ਮਾਲੇਰਕੋਟਲਾ ਦੀ ਇਤਿਹਾਸਕ ਤੇ ਪਵਿੱਤਰ ਧਰਤੀ ਜ਼ਹਿਰੀਲੇ ਪਾਣੀ ਨੇ ਕੀਤੀ ਪਲੀਤ - ਬਲਜਿੰਦਰ ਕੋਟਭਾਰਾ
Posted on:- 05-01-2013
ਫ਼ੈਕਟਰੀਆਂ ਤੇ ਸੀਵਰੇਜ ਦੇ ਤੇਜ਼ਾਬੀ ਪਾਣੀ ਨਾਲ ਹੁੰਦੀ ਹੈ ਸਬਜ਼ੀਆਂ ਦੀ ਸਿੰਚਾਈ
ਕੈਂਸਰ, ਕਾਲ਼ਾ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਦਾ ਹਮਲਾ
ਮਾਲੇਰਕੋਟਲਾ ਦੀ ਇਤਿਹਾਸਕ ਤੇ ਪਵਿੱਤਰ ਧਰਤੀ ਜ਼ਹਿਰੀਲੇ ਪਾਣੀ ਨੇ ਪਲੀਤ ਕਰਕੇ ਰੱਖ ਦਿੱਤੀ ਹੈ। ਇਹ ਧਰਤੀ ਸਭ ਤੋਂ ਵੱਡੀ ਸਬਜ਼ੀ ਮੰਡੀ ਹੋਣ ਦਾ ਵੀ ਮਾਣ ਲੈਂਦੀ ਹੈ, ਪਰ ਇਹ ਜਾਣ ਕੇ ਹੈਰਾਨੀ ਤੇ ਫਿਕਰ ਹੁੰਦਾ ਹੈ ਕਿ ਇਸ ਧਰਤੀ ਤੋਂ ਪੈਦਾ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਸਧਾਰਨ ਪਾਣੀ ਨਾਲ ਨਹੀਂ ਬਲਕਿ ਜ਼ਹਿਰਾਂ ਰਲ਼ੇ ਪਾਣੀ ਨਾਲ ਉਗਾਈਆਂ ਜਾਂਦੀਆਂ ਹਨ।
ਇਹ ਕਿਸਾਨਾਂ ਦੀ ਲਾਪਰਵਾਹੀ ਨਹੀਂ ਮਜਬੂਰੀ ਹੈ, ਤੇ ਇਹ ਮਜਬੂਰੀ ਲੱਖਾਂ ਲੋਕਾਂ ਨੂੰ ਸਿੱਧੇ ਅਸਿੱਧੇ ਰੂਪ 'ਚ ਬਿਮਾਰੀਆਂ ਦੀ ਸੌਗਾਤ ਵੰਡਦੀ ਹੈ। ਇਸ ਸਬਜ਼ੀ ਮੰਡੀ 'ਚੋਂ ਹਰ ਰੋਜ਼ ਪੂਰੇ ਦੇਸ਼ ਦੀਆਂ ਮੰਡੀਆਂ ਲਈ ਲੱਖਾਂ ਟਨ ਸਬਜ਼ੀ ਦਾ ਵਪਾਰ ਹੁੰਦਾ ਹੈ। ਇਹ ਸਬਜ਼ੀਆਂ ਉਗਾਈਆਂ ਵੀ ਇੱਥੇ ਹੀ ਜਾਂਦੀਆਂ ਹਨ। ਸੈਂਕੜੇ ਕਿਸਾਨ ਪਰਿਵਾਰ ਇਸ ਉਤਪਾਦਨ ਨਾਲ ਜੁੜੇ ਹਨ, ਪਰ ਸਭ ਦੀ ਇੱਕੋ ਮੁਸ਼ਕਿਲ ਕਿ ਸਿੰਚਾਈ ਲਈ ਸਾਫ ਪਾਣੀ ਦੀ ਥਾਂ ਸੀਵਰੇਜ ਤੇ ਫ਼ੈਕਟਰੀਆਂ ਦੇ ਜ਼ਹਿਰੀਲੇ ਪਾਣੀ 'ਤੇ ਨਿਰਭਰ ਹੋਣਾ ਪੈਂਦਾ ਹੈ। ਇੱਥੇ ਨਹਿਰੀ ਪਾਣੀ ਦਾ ਕੋਈ ਪ੍ਰਬੰਧ ਨਹੀਂ। ਸਬਜ਼ੀਆਂ ਤੇ ਹੋਰ ਜਿਣਸਾਂ ਲਈ ਪਾਣੀ ਦਾ ਸਰੋਤ ਧੂਰੀ-ਮਲੇਰਕੋਟਲਾ ਸੜਕ ਵੱਲ ਨਿਕਲਦਾ ਗੰਦਾ ਨਾਲ਼ਾ ਹੈ, ਜਿਸ ਨੂੰ ਲਸਾੜਾ ਡਰੇਨ ਕਹਿੰਦੇ ਹਨ।
ਇਸ ਲਸਾੜਾ ਡਰੇਨ ਵਿੱਚ ਧੂਰੀ ਰੋਡ ਦੇ ਸੱਜੇ ਪਾਸੇ ਬਣੀ ਧਾਗਾ ਮਿੱਲ ਦਾ ਤੇਜ਼ਾਬੀ ਪਾਣੀ ਤੇ ਸੀਵਰੇਜ ਵਾਲਾ ਸਾਰਾ ਪਾਣੀ ਸੁੱਟਿਆ ਜਾ ਰਿਹਾ ਹੈ, ਜੋ ਕਿ ਖੇਤਾਂ ਨੂੰ ਲਾਉਣ ਦਾ ਇੱਕ ਮਾਤਰ ਸਾਧਨ ਹੋ ਨਿੱਬੜਦਾ ਹੈ। ਇਸ ਗੰਦੇ ਨਾਲੇ ਦੇ ਕਿਨਾਰੇ ਦੂਰ ਤੱਕ ਛੋਟੇ ਟੁਕੜਿਆਂ ਵਾਲੀ ਜ਼ਮੀਨ ਵਿੱਚ ਇਹ ਤੇਜ਼ਾਬੀ ਪਾਣੀ ਖ਼ਪਤ ਹੋ ਰਿਹਾ ਹੈ। ਇਸ ਪਾਣੀ ਦਾ ਅਸਰ ਖੇਤੀਯੋਗ ਜ਼ਮੀਨ ਦੇ ਬਦਲਦੇ ਜਾ ਰਹੇ ਰੰਗ ਤੋਂ ਸਾਫ ਦਿਸ ਰਿਹਾ ਹੈ। ਮਿੱਟੀ ਜਾਮਣੀ ਭਾਅ ਮਾਰਨ ਲੱਗੀ ਹੈ, ਦੂਰ ਦੂਰ ਤੱਕ ਮਾਰਦਾ ਮੁਸ਼ਕ ਇੱਥੇ ਰਹਿਣ ਵਾਲੇ ਤੇ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਦੀ ਔਖ ਬਿਆਨਦਾ ਹੈ। ਇਸ ਤੇਜ਼ਾਬੀ ਪਾਣੀ ਨਾਲ ਸਿੰਚਾਈ ਕਰਨ ਵਾਲਿਆਂ ਦੀ ਚਮੜੀ 'ਤੇ ਜ਼ਖ਼ਮ ਬਣ ਰਹੇ ਹਨ।
ਸਬਜ਼ੀਆਂ ਨੂੰ ਤੇਜ਼ਾਬੀ ਪਾਣੀ ਲਗਾ ਰਹੇ ਨੌਜਵਾਨ ਕਿਸਾਨ ਮੁਹੰਮਦ ਯਾਸੀਨ ਨਾਲ ਗੱਲਬਾਤ ਕਰਨ 'ਤੇ ਉਹਨਾਂ ਇਸ ਨੂੰ ਮਜਬੂਰੀ ਕਰਾਰ ਦਿੰਦਿਆਂ ਕਿਹਾ ਕਿ ਇਸ ਸਾਰੇ ਇਲਾਕੇ ਨੂੰ ਨਹਿਰੀ ਪਾਣੀ ਨਾ ਹੋਣ ਕਾਰਣ ਉਹ ਗੰਦੇ ਨਾਲ਼ੇ ਵਾਲੇ ਪਾਣੀ ਨਾਲ ਸਿੰਚਾਈ ਕਰਦੇ ਹਨ। ਸਰਕਾਰੇ-ਦਰਬਾਰੇ ਕੋਈ ਫ਼ਰਿਆਦ ਸੰਬੰਧੀ ਪੁੱਛਣ 'ਤੇ ਉਸ ਦਾ ਜਵਾਬ ਸੀ ਕਿ ਹੁਣ ਤੱਕ ਉਹ ਅਨੇਕਾਂ ਵਾਰ ਡੀ. ਸੀ. ਸੰਗਰੂਰ ਕੋਲ ਲਿਖਤੀ ਅਰਜ਼ੀਆਂ ਦੇ ਚੁੱਕੇ ਹਨ ਪਰ ਕਿਸੇ ਦੀ ਕੋਈ ਸੁਣਵਾਈ ਨਹੀਂ। ਉਸ ਦਾ ਰੋਸਾ ਸੀ ਕਿ ਪ੍ਰਸ਼ਾਸਨ ਜ਼ਮੀਨ ਦਾ ਠੇਕਾ ਤਾਂ ਸਾਰਾ ਜਮ੍ਹਾ ਕਰਵਾ ਲੈਂਦਾ ਹੈ ਪਰ ਪਾਣੀ ਵੱਲ ਕਿਸੇ ਦਾ ਖਿਆਲ ਨਹੀਂ। ਕਿਸਾਨਾਂ ਦਾ ਕਹਿਣਾ ਹੈ ਕਿ ਛੋਟੀਆਂ ਜੋਤਾਂ ਹੋਣ ਕਾਰਣ ਉਹ ਧਰਤੀ ਹੇਠਲਾ ਪਾਣੀ ਕੱਢਣ ਲਈ ਸਬਮਰਸੀਬਲ ਮੋਟਰ ਆਦਿ ਦਾ ਖ਼ਰਚਾ ਚੁੱਕਣ ਤੋਂ ਵੀ ਅਸਮਰੱਥ ਹਨ ਤੇ ਦੂਜਾ ਛੋਟੀਆਂ ਜੋਤਾਂ ਵਾਲੇ ਕਿਸਾਨਾਂ ਨੂੰ ਮੋਟਰਾਂ ਲਈ ਕੁਨੈਕਸ਼ਨ ਵੀ ਨਹੀਂ ਦਿੱਤੇ ਜਾਂਦੇ।
ਫਸਲ ਨੂੰ ਸਿੰਜਣ ਲਈ ਗੰਦੇ ਨਾਲ਼ੇ 'ਚੋਂ ਪਾਣੀ ਖੇਤਾਂ ਤੱਕ ਲਿਜਾਣ ਦਾ ਪ੍ਰਬੰਧ ਵੀ ਕਿਸਾਨ ਹਜ਼ਾਰਾਂ ਰੁਪਏ ਜੇਬ ਵਿੱਚੋਂ ਖ਼ਰਚ ਕੇ ਕਰਦੇ ਹਨ। ਇਹ ਜਾਣਦੇ ਹੋਏ ਵੀ ਕਿ ਇਸ ਪਾਣੀ ਨਾਲ ਤਿਆਰ ਹੋਈ ਜਿਣਸ ਕਿਸੇ ਵੀ ਤਰ੍ਹਾਂ ਤੰਦਰੁਸਤ ਨਹੀਂ, ਬਲਕਿ ਕਈ ਭਿਆਨਕ ਬਿਮਾਰੀਆਂ ਦਾ ਕਾਰਨ ਬਣਦੀ ਹੈ, ਪਰ ਹੋਰ ਕੋਈ ਚਾਰਾ ਵੀ ਨਹੀਂ। ਨਾ ਕੋਈ ਸਿਆਸੀ ਪਾਰਟੀ ਇਸ ਗੰਭੀਰ ਮਸਲੇ ਵੱਲ ਧਿਆਨ ਦਿੰਦੀ ਹੈ ਤੇ ਨਾ ਹੀ ਕਿਸਾਨਾਂ ਦੀਆਂ ਅਪੀਲਾਂ ਵੱਲ ਪ੍ਰਸ਼ਾਸਨ ਕੰਨ ਕਰਦਾ ਹੈ। ਨਤੀਜਾ ਕਿਸਾਨਾਂ ਨੇ ਇਸ ਨੂੰ ਆਪਣੀ ਹੋਣੀ ਕਬੂਲ ਕਰ ਲਿਆ ਹੈ।
ਗੰਦੇ ਪਾਣੀ ਨਾਲ ਪਲ਼ੀਆਂ ਸਬਜ਼ੀਆਂ ਤੇ ਹੋਰ ਜਿਣਸਾਂ ਖਾਣ ਦੇ ਭਿਆਨਕ ਸਿੱਟੇ ਸ਼ਹਿਰ ਦੇ ਹਰ ਹਿੱਸੇ 'ਚ ਲੱਭ ਜਾਣਗੇ। ਕਾਲ਼ਾ ਪੀਲੀਆ, ਕਈ ਤਰ੍ਹਾਂ ਦਾ ਕੈਂਸਰ ਪੂਰੇ ਸ਼ਹਿਰ 'ਤੇ ਅਤੇ ਆਸ-ਪਾਸ ਦੇ ਹਲਕੇ 'ਚ ਮਹਾਦਾਨਵ ਬਣ ਕਹਿਰ ਮਚਾ ਰਿਹਾ ਹੈ। ਸ਼ਹਿਰ ਦੇ ਨਵਾਂ ਜਮਾਲਪੁਰ ਟਿੱਬਿਆਂ ਵਾਲਾ ਮੁਹੱਲੇ ਦਾ ਵਾਸੀ 52 ਸਾਲ ਦਾ ਸਲਾਮਦੀਨ ਤਿੰਨ ਸਾਲਾਂ ਤੋਂ ਗਲ਼ ਦੇ ਕੈਂਸਰ ਤੋਂ ਪੀੜਤ ਸੀ ਤੇ ਕਦੀ ਨਾ ਥੱਕਣ ਵਾਲਾ ਤੇ ਛੇ ਜੀਆਂ ਦੇ ਟੱਬਰ ਦੀ ਹਰ ਲੋੜ ਮਿਹਨਤ ਨਾਲ ਪੂਰੀ ਕਰਨ ਵਾਲਾ ਸਲਾਮਦੀਨ ਕੈਂਸਰ ਕੋਲੋਂ ਇਸ ਹੱਦ ਤੱਕ ਹਾਰ ਗਿਆ ਕਿ ਉਹ ਆਪਣੇ ਸਰੀਰ 'ਤੇ ਭਿਣਕ ਰਹੀਆਂ ਮੱਖੀਆਂ ਨੂੰ ਵੀ ਨਹੀਂ ਸੀ ਉਠਾ ਸਕਦਾ, ਜਿਸ ਦਿਨ ਮੈਂ ਉਸ ਦੇ ਘਰ ਗਿਆ ਤਾਂ ਉਹ ਆਖ਼ਰੀ ਦਿਨ ਗਿਣ ਰਿਹਾ ਜਾਪਦਾ ਸੀ ਤੇ ਆਖ਼ਰ ਉਹ ਫੌਤ ਹੋ ਗਿਆ। ਉਸ ਦੇ ਨੱਕ, ਕੰਨ ਤੇ ਗਲ਼ੇ ਵਿੱਚ ਭਿਆਨਕ ਜ਼ਖ਼ਮ ਹੋ ਗਏ ਸਨ, ਖਾਣਾ ਪੀਣਾ ਸਭ ਬੰਦ , ਜੇ ਕੋਈ ਹਮਦਰਦ ਥੋੜ੍ਹੀ ਬਹੁਤੀ ਆਰਥਿਕ ਮਦਦ ਕਰ ਦਿੰਦਾ ਤਾਂ ਉਸ ਨੂੰ ਗੁਲੂਕੋਜ਼ ਲਵਾ ਦਿੱਤਾ ਜਾਂਦਾ, ਨਹੀਂ ਤਾਂ ਕੁਝ ਨਹੀਂ। ਬੋਲਣ ਤੋਂ ਅਸਮਰਥ ਸਲਾਮਦੀਨ ਇਸ਼ਾਰੇ ਕਰਨ ਦੇ ਨਾਕਾਮ ਯਤਨਾਂ ਨਾਲ ਆਪਣੀ ਮਾਨਸਿਕ ਤੇ ਸਰੀਰਕ ਪੀੜ ਦੱਸਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਬਿਮਾਰੀ ਨੇ ਸਲਾਮਦੀਨ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਕੰਗਾਲ ਕਰਕੇ ਰੱਖ ਦਿੱਤਾ। ਪਰਿਵਾਰ ਵਾਲਿਆਂ ਨੇ ਆਪਣੇ ਦਰਦ ਫਰੋਲਦਿਆਂ ਕਿਹਾ ਕਿ ਉਹ ਸੰਗਰੂਰ, ਚੰਡੀਗੜ੍ਹ, ਲੁਧਿਆਣਾ, ਬੀਕਾਨੇਰ ਆਦਿ ਤੋਂ ਲੱਖਾਂ ਰੁਪਏ ਦਾ ਇਲਾਜ ਕਰਵਾ ਚੁੱਕੇ ਹਨ ਪਰ ਹਾਲਤ ਬਦਤਰ ਹੀ ਹੁੰਦੀ ਗਈ।
ਆਪਣਾ ਸਭ ਕੁਝ ਗਵਾ ਕੇ ਵੀ ਇਹ ਪਰਿਵਾਰ ਨਾ ਤਾਂ ਆਪਣੇ ਕਮਾਊ ਜੀਅ ਨੂੰ ਬਚਾਅ ਸਕਿਆ, ਸਗੋਂ ਧਿਰ ਧਿਰ ਦਾ ਕਰਜ਼ਈ ਵੀ ਹੋ ਗਿਆ ਹੈ। ਪਰਿਵਾਰ ਸਿਰ ਕਰੀਬ ਤਿੰਨ ਲੱਖ ਰੁਪਏ ਦਾ ਕਰਜ਼ਾ ਹੈ, ਜਿਸ ਦੇ ਲਹਿਣ ਦੀ ਕੋਈ ਉਮੀਦ ਇਸ ਪਰਿਵਾਰ ਨੂੰ ਨਹੀਂ ਦਿਸਦੀ। ਪਰਿਵਾਰ ਦਾ ਬੇਟਾ ਯੂਨਸ ਕੇਵਲ ਤਿੰਨ ਹਜ਼ਾਰ ਰੁਪਏ ਮਹੀਨੇ 'ਤੇ ਕਿਸੇ ਪ੍ਰਾਈਵੇਟ ਫ਼ੈਕਟਰੀ ਵਿੱਚ ਮਜ਼ਦੂਰੀ ਕਰਦਾ ਹੈ।
ਕੈਂਸਰ ਤੋਂ ਇਲਾਵਾ ਸ਼ਹਿਰ ਵਿੱਚ ਕਾਲ਼ਾ ਪੀਲੀਆ ਦੇ ਕੇਸਾਂ ਦੀ ਭਰਮਾਰ ਹੈ। ਕਾਲ਼ੇ ਪਾਣੀ ਨਾਲ ਸਿੰਜੀਆਂ ਸਬਜ਼ੀਆਂ ਨੇ ਕਾਲ਼ਾ ਪੀਲੀਆ ਪੈਦਾ ਕੀਤਾ ਹੈ। ਮੁਹੱਲਾ ਚੌੜਾ ਵਿੱਚ ਹੀ ਦਰਜਨਾਂ ਸ਼ਹਿਰੀਆਂ ਨੂੰ ਕਾਲ਼ੇ ਪੀਲੀਏ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। 18 ਸਾਲਾਂ ਦੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਬਿਮਾਰੀ ਦੀ ਮਾਰ ਵਿੱਚ ਆ ਚੁੱਕੇ ਹਨ। 19 ਸਾਲ ਦੇ ਮੁਹੰਮਦ ਰਹਿਮਾਨ ਨੇ ਜਦੋਂ ਅਰਬ ਦੇਸ਼ਾਂ ਵਿੱਚ ਜਾਣ ਲਈ ਆਪਣੀ ਸਿਹਤ ਦੀ ਜਾਂਚ ਕਰਵਾਈ ਤਾਂ ਉਸ ਦਾ ਮੈਡੀਕਲ ਰੱਦ ਕਰ ਦਿੱਤਾ ਗਿਆ ਕਿਉਂਕਿ ਉਸ ਨੂੰ ਕਾਲ਼ੇ ਪੀਲੀਏ ਦੀ ਬਿਮਾਰੀ ਸੀ। ਚਿੰਤਤ ਰਹਿਮਾਨ ਦੱਸਦਾ ਹੈ ਕਿ ਉਹ ਤਿੰਨ ਸਾਲਾਂ ਵਿੱਚ ਇਸ ਬਿਮਾਰੀ ਦੇ ਇਲਾਜ 'ਤੇ 40 ਹਜ਼ਾਰ ਰੁਪਏ ਦੇ ਕਰੀਬ ਗੈਰ-ਸਰਕਾਰੀ ਹਸਪਤਾਲਾਂ ਵਿੱਚ ਖ਼ਰਚ ਕਰ ਚੁੱਕਿਆ ਹੈ।
ਸਬਜ਼ੀ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲਾ ਰਹੀਮ ਮੁਹੰਮਦ (52 ਸਾਲ) ਦੱਸਦਾ ਹੈ ਕਿ ਕਾਲ਼ਾ ਪੀਲੀਆ ਉਸ ਦੀ ਸਾਰੀ ਕਮਾਈ ਹੜ੍ਹੱਪ ਰਿਹਾ ਹੈ। ਉਹ ਆਪਣੀਆਂ 6 ਬੇਟੀਆਂ ਨੂੰ ਵਿਆਹੁਣ ਦੇ ਫ਼ਿਕਰਾਂ ਵਿੱਚ ਡੁੱਬਿਆ ਹੋਇਆ ਹੈ। ਇਸੇ ਮੁਹੱਲੇ ਦਾ 55 ਸਾਲਾ ਸਬੀਰ ਦੱਸਦਾ ਹੈ ਕਿ ਉਹ ਇੱਕ ਸਾਲ ਤੋਂ ਕਾਲ਼ੇ ਪੀਲੀਏ ਦੀ ਬਿਮਾਰੀ ਤੋਂ ਦੁਖੀ ਹੈ ਤੇ ਹਜ਼ਾਰਾਂ ਰੁਪਏ ਉਹ ਡਾਕਟਰਾਂ ਨੂੰ ਦੇ ਚੁੱਕਿਆ ਹੈ। ਮਹਿੰਗਾ ਇਲਾਜ ਹੋਰ ਕਰਵਾਉਣ ਦੇ ਹੁਣ ਉਹ ਸਮਰੱਥ ਨਹੀਂ ਰਿਹਾ ਜਿਸ ਕਰਕੇ ਇਕ ਹਕੀਮ ਤੋਂ ਇਲਾਜ ਕਰਵਾ ਰਿਹਾ ਹੈ ਪਰ ਉਸ ਤੋਂ ਲਈ ਜਾਣ ਵਾਲੀ ਤਿੰਨ ਹਜ਼ਾਰ ਰੁਪਏ ਦੀ ਦੇਸੀ ਦਵਾਈ ਵੀ ਉਸ ਨੂੰ ਪ੍ਰੇਸ਼ਾਨ ਕਰਨ ਲੱਗੀ ਹੈ। ਇਸੇ ਬਿਮਾਰੀ ਤੋਂ ਪੀੜਤ ਅਬਦੁੱਲ ਮਜੀਦ ਭੱਟੀ ਤੇ ਉਸਾਰੀ ਦਾ ਕੰਮ ਕਰਦਾ ਮਿਸਤਰੀ ਰਸੀਦ ਉਮਰ 30 ਸਾਲ ਦੇ ਫਿਕਰ ਉਹਨਾਂ ਦੇ ਚਿਹਰਿਆਂ ਤੋਂ ਸਾਫ ਝਲਕਦੇ ਹਨ, ਉਹਨਾਂ ਦਾ ਰੋਸਾ ਹੈ ਕਿ ਕਦੇ ਵੀ ਉਹਨਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ।
ਨੂਰ ਦੇ ਚਿਹਰੇ 'ਤੇ ਹੁਣ ਕੋਈ ਨੂਰ ਨਹੀਂ, ਨੂਰ ਮੁਹੰਮਦ ਆਪਣੇ ਦੁੱਖ ਫਰੋਲਦਾ ਹੈ ਉਸ ਦੀ ਜੀਵਨ ਸਾਥਣ ਦੀ ਕਾਲ਼ੇ ਪੀਲੀਏ ਨੇ ਜਾਨ ਲੈ ਲਈ। ਨੂਰ ਨੇ ਕਫੀਲਾ ਬੇਗ਼ਮ ਨੂੰ ਬਚਾਉਣ ਲਈ 5 ਲੱਖ ਰੁਪਏ ਖ਼ਰਚ ਕੀਤੇ। ਬੇਗਮ ਦੀ ਜ਼ਿੰਦਗੀ ਸਲਾਮਤ ਰੱਖਣ ਲਈ ਉਹਨਾਂ ਨੇ ਆਪਣੀ ਬੈਂਕ ਦੀ ਪੱਕੀ ਨੌਕਰੀ ਨੂੰ ਵੀ ਤਿਲਾਂਜਲੀ ਦੇ ਦਿੱਤੀ ਪਰ ਬੇਗ਼ਮ ਸਦਾ ਲਈ ਅਲਵਿਦਾ ਕਹਿ ਗਈ। ਭਰੇ ਮਨ ਨਾਲ ਨੂਰ ਦੱਸਦਾ ਹੈ ਕਿ ਉਸ ਨੇ ਇੱਕ ਸਾਲ ਪੀ. ਜੀ. ਆਈ. ਚੰਡੀਗੜ੍ਹ ਤੇ ਹੋਰ ਵੱਡੇ ਹਸਪਤਾਲਾਂ ਵਿੱਚ ਚੰਗਾ ਇਲਾਜ ਵੀ ਕਰਵਾਇਆ ਪਰ ਸਭ ਬੇਕਾਰ ਗਿਆ। ਉਹ ਇਸ ਭਿਆਨਕ ਬਿਮਾਰੀ ਦਾ ਕਾਰਣ ਜ਼ਹਿਰੀਲੇ ਪਾਣੀ ਨੂੰ ਮੰਨਦਾ ਹੈ। ਵਾਟਰ ਵਰਕਸ ਦਾ ਇੱਥੇ ਕੋਈ ਪ੍ਰਬੰਧ ਨਹੀਂ, ਜ਼ਮੀਨ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ, ਪਰ ਗੁਰਬਤ ਦੇ ਝੰਬੇ ਲੋਕ ਆਪਣੇ ਹੱਥੀਂ ਆਪਣੀ ਨਸਲਕੁਸ਼ੀ ਕਰਨ ਨੂੰ ਮਜਬੂਰ ਹਨ।
Kheewa Brar
thanks ji suhi sver sadka bada kuj navan padan nu milia hai