ਮੰਢਾਲਾ ਪਿੰਡ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟਜਿਸ ਧਰਤੀ ਤੇ ਰੱਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ
ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ।
ਮੇਰੇ ਵਾਂਗੂਂ ਚਾਰ ਦਿਹਾੜੇ ਭੱਠੀ ਕੋਲ ਖਲੋ,
ਮੁੱਲਾਂ ਫੇਰ ਵਿਖਾਵੀਂ ਮੈਨੂੰ ਆਪਣੇ ਮੂੰਹ ਦਾ ਨੂਰ।
ਹਾਸ਼ੀਆਗਤ ਅਵਾਮ ਦੀ ਰੂਹ ਦਾ ਸ਼ਾਇਰ ਬਾਬਾ ਨਜ਼ਮੀ.. .ਗੰਦੀ ਸਿਆਸਤ ਦੇ ਪਰਦੇ ਆਪਣੇ ਬਰਛੇ ਵਰਗੇ ਬੋਲਾਂ ਨਾਲ ਚਾਕ ਕਰਦਾ ਹੈ.. ਕਿ ਕਿਵੇਂ ਵਿਹਲੜ ਲਾਣੇ ਦੇ ਮੂੰਹਾਂ ਤੇ ਲਾਲੀਆਂ ਝਗੜਦੀਆਂ ਨੇ, ਤੇ ਕੰਮੀ ਕਮੀਣ ਦਿਨ ਰਾਤ ਲਹੂ ਪਸੀਨਾ ਰੋੜ ਕੇ ਵੀ ਰੱਜਵੇਂ ਟੁੱਕਰ ਦੇ ਹਾਣਦੇ ਨਹੀਂ ਹੁੰਦੇ।ਅਜਿਹਾ ਹੀ ਹਾਲ ਹੈ ਦੁਆਬੇ ਦੇ ਧੁੱਸੀ ਬੰਨ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ, ਜਿਥੇ ਹੜ੍ਹ ਨੇ ਤਬਾਹੀ ਤਾਂ ਅੱਜ ਲਿਆਂਦੀ ਹੈ, ਪਰ ਦੁੱਖਾਂ, ਤੰਗੀਆਂ ਤੁਰਸ਼ੀਆਂ ਦੇ ਹੜ੍ਹ ਚ ਤਾਂ ਇਹਨਾਂ ਦੀ ਜ਼ਿੰਦਗੀ ਦਹਾਕਿਆਂ ਤੋਂ ਗੋਤੇ ਲਾਉਂਦੀ ਕਿਸੇ ਖੁਸ਼ਹਾਲ ਤਣ ਪੱਤਣ ਨੂੰ ਟੋਲਦੀ ਫਿਰਦੀ ਹੈ।ਆਓ.. ਧੁੱਸੀ ਬੰਨ ਦੇ ਪਾੜ ਦਾ ਦਰਦ ਹੰਢਾਅ ਰਹੇ ਪਿੰਡ ਮੰਢਾਲਾ ਚੱਲਦੇ ਹਾਂ। ਸਾਰਾ ਪਿੰਡ ਦਲਿਤ ਅਬਾਦੀ ਵਾਲਾ ਹੈ, ਤਕਰੀਬਨ ਹਰ ਘਰ ਦਿਹਾੜੀਦਾਰ ਕਾਮਿਆਂ ਦਾ ਹੈ।