Thu, 21 November 2024
Your Visitor Number :-   7255823
SuhisaverSuhisaver Suhisaver

ਲੰਗਰ ਸੇਵਾ : ਸੱਚੋ ਸੱਚ -ਅਮਨਦੀਪ ਹਾਂਸ

Posted on:- 05-04-2020

suhisaver

ਕਪੂਰਥਲਾ ਤੋਂ ਸ਼ੀਸ਼ਾ ਵਿਖਾਉਂਦੀ ਇੱਕ ਵਿਸ਼ੇਸ਼ ਰਿਪੋਰਟ

ਅੱਜ ਕੋਰੋਨਾ ਮਹਾਮਾਰੀ ਨਾਲ ਚੱਲ ਰਹੀ ਜੰਗ ਚ ਵਿਸ਼ਵ ਭਰ ਦੇ ਇਨਸਾਨੀਅਤ ਨੂ ਪਿਆਰਨ ਵਾਲੇ ਲੋਕ ਸੇਵਾ ਦੇ ਸੰਕਲਪ ਉੱਤੇ ਅਮਲ ਕਰ ਰਹੇ ਨੇ, ਕਰੋੜਾਂ ਲੋਕ ਲੌਕਡਾਊਨ ਚ ਗਏ ਨੇ, ਅੰਤਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ।

ਭਾਰਤ ਦੀ ਵੀ ਸਾਰੀ ਵੱਸੋਂ ਲੌਕਡਾਊਨ ਚ ਘਿਰੀ ਹੈ। ਮੁਲਕ ਦੀ ਹਕੂਮਤ ਅਤੇ ਸੂਬਿਆਂ ਦੀਆਂ ਹਕੂਮਤਾਂ ਵਲੋਂ ਦਾਅਵੇ ਤਾਂ ਇਹ ਕੀਤੇ ਜਾ ਰਹੇ ਨੇ ਕਿ ਸਂਕਟ ਮਾਰੇ ਅਵਾਮ ਲਈ ਸਭ ਲੋੜਾਂ ਉਹਨਾਂ ਦੇ ਦਰ ਤੇ ਪੂਰੀਆਂ ਕੀਤੀਆਂ ਜਾਣਗੀਆਂ , ਪਰ ਅਜਿਹਾ ਕੁਝ ਖਾਸ ਨਹੀਂ ਹੋ ਰਿਹਾ, ਜ਼ਮੀਨੀ ਹਕੀਕਤ ਇਹ ਹੈ ਕਿ ਲੋਕਾਂ ਨੇ ਹੀ ਪੀੜਾਂ ਮਾਰੇ ਲੋਕਾਂ ਦੀ ਬਾਂਹ ਫੜੀ ਹੈ, ਆਪੋ ਆਪਣੇ ਅਕੀਦੇ ਦੀ ਛਤਰ ਛਾਇਆ ਹੇਠ।

ਆਪਾਂ ਅੱਜ ਕਪੂਰਥਲਾ ਸ਼ਹਿਰ ਦੀ ਗੱਲ ਕਰਦੇ ਹਾਂ, ਜਿਥੇ ਮੁਲਕ ਦੇ ਬਾਕੀ ਹਿੱਸੇ ਵਾਂਗ ਲੌਕ ਡਾਊਨ ਕਾਰਨ ਥੁੜਾਂ ਮਾਰੇ, ਜੋ ਨਿੱਤ ਦੀ ਕਮਾ ਕੇ ਗੁਜ਼ਰ ਬਸਰ ਕਰਦੇ ਸਨ, ਮੰਦੇ ਹਾਲ ਹੋਏ ਪਏ ਨੇ, ਕਿਰਤ ਕਮਾਈ ਨਾਲ  ਸਬਰ ਸੰਤੋਖ ਦੀ ਰੁੱਖੀ ਮਿੱਸੀ ਖਾਣ ਵਾਲੇ, ਹਕੂਮਤ ਦੀ ਮਾੜੀ ਵਿਵਸਥਾ ਚ ਬੁਰੀ ਤਰ੍ਹਾਂ ਨਪੀੜੇ ਜਾ ਰਹੇ ਨੇ, ਨਾ ਦੋ ਵਕਤ ਦੀ ਰੋਟੀ, ਨਾ ਕੋਈ ਦਵਾ ਦਾਰੂ।

ਪਰ ਸ਼ੁਕਰ ਹੈ ਕਿ ਹਕੂਮਤਾਂ ਬਣਾਉਣ ਵਾਲੇ ਹਕੂਮਤਾਂ ਦੀ ਰਾਹ ਨਹੀਂ ਤੁਰਦੇ।

ਸ਼ਹਿਰ ਕਪੂਰਥਲਾ ਚ ਹਾਸ਼ੀਆਗਤ ਲੋਕਾਂ ਲਈ ਘਟੋ ਘਟ ਦੋ ਵਕਤ ਦੀ ਰੋਟੀ ਲਾਜ਼ਮੀ ਮੁਹੱਈਆ ਕਰਵਾਉਣ ਲਈ ਧਾਰਮਿਕ ਸੰਸਥਾਵਾਂ ਨੇ ਬੀੜਾ ਚੁਕਿਆ ਹੈ।
 ਪਹਿਲਾਂ ਗੱਲ ਕਰਦੇ ਹਾਂ, ਸਤ ਨਰਾਇਣ ਮੰਦਰ ਦੀ ਕਮੇਟੀ ਦੇ ਇਸ ਵੱਡੇ ਕਾਰਜ ਦੀ। ਕਮੇਟੀ ਦੇ ਨੁਮਾਇੰਦੇ ਸ੍ਰੀ ਨਰੇਸ਼ ਗੋਸਾਈਂ ਹੁਰਾਂ ਨੇ ਦੱਸਿਆ ਕਿ ਜਦ ਜਨਤਾ ਕਰਫਿਊ ਲੱਗਿਆ ਸੀ ਤਾਂ ਸਾਨੂੰ ਇਲਮ ਹੋ ਗਿਆ ਸੀ ਕਿ ਅੱਜ ਪੁਲਸ ਪਰਸ਼ਾਸਨ ਲਈ ਔਖ ਦੀ ਘੜੀ ਹੈ, ਥਾਣਿਆਂ ਚ, ਨਾਕਿਆਂ ਉੱਤੇ ਖਾਸ ਕਰਕੇ ਡਿਊਟੀ ਦੇ ਰਹੇ ਪੁਲਸ ਮੁਲਾਜਮ਼ਾਂ ਤੱਕ ਰੋਟੀ ਨਹੀਂ ਪੁੱਜਣੀ, ਤਾਂ ਕਮੇਟੀ ਨੇ ਸਾਰੇ ਥਾਣਿਆਂ, ਤੇ ਨਾਕਿਆਂ ਉਤੇ ਖਾਣਾ ਬਣਾ ਕੇ ਪੈਕ ਕਰਕੇ ਪੁਚਾਇਆ। ਅਸਲ ਚ ਅਜਿਹਾ ਕਰਕੇ ਲੌਕਡਾਊਨ ਦੀ ਚੱਲ ਰਹੀ ਤਿਆਰੀ ਦੇ ਮੱਦੇਨਜ਼ਰ ਮੰਦਰ ਦੀ ਕਮੇਟੀ ਨੇ ਪ੍ਰਸ਼ਾਸਨ ਨੂ ਇਸ਼ਾਰਾ ਕੀਤਾ ਸੀ ਕਿ ਮੁਸੀਬਤ ਦੀ ਘੜੀ ਭਗਵਾਨ ਦਾ ਦਰ ਖੁੱਲਾ ਹੈ। ਤੇ ਇਸ਼ਾਰਾ ਪ੍ਰਸ਼ਾਸਨ ਨੇ ਵੀ ਸਮਝ ਲਿਆ, ਜਿਉਂ ਹੀ ਲੌਕਡਾਊਨ ਦਾ ਐਲਾਨ ਹੋਇਆ, ਮੰਦਰ ਕਮੇਟੀ ਨਾਲ ਪ੍ਰਸ਼ਾਸਨਕ ਅਧਿਕਾਰੀਆਂ ਦੀ ਮੀਟਿੰਗ ਹੋਈ ਤੇ ਲਂਗਰ ਲੋੜਵੰਦਾਂ ਤੱਕ ਪੁਚਾਉਣ ਦੀ ਸਾਰੀ ਤਿਆਰੀ ਕਰ ਲਈ ਗਈ। ਪਰਸ਼ਾਸਨ ਨੇ ਵਲੰਟੀਅਰ ਦਿੱਤੇ, ਬਹੁਤੇ ਪੁਲਸ ਮੁਲਾਜ਼ਮ ਹਨ, ਉਹ ਬਣਿਆ ਹੋਇਆ, ਪੈਕ ਹੋਇਆ ਖਾਣਾ ਮੰਦਰ ਵਿਚੋਂ ਦੋ ਵਾਰ ਲੈ ਕੇ ਜਾਂਦੇ ਨੇ, ਸਵੇਰ ਤੇ ਦੁਪਹਿਰ ਦਾ। ਲੋੜਵੰਦਾਂ ਤੱਕ ਵਰਤਾਉਂਦੇ ਨੇ।
ਜਿਥੇ ਪਰਸ਼ਾਸਨ ਨਹੀਂ ਜਾਂਦਾ, ਓਥੇ ਮੰਦਰ ਕਮੇਟੀ ਆਪਣੇ ਸੇਵਾਦਾਰਾਂ ਨੂੰ ਖਾਣਾ ਦੇ ਕੇ ਭੇਜਦੀ ਹੈ।

ਕਪੂਰਥਲਾ ਸ਼ਹਿਰ ਸਾਰਾ, ਆਲੇ ਦੁਆਲੇ ਦੇ ਕਈ ਪਿੰਡਾਂ ਵਿਚ ਪੈਕ ਖਾਣਾ, ਜਿਸ ਚ ਰੋਟੀ ਸਬਜ਼ੀ, ਦਾਲ ਚੌਲ ਹੁੰਦੇ ਹਨ,  ਵਰਤਾਏ ਜਾਂਦੇ ਨੇ। ਮੰਦਰ ਕੰਪਲੈਕਸ ਦੇ ਅੰਦਰ ਬਣੀ ਰਸੋਈ ਚ ਸੋਸ਼ਲ ਡਿਸਟੈਂਸਿਂਗ ਦੇ ਪਰੋਟੋਕਾਲ ਨੂੰ ਪੂਰੀ ਤਰਾਂ ਅਪਣਾਇਆ ਜਾਂਦਾ ਹੈ, ਸਬਜੀ ਕੱਟਣ ਤੋਂ ਲੈ ਕੇ ਬਣਾਉਣ, ਆਟਾ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਤੱਕ ਤੇ ਫੇਰ ਪੈਕਿੰਗ ਲਈ ਵਲਂਟੀਅਰਾਂ ਚ ਇਕ ਇਕ ਮੀਟਰ ਦਾ ਫਾਸਲਾ, ਹਰੇਕ ਨੇ ਮਾਸਕ ਪਾਇਆ ਹੋਇਆ, ਵਾਰ ਵਾਰ ਹੱਥ ਧੋਣਾ, ਸਾਰਾ ਖਾਣਾ ਪੂਰੀ ਤਰਾਂ ਢਕ ਕੇ ਰਖਣਾ। ਇਥੇ ਸੌ ਸਵਾ ਸੌ ਦੇ ਕਰੀਬ ਵਲੰਟੀਅਰ ਸੇਵਾ ਦੇ ਰਹੇ ਨੇ, ਜੋ ਸਵੇਰੇ ਚਾਰ ਕੁ ਵਜੇ ਆਸ ਪਾਸ ਆਉਂਦੇ ਨੇ, ਵੀਹ ਪੱਚੀ ਦੀ ਸ਼ਿਫਟ ਚ, ਤੇ ਰਾਤ 9ਵਜੇ ਤੱਕ ਲੰਗਰ ਦੀ ਸੇਵਾ ਦਾ ਕੰਮ ਚਲਦਾ ਹੈ। ਇਕ ਹਜ਼ਾਰ ਬੰਦੇ ਦਾ ਖਾਣਾ ਬਣਨ ਤੋਂ ਲੈ ਕੇ ਅੱਜ ਛੇ ਹਜ਼ਾਰ ਤੋਂ ਵਧ ਪੈਕੇਟ ਤਿਆਰ ਹੋ ਰਹੇ ਨੇ। ਜਿਸ ਦਿਨ ਦਾ ਲੌਕਡਾਊਨ ਹੋਇਆ ਹੈ, ਓਸ ਦਿਨ ਦਾ ਖਾਲੂ ਪਿੰਡ ਚ ਕਿਰਤੀਆਂ ਦੇ ਚਾਰ ਪੰਜ ਸੌ ਜੀਆਂ ਦਾ ਇਕੱਠਾ ਖਾਣਾ ਇਥੋਂ ਜਾ ਰਿਹਾ ਹੈ। ਦਾਨੀ ਸੱਜਣ ਇਕੱਠੀ ਰਸਦ ਦੇ ਰਹੇ ਨੇ, ਜੇ ਕੋਈ ਪੈਸੇ ਦਿੰਦਾ ਹੈ ਤਾਂ ਰਸੀਦ ਦੇ ਦਿੱਤੀ ਜਾਂਦੀ ਹੈ।

 ਲੌਕਡਾਊਨ ਇਕ ਦੋ ਹਫਤੇ ਨਹੀਂ ਮਹੀਨੇ ਵੀ ਚੱਲ ਸਕਦਾ ਹੈ, ਕੀ ਮੰਦਰ ਕਮੇਟੀ ਏਨਾ ਲੰਮਾ ਸਮਾਂ ਸੇਵਾ ਲਈ ਤਿਆਰ ਹੈ, ਇਸ ਸਵਾਲ ਉਤੇ ਨਰੇਸ਼ ਗੋਸਾਈਂ ਹੁਰਾਂ ਨੇ ਬੇਹੱਦ ਭਾਵੁਕ ਹੁੰਦਿਆਂ ਕਿਹਾ ਕਿ ਅਸੀਂ ਕੀ ਹਾਂ,  ਕੁਝ ਨਹੀਂ, ਭਗਵਾਨ ਜੀ ਦੀ ਕਿਰਪਾ ਨਾਲ ਸਭ ਚੱਲਦਾ ਰਹੇਗਾ।  ਵੈਸੇ ਵੀ ਵਿਅਕਤੀਗਤ ਸੇਵਾ ਥੱਕਦੀ ਹੁੰਦੀ ਹੈ, ਇਹ ਭਾਈਚਾਰਕ ਕਾਰਜ ਹੈ, ਜੋ ਨਹੀਂ ਰੁਕੇਗਾ, ਕਮੇਟੀ ਪਰਧਾਨ ਅਸ਼ਵਨੀ ਜੀ ਦੀ ਅਗਵਾਈ ਚ ਅਸੀਂ ਪੂਰੀ ਵਾਹ ਲਾਵਾਂਗੇ, ਸੰਕਟ ਦੇ ਸਮੇਂ ਚ ਘੱਟੋਘਟ ਕੋਈ ਭੁੱਖੇ ਢਿੱਡ ਨਾ ਸੌਂਵੇ।

ਲੰਗਰ ਦੀ ਸੇਵਾ ਤੋਂ ਬਿਨਾਂ ਮੰਦਰ ਵਿਚ ਬਣਾਈ ਡਿਸਪੈਂਸਰੀ ਦੇ ਦਰ ਵੀ ਲੋਕਾਂ ਲਈ ਖੋਲ ਦਿੱਤੇ ਗਏ ਨੇ, ਪਹਿਲਾਂ ਤਾਂ ਸਿਰਫ ਮੰਦਰ ਦੀ ਡਿਸਪੈਂਸਟਰੀ ਚ ਡਾਕਟਰ ਕੋਲ ਆਉਂਦੇ ਮਰੀਜ਼ ਹੀ ਦਵਾ ਲੈ ਕੇ ਜਾਂਦੇ ਸਨ,ਪਰ ਹੁਣ ਜਿਥੇ ਵੀ ਲੰਗਰ ਜਾਂਦਾ ਹੈ, ਓਥੇ ਵਲਂਟੀਅਰ ਦੱਸ ਕੇ ਆਉਂਦੇ ਨੇ ਕਿ ਜੇ ਕਿਸੇ ਨੂ ਕਿਸੇ ਵੀ ਤਕਲੀਫ ਦੀ ਦਵਾਈ ਚਾਹੀਦੀ ਹੈ, ਭਾਵੇਂ ਕਿਸੇ ਵੀ ਡਾਕਟਰ ਦੀ ਪਰਚੀ ਹੋਵੇ ਤਾਂ ਮੰਦਰ ਵਾਲੀ ਡਿਸਪੈਂਸਰੀ ਤੋਂ ਲੈ ਸਕਦਾ ਹੈ, ਇਹ ਮੁਫਤ ਸੇਵਾ ਹੈ।

ਮੰਦਰ ਕੋਲ ਐਂਬੂਲੈਂਸ ਹੈ, ਕਮੇਟੀ ਨੇ ਪਰਸ਼ਾਸਨ ਨੂੰ ਇਹ ਵੀ ਆਫਰ ਕੀਤਾ ਹੈ ਕਿ ਲੋੜ ਪੈਣ ਤੇ ਕੋਰੋਨਾ ਦੇ ਸ਼ੱਕੀਆਂ ਜਾਂ ਮਰੀਜ਼ਾਂ ਲਈ ਐਂਬੂਲੈਂਸ, ਦਵਾਈਆਂ, ਜਿਸ ਵੀ ਤਰਾਂ ਦੀ ਮਦਦ ਦੀ ਲੋੜ ਹੋਵੇਗੀ, ਉਹ ਹਰ ਵੇਲੇ ਤਿਆਰ ਨੇ।

ਪਿਛਲੇ ਦਿਨੀ ਲੰਗਰ ਦੇ ਨਾਮ ਤੇ ਕੁਝ ਲੋਕ ਨਿੱਜੀ ਤੌਰ ਤੇ ਸਮਾਜ ਚ ਵਿਚਰ ਰਹੇ ਸਨ ਤੇ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ ਤਾਂ ਪਰਸ਼ਾਸਨ ਨੇ ਸਾਰੇ ਲੰਗਰ ਰੋਕ ਦਿਤੇ, ਸਿਰਫ ਮੁੱਖ ਤੌਰ ਤੇ ਸਤ ਨਰਾਇਣ ਮੰਦਰ ਤੇ ਰਾਧਾ ਸਵਾਮੀ ਸਤਿਸਂਗ ਘਰ ਦੇ ਲਂਗਰ ਹੀ ਚਲਦੇ ਰਹਿਣ ਦਿੱਤੇ, ਕੁਝ ਸਿਆਸੀ ਲੋਕਾਂ ਨੇ ਇਥੇ ਵੀ ਦਖਲਅਂਦਾਜੀ਼ ਦੀ ਕੋਿਸ਼ਸ਼ ਕੀਤੀ ਕਿ ਲਂਗਰ ਆਰਡਰ ਤੇ ਤਿਆਰ ਕਰੋ, ਪਰ ਮੰਦਰ ਕਮੇਟੀ ਨੇ ਸਾਫ ਕਿਹਾ ਕਿ ਇਹ ਕੋਈ ਹੋਟਲ ਨਹੀਂ ਹੈ, ਇਥੇ ਸਿਰਫ ਸੇਵਾ ਹੁੰਦੀ ਹੈ, ਅਸੀਂ ਪਰਸ਼ਾਸਨ ਜਾਂ ਲੀਡਰ ਦੇ ਆਰਡਰ ਉਤੇ ਲੰਗਰ ਨਹੀਂ ਤਿਆਰ ਕਰਾਂਗੇ, ਅਸੀਂ ਪੀੜਤ ਲੋਕਾਂ ਦੇ ਹਿਸਾਬ ਨਾਲ ਇਹ ਸੇਵਾ ਕਰਾਂਗੇ।

ਮੰਦਰ ਚ ਕੋਈ  ਲੋੜਵੰਦ ਵੀ ਆ ਕੇ ਲਂਗਰ ਛਕਦਾ ਹੈ, ਉਸ ਲਈ ਵੀ ਪੂਰੀ ਸਾਫ ਸਫਾਈ ਦਾ ਇੰਤਜਾ਼ਮ ਹੁੰਦਾ ਹੈ। ਰਾਤ ਨੂ ਸਾਰਾ ਕਾਰਜ ਨਿਪਟਾ ਕੇ ਹਰ ਰੋਜ਼ ਮੰਦਰ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ।

ਸਾਰੇ ਵਲੰਟੀਅਰਾਂ ਦੇ ਆਈ ਕਾਰਡ ਤੇ ਪਾਸ ਬਣਵਾਏ ਗਏ ਹਨ, ਤਾਂ ਜੋ ਕਿਸੇ ਨੂ ਆਉਣ ਜਾਣ ਚ ਦਿੱਕਤ ਨਾ ਆਵੇ।

ਇਸੇ ਤਰਾਂ ਹੀ ਡੇਰਾ ਰਾਧਾ ਸਵਾਮੀ ਬਿਆਸ ਦੀ ਅਗਵਾਈ ਹੇਠ ਸਤਿਸੰਗ ਘਰਾਂ ਚ ਲੰਗਰ ਸੇਵਾ ਚੱਲ ਰਹੀ ਹੈ, ਇਕ ਸਤਿਸੰਗ ਘਰ ਮਾਰਕਫੈਡ ਚੌਕ ਵਿਚ ਹੈ, ਜਿਥੇ ਸਵੇਰੇ ਇਕ ਹਜ਼ਾਰ ਤੋਂ ਪੰਦਰਾਂ ਸੌ ਵਿਅਕਤੀਆਂ ਦਾ ਖਾਣਾ ਬਣਦਾ ਹੈ, ਤੇ ਕਾਂਝਲੀ ਕੋਲ ਸਥਿਤ ਸਤਿਸੰਗ ਘਰ ਵਿਚ  ਸਾਢੇ ਚਾਰ ਹਜ਼ਾਰ ਦੇ ਕਰੀਬ ਲੋਕਾਂ ਦਾ ਖਾਣਾ ਬਣ ਕੇ ਪੈਕ ਹੁੰਦਾ ਹੈ, ਜਿਥੋਂ ਐਸ ਡੀ ਐਮ, ਐਸ ਐਸ ਪੀ, ਸਾਰੇ ਥਾਣਿਆਂ ਤੇ ਤਹਿਸੀਲਦਾਰ ਵਲੋਂ ਲਾਏ ਵਲਂਟੀਅਰ ਪੈਕ ਕੀਤਾ ਖਾਣਾ ਲੈ ਕੇ ਜਾਂਦੇ ਨੇ। ਇਥੇ ਵੀ ਸੌ ਸਵਾ ਸੌ ਵਲੰਟੀਅਰ ਸੇਵਾ ਨਿਭਾਅ ਰਹੇ ਨੇ, ਜੋ ਸ਼ਿਫਟਾਂ ਚ ਕੰਮ ਕਰਦੇ ਨੇ, ਸਵੇਰੇ ਚਾਰ ਵਜੇ ਤੋਂ ਸ਼ਾਮ ਛੇ ਵਜੇ ਤੱਕ ਸੇਵਾ ਚਲਦੀ ਹੈ।

 ਲੰਗਰ ਸੇਵਾ ਦੀ ਦੇਖ ਰੇਖ ਕਰ ਰਹੇ ਪਰਵੀਨ ਖੁਰਾਨਾ ਅਤੇ ਅਸ਼ੋਕ ਗੋਗਨਾ ਨੇ ਦਸਿਆ ਕਿ ਸੇਵਾ ਕਰਦਿਆਂ ਸਾਰੇ ਨਿਯਮ ਫਾਲੋਅ ਕਰ ਰਹੇ ਹਾਂ, ਤੇ ਸਚਮੁਚ ਸੋਸ਼ਲ ਡਿਸਟੈਸਿੰਗ ਦੇ ਜੋ ਨਿਯਮ ਇਥੇ ਮੰਨੇ ਜਾ ਰਹੇ ਨੇ, ਉਸ ਤਰੀਕੇ ਨਾਲ ਸ਼ਾਇਦ ਹੀ ਕੋਈ ਹੋਰ ਫਾਲੋਅ ਕਰ ਸਕੇ। ਸਾਰਾ ਕੁਝ ਕਵਰ ਏਰੀਏ ਚ ਬਣਦਾ, ਸਟੋਰ ਹੁੰਦਾ ਹੈ, ਰੋਟੀਆਂ ਵੇਲਣ ਵਾਲੀਆਂ, ਖਾਣਾ ਪੈਕ ਕਰਨ ਵਾਲੇ, ਸਬਜ਼ੀ ਕਟਣ ਵਾਲੇ ਪੂਰੀ ਤਰਾਂ ਮਾਸਕ ਪਾ ਕੇ, ਡੂਢ ਕੁ ਮੀਟਰ ਦੀ ਦੂਰੀ ਤੇ ਬੈਠ ਕੇ ਕਾਰਜ ਕਰਦੇ ਨੇ। ਬੱਸ ਦੇਖ ਕੇ ਹੀ ਅਨੁਸ਼ਾਸਨ ਦਾ ਪਤਾ ਲਗਦਾ ਹੈ। ਲਂਗਰ ਛਕਣ ਆਉਣ ਵਾਲੇ ਵੀ ਮੀਟਰ ਡੂਢ ਮੀਟਰ ਫਾਸਲੇ ਤੇ ਬਿਠਾਏ ਜਾਂਦੇ ਨੇ, ਸਾਰਾ ਕਂਮ ਕਾਜ ਨਿਪਟਾਅ ਕੇ ਸ਼ਾਮ ਨੂ ਸਤਿਸੰਗ ਘਰਾਂ ਦੇ ਮੁਖ ਦਰਵਾਜ਼ੇ ਤੋਂ ਲੈ ਕੇ ਅੰਦਰ ਹਰ ਖੂੰਜੇ ਤੱਕ ਸੈਨੇਟਾਈਜ਼ ਕੀਤਾ ਜਾਂਦਾ ਹੈ। ਪਰਵੀਨ ਖੁਰਾਣਾ ਹੁਰਾਂ ਨੇ ਦੱਸਿਆ ਕਿ ਪਰਸ਼ਾਸਨ ਵਲੋਂ ਹਾਲੇ ਸਿਰਫ ਲੰਗਰ ਦੀ ਸੇਵਾ ਹੀ ਲਈ ਜਾ ਰਹੀ ਹੈ, ਜੇਕਰ ਹੋਰ ਕਿਸੇ ਤਰਾਂ ਦੀ ਮਰੀਜ਼ਾਂ ਦੀ ਮਦਦ ਲਈ ਡਿਮਾਂਡ ਕੀਤੀ ਗਈ ਤਾਂ ਅਸੀਂ ਤਿਆਰ ਹਾਂ, ਕਿਉਂਕਿ ਜਨ ਦੀ ਸੇਵਾ ਗੁਰੂ ਦੀ ਸੇਵਾ ਹੈ।

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥  
ਇਹੀ ਬਾਬਾ ਨਾਨਕ ਜੀ ਦਾ ਸਿਧਾਂਤ ਹੈ।

ਪਰਵੀਨ ਖੁਰਾਣਾ ਅਤੇ ਅਸ਼ੋਕ ਗੋਗਨਾ ਨੇ ਕਿਹਾ ਕਿ ਪਰਮਾਤਮਾ ਆਪੇ ਹੀ ਕਰਵਾ ਰਿਹਾ ਹੈ, ਆਪਾਂ ਤਾਂ ਸੇਵਕ ਹਾਂ, ਉਹਦੇ ਹੁਕਮਾਂ ਤੇ ਚਲਣ ਵਾਲੇ।

ਮਹਾਮਾਰੀ ਦੇ ਇਸ ਸੰਕਟ ਚ ਹਮੇਸ਼ਾ ਵਾਂਗ ਸਰਕਾਰਾਂ ਨੂੰ ਮੋਟਾ ਫੰਡ ਆ ਰਿਹਾ ਹੈ, ਪਰ ਮਨੁਖਤਾ ਦੀ ਸੇਵਾ ਲਈ ਦਾਨੀ ਤੇ ਧਾਰਮਿਕ ਸੰਸਥਾਵਾਂ ਨੇ ਗੋਲਕਾਂ ਦੇ ਮੂੰਹ ਖੋਲੇ ਹੋਏ ਨੇ।

ਕਪੂਰਥਲਾ ਦੇ ਚੂਹੜਵਾਲ ਕੋਲ ਪੈਂਦੀ ਰੋਮਨ ਕੈਥੋਲਿਕ ਚਰਚ ਵਲੋਂ ਵੀ ਸੇਵਾਦਾਰਾਂ ਦੀ ਮਦਦ ਨਾਲ ਚਾਰ ਪਂਜ ਸੌ ਬਂਦਿਆਂ ਲਈ ਲਂਗਰ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਤੇ ਵਲਂਟੀਅਰ ਆਪਣੇ ਪਰਾਈਵੇਟ ਸਾਧਨਾਂ ਰਾਹੀਂ ਸੰਪਰਕ ਕਰਨ ਵਾਲਿਆਂ ਤੱਕ ਖਾਣਾ ਪੁਚਾ ਆਉਂਦੇ ਹਨ। ਪਰ ਇਹ ਵਲੰਟੀਅਰ ਸੋਸ਼ਲ ਡਿਸਟੈਸਿਂਗ,  ਮਾਸਕ ਆਦਿ ਵਾਲੇ ਨਿਯਮ ਨਹੀਂ ਮੰਨ ਰਹੇ। ਨਾਕਿਆਂ ਤੇ ਖੜੇ ਪੁਲਸ ਮੁਲਾਜ਼ਮ ਇਹਨਾਂ ਨੂ ਰੋਕਦੇ ਨੇ, ਟੋਕਦੇ ਨੇ, ਘੂਰਦੇ ਨੇ, ਪਰ ਬੰਦ ਘਰਾਂ ਦੇ ਟੁਟੇ ਦਰਾਂ ਦੀਆਂ ਝੀਥਾਂ ਥਾਈਂ ਝਾਕਦੀਆਂ ਭੁਖੇ ਢਿੱਡਾਂ ਨੂੰ ਲਗੀਆਂ ਅੱਖਾਂ ਦੀ ਦਹਿਸ਼ਤ ਨਾਕਿਆਂ ਵਾਲੇ ਪੁਲਸ ਮੁਲਾਜ਼ਮਾਂ ਦੀ ਘੂਰੀ ਤੋਂ ਵਧ ਭਿਆਨਕ ਹੈ, ਸ਼ਾਇਦ ਇਸ ਕਰਕੇ ਪੁਲਸ ਮੁਲਾਜ਼ਮ ਇਹਨਾਂ ਵਰਤਾਵਿਆਂ ਨੂ ਹਰ ਰੋਜ਼ ਹੀ ਚਿਤਾਵਨੀਆਂ ਦੇ ਕੇ ਲੰਘ ਜਾਣ ਦਿੰਦੇ ਨੇ।

ਤੇ ਆਓ ਹੁਣ ਓਸ ਦਰ ਤੇ ਚੱਲੀਏ.. ਜਿਥੇ ਲੰਗਰ ਕਿਸੇ ਬਿਪਤਾ ਵੇਲੇ ਨਹੀਂ ਹਰ ਵੇਲੇ ਚਲਦਾ ਹੈ,।
ਸ਼ੀਸ਼ਾ ਦਿਖਾਉਣ ਲੱਗੀ ਹਾਂ, ਵੱਡਾ ਜੇਰਾ ਕਰਕੇ ਸੱਚ ਪੜ੍ਹਨਾ, ਸੁਣਨਾ..

ਕਪੂਰਥਲਾ ਦਾ ਸਟੇਟ ਗੁਰਦੁਆਰਾ ਸਾਹਿਬ ਐਸ ਜੀ ਪੀ ਸੀ ਦੇ ਪਰਬੰਧਾਂ ਹੇਠ ਆਉਂਦਾ ਹੈ, ਇਥੇ ਵੀ ਕਮੇਟੀ ਦੇ ਨਿਰਦੇਸ਼ਾਂ ਹੇਠ 27 ਮਾਰਚ ਤੋਂ ਲਾਕਡਾਊਨ ਪਰਭਾਵਿਤ ਲੋੜਵੰਦਾਂ ਲਈ ਲਂਗਰ ਬਣ ਰਿਹਾ ਹੈ।

ਮੈਨੇਜਰ ਲਖਬੀਰ ਸਿਂਘ ਨੇ ਇਸ ਬਾਰੇ ਦਸਿਆ ਕਿ ਸਾਡੇ ਕੋਲ ਸੱਤ ਪੱਕੀਆਂ ਮੁਲਾਜ਼ਮ ਨੇ, ਚਾਰ ਹੁਣ ਦਿਹਾੜੀ ਤੇ ਰੱਖ ਲਈਆਂ ਨੇ, ਇਕ ਪੱਕਾ ਹਲਵਾਈ ਹੈ, ਸਬਜ਼ੀ ਦਾਲ ਆਦਿ ਉਹੀ ਬਣਾਉਂਦਾ ਹੈ। ਹਰ ਰੋਜ਼ ਹਜ਼ਾਰ ਤੋਂ ਦੋ ਹਜ਼ਾਰ ਲੋਕਾਂ ਲਈ ਲੰਗਰ ਬਣਦਾ ਹੈ, ਜੋ ਸੇਵਾਦਾਰ ਗੱਡੀ ਚ ਖੁੱਲਾ ਰਖ ਕੇ ਲੋੜਵਂਦਾਂ ਨੂੰ ਵੰਡ ਆਉਂਦੇ ਨੇ, ਮੈਨੇਜਰ ਖੁਦ ਨਾਲ ਜਾਂਦੇ ਨੇ। ਕੁਝ ਪੈਕੇਟ ਬਣਾ ਕੇ ਵੀ ਵਂਡਿਆ ਜਾਂਦਾ ਹੈ।  ਤੇ ਗੁਰੂ ਦੇ ਦਰ ਤੇ ਕਿਸੇ ਵੀ ਵੇਲੇ ਕੋਈ ਵੀ ਆ ਕੇ ਲੰਗਰ ਛਕ ਸਕਦਾ ਹੈ।

ਮੈਨੇਜਰ ਲਖਬੀਰ ਸਿਂਘ ਨੇ ਪੰਦਰਾਂ ਕੁ ਮਿੰਟ ਦੀ ਗੱਲਬਾਤ ਚ ਕਈ ਵਾਰ ਕਿਹਾ ਕਿ ਇਹ ਸੇਵਾ ਸਾਡੇ ਪਾਰਟੀ ਪਰਧਾਨ ਜੀ ਸੁਖਬੀਰ ਸਿੰਘ ਜੀ ਬਾਦਲ ਅਤੇ ਕਮੇਟੀ ਪਰਧਾਨ ਭਾਈ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੀ ਕਿਰਪਾ ਨਾਲ ਚੱਲ ਰਹੀ ਹੈ।
ਜਦ ਉਹਨਾਂ ਨੂੰ ਕਿਹਾ ਗਿਆ ਕਿ ਇਥੇ ਪਰੋਟੋਕਾਲ ਨੂੰ ਫਾਲੋਅ ਨਹੀਂ ਕੀਤਾ ਜਾ ਰਿਹਾ, ਸਾਫ ਸਫਾਈ ਦਾ ਭੋਰਾ ਵੀ ਖਿਆਲ ਨਹੀਂ , ਤਾਂ ਮੈਨੇਜਰ ਸਾਹਿਬ ਦਫਤਰ ਚ ਤਾਲਾਬੰਦ ਅਲਮਾਰੀ ਦਾ ਤਾਲਾ ਖੋਲ ਕੇ ਸੈਨੇਟਾਈਜ਼ਰ ਦੀ ਇਕ ਬੋਤਲ ਮੇਜ਼ ਤੇ ਕਢ ਕੇ ਰਖਦੇ ਨੇ ਤੇ ਕਹਿਂਦੇ ਨੇ ਕਿ ਆਹ ਅਸੀਂ ਵਰਤਦੇ ਰਹਿਂਦੇ ਹਾਂ।

ਪਰ ਲੰਗਰ ਤਿਆਰ ਕਰਨ ਵਾਲੇ ਤੇ ਵਰਤਾਉਣ ਵਾਲੇ ਮਾਸਕ ਨਹੀਂ ਪਾ ਰਹੇ, ਤਾਂ ਉਹਨਾਂ ਕਿਹਾ ਕਿ ਬੀਬੀਆਂ ਨੂ ਚੁੰਨੀਆਂ ਨਾਲ ਮੂੰਹ ਵਲੇਟਣ ਨੂ ਕਿਹਾ ਹੋਇਆ, ਕੋਈ ਨਾ ਫੇਰ ਕਹਿ ਦਿਆਂਗੇ।

ਯਾਦ ਰਹੇ ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ  ਤੋਂ ਪਰਸ਼ਾਸਨ  ਲੰਗਰ ਨਹੀਂ ਲਿਜਾਂਦਾ।

ਇਥੇ ਰਸੋਈ ਦਾ ਜੋ ਹਾਲ ਸੀ, ਗੁੰਨੇ ਹੋਏ ਆਟੇ ਤੇ ਧਮਾਲਾਂ ਪਾਉਂਦੀਆਂ ਮੱਖੀਆਂ, ਆਟਾ ਗੁੰਨਣ ਵਾਲੀ ਮਸ਼ੀਨ ਚ ਭਿਣਭਿਨਾਉਂਦਾ ਮੱਛਰ, ਅਣਢਕੇ ਰੱਖੇ ਰਿੱਝੇ ਹੋਏ ਚੌਲ, ਸਬਜ਼ੀ ਤੇ ਹਰ ਥਾਂ  ਖਿੱਲਰੀ ਸਵਾਹ, ਮਿੱਟੀ, ਕਿਰਕ, ਚਿੱਕੜ, ਸਾਡੇ ਗਿਆਨ ਦੀ ਲੌਅ ਵੰਡਦੇ ਸਿਧਾਂਤ ਨੂੰ ਮਸ਼ਕਰੀ ਕਰਦਾ ਦਿਸਿਆ। ਜਿਹੜੀ ਗੱਡੀ ਚ ਲੰਗਰ ਵਰਤਾਉਣ ਲਈ ਲਿਜਾਇਆ ਜਾਂਦਾ ਹੈ, ਉਹਦੀ ਹਾਲਤ ਵੀ ਝੱਗਾ ਚੁਕਿਆਂ ਢਿੱਡ ਨੰਗਾ ਕਰਨ ਵਾਲੀ ਹੈ। ਲੰਗਰ ਹਾਲ ਦੇ ਬਾਹਰ ਥੜੇ ਤੇ ਬੈਠੀਆਂ ਬੀਬੀਆਂ ਨੂ ਇਕ ਸੇਵਾਦਾਰ ਲੋਹ ਦੇ ਕੋਲ ਆ ਕੇ ਮੀਡੀਆ ਲਈ ਫੋਟੋ ਖਿਚਵਾਉਣ ਲਈ ਲੈ ਆਇਆ, ਕਿਸੇ ਵੀ ਬੀਬੀ ਨੇ ਹੱਥ ਨਹੀਂ ਧੋਤੇ, ਉਵੇਂ ਹੀ ਪਰਾਤ ਤੋਂ ਮੱਖੀਆਂ ਉਡਾਅ ਕੇ ਆਟਾ ਲੈ ਪੇੜੇ ਕਰਨ ਲੱਗੀਆਂ.. ਬਾਕੀ ਸਭ ਤਸਵੀਰਾਂ ਤੇ ਵੀਡੀਓ ਚ ਕੈਦ ਹੈ, ਕਾਸ਼ ਰੇਡੀਓ ਦੇ ਵੀ ਸਕਰੀਨ ਹੁੰਦੀ ਤਾਂ ਆਪਾਂ ਅੱਜ ਆਪਣੀ ਹੀ ਅਕਲ ਚ ਆਏ ਨਿਘਾਰ ਨੂੰ ਦੇਖ ਸਕਦੇ।

ਗੁਰੂ ਦੇ ਦਰ ਦੇ ਕੂਕਰ ਹਾਂ, ਇਥੇ ਦਾ ਕਣ ਵੀ ਸਾਡੇ ਲਈ ਨਿਆਮਤ ਹੈ, ਇਹ ਸ਼ਰਧਾ ਹੈ, ਪਰ ਸ਼ਰਧਾ ਦੀ ਆੜ ਹੇਠ, ਏਨੀ ਨਲਾਇਕੀ?
ਤੇ ਮਨੁਖੀ ਸਿਹਤ ਲਈ ਓਸ ਵਕਤ ਤਾਂ ਹਰਗਿਜ਼ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ, ਜਦ ਸਾਰੇ ਵਿਸ਼ਵ ਚ ਇਕ ਭਿਆਨਕ ਬਿਮਾਰੀ ਨੇ ਹਾਹਾਕਾਰ ਮਚਾਈ ਹੋਈ ਹੋਵੇ।

ਸ਼ਰੋਮਣੀ ਕਮੇਟੀ ਕੋਲ ਤਾਂ ਸਟੇਟ ਤੋਂ ਵੱਡਾ ਬਜਟ ਹੈ, ਇਕ ਚੂੰਢੀ ਕਪੂਰਥਲੇ ਘੱਲ ਦੇਵੇ.. ਜਾਂ ਫੇਰ ਦਾਨੀ ਹੀ ਪਂਜ ਸੱਤ ਸੌ ਦੇ ਮਾਸਕ ਲੈ ਦੇਣ..

ਮੰਨੇ ਭਾਵੇਂ ਨਾ ਕੋਈ ਮੰਨੇ
ਇਹ ਤੇ ਉਹਦੀ ਮਰਜ਼ੀ ਏ
ਮੇਰਾ ਕੰਮ ਸੀ ਸ਼ੀਸਾ ਧਰਨਾ
ਸ਼ੀਸ਼ਾ ਧਰ ਕੇ ਮੁੜਿਆ ਵਾਂ..
ਬੁਝਦਿਲ ਨਾਲੋਂ ਫੇਰ ਵੀ ਚੰਗਾ
ਕੁਝ ਤੇ ਕਰਕੇ ਮੁੜਿਆਂ ਵਾਂ..

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ