਘ ਅਤੇ ਪੀੜਤ ਪਰਿਵਾਰਾਂ ਦੀਆਂ ਔਰਤਾਂ ਨਾਲ ਕੁਝ ਜਾਣਕਾਰਾਂ ਜ਼ਰੀਏ ਟੈਲੀਫੋਨ ਤੇ ਸਾਰੀ ਘਟਨਾ ਦਾ ਵੇਰਵਾ ਲਿਆ, ਗੱਲਬਾਤ ਦੇ ਸਾਰੇ ਸਬੂਤ, ਘਟਨਾ ਦੇ ਵੇਰਵਿਆਂ ਦੇ ਆਡੀਓ ਤੇ ਵੀਡੀਓ ਸਬੂਤ ਵੀ ਸਾਡੇ ਕੋਲ ਮੌਜੂਦ ਹਨ।