ਸਟੱਡੀ ਵੀਜ਼ੇ ਲਈ ਮਾਪੇ ਕਰਜ਼ੇ ਚੁੱਕਣ ਨੂੰ ਮਜਬੂਰ
Posted on:- 09-10-2019
-ਸੂਹੀ ਸਵੇਰ ਬਿਊਰੋ
ਪੰਜਾਬ ਚ ਹੁਣ `ਸਟੱਡੀ ਵੀਜ਼ਾ ਵੀ ਕਰਜ਼ੇ ਦਾ ਕਾਰਨ ਬਣਨ ਲੱਗਾ ਹੈ । ਮਾਂ-ਬਾਪ ਧੀਆਂ ਪੁੱਤਾਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ `ਤੇ ਲਾ ਰਹੇ ਹਨ । ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਤੇ ਟਰੈਕਟਰਾਂ ਬਿਨਾਂ ਘਰ ਖਾਲੀ ਹੋਣ ਲੱਗੇ ਹਨ। ਜ਼ਮੀਨਾਂ ਦੇ ਗ੍ਰਾਹਕ ਨਹੀਂ ਲੱਭ ਰਹੇ। ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ। ਜਹਾਜ਼ ਦੀ ਟਿਕਟ ਲਈ ਪਸ਼ੂ ਤੇ ਵਿਦੇਸ਼ੀ ਫੀਸਾਂ ਲਈ ਖੇਤੀ ਮਸ਼ੀਨਰੀ ਦਾ ਵਿਕਣਾ ਹੁਣ ਲੁਕੀ ਛਿਪੀ ਗੱਲ ਨਹੀਂ। ਪੂਰੇ ਇੱਕ ਵਰ੍ਹੇ ਤੋਂ ਨਰਮੇ ਪੱਟੀ ਖ਼ਿੱਤੇ ’ਚ ਸਟੱਡੀ ਵੀਜ਼ੇ ਤੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਸਿਖਰ ਵੱਲ ਹੋਇਆ ਹੈ। ਬਠਿੰਡਾ ਜ਼ਿਲ੍ਹੇ ਦੇ ਵਿਚ ਕਿਸਾਨੀ ਪਰਿਵਾਰਾਂ ਚ ਕਈ ਅਜਿਹੇ ਕੇਸ ਆਏ ਹਨ ਜਿਥੇ ਮਾਪਿਆਂ ਨੇ ਆਪਣੇ ਮੁੰਡੇ ਕੁੜੀਆਂ ਨੂੰ ਸਟੱਡੀ ਵੀਜ਼ੇ `ਤੇ ਵਿਦੇਸ਼ ਤੋਰਨ ਲਈ ਪੂਰੀ ਖੇਤੀ ਮਸ਼ੀਨਰੀ ਵੇਚ ਦਿੱਤੀ ਤੇ ਪਸ਼ੂ ਵੇਚ ਦਿੱਤੇ । ਬਠਿੰਡਾ ਦੀ ਭੁੱਚੋ ਮੰਡੀ ਦੇ ਨੀਟਾ ਜਵੈਲਰਜ਼ ਦੇ ਮਾਲਕ ਗੁਰਦਵਿੰਦਰ ਜੌੜਾ ਨੇ ਦੱਸਿਆ ਕਿ ਹੁਣ ਇੱਕੋ ਦਿਨ ’ਚ ਚਾਰ ਚਾਰ ਕੇਸ ਗਹਿਣੇ ਗਿਰਵੇ ਰੱਖਣ ਤੇ ਵੇਚਣ ਵਾਲੇ ਆਉਂਦੇ ਹਨ, ਜਿਨ੍ਹਾਂ ’ਚੋਂ 50 ਫੀਸਦੀ ਕੇਸ ਸਟੱਡੀ ਵੀਜ਼ੇ ਵਾਲੇ ਹੁੰਦੇ ਹਨ। ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕੋਲ ਗਹਿਣਿਆਂ ’ਤੇ ਲੋਨ ਲੈਣ ਵਾਲੇ ਕੇਸ ਵਧੇ ਹਨ। ਬਰਨਾਲਾ ਦੇ ਮਿੱਤਲ ਜਵੈਲਰਜ਼ ਦੇ ਮਾਲਕ ਅਮਨ ਮਿੱਤਲ ਨੇ ਦੱਸਿਆ ਕਿ ਪਿੰਡਾਂ ਚੋਂ ਹੁਣ ਗਹਿਣੇ ਵੇਚਣ ਦਾ ਰੁਝਾਨ ਵਧਿਆ ਹੈ ਅਤੇ ਮਾਪੇ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜਣ ਖਾਤਰ ਕੰਨਾਂ ਦਾ ਸੋਨਾ ਵੀ ਵੇਚ ਰਹੇ ਹਨ। ਇਸੇ ਤਰ੍ਹਾਂ ਗਿੱਦੜਬਹਾ ਦੇ ਮੇਨ ਜਵੈਲਰਜ਼ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਹਰ ਮਹੀਨੇ ਅੱਠ ਤੋਂ ਦਸ ਕੇਸ ਏਦਾਂ ਦੇ ਆਉਣ ਲੱਗੇ ਹਨ। ਬਹੁਤੇ ਮਾਪੇ ਇਸ ਨੂੰ ਮਜਬੂਰੀ ਦੱਸਦੇ ਹਨ।
ਇਵੇਂ ਹੀ ਮਾਲਵਾ ਖ਼ਿੱਤੇ ’ਚ ਤਲਵੰਡੀ ਸਾਬੋ, ਬਰਨਾਲਾ, ਮੋਗਾ, ਜ਼ੀਰਾ, ਮਲੋਟ ਤੇ ਕੋਟਕਪੂਰਾ ’ਚ ਟਰੈਕਟਰ ਮੰਡੀਆਂ ਲੱਗਦੀਆਂ ਹਨ। ਮੋਗਾ ਦੇ ਟਰੈਕਟਰ ਵਪਾਰੀ ਮਸਤਾਨ ਸਿੰਘ ਦੱਸਦੇ ਹਨ ਕਿ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਟਰੈਕਟਰ ਵੀ ਵੇਚ ਰਹੇ ਹਨ। ਤਲਵੰਡੀ ਸਾਬੋ ਦੀ ਮੰਡੀ ਦੇ ਟਰੈਕਟਰ ਵਪਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਹਰ ਹਫਤੇ ਛੇ ਸੱਤ ਕਿਸਾਨ ਨਵੇਂ ਟਰੈਕਟਰ ਵੇਚਣ ਆਉਂਦੇ ਹਨ, ਜਿਨ੍ਹਾਂ ਨੇ ਆਪਣੇ ਬੱਚੇ ਵਿਦੇਸ਼ ਭੇਜਣੇ ਹੁੰਦੇ ਹਨ। ਦੇਖਿਆ ਗਿਆ ਕਿ ਮੰਡੀਆਂ ਵਿਚ ਖੇਤੀ ਸੰਦ ਨਹੀਂ, ਮਾਪਿਆਂ ਨੂੰ ਅਰਮਾਨ ਵੇਚਣੇ ਪੈਂਦੇ ਹਨ। ਦੁਆਬੇ ਮਗਰੋਂ ਮਾਲਵੇ ਵਿਚ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਦਾ ਰੁਝਾਨ ਇਕਦਮ ਤੇਜ਼ ਹੋਇਆ ਹੈ। ਰੁਜ਼ਗਾਰ ਦੀ ਕਮੀ ਤੇ ‘ਚਿੱਟੇ’ ਦੇ ਧੂੰਏਂ ਤੋਂ ਬਚਾਓ ਲਈ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਰਾਹ ਪਏ ਹਨ, ਚਾਹੇ ਕਿੰਨੇ ਵੀ ਪਾਪੜ ਕਿਉਂ ਨਾ ਵੇਲਣੇ ਪੈਣ। ਫਿਰੋਜ਼ਪੁਰ ਦੇ ਪਿੰਡ ਪੋਨੇ ਕੇ ਉਤਾਰ ਦੇ ਇੱਕ ਘਰ ਦੀ ਵਿਥਿਆ ਨਵੇਂ ਸੰਕਟ ਨੂੰ ਦੱਸਣ ਲਈ ਕਾਫ਼ੀ ਹੈ। ਇਸ ਘਰ ਦੇ ਬਜ਼ੁਰਗ ਮਾਲਕ ਦੀ ਪਹਿਲੋਂ ਮੌਤ ਹੋ ਗਈ। ਪੂਰੀ ਜ਼ਮੀਨ ਵੇਚ ਕੇ ਮੁੰਡਾ ਵਿਦੇਸ਼ ਭੇਜ ਦਿੱਤਾ। ਮਗਰੋਂ ਮਾਂ ਦੀ ਮੌਤ ਹੋ ਗਈ ਤੇ ਮਾਂ ਦੇ ਸਸਕਾਰ ਤੇ ਭੋਗ ’ਤੇ ਵੀ ਪੁੱਤ ਨਾ ਆ ਸਕਿਆ।
ਬੱਚੇ ਵਿਦੇਸ਼ ਭੇਜਣ ਲਈ ਮਾਪੇ ਦੁਧਾਰੂ ਪਸ਼ੂ ਵੀ ਵੇਚਣ ਦੇ ਰਾਹ ਪਏ ਰਹੇ ਹਨ। ਮਾਲਵਾ ਪਸ਼ੂ ਵਪਾਰੀ ਵੈਲਫੇਅਰ ਸੁਸਾਇਟੀ ਮੌੜ ਮੰਡੀ ਦੇ ਪ੍ਰਧਾਨ ਪਰਮਜੀਤ ਸਿੰਘ ਮਾਟਾ ਦੱਸਦੇ ਹਨ ਕਿ ਪਸ਼ੂ ਮੇਲਿਆਂ ਵਿਚ 60 ਫੀਸਦੀ ਪਸ਼ੂ ਮਜਬੂਰੀ ਦੇ ਭੰਨੇ ਵੇਚ ਰਹੇ ਹਨ, ਜਿਨ੍ਹਾਂ ਵਿਚ ਸਟੱਡੀ ਵੀਜ਼ੇ ਵਾਲੇ ਵੀ ਸ਼ਾਮਲ ਹਨ । ਬਹੁਤੇ ਕਿਸਾਨ ਜ਼ਮੀਨਾਂ ਗਿਰਵੀ ਕਰ ਰਹੇ ਹਨ। ਇਸੇ ਆਸ ਤੇ ਉਮੀਦ ਨਾਲ ਕਿ ਬੱਚੇ ਵਿਦੇਸ਼ ਰੋਟੀ ਪੈਣ ਮਗਰੋਂ ਜ਼ਮੀਨਾਂ ਨੂੰ ਛੁਡਵਾ ਲੈਣਗੇ। ਮੁਕਤਸਰ ਦੇ ਦੋਦਾ ਦੇ ਨੌਜਵਾਨ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਗਿਰਵੀ ਕਰਨ ਮਗਰੋਂ ਬਹੁਤੇ ਕਿਸਾਨ ਉਸੇ ਜ਼ਮੀਨ ਨੂੰ ਠੇਕੇ ’ਤੇ ਵਾਹੁਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਸਮਾਜ ’ਚ ਪਰਦਾ ਵੀ ਰਹਿ ਜਾਂਦਾ ਹੈ। ਦੇਖਿਆ ਜਾਵੇ ਕਿ ਇਕੱਲਾ ਵਿਦੇਸ਼ ਵਿਚ ਸਰਮਾਇਆ ਹੀ ਨਹੀਂ ਜਾ ਰਿਹਾ, ਪਿੱਛੇ ਘਰ ਵੀ ਖਾਲੀ ਹੋ ਰਹੇ ਹਨ। ਮਾਪਿਆਂ ਕੋਲ ਇਕੱਲੀਆਂ ਉਮੀਦਾਂ ਬਚੀਆਂ ਹਨ।ਨਵਾਂ ਰੁਝਾਨ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੜਕਿਆਂ ਦੇ ਚੰਗੇ ਬੈਂਡ ਆਏ ਹਨ, ਉਹ ਵੀ ਏਦਾਂ ਦੀ ਕੁੜੀ ਭਾਲਦੇ ਹਨ ਜੋ ਵਿਦੇਸ਼ ਦਾ ਖਰਚਾ ਚੁੱਕ ਸਕੇ।
ਪੰਜਾਬ ਵਿੱਚੋਂ ਬਾਰ੍ਹਵੀਂ ਜਮਾਤ ਪਾਸ ਕਰ ਕੇ ਇੱਥੋਂ ਨਾਉਮੀਦ ਹੋ ਕੇ ਲੱਖਾਂ ਦੀ ਤਾਦਾਦ ਵਿੱਚ ਬੱਚੇ ਆਈਲੈਟਸ ਦੀਆਂ ਦੁਕਾਨਾਂ ਉੱਤੇ ਜਾ ਰਹੇ ਹਨ। 2018-19 ਦੌਰਾਨ ਹੀ ਡੇਢ ਲੱਖ ਦੇ ਕਰੀਬ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਅਤੇ ਹੋਰ ਦੇਸ਼ਾਂ ਨੂੰ ਚਲੇ ਗਏ। ਅਜਿਹੇ ਵਰਤਾਰੇ ਨਾਲ ਪੰਜਾਬ ਦੇ ਕਾਲਜਾਂ `ਚ ਬੱਚਿਆਂ ਦੀ ਸੰਖਿਆ ਘਟੀ ਹੈ । ਥਾਂ -ਥਾਂ ਖੁਲ੍ਹੇ ਆਈਲੈਟਸ ਸੈਂਟਰ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ । ਇਸ ਵਾਰ ਪੰਜਾਬੀ ਯੂਨੀਵਰਸਿਟੀ `ਚ ਵੀ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਰਹੀ ਹੈ । ਇੱਕ ਸੀਨੀਅਰ ਸਰਕਾਰੀ ਅਧਿਕਾਰੀ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ ਘਟਣ ਕਰ ਕੇ ਆ ਰਹੇ ਸੰਕਟ ਨਾਲ ਨਜਿੱਠਣ ਲਈ ਕੁਝ ਪੇਂਡੂ ਕਾਲਜਾਂ ਨੂੰ ਬੰਦ ਕਰਨ ਦੇ ਪ੍ਰਸਤਾਵ ’ਤੇ ਵੀ ਕਈ ਵਾਰ ਚਰਚਾ ਹੋ ਚੁੱਕੀ ਹੈ।
ਮਾਪਿਆਂ ਵੱਲੋਂ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਵਿਦੇਸ਼ਾਂ `ਚ ਭੇਜਣ ਦੇ ਵਰਤਾਰੇ ਬਾਰੇ ਕੈਨੇਡਾ ਦੇ ਵੈਨਕੂਵਰ ਸੂਬੇ ਦੀ ਪੰਜਾਬੀ ਮੂਲ ਦੀ ਐੱਮ.ਐੱਲ.ਏ . ਰਚਨਾ ਸਿੰਘ ਦਾ ਕਹਿਣਾ ਹੈ ,``ਮਾਪਿਆਂ ਵਲੋਂ ਅਜਿਹਾ ਆਪਣੇ ਬੱਚਿਆਂ ਨੂੰ ਵਿਦੇਸ਼ਾਂ `ਚ ਪੱਕੇ ਕਰਨ ਲਈ ਕੀਤਾ ਜਾਂਦਾ ਹੈ ।ਉਹਨਾਂ ਨੂੰ ਲਗਦਾ ਹੈ ਜਦੋਂ ਬੱਚੇ ਪੱਕੇ ਹੋ ਗਏ ਤਾਂ ਆਪੇ ਕਰਜ਼ਾ ਲਾਹ ਦੇਣਗੇ ਪਰ ਇਹ ਕੰਮ ਇੰਨਾ ਸੌਖਾ ਨਹੀਂ ਹੈ ਕਿਓਂਕਿ ਬੱਚੇ ਸਟੱਡੀ ਦੌਰਾਨ ਹਫਤੇ `ਚ ਸਿਰਫ 20 ਘੰਟੇ ਹੀ ਕੰਮ ਕਰਦੇ ਹਨ ਜਿਸਦੇ ਉਹਨਾਂ ਨੂੰ 14 ਕੁ ਡਾਲਰ ਘੰਟੇ ਦੇ ਮਿਲਦੇ ਹਨ । ਇਸ ਵਿਚ ਉਹ ਆਪਣੇ ਰਹਿਣ ਦਾ ਕਿਰਾਇਆ ਖਾਣ-ਪੀਣ ਦਾ ਵੀ ਜੁਗਾੜ ਕਰਦੇ ਹਨ । ਬਹੁਤ ਸਾਰੇ ਬੱਚੇ ਗੈਰ -ਕਾਨੂੰਨੀ ਤੌਰ `ਤੇ ਕੰਮ ਕਰਦੇ ਹਨ (ਨਿਯਮਤ ਘੰਟਿਆਂ ਤੋਂ ਵਧੇਰੇ ) ਫੜੇ ਜਾਣ ਦਾ ਡਰ ਤਾਂ ਹੁੰਦਾ ਹੀ ਮਿਹਨਤਾਨਾ ਵੀ ਘੱਟ ਮਿਲਦਾ ਹੈ; ਸੋਸ਼ਣ ਵੀ ਹੁੰਦਾ ਹੈ । ਸਟੱਡੀ ਪੂਰੀ ਹੋਣ ਤੋਂ ਬਾਅਦ ਵਿਦਿਆਰਥੀ ਆਪਣਾ ਵਰਕ ਪਰਮਟ ਲਾਉਂਦਾ ਹੈ ਇਸ ਤਰਾਂ ਪੱਕੇ ਹੋਣ ਲਈ 7 ਸਾਲ ਤੱਕ ਦਾ ਸਮਾਂ ਵੀ ਲੱਗ ਜਾਂਦਾ ਹੈ । ਇਥੇ ਵਧੀਆ ਡਿਗਰੀ ਯੂਨੀਵਰਸਿਟੀਆਂ `ਚ ਦਾਖਲਾ ਘੱਟ ਮਿਲਦਾ ਹੈ ।ਇਥੇ ਪੰਜਾਬ ਦੇ ਵਿਦਿਆਰਥੀ ਜਿਨ੍ਹਾਂ ਅਦਾਰਿਆਂ `ਚ ਦਾਖਲਾ ਲੈਂਦੇ ਹਨ ਉਹਨਾਂ `ਚ ਪੜ੍ਹਾਈ ਦਾ ਪੱਧਰ ਤਾਂ ਵਧੀਆ ਨਹੀਂ ਪਰ ਉਹ ਵਿਦਿਆਰਥੀਆਂ ਦੀਆਂ ਜੇਬ੍ਹਾਂ ਜ਼ਰੂਰ ਖਾਲੀ ਕਰਾ ਰਹੀਆਂ ਹਨ । ਸੋ ਇਥੇ ਆ ਕਿ ਨੌਜਵਾਨ ਦੀ ਲੜਾਈ ਆਪਣੇ ਆਪ ਨੂੰ ਪੈਰਾਂ ਸਿਰ `ਤੇ ਖੜ੍ਹਾ ਕਰਨ ਦੀ ਹੀ ਰਹਿ ਜਾਂਦੀ ਹੈ । ਮਾਪਿਆਂ ਸਿਰ ਚੜਿਆ ਕਰਜ਼ਾ ਲਾਹੁਣਾ ਮੁਸ਼ਕਿਲ ਹੋ ਜਾਂਦਾ ਹੈ । ਮਾਪਿਆਂ ਪੱਲੇ ਪੈ ਜਾਂਦੀ ਹੈ ਨਮੋਸ਼ੀ ਤੇ ਅੱਥਰੂ ।``