ਦਿੱਲੀ ਦੰਗੇ : ਮੈਂ ਵੀ ਟੁੱਟੀ ਸੀ, ਮੈਂ ਵੀ ਲੁੱਟੀ ਸੀ ਸਾਹਿਬ -ਅਮਨਦੀਪ ਹਾਂਸ
Posted on:- 19-03-2020
ਮਨ ਕੀ ਬਾਤੇਂ ਤੋਂ ਬੜੀ ਸ਼ਿੱਦਤ ਸੇ ਕਰਤੇ ਹੋ ਸਾਹੇਬ
ਕਭੀ ਆਇਨੇ ਮੇਂ ਦਿੱਲੀ ਭੀ ਦੇਖਨਾ
ਫਟੇ ਸੰਵਿਧਾਨ ਕੇ ਪੰਨੋਂ ਮੇਂ ਸੇ
ਰਤ ਰਤ ਹੂਈ ਯੋਨੀ ਦੇਖਨਾ
ਦੇਖਨਾ ਸਤਨ ਪੇ ਖਰੋਂਚੋਂ ਕੇ ਨਿਸ਼ਾਂ ਦੇਖਨਾ
ਸੰਵਿਧਾਨ ਕੇ ਫਟੇ ਪੰਨੋ ਪੇ
ਅਪਨਾ ਵਜੂਦ
ਅਪਨਾ ਅਧਿਕਾਰ ਖੋਜਤੀ
ਆਸੂੰਓਂ ਸੇ ਤਰ-ਬ-ਤਰ ਆਖੇਂ ਦੇਖਨਾ
ਸਾਹੇਬ ਮਨ ਕੀ ਬਾਤ ਤੋ ਬਹੁਤ ਕਰਤੇ ਹੋ
ਕਭੀ ਮੇਰੇ ਮਨ ਮੇਂ ਭੀ ਦੇਖਨਾ
.. ..
The Wire-- ਦਿ ਵਾਇਰ ਦੇ ਸਹਿਯੋਗ ਨਾਲ ..
ਦਿੱਲੀ ਦੰਗੇ - ਮੈਂ ਵੀ ਟੁੱਟੀ ਸੀ, ਮੈਂ ਵੀ ਲੁੱਟੀ ਸੀ ਸਾਹਿਬ
ਹਾਲ ਹੀ ਚ ਦਿੱਲੀ ਚ ਕੁਝ ਹੋਇਆ, ਦਂਗੇ ਸੀ, ਕਤਲੇਆਮ ਸੀ, ਜੋ ਵੀ ਸੀ, ਭਵਿਖ ਤੈਅ ਕਰੇਗਾ, ਕਾਲੇ ਹਰਫਾਂ ਚ ਲਿਖਿਆ ਜਾਵੇਗਾ ਜੋ ਵੀ ਹੋਇਆ ਬਿਲਕੁਲ 1984 ਵਾਂਗ..
..
ਜਦੋਂ ਮੀਡੀਆ ਨੇ ਹਾਲ ਹੀ ਚ ਹੋਈ ਦਿੱਲੀ ਹਿੰਸਾ ਦੀ ਚਰਚਾ ਕੀਤੀ ਤਾਂ ਖਬਰ ਦਿੱਤੀ ਕਿ ਫਲਾਣੇ ਇਲਾਕੇ ਚ ਦੁਕਾਨ, ਮਕਾਨ, ਮਸ਼ੀਨਰੀ ਨੁਕਸਾਨੇ ਗਏ, ਫੂਕੇ ਗਏ, ਭੰਨਤੋੜ ਹੋਈ ਜਾਂ ਲੁਟੇ ਗਏ, ਪਰ ਔਰਤਾਂ ਨਾਲ ਜੋ ਹੋਇਆ, ਉਸ ਦੀ ਗੱਲ ਬਹੁਤ ਦੀ ਦੱਬਵੀਂ ਸੁਰ ਚ ਜਾਂ ਮਲਵੀਂ ਜਿਹੀ ਜ਼ੁਬਾਨ ਨਾਲ ਕੀਤੀ ਗਈ..
ਦਿੱਲੀ ਹਿੰਸਾ ਦੌਰਾਨ ਹਕੂਮਤ ਦੀ ਘੇਸਲੀ ਚੁੱਪ, ਪਰਸ਼ਾਸਨ ਦੀ ਢੀਠਤਾਈ ਭਰੀ ਖਾਮੋਸ਼ੀ ਦੇ ਪਰਦੇ ਦੀ ਓਟ ਚ ਔਰਤਾਂ ਨਾਲ ਜੋ ਹੋਇਆ,
ਦਿ ਵਾਇਰ ਦੇ ਸਹਿਯੋਗ ਨਾਲ ਏਸ ਆਸ ਚ ਸਾਂਝਾ ਕਰ ਰਹੇ ਹਾਂ.. ਕਿ ਜਾਗਦੇ ਸਿਰ ਬੇਚੈਨ ਸਵਾਲਾਂ ਨੂੰ ਭਾਰਤੀ ਹਕੂਮਤ ਮੂਹਰੇ ਸ਼ੀਸ਼ੇ ਵਾਂਗ ਜ਼ਰੂਰ ਧਰਨਗੇ
ਮਨ ਕੀ ਬਾਤੇਂ ਤੋਂ ਬੜੀ ਸ਼ਿੱਦਤ ਸੇ ਕਰਤੇ ਹੋ ਸਾਹੇਬ
ਕਭੀ ਆਇਨੇ ਮੇਂ ਦਿੱਲੀ ਭੀ ਦੇਖਨਾ
..
ਦਿੱਲੀ ਦੇ ਉਤਰ ਪੂਰਬੀ ਹਲਕਿਆਂ ਚ ਹਿੰਸਾ ਦੌਰਾਨ, ਲੁੱਟਮਾਰ, ਜਾਨ-ਮਾਲ ਦੇ ਨੁਕਸਾਨ ਦੀਆਂ ਖਬਰਾਂ ਤਾਂ ਸੁਰਖੀਆਂ ਚ ਰਹੀਆਂ, ਪਰ ਇਸ ਦੌਰਾਨ ਔਰਤਾਂ ਨਾਲ ਛੇੜਛਾੜ ਅਤੇ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਦੀ ਚਰਚਾ ਨਾਂਹ ਦੇ ਬਰਾਬਰ ਰਹੀ। ਹਾਲਤ ਏਨੇ ਭਿਆਨਕ ਸਨ ਕਿ ਔਰਤਾਂ ਨੂੰ ਆਪਣੀ ਆਬਰੂ ਬਚਾਉਣ ਲਈ ਭਿਆਨਕ ਜੱਦੋਜਹਿਦ ਕਰਨੀ ਪਈ, ਪਰ ਸਫਲ ਨਹੀਂ ਹੋ ਸਕੀਆਂ..
ਦਿ ਵਾਇਰ ਮੀਡੀਆ ਹਲਕੇ ਦੀ ਟੀਮ ਨੇ ਔਰਤਾਂ ਨਾਲ ਹੋਈ ਬੀਤੀ ਨੂੰ ਜੱਗ ਜ਼ਾਹਰ ਤਾਂ ਕੀਤਾ ਹੈ,
ਪਰ ਉਹਨਾਂ ਦੇ ਭਰੋਸੇ ਨੂੰ ਕਾਇਮ ਰੱਖਦਿਆਂ ਉਹਨਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ, ਕਿਉਂਕਿ ਕੋਈ ਭਰੋਸਾ ਨਹੀ ਕਿ ਸ਼ਿਕਾਰ ਹੋਈਆਂ ਔਰਤਾਂ ਨੂੰ ਹੀ ਸ਼ਿਕਾਰੀ ਦੇ ਭੇਸ ਚ ਏਹ ਸਿਸਟਮ ਚਲਾਉਣ ਵਾਲੇ ਦਿਖਾ ਦੇਣ.. ..
ਦਿ ਵਾਇਰ ਦੀ ਟੀਮ ਚਾਂਦਬਾਗ ਪੁੱਜੀ, ਬਹੁਤ ਸਾਰੇ ਲੋਕਾਂ ਨੇ ਕੈਮਰਾ ਬੰਦ ਰਖਣ ਕਿਸੇ ਵੀ ਤਰਾਂ ਦੀ ਰਿਕਾਰਡਿੰਗ ਨਾ ਕਰਨ, ਕਿਸੇ ਦੀ ਪਛਾਣ ਜ਼ਾਹਰ ਨਾ ਕਰਨ ਦੇ ਭਰੋਸੇ ਤੇ ਦਰਦ ਬਿਆਨਣ ਦੀ ਗੱਲ ਕੀਤੀ।
ਦਿ ਵਾਇਰ ਦੀ ਟੀਮ ਨੇ ਕੈਮਰੇ ਛੱਡ ਦਿੱਤੇ, ਖਾਲੀ ਹੱਥ ਦਰਦ ਸੁਣਨ, ਜ਼ਖਮ ਚੁਣਨ ਤੁਰ ਪਈ।
ਦੰਗਾਕਾਰੀਆਂ ਨੇ ਜਿਹਨਾਂ ਔਰਤਾਂ ਦੀ ਆਬਰੂ ਕੁਚਲੀ, ਉਹਨਾਂ ਚੋਂ ਕੋਈ ਵਿਧਵਾ ਹੈ, ਕੋਈ ਅਧਖੜ ਉਮਰ ਦੀ ਹੈ, ਕੋਈ ਸਜ ਵਿਆਹੀ ਹੈ, ਕੋਈ ਦਾਦੀ ਦੀ ਉਮਰ ਦੀ ਹੈ।
ਇਕ 26 ਸਾਲਾ ਆਫਰੀਨ, ਬਦਲਿਆ ਹੋਇਆ ਨਾਮ ਹੈ, ਸਜ ਵਿਆਹੀ ਆਫਰੀਨ ਚਾਂਦਬਾਗ ਚ ਆਪਣੇ ਸ਼ੌਹਰ ਨਾਲ ਖੁਸ਼ੀ ਖੁਸ਼ੀ ਰਹਿ ਰਹੀ ਸੀ ਕਿ ਫਰਵਰੀ ਦੇ ਓਸ ਦਿਨ ਜਿਵੇ ਤੂਫਾਨ ਆ ਗਿਆ, ਅੱਜ ਵੀ ਉਹ ਬੁਰਕੇ ਚ ਲਿਪਟੀ ਕਮਰੇ ਦੇ ਇਕ ਕੋਨੇ ਚ ਸਿਮਟ ਕੇ ਬੈਠੀ, ਕੁਝ ਵੀ ਬੋਲਣ ਤੋਂ ਝਿਜਕਦੀ ਹੈ, ਪੱਤਰਕਾਰਾਂ ਬਾਰੇ ਸੁਣ ਕੇ ਆਫਰੀਨ ਦੀਆਂ ਬੁਰਕੇ ਚ ਝਾਕਦੀਆਂ ਅੱਖਾਂ ਚ ਫੇਰ ਉਹੀ ਡਰ ਤੈਰ ਆਇਆ, ਕਿ ਉਸ ਦਾ ਜਿ਼ਕਰ ਦੁਬਾਰਾ ਹੋਇਆ ਤਾਂ ਉਹੀ ਦਰਦ ਫੇਰ ਝਲਣਾ ਪੈਣਾ ਹੈ, ਵਾਰ ਵਾਰ ਸਮਝਾਉਣ ਤੇ ਉਸ ਨੇ ਦੱਸਿਆ ਕਿ 24 ਫਰਵਰੀ ਦੀ ਰਾਤ ਕੁਝ ਲੋਕ ਕੰਧਾਂ ਟੱਪ ਕੇ ਸਾਡੇ ਘਰ ਆ ਗਏ, ਸਮਾਨ ਭੰਨਣ ਤੋੜਨ ਲੱਗੇ, ਮੈਂ ਤੇ ਮੇਰਾ ਸ਼ੌਹਰ ਘਰੋਂ ਬਾਹਰ ਭੱਜਣ ਲਈ ਦਰਵਾਜ਼ੇ ਕੋਲ ਗਏ ਤਾਂ ਭੀੜ ਨੇ ਸਾਨੂ ਦਬੋਚ ਲਿਆ, ਗੰਦੀਆਂ ਗਾਲਾਂ ਬਕਣ ਲੱਗੇ, ਮੇਰਾ ਬੁਰਕਾ ਪਾੜ ਦਿੱਤਾ, ਮੇਰਾ ਬਚਾਅ ਕਰਦੇ ਮੇਰੇ ਸ਼ੌਹਰ ਨੂੰ ਬੁਰੀ ਤਰਾਂ ਕੁੱਟਿਆ ਗਿਆ, ਮੇਰੇ ਜਿਸਮ ਤੇ ਪਤਾ ਨਹੀਂ ਕਿੰਨੇ ਹੱਥਾਂ ਨੇ ਗਲਤ ਹਰਕਤਾਂ ਕੀਤੀਆਂ, ਮੇਰੀਆਂ ਛਾਤੀਆਂ ਬੁਰੀ ਤਰਾਂ ਕੁਚਲੀਆਂ ਗਈਆਂ, ਸਰੀਰ ਦੇ ਕਈ ਅਂਗਾਂ ਚੋਂ ਲਹੂ ਵਗ ਰਿਹਾ ਮੈਨੂੰ ਮਹਿਸੂਸ ਹੋ ਰਿਹਾ ਸੀ, ਮੈਂ ਸੁੰਨ ਹੋ ਕੇ ਡਿੱਗੀ ਪਈ ਸੀ ਤੇ ਭੀੜ ਮੈਨੂੰ ਕੁਚਲਣ ਦੀ ਕੋਸ਼ਿਸ਼ ਚ ਸੀ , ਸਾਡੇ ਗੁਆਂਢੀ ਆ ਗਏ, ਸਾਨੂੰ ਭੀੜ ਤੋਂ ਛੁਡਵਾ ਕੇ ਲੈ ਗਏ, ਰਾਤ ਭਰ ਆਪਣੇ ਘਰ ਰਖਿਆ, ਮੈਨੂੰ ਲੋਕ ਹੌਸਲਾ ਦਿੰਦੇ ਨੇ, ਕਿ ਅੱਲਾ ਦਾ ਸ਼ੁਕਰ ਕਰੋ ਆਬਰੂ ਬਚ ਗਈ, ਰੇਪ ਨਹੀ ਹੋਇਆ, ਆਫਰੀਨ ਦੀਆਂ ਅੱਖਾਂ ਚ ਜਿਸਮ ਚਰੂਡੰਦੇ ਹੱਥਾਂ ਬਾਰੇ ਸਵਾਲ ਤੈਰਦਾ ਹੈ, ਕੀ ਉਹ ਰੇਪ ਤੋਂ ਘੱਟ ਸੀ ??
ਮਨ ਕੀ ਬਾਤ ਤੋਂ ਬੜੀ ਸ਼ਿੱਦਤ ਸੇ ਕਰਤੇ ਹੋ ਸਾਹੇਬ
ਜ਼ਰਾ ਮਨ ਕੇ ਆਈਨੇ ਮੇਂ
ਆਫਰੀਨ ਕੀ ਆਖੇਂ ਭੀ ਦੇਖਨਾ
ਦਿ ਵਾਇਰ ਦੀ ਟੀਮ ਆਫਰੀਨ ਦੇ ਘਰ ਤੋਂ ਕੁਝ ਘਰ ਛਡ ਕੇ ਰਹਿੰਦੀ ਤਲਾਕਸ਼ੁਦਾ ਰੇਸ਼ਮਾ ਦੇ ਘਰ ਗਈ, ਰੇਸ਼ਮਾ ਆਪਣੇ ਦੋ ਬਚਿਆਂ, ਤੇ ਬਜ਼ੁਰਗ ਮਾਪਿਆਂ ਨਾਲ ਰਹਿੰਦੀ ਹੈ, ਉਹਨੇ ਦੱਸਿਆ ਕਿ 24 ਫਰਵਰੀ ਦੀ ਰਾਤ ਮੁਹੱਲੇ ਚ ਬਾਹਰੋਂ ਭੀੜ ਨੇ ਆ ਕੇ ਹਮਲਾ ਕਰ ਦਿਤਾ, ਅਸੀਂ ਘਰ ਦੇ ਦਰਵਾਜ਼ੇ ਬੰਦ ਕਰ ਲਏ, ਪਰ ਬਾਹਰੋਂ ਪੈਟਰੋਲ ਬੰਬ ਸੁਟੇ ਗਏ, ਸਾਡੇ ਘਰ ਦੀ ਕੰਧ ਢਹਿ ਗਈ, ਘਰ ਧੂਏਂ ਨਾਲ ਭਰ ਗਿਆ, ਦਮ ਘੁਟਣ ਲੱਗਿਆ, ਤਾਂ ਅਸੀਂ ਘਰੋਂ ਬਾਹਰ ਭੱਜ ਆਏ, ਭੀੜ ਨੇ ਰਾਹ ਚ ਮੈਨੂੰ ਦਬੋਤ ਲਿਆ, ਮੇਰੇ ਕੱਪਡ਼ੇ ਪਾੜ ਦਿੱਤੇ, ਮੈਨੂੰ ਪਿੱਛੋਂ ਜੱਫਾ ਮਾਰ ਕੇ ਫੜ ਲਿਆ, ਉਹ ਕਿੰਨੇ ਜਾਣੇ ਸਨ, ਮੈਂ ਜਾਣ ਹੀ ਨਹੀ ਸਕੀ, ਕਿੰਨੇ ਹੀ ਨਹੁੰ ਮੇਰੇ ਸਰੀਰ ਤੇ ਖੁੱਭ ਰਹੇ ਸਨ, ਮੈਂ ਦਰਦ ਨਾਲ ਚੀਕ ਰਹੀ ਸੀ, ਪਰ ਮੇਰੀਆਂ ਚੀਕਾਂ, ਉਹਨਾਂ ਦੇ ਹਾਸੇ ਤੇ ਗਾਲਾਂ ਚ ਗੁਆਚ ਗਈਆਂ ਸਨ, ਮੇਰੀ ਗਰਦਨ ਤੇ ਚੱਕ ਵੱਢੇ ਗਏ, ਅੱਜ ਵੀ ਜ਼ਖਮ ਨੇ, ਮੇਰੇ ਗੁਪਤ ਅੰਗ ਨੂੰ ਬੁਰੀ ਤਰਾਂ ਜ਼ਖਮੀ ਕੀਤਾ ਗਿਆ, ਅੱਜ ਵੀ ਜ਼ਖਮ ਨੇ, ਦਵਾਈ ਨਹੀ ਲੈਣ ਜਾ ਸਕਦੀ।
ਹਾਲੇ ਵੀ ਸਾਨੂੰ ਲੋਕ ਹੌਸਲਾ ਦੇ ਰਹੇ ਨੇ, ਸ਼ੁਕਰ ਮਨਾਓ ਰੇਪ ਨਹੀ ਹੋਇਆ, ਰੇਸ਼ਮਾ ਪੱਤਰਕਾਰਾਂ ਨੂੰ ਸਵਾਲ ਕਰਦੀ ਹੈ, ਸਾਹੇਬ ਇਹ ਰੇਪ ਤੋਂ ਘੱਟ ਹੈ??
ਉਸ ਦੀ ਗਰਦਨ ਦਾ ਜ਼ਖਮ ਲੋਕਤੰਤਰ ਦੇ ਜ਼ਖਮੀ ਹੋਣ ਦੀ ਸ਼ਾਅਦੀ ਭਰਦਾ ਹੈ।
ਦਿ ਵਾਇਰ ਦੀ ਟੀਮ ਦੋ ਜਵਾਨ ਵਿਆਹੁਣਯੋਗ ਧੀਆਂ ਦੀ ਮਾਂ ਤਰਨੁਮ ਕੋਲ ਗਈ, ਉਸ ਦਾ ਸ਼ੌਹਰ ਵਾਰ ਵਾਰ ਹੱਥ ਜੋੜਦਾ ਰਿਹਾ ਕਿ ਕੋਈ ਪਛਾਣ ਨਾ ਨਸ਼ਰ ਕਰਿਓ, ਧੀਆਂ ਦੇ ਵਿਆਹ ਹੋਣ ਚ ਮੁਸ਼ਕਲ ਹੋਊ।
ਅਧਖੜ ਉਮਰ ਦੀ ਤਰੰਨੁਮ ਨੇ ਭੁੱਬੀਂ ਰੋਂਦਿਆਂ ਕਿਹਾ ਉਹ ਮਸਾਂ ੨੦-੨੧ ਸਾਲ ਦੀ ਉਮਰ ਦੇ ਸਨ, ਮੇਰਾ ਸਰੀਰ ਕਈ ਵਾਰ ਨੋਚਿਆ, ਮੇਰੀ ਉਮਰ ਦਾ ਲਿਹਾਜ਼ ਵੀ ਨਹੀਂ ਕੀਤਾ, ਮੇਰੇ ਕੱਪਡ਼ੇ ਪਾੜ ਕੇ ਧੂਹ ਕੇ ਕਦੇ ਘਰ ਦੇ ਬਾਹਰ ਲਿਜਾਂਦੇ, ਕਦੇ ਸੜਕ ਤੇ ਲਿਜਾਂਦੇ,
ਤਰੁਨਮ ਦੀ ਸੋਨੇ ਦੀ ਅਂਗੂਠੀ ਏਨੇ ਜੋ਼ਰ ਨਾਲ ਲਾਹੀ ਗਈ ਕਿ ਉਂਗਲ ਤੇ ਅੱਜ ਵੀ ਜਖਮ ਹੈ। ਏਨੇ ਵਾਰ ਉਸ ਨੂ ਚੁੱਕ ਚੁਕ ਕੇ ਸੁਟਿਆ ਗਿਆ ਤੇ ਘੜੀਸਿਆ ਗਿਆ ਕਿ ਉਹ ਅੱਜ ਵੀ ਆਪੇ ਉਠ ਨਹੀਂ ਸਕਦੀ।
ਬੱਸ ਏਨੀ ਤਸੱਲੀ ਇਸ ਜੋਡ਼ੇ ਨੂੰ ਹੈ ਕਿ ਓਸ ਦਿਨ ਜਵਾਨ ਧੀਆਂ ਘਰ ਨਹੀਂ ਸਨ, ਨਹੀਂ ਤਾਂ ਦਰਿੰਦੇ ਉਹਨਾਂ ਨੂੰ ਨਿਗਲ ਹੀ ਜਾਂਦੇ।
ਸ਼ਬਾਨਾ ਵਿਧਵਾ ਹੈ, ਕੋਈ ਔਲਾਦ ਨਹੀਂ, ਸਿਲਾਈ ਦਾ ਕੰਮ ਕਰਕੇ ਗੁਜ਼ਰ ਬਸਰ ਕਰਦੀ ਹੈ, ਪੰਜ ਸਾਲ ਤੋਂ ਇਕ ਕਮਰੇ ਚ ਕਿਰਾਏ ਤੇ ਰਹਿ ਰਹੀ ਹੈ, 25 ਫਰਵਰੀ ਨੂੰ ਭੀੜ ਉਸ ਦੇ ਕਮਰੇ ਚ ਆ ਵੜੀ, ਪਲਾਂ ਚ ਹੀ ਸਾਰਾ ਸਮਾਨ ਤਹਿਸ ਨਹਿਸ ਕਰ ਦਿੱਤਾ,
ਉਹ ਪੱਚੀ ਤੀਹ ਦੇ ਕਰੀਬ ਸਨ, ਇਸ ਤੋਂ ਪਹਿਲਾਂ ਕਿ ਮੈਂ ਕਮਰੇ ਚੋਂ ਬਾਹਰ ਭੱਜਦੀ, ਉਹਨਾਂ ਨੇ ਮੈਨੂੰ ਦਬੋਚ ਲਿਆ, ਮੇਰੇ ਕੱਪਡ਼ੇ ਪਾੜ ਦਿਤੇ,
ਬੱਸ ਇਹੀ ਆਖੀ ਜਾਂਦੇ, ਮੁੱਲੀਆਂ ਨੂੰ ਨਂਗੀਆਂ ਕਰਕੇ ਘੁਮਾਓ.. ਤਾਂ ਹੀ ਇਹਨਾਂ ਨੂੰ ਪਤਾ ਲੱਗੂ..
ਮੁੱਲੀਆਂ ਤੇ ਸਿੰਘਣੀਆਂ, ਦਰਦ ਇਕੋ ਹੀ ਹੈ, ਬੱਸ ਵਰਿਆਂ ਦਾ ਫਰਕ ਪੈ ਗਿਆ..
ਸਿਸਕਦੀ ਹੋਈ ਸ਼ਬਾਨਾ ਨੇ ਦੱਸਿਆ ਕਿ ਮੇਰੇ ਨਾਲ ਏਨੀ ਧੂਹ ਘੜੀਸ ਹੋਈ ਕਿ ਮੇਰਾ ਸਿਰ,ਤੇ ਸਰੀਰ ਸੁੰਨ ਹੋ ਗਏ, ਮੈਨੂੰ ਨੰਗੀ ਨੂੰ ਬੇਹੋਸ਼ੀ ਦੀ ਹਾਲਤ ਚ ਦਰਵਾਜ਼ੇ ਕੋਲ ਸੁੱਟ ਗਏ, ਸਾਰੀ ਰਾਤ ਮੈਂ ਓਥੇ ਪਈ ਰਹੀ, ਸਵੇਰੇ ਗੁਆਂਢੀਆਂ ਨੇ ਮੈਨੂ ਢਕਿਆ ਤੇ ਚੁਕ ਕੇ ਅਂਦਰ ਲੈ ਕੇ ਗਏ, ਅੱਜ ਤੱਕ ਆਪ ਉਠ ਨਹੀਂ ਸਕਦੀ।
ਇਹ ਔਰਤਾਂ ਸਮਾਜਕ ਸ਼ਰਮ ਦੇ ਡਰ ਕਾਰਨ ਤੇ ਬਚਿਆਂ ਦਾ ਭਵਿੱਖ ਖਰਾਬ ਨਾ ਹੋ ਜਾਵੇ, ਤੇ ਨਿਆਂ ਵਾਲੇ ਪਾਸਿਓਂ ਪੂਰੀ ਤਰਾਂ ਨਿਰਾਸ਼ ਹੋਣ ਕਰਕੇ ਪੁਲਸ ਕੋਲ ਸ਼ਿਕਾਇਤ ਨਹੀਂ ਦੇ ਰਹੀਆਂ ਦੋ ਚਾਰ ਨਹੀਂ, ਇਹ ਗਿਣਤੀ ਦਰਜਨਾਂ ਚ ਹੈ।
ਰਿਲੀਫ ਕੈਂਪ ਦਾ ਦੌਰਾ ਕਰਨ ਮਗਰੋਂ ਦਿਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਵੀ ਕਿਹਾ ਸੀ ਕਿ ਦਂਗਿਆਂ ਦੌਰਾਨ ਔਰਤਾਂ ਨਾਲ ਬਦਸਲੂਕੀ ਦੀ ਸ਼ਿਕਾਇਤ ਆਈ ਸੀ, ਤੇ ਪੁਲਸ ਨੂ ਇਸ ਬਾਰੇ ਜਾਣਕਾਰੀ ਦੇਣ ਲਈ ਕਿਹਾ ਸੀ..
ਚਾਂਦਬਾਗ ਚ ਸੀ ਏ ਏ, ਖਿਲਾਫ ਚੱਲ ਰਹੇ ਪਰਦਰਸ਼ਨ ਦੌਰਾਨ ਪੁਲਸ ਦੀ ਹਾਜ਼ਰੀ ਚ ਜੈ ਸ੍ਰੀ ਰਾਮ ਦੇ ਨਾਅਰੇ ਲਾਉਂਦੇ ਇਕ ਗਰੁੱਪ ਨੇ ਔਰਤਾਂ ਦੇ ਸਾਹਮਣੇ ਆ ਕੇ ਆਪਣੀਆਂ ਪੈਂਟਾਂ ਲਾਹ ਕੇ ਲਿੰਗ ਵੱਲ ਇਸ਼ਾਰਾ ਕਰਦਿਆਂ ਚੀਕ ਚੀਕ ਕੇ ਕਿਹਾ ਸੀ ਆਹ ਲਓ ਆਜ਼ਾਦੀ.. ਪੁਲਸ ਖਾਮੋਸ਼ ਰਹੀ.
ਅਜਿਹੀ ਹਾਲਤ ਚ ਜਿਹਨਾਂ ਇਕੱਲੀਆਂ ਔਰਤਾਂ ਨਾਲ ਰੇਪ ਜਾਂ ਰੇਪ ਜਿਹੀ ਦਰਿੰਦਗੀ ਹੋਈ, ਉਹਨਾਂ ਲਈ ਇਨਸਾਫ ਦੀ ਆਸ ਕਿਥੋਂ ਬਚੀ ਰਹੇਗੀ।
ਮਨ ਕੀ ਬਾਤ ਤੋ ਬੜੀ ਸ਼ਿੱਦਤ ਸੇ ਕਰਤੇ ਹੋ ਸਾਹੇਬ
ਕਭੀ ਮਨ ਕੇ ਆਈਨੇ ਸੇ
ਬੇਆਬਰੂ ਹੂਈ
ਮਾਓਂ ਬੇਟੀਓਂ ਕਾ ਦਰਦ ਭੀ ਦੇਖਨਾ
..
ਇਸ ਰਿਪੋਰਟ ਨੂੰ ਸਾਂਝੀ ਕਰਦਿਆਂ ਕੁਝ ਸ਼ਬਦਾਂ ਤੇ ਕਈਆਂ ਨੂੰ ਇਤਰਾਜ਼ ਹੋਵੇਗਾ, ਪਰ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਅਸ਼ਲੀਲਤਾ ਸ਼ਬਦਾਂ ਚ ਨਹੀਂ ਵਰਤਾਰੇ ਚ ਹੁੰਦੀ ਹੈ।
-ਅਮਨਦੀਪ ਹਾਂਸ