ਸੋਸ਼ਲ ਡਿਸਟੈਂਸਿੰਗ ਅਤੇ ਕੰਮੀਆਂ ਦਾ ਵਿਹੜਾ
Posted on:- 08-04-2020
-ਫਾਜ਼ਲਪੁਰ , ਜਲੰਧਰ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ
ਸਿਰ ਤੇ ਖੌਫ ਦੇ ਪਹਿਰੇ ਲੱਗੇ
ਕਿਸਰਾਂ ਜਸ਼ਨ ਮਨਾਵਾਂ
ਫੁੱਲ ਕਦੇ ਨਹੀਂ ਖਿੜਦੇ ਵੇਖੇ
ਲੋਕਾਂ ਵਿੱਚ ਖਿਜ਼ਾਵਾਂ
ਬੁੱਲਾਂ ਉੱਤੇ ਕਿੰਜ ਲਿਆਵਾਂ
ਬਦੋਬਦੀ ਮੈਂ ਹਾਸੇ
ਕਣੀਆਂ ਨਾਲ ਕਦੇ ਨਹੀਂ ਮੁੱਕੇ
ਲੱਗੇ ਹੋਏ ਚੁਮਾਸੇ
ਅੰਦਰ ਬਾਹਰ ਘੁੱਪ ਹਨੇਰਾ
ਮੱਥੇ ਕਿੰਝ ਲਿਸ਼ਕਾਵਾਂ।
ਸਿਰ ਤੇ ਖੌਫ ਦੇ ਪਹਿਰੇ ਲੱਗੇ
ਕਿਸਰਾਂ ਜਸ਼ਨ ਮਨਾਵਾਂ
ਅੱਜ ਕਰੋਨਾ ਨਾਮ ਦੇ ਅਦਿੱਖ ਦੈਂਤ ਕਰਕੇ ਮਨੁੱਖਤਾ ਲਈ ਜੋ ਸੰਕਟ ਦੀ ਘੜੀ ਆਣ ਪਈ ਹੈ, ਉਸ ਨੇ ਨਪੀੜਿਆ ਤਾਂ ਹਰ ਵਰਗ ਨੂੰ ਹੈ, ਪਰ ਜੋ ਬਹਦਾਲੀ ਕਿਰਤੀ ਵਰਗ ਚ ਛਾਅ ਗਈ ਹੈ , ਉਹਦੇ ਚੁਮਾਸੇ ਦਾਨ ਦੀਆਂ ਕਣੀਆਂ ਨਾਲ ਨਹੀਂ ਮੁੱਕਣ ਵਾਲੇ।ਹਰ ਦਿਨ ਚੜ੍ਹਦੇ ਸੂਰਜ ਨਾਲ ਕਿਰਤ ਲਈ ਨਿਕਲਣ ਪੈਣ ਤੇ ਤਾਰਿਆਂ ਦੀ ਛਾਵੇਂ ਵਾਪਸ ਪਰਤਣਾ ਕਾਨਿਆਂ ਦੀਆਂ ਕੁੱਲੀਆਂ ਚ.. ਸੱਚੀ ਸੁੱਚੀ ਕਿਰਤ ਦੀ ਮਿਠਾਸ ਵਾਲੀ ਰੁੱਖੀ ਮਿੱਸੀ ਜੋ ਵੀ ਹੋਣਾ, ਢਿੱਡ ਨੂੰ ਝੁਲਕਾ ਦੇ ਲੈਣਾ। ਨਾ ਕੋਈ ਬਿਜਲੀ ਬੱਤੀ, ਨਾ ਕੋਈ ਮੋਮਬੱਤੀ, ਬੱਸ ਕੁਦਰਤ ਦਾ ਚਾਨਣ ਤੇ ਕੁਦਰਤ ਦਾ ਹਨੇਰ.. ਇਹੀ ਇਹਨਾਂ ਕਿਰਤੀਆਂ ਦੀ ਜ਼ਿੰਦਗੀ ਹੈ, ਜੋ ਅੱਜ ਰੁਕ ਗਈ ਹੈ, ਸਿਰਫ ਰੁਕੀ ਹੀ ਨਹੀਂ, ਇਹਦੇ ਤਾਂ ਸਾਹ ਹੀ ਸੂਤੇ ਗਏ ਨੇ।
ਆਓ ਕਪੂਰਥਲਾ ਕੋਲ ਪੈਂਦੇ ਪਿੰਡ ਫਾਜ਼ਲਪੁਰ ਚਲਦੇ ਹਾਂ, ਜਿਥੇ ਇਕ ਜਗਾ ਸੜਕ ਦੇ ਕਿਨਾਰੇ ਸਰਕਾਰੀ ਤੇ ਪੰਚਾਇਤੀ ਜ਼ਮੀਨ ਚ ਅਠਾਰਾਂ ਕਿਰਤੀ ਪਰਿਵਾਰ ਝੁੱਗੀਆਂ ਬਣਾ ਕੇ ਵਸੇ ਹੋਏ ਨੇ, ਦਹਾਕਿਆਂ ਤੋਂ ਇਹੀ ਇਹਨਾਂ ਦੀ ਹੋਣੀ ਹੈ। ਨਿਆਣੇ, ਸਿਆਣੇ, ਔਰਤਾਂ, ਕੁੜੀਆਂ, ਕੁੱਲ ਮਿਲਾ ਕੇ ਅੱਸੀ ਦੇ ਕਰੀਬ ਜੀਅ ਹਨ। ਆਮ ਕਰਕੇ ਔਰਤਾਂ ਖੇਤਾਂ ਚ ਦਿਹਾੜੀ ਕਰਦੀਆਂ ਨੇ, ਤੇ ਮਰਦ ਪੱਲੇਦਾਰੀ। ਬਜ਼ੁਰਗ ਔਰਤਾਂ ਘਰੇ ਨਿੱਕੇ ਨਿਆਣੇ ਸੰਭਾਲਦੀਆਂ ਨੇ, ਮਰਦ ਸੁੱਕੇ ਤਾਂਬੜ ਵਾਲੀਆਂ ਪੰਜ-ਛੇ ਗਊਆਂ।
ਕੁਝ ਬੱਚੇ ਪੜ੍ਹਦੇ ਵੀ ਨੇ, ਇਹਨਾਂ ਕਿਰਤੀਆਂ ਦਾ ਆਮ ਕਰਕੇ ਚੜ੍ਹਦੇ ਦਿਨ ਤੋਂ ਰਾਤ ਤੱਕ ਊਰੀ ਵਾਂਗ ਘੁਕੀ ਜਾਣਾ, ਇਹੀ ਜ਼ਿੰਦਗੀ ਹੈ, ਪਰ ਕਰੋਨਾ ਦੇ ਸੰਕਟ ਨੇ ਇਹਨਾਂ ਦੀ ਜ਼ਿੰਦਗੀ ਵਾਲੀ ਤੰਦ ਤਕਲੇ ਤੋਂ ਲਾਹ ਸੁੱਟੀ ਹੈ। ਜਿਸ ਦਿਨ ਦਾ ਜਨਤਾ ਕਰਫਿਊ ਲੱਗਿਆ ਹੈ, 22 ਮਾਰਚ ਦਾ, ਓਸ ਦਿਨ ਤੋਂ ਇਹਨਾਂ ਦੇ ਸਾਰੇ ਕੰਮ ਠੱਪ ਹੋ ਗਏ ਨੇ, ਅੱਜ ਦੋ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਇਹ ਸਾਰੇ ਕਿਰਤੀ ਹੱਥ, ਵਿਹਲੇ.. ਹੱਥ ਤੇ ਹੱਥ ਧਰੀ ਬਹਿਣ ਨੂੰ ਮਜਬੂਰ ਹੋ ਗਏ ਨੇ, ਮੁਲਕ ਦੇ ਕਰੋਡ਼ਾਂ ਨਿੱਤ ਦੀ ਕਮਾਅ ਕੇ ਖਾਣ ਵਾਲੇ ਕਿਰਤੀਆਂ ਵਾਂਗ।
ਲੌਕ ਡਾਊਨ ਤੋਂ ਬਾਅਦ ਪਹਿਲੇ ਦੋ ਤਿੰਨ ਦਿਨਾਂ ਵਿੱਚ ਇਹਨਾਂ ਅਠਾਰਾਂ ਪਰਿਵਾਰਾਂ ਕੋਲ ਜੋ ਸੁੱਕੀ ਰਸਦ ਸੀ,ਉਹ ਖਾਧੀ ਗਈ,ਫੇਰ ਹਾਲ ਬੁਰੇ ਹੋ ਗਏ, ਤੇ ਦਿਨ ਬ ਦਿਨ ਬਦਤਰ ਹੁੰਦੇ ਗਏ। ਲੌਕਡਾਊਨ ਦੇ ਛੇਵੇਂ ਦਿਨ ਫਾਜ਼ਲਪੁਰ ਦੇ ਸਰਪੰਚ ਨੇ ਸਾਰੇ ਪਰਿਵਾਰਾਂ ਨੂੰ ਕੁਝ ਰਸਦ ਵੰਡੀ, ਪਰ ਉਹ ਵੀ ਤਿੰਨ ਦਿਨ ਹੀ ਚੱਲੀ, ਅੱਜ ਇਹਨਾਂ ਪਰਿਵਾਰਾਂ ਕੋਲ ਕੁਝ ਵੀ ਨਹੀ ਹੈ। ਨਾ ਆਟਾ, ਨਾ ਦਾਲ, ਨਾ ਚੌਲ, ਨਾ ਮਿੱਠਾ, ਨਾ ਪੱਤੀ, ਨਾ ਸਾਬਣ ਸੋਢਾ.. ਜੋ ਬਣਿਆ ਲੰਗਰ ਆਉਂਦਾ ਹੈ, ਉਹਦੇ ਨਾਲ ਇਹ ਡੰਗ ਟਪਾਈ ਕਰ ਰਹੇ ਨੇ, ਵੱਖ ਵੱਖ ਸੰਸਥਾਵਾਂ ਦਾ ਲੰਗਰ ਪਰਿਵਾਰਾਂ ਦੇ ਹਿਸਾਬ ਨਾਲ ਪੈਕ ਹੋ ਕੇ ਆ ਰਿਹਾ ਹੈ, ਕਈ ਵਾਰ ਇਕ ਜੀਅ ਦੇ ਹਿੱਸੇ ਇਕ ਪੂਰੀ ਰੋਟੀ ਵੀ ਨਹੀ ਆਉਂਦੀ। ਸੰਗ ਦੇ ਮਾਰੇ ਇਹ ਵਾਧੂ ਲੰਗਰ ਦੀ ਡਿਮਾਂਡ ਨਹੀਂ ਕਰਦੇ। ਕੁਝ ਪਰਿਵਾਰਾਂ ਕੋਲ ਪਸ਼ੂਆਂ ਲਈ ਜਮਾਂ ਕਰਕੇ ਰੱਖੇ ਖਰਾਬ ਹੋਏ ਚੌਲ ਤੇ ਕਣਕ ਪਏ ਨੇ, ਭੁੱਖ ਨਾਲ ਝਗੜਦੇ ਢਿੱਡ ਉਹੀ ਸੁਸਰੀ ਲੱਗੇ ਚੌਲ, ਕਣਕ ਉਬਾਲ ਕੇ ਖਾ ਲੈਂਦੇ ਨੇ। ਦੁੱਧ ਮੂੰਹੇਂ ਬੱਚਿਆਂ ਨੂੰ ਵਰਚਾਉਣਾ ਸਚਮੁਚ ਬੇਹੱਦ ਔਖਾ ਹੈ, ਪਿੰਜਰ ਵਰਗੇ ਜਿਸਮਾਂ ਤੇ ਲਟਕਦੀਆਂ ਸੁੱਕੀਆਂ ਛਾਤੀਆਂ ਚਰੂੰਡਦੇ ਜੁਆਕਾਂ ਦੀ ਭੁੱਖ ਪੂਰੀ ਨਹੀ ਹੁੰਦੀ, ਉਹ ਵਿਲਕਦੇ, ਮਾਂਵਾਂ ਦੀਆਂ ਛਾਤੀਆਂ ਤੇ ਚੱਕ ਵੱਢਦੇ ਨੇ, ਮਾਵਾਂ ਥਾਫੜ ਸੁੱਟਦੀਆਂ ਨੇ, ਭੁੱਖ ਮਮਤਾ ਨਾਲੋਂ ਕਿਤੇ ਵੱਡੀ ਹੈ ਸਾਹੇਬ। ਇਹਨਾਂ ਬੱਚਿਆਂ ਦੀ ਗਿਣਤੀ 7-8 ਹੈ।
ਫਾਜ਼ਲਪੁਰ ਦੀਆਂ ਇਹਨਾਂ ਝੁੱਗੀਆਂ ਨਾਲ ਜਿਵੇਂ ਰੱਬ ਰੁਸਿਆ ਹੋਵੇ, ਹਰ ਇਕ ਦਾ ਆਪਣਾ ਦਰਦ ਹੈ, ਮਰਦ ਕੰਮ ਨਾ ਮਿਲਣ ਤੋਂ ਦੁਖੀ ਨੇ, ਭੁਖੇ ਵਿਲਕਦੇ ਜੁਆਕਾਂ ਨੂੰ ਕੁੱਟਦੀਆਂ ਜ਼ਨਾਨੀਆਂ ਨਾਲ ਹਰ ਵਕਤ ਦਾ ਕਲੇਸ਼ ਹੋਣ ਲੱਗਿਆ ਹੈ। ਬੱਚਿਆਂ ਨੂ ਢਿੱਡ ਭਰ ਰੋਟੀ ਨਹੀਂ ਮਿਲਦੀ, ਗੋਦੀ ਵਾਲੇ ਜਵਾਕਾਂ ਨੂੰ ਦੁੱਧ ਨਹੀਂ ਮਿਲਦਾ, ਮਾਰੂ ਚਾਹ ਨਾਲ ਉਹਨਾਂ ਦੇ ਪੇਟ ਖਰਾਬ ਹੋ ਚੁਕੇ ਨੇ, ਵਾਰ ਵਾਰ ਟੱਟੀਆਂ ਧੋਂਦੀਆਂ ਮਾਵਾਂ ਦਾ ਗੁੱਸਾ ਹੋਰ ਭੜਕਦਾ ਹੈ, ਜਦੋਂ ਸਾਬਣ ਦੀ ਚਾਕੀ ਮੁੱਕ ਜਾਂਦੀ ਹੈ।
ਜ਼ਨਾਨੀਆਂ ਦਾ ਦਰਦ ਹੈ ਕਿ ਉਹ ਸਵੇਰੇ ਜੰਗਲ ਪਾਣੀ ਲਈ ਖੇਤਾਂ ਵੱਲ ਜਾਂਦੀਆਂ ਨੇ, ਤਾਂ ਜ਼ਿੰਮੀਦਾਰ ਡੰਡੇ ਫੜੀ ਖਲੋਤੇ ਟੱਕਰਦੇ ਨੇ, ਗੰਦੀਆਂ ਗਾਲਾਂ ਕਢਦੇ ਨੇ, ਬਿਮਾਰੀ ਦੇ ਜਣੇ ਸੱਦਦੇ ਨੇ, ਗੰਦੀ ਕਤੀੜ੍ਹ ਸੱਦਦੇ ਨੇ, ਆਖਦੇ ਨੇ- ਸਾਨੂੰ ਵੀ ਬਿਮਾਰ ਕਰਨੈ, ਦਫਾ ਹੋਵੇ, ਕਿਤੇ ਹੋਰ ਜਾ ਕੇ ਮਰੋ।
ਲਕਸ਼ਮੀ ਦੱਸਦੀ ਹੈ, ਮੈਡਮ ਜੀ ਜਦੋਂ ਅਸੀਂ ਇਹਨਾਂ ਦੇ ਖੇਤਾਂ ਚ ਕੰਮ ਕਰਦੇ ਹਾਂ, ਮੀਂਹ, ਕਣੀ, ਸਰਦੀ ਗਰਮੀ, ਉਦੋਂ ਤਾਂ ਅਸੀਂ ਬਿਮਾਰੀ ਨਹੀਂ ਫੈਲਾਉਂਦੇ, ਨਾ ਗੰਦੀ ਕਤੀੜ ਹੁੰਦੇ ਆਂ.. ਅੱਜ ਕੀ ਹੋ ਗਿਆ?
ਲਕਸ਼ਮੀ ਦੇ ਸਵਾਲ ਦਾ ਜੁਆਬ ਮੇਰੇ ਕੋਲ ਤਾਂ ਹੈ ਨਹੀਂ ਸੀ, ਸਿਰਫ ਏਨਾ ਹੀ ਸਮਝਾਉਣ ਦਾ ਯਤਨ ਕੀਤਾ ਕਿ ਇਹ ਲਾਗ ਦੀ ਬਿਮਾਰੀ ਹੈ, ਨੱਕ ਰਾਹੀਂ ਨਹੀ, ਕੰਨਾਂ ਰਾਹੀਂ ਵੀ ਫੈਲ ਰਹੀ ਹੈ, ਨਫਰਤ ਦੀ ਲਾਗ.. ।
ਪਸ਼ੂਆਂ ਲਈ ਕੱਖ ਕੰਡਾ ਸੱਦ ਸੱਦ ਕੇ ਵਢਵਾਉਣ ਵਾਲੇ ਜ਼ਿਮੀਦਾਰ ਅੱਜ ਇਹਨਾਂ ਕਿਰਤੀਆਂ ਨੂੰ ਖੇਤਾਂ ਦੀ ਵੱਟ ਤੇ ਚੜ੍ਹਨ ਦੇਣਾ ਤਾਂ ਦੂਰ, ਪਹੀ ਦੇ ਨੇੜੇ ਵੀ ਫਟਕਣ ਨਹੀਂ ਦੇ ਰਹੇ। ਇਹ ਚੋਰੀ ਛੁਪੋਰੀ ਕਿਤੋਂ ਕੱਖ ਖੋਤ ਕੇ ਲੈ ਆਉਂਦੇ ਨੇ। ਜੰਗਲਪਾਣੀ ਵੀ ਰਾਤ ਦੇ ਹਨੇਰੇ ਚ ਲੁਕ ਕੇ ਜਾਣਾ ਪੈ ਰਿਹਾ ਹੈ।
ਲਕਸ਼ਮੀ ਦੱਸਣ ਲੱਗੀ ਕਿ ਮੈਡਮ ਜੀ ਸਾਡੇ ਜੁਆਕ ਬਹੁਤ ਬਿਮਾਰ ਨੇ, ਟੱਟੀਆਂ ਨਾਲ, ਬੁਖਾਰ ਨਾਲ ਬੁਰਾ ਹਾਲ ਹੈ, ਅਸੀਂ ਤਾਂ ਸਾਰ ਲੈਂਨੇ ਆਂ, ਪਰ ਇਹਨਾਂ ਲਈ ਕੁਝ ਕਰੋ.. ਕਿਤੋਂ ਗੋਲੀਆਂ ਲਿਆ ਕੇ ਦਿਓ।
ਲਕਸ਼ਮੀ ਨੂੰ ਮੈਂ ਆਪਣੇ ਜਾਣੀ ਤਾਂ ਬੋਬੋ ਵਾਂਗ ਸਿਆਣੀ ਸਲਾਹ ਦਿੱਤੀ ਕਿ ਕਿਸੇ ਡਾਕਟਰ ਕੋਲ ਲੈ ਕੇ ਜਾਓ. ਆਏਂ ਕਿਵੇਂ ਜਵਾਕਾਂ ਨੂੰ ਗੋਲੀ ਦੇ ਦੇਈਏ.. ਤਾਂ ਉਹ ਫਿਸ ਪਈ, ਤੁਸੀਂ ਕੀ ਸੋਚਿਆ ਅਸੀਂ ਡਾਕਟਰ ਕੋਲ ਗਏ ਨੀ?? ਸਾਨੂੰ ਕੋਈ ਡਾਕਟਰ ਨਹੀਂ ਦੇਖਦਾ, ਹੁਣ ਤਾਂ ਦੂਰੋਂ ਈ ਹੱਥ ਮਾਰ ਮਾਰ ਪਰਾਂ ਕਰਨ ਲੱਗ ਪਏ ਨੇ ..। ਨਜ਼ਦੀਕੀ ਪਿੰਡਾਂ ਦੇ ਆਰ ਐਮ ਪੀ ਡਾਕਟਰਾਂ ਬਾਰੇ ਦੱਸਣ ਲੱਗੀ, ਕਿ ਘੁੱਗਸ਼ੋਰ ਪਿੰਡ ਲੈ ਕੇ ਗਏ ਤਾਂ ਡਾਕਟਰ ਨੇ ਚਾਰ ਕਦਮ ਦੂਰੋਂ ਹੀ ਗਾਲਾਂ ਦੀ ਵਾਛੜ ਕਰਦਿਆਂ ਸਾਨੂੰ ਭਜਾ ਦਿੱਤਾ, ਪੱਤੜ ਕਲਾਂ ਲੈ ਕੇ ਗਏ ਤਾਂ ਓਥੇ ਵੀ ਡਾਕਟਰ ਆਂਹਦਾ- ਇਹਨਾਂ ਗੰਦ ਦੀਆਂ ਪੰਡਾਂ ਨੂੰ ਕੀਹਨੇ ਅੰਦਰ ਆਉਣ ਦਿੱਤਾ, ਕਰਤਾਰਪੁਰ ਲੈ ਕੇ ਗਏ ਤਾਂ ਮੇਨ ਚੌਕ ਚ ਖੜ੍ਹੇ ਨਾਕੇ ਵਾਲੇ ਸਿਪਾਹੀਆਂ ਨੇ ਡੰਡੇ ਦਿਖਾ ਕੇ ਵਾਪਸ ਮੋੜ ਦਿੱਤਾ ਕਿ ਜੇ ਮੁੜ ਇਧਰ ਨਜ਼ਰ ਆਏ ਤਾਂ ਪਰਚਾ ਕੱਟ ਕੇ ਅੰਦਰ ਬੰਦ ਕਰ ਦਿਆਂਗੇ।.. ਕੋਈ ਸਾਧਨ ਇਹਨਾਂ ਥੁੜ੍ਹਾਂ ਮਾਰਿਆਂ ਕੋਲ ਆਉਣ ਜਾਣ ਲਈ ਹੈ ਹੀ ਨਹੀਂ, ਬਿਮਾਰ ਬੱਚੇ ਨੂੰ ਕੁੱਛੜ ਚੁੱਕ ਕੇ ਨਾਲ ਦੇ ਪਿੰਡਾਂ ਚ ਕਈ ਕਈ ਕਿਲੋਮੀਟਰ ਤੂਰ ਕੇ ਡਾਕਟਰ ਕੋਲ ਤੇ ਕਰਤਾਰਪੁਰ ਸਿਵਲ ਹਸਪਤਾਲ ਤੱਕ ਲੈ ਕੇ ਜਾਣਾ, ਤੇ ਫੇਰ ਬਿਨਾ ਦਵਾ ਦਾਰੂ ਦੇ ਵਿਵਸਥਾ ਦੇ ਰਾਖਿਆਂ ਵਲੋਂ ਲਾਹ ਪਾਅ ਕਰਵਾ ਕੇ ਪਰਤ ਆਉਣਾ.. ਕਿੰਨਾ ਵੱਡਾ ਹਾਜ਼ਮਾ ਹੈ, ਮਿੱਟੀ ਦੇ ਜਾਏ ਕਿਰਤੀਆਂ ਦਾ, ਬਿਲਕੁਲ ਧਰਤੀ ਮਾਂ ਵਰਗਾ .. .. ਜਿੰਨੇ ਮਰਜ਼ੀ ਫੱਟ ਮਾਰੀ ਜਾਓ, ਅਸੀਂ ਸਿਰਫ ਦੇਣ ਲਈ ਹਾਂ..। ਇਥੋਂ ਦੇ ਬੱਚੇ ਮੁਹੰਮਦ ਸ਼ਾਹਿਦ ਨੇ ਦੱਸਿਆ ਕਿ ਜਦ ਲੌਕਡਾਊਨ ਦਾ ਰੌਲਾ ਪਿਆ ਸੀ ਤਾਂ ਇਕ ਦੋ ਵਾਰ ਸੈਨੇਟਾਈਜ਼ ਕਰਕੇ ਗਏ ਸੀ ਸਰਕਾਰੀ ਬੰਦੇ, ਉਦੋਂ ਬਾਅਦ ਸਾਡੀ ਕਿਸੇ ਨੇ ਬਾਤ ਨਹੀ ਪੁੱਛੀ, ਅਸੀਂ ਸਰਪੰਚ ਕੋਲ ਵੀ ਗਏ ਸੀ, ਪਰ ਉਹਨਾਂ ਨੇ ਕਿਹਾ ਕਿ ਬੱਸ ਆਪਣਾ ਬਚਾਅ ਹੀ ਰੱਖੋ, ਕਿਸੇ ਨੇ ਕੁਝ ਨਹੀ ਕਰਨਾ,.. ਸੋਸ਼ਲ ਡਿਸਟੈਂਸਿੰਗ। ਸ਼ਾਹਿਦ 12 ਵੀਂ ਜਮਾਤ ਦਾ ਵਿਦਿਆਰਥੀ ਹੈ, ਸੋਸ਼ਲ ਡਿਸਟੈਂਸਿੰਗ ਦੇ ਅਰਥ ਜਾਣਦਾ ਹੈ, ਪਰ ਗੁਰਬਤ ਦੀ ਘੋਟ ਚ ਸਰੀਰਕ ਵਿੱਥਾਂ ਕਿਥੇ ਬਚੀਆਂ ਰਹਿ ਸਕਦੀਆਂ ਨੇ। ਸੱਤ-ਅੱਠ ਫੁੱਟ ਦੀ ਝੁੱਗੀ ਚ ਪੰਜ ਛੇ ਜਣੇ ਗੁਜ਼ਰ ਬਸਰ ਕਰਦੇ ਨੇ।ਉਹ ਦੱਸਦਾ ਹੈ ਕਿ ਸਾਡੇ ਇਥੇ ਮੱਛਰ ਬਹੁਤ ਹੈ, ਕੰਮ ਨਹੀਂ ਹੈ, ਪੈਸੇ ਨਹੀ, ਮੱਛਰਦਾਨੀਆਂ ਨਹੀ, ਜੀਹਦੇ ਕਰਕੇ ਬੁਖਾਰ ਹਰੇਕ ਨੂੰ ਹੋ ਰਿਹਾ ਹੈ। ਪਰ ਦਵਾਈ ਕਿਤੋਂ ਨਹੀਂ ਮਿਲ ਰਹੀ। ਇਹਨਾਂ ਅਠਾਰਾਂ ਪਰਿਵਾਰਾਂ ਲਈ ਇਕ ਹੀ ਨਲਕਾ ਹੈ, ਜੋ ਪੰਚਾਇਤੀ ਜਮ਼ੀਨ ਚ ਲੱਗਿਆ ਹੋਇਆ ਹੈ, ਓਥੇ ਹੀ ਬੰਦੇ, ਜਨਾਨੀਆਂ, ਮੁਟਿਆਰਾਂ, ਜਵਾਕ ਨਹਾਉਂਦੇ ਨੇ, ਕੋਈ ਓਟ ਨਹੀਂ, ਪੱਲੀਆਂ ਤਾਣ ਲੈਂਦੀਆਂ ਹੋਣਗੀਆਂ ਸ਼ਾਇਦ.. ਮੈਂ ਅੰਦਾਜ਼ਾ ਹੀ ਲਾਉਂਦੀ ਹਾਂ। ਇਥੇ ਦੇ ਬੱਚਿਆਂ ਦੀਆਂ ਪੜ੍ਹਨ ਲਈ ਜ਼ਰੂਰਤਾਂ ਅਸੀਂ ਕੁਝ ਸਾਥੀ ਪੂਰੀਆਂ ਕਰਦੇ ਹਾਂ, ਤਾਂ ਕਰਕੇ ਇਹਨਾਂ ਪਰਿਵਾਰਾਂ ਨੂੰ ਲੱਗਿਆ ਕਿ ਸ਼ਾਇਦ ਅੱਜ ਜਦ ਸਾਰਾ ਕੁਝ ਬੰਦ ਹੈ ਤਾਂ ਕੋਈ ਮਦਦ ਦੀ ਮੁੱਠ ਲੈ ਕੇ ਮੈਂ ਵਾਰਨ ਲਈ ਹੀ ਆਈ ਹਾਂ, ਉਹ ਸਿਫਾਰਸ਼ਾਂ ਦੇ ਢੇਰ ਲਾ ਰਹੇ ਨੇ, ਛੋਟੇ ਬੱਚਿਆਂ ਲਈ ਸੁੱਕਾ ਦੁੱਧ ਲੈ ਦਿਓ, ਟੱਟੀਆਂ ਵਾਲੇ ਲੀੜੇ ਇਕੱਲੇ ਪਾਣੀ ਨਾਲ ਕਿਵੇਂ ਸਾਫ ਕਰੀਏ, ਸਾਬਣ ਲੈ ਦਿਓ, ਆਟਾ ਦਾਲ ਚੌਲ, ਮਿੱਠਾ ਪੱਤੀ.. ਕਾਵਾਂ ਰੌਲੀ ਚ ਹੋਰ ਕਈ ਕੁਝ ਦਾ ਘਚੌਲਾ ਜਿਹਾ ਪੈ ਗਿਆ। ਲਕਸ਼ਮੀ ਮੱਛਰ ਦੀ ਖਾਧੀ ਗਰਦਨ ਦਿਖਾ ਕੇ ਆਂਹਦੀ ਮੱਛਰਦਾਨੀਆਂ ਨਾ ਮਿਲੀਆਂ ਤਾਂ ਅਸੀਂ ਮਲੇਰੀਏ ਨਾਲ ਈ ਮਰ ਜਾਵਾਂਗੇ..।ਉਹ ਡੁਸਕਣ ਲੱਗ ਗਈ . . ਅੰਮਾ ਕੋਈ ਨਾ.. ਜੇ ਮਲੇਰੀਏ ਨਾਲ ਮਰ ਗਈ, ਸ਼ੁਕਰ ਕਰਾਂਗੇ ਬਈ ਤੂੰ ਕਰੋਨਾ ਨਾਲ ਨੀ ਮਰੀ .. ਮੇਰੇ ਏਸ ਮਜ਼ਾਕ ਤੇ ਪੜ੍ਹਾਕੂ ਬੱਚੇ ਖਿੜਖਿੜਾ ਕੇ ਹੱਸ ਪਏ, ਬਾਕੀ ਸੋਚਾਂ ਚ ਗੁਆਚੇ ਕਿਸੇ ਚਮਤਕਾਰੀ ਝੋਲੇ ਚੋਂ ਨਿਆਮਤਾਂ ਦੀ ਬਾਰਿਸ਼ ਦੀ ਉਡੀਕ ਵਾਂਗ ਮੇਰੇ ਵੱਲ ਦੇਖਦੇ ਰਹੇ ਕਿ ਮੈਂ ਕੀ ਵਾਅਦਾ ਕਰਕੇ ਜਾਵਾਂਗੀ। ਦਾਲ ਚੌਲ ਹੀ ਲਿਆ ਦਿੰਦੇ .. ਕੋਈ ਨੱਪੀ ਜਿਹੀ ਅਵਾਜ਼ ਸੁਣੀ.. ਬੱਚਿਆਂ ਲਈ ਦਿੱਤੀਆਂ ਵਾਧੂ ਕਾਪੀਆਂ, ਪੈਨ ਪੈਨਸਲਾਂ ਮੋੜ ਦੇਣ ਵਾਲੇ ਕਿਰਤੀ ਅੱਜ ਭਿਖਾਰੀ ਬਣਾ ਦਿੱਤੇ ਗੰਦੀ ਵਿਵਸਥਾ ਨੇ। ਇਕ ਹਉਕਾ ਭਰ ਤੇ ਚੀਸ ਜਿਹੀ ਨਾਲ ਪਰਤਣ ਲੱਗੀ ਤਾਂ ਝੁੱਗੀਆਂ ਦੇ ਬਾਹਰ ਸਾਫ ਸੁਥਰੀ ਥਾਂ ਤੇ ਬਣਾਏ ਓਪਨ ਏਅਰ ਮੰਦਰ ਚ ਖੜ੍ਹੇ ਭਗਵਾਨ ਹਨੂਮਾਨ ਜੀ ਬੇਵੱਸ ਜਿਹੇ ਸੋਚੀਂ ਪਏ ਹੋਏ ਜਾਪੇ, ਜਿਵੇਂ ਕਹਿ ਰਹੇ ਹੋਣ, ਬੰਦਿਆ ਮਸਲਾ ਹੁਣ ਮੇਰੇ ਵੀ ਵੱਸ ਦਾ ਨਹੀਂ .. .. ਪਰ ਕੀ ਵਾਕਿਆ ਹੀ ਇਹ ਮਸਲਾ ਕਿਸੇ ਦੇ ਵੱਸ ਦਾ ਨਹੀਂ?? ਕੋਈ ਵਿਵਸਥਾ ਤਾਂ ਹੋ ਜਾਂਦੀ ਕਿ ਲੌਕਡਾਊਨ ਚ ਕੋਈ ਢਿੱਡ ਭੁੱਖਾ ਨਾ ਰਹਿੰਦਾ, ਦਵਾ ਦਾਰੂ ਬਿਨਾਂ ਨਾ ਤੜਪਦਾ। ਧਾਰਮਿਕ ਤੇ ਸਮਾਜਿਕ ਸੰਸਥਾਵਾਂ ਲੰਗਰ ਪੁਚਾ ਰਹੀਆਂ ਨੇ, ਭੁੱਖ ਨਾਲ ਵਿਲਕਦੀਆਂ ਕੰਮੀਆਂ ਦੇ ਵਿਹੜੇ ਦੀਆਂ ਆਂਦਰਾਂ ਕੁਝ ਚਿਰ ਲਈ ਵਰਚ ਜਾਂਦੀਆਂ ਨੇ, ਪਰ ਇਸ ਸਾਰੇ ਕਾਸੇ ਚੋਂ ਹਾਕਮ ਗੈਰਹਾਜ਼ਰ ਹੈ, ਪੂਰੀ ਤਰਾਂ ਗੈਰ ਹਾਜ਼ਰ।ਮੇਰਾ ਕੰਮ ਸੀ ਸ਼ੀਸ਼ਾ ਧਰਨਾ
ਸ਼ੀਸ਼ਾ ਧਰ ਕੇ ਮੁੜਿਆ ਵਾਂ
ਬੁਜਦਿਲ ਨਾਲੋਂ ਫੇਰ ਵੀ ਚੰਗਾ
ਕੁਝ ਤੇ ਕਰਕੇ ਮੁੜਿਆਂ ਵਾਂ