-ਦਿਆਲਪੁਰ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ
ਅੱਖਾਂ ਬੱਧੇ ਢੱਗੇ ਵਾਂਗੂ,
ਗੇੜਾਂ ਮੈਂ ਤੇ ਖੂਹ ਬਾਬਾ।
ਮਾਲਕ ਜਾਣੇ ਖੂਹ ਦਾ ਪਾਣੀ,
ਜਾਵੇ ਕਿਹੜੀ ਜੂਹ ਬਾਬਾ।
ਰੱਬ ਜਾਣੇ ਕੱਲ ਕਿਹੜਾ ਦਿਨ ਸੀ,
ਦੀਵੇ ਬਾਲ਼ੇ ਲੋਕਾਂ ਨੇ,
ਮੈਂ ਵੀ ਨਾਲ਼ ਸ਼ਰੀਕਾਂ ਰਲਿਆ,
ਆਪਣੀ ਕੁੱਲੀ ਲੂਹ ਬਾਬਾ..।
ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਕਈ ਵਾਰਸ ਅਰਦਾਸ ਤਾਂ ਇਹੀ ਕਰਦੇ ਨੇ ਪਰ ਅਮਲਾਂ ਚ ਇਸ ਸਿਧਾਂਤ ਤੋਂ ਥਿੜਕੇ ਹੋਏ ਨੇ, ਜ਼ਿਲਾ ਕਪੂਰਥਲਾ ਚ ਪੈਂਦੇ ਦਿਆਲਪੁਰ ਪਿੰਡ ਚ ਚੱਲਦੇ ਹਾਂ, ਸਾਫ ਹੋ ਜਾਏਗਾ ਕਿ ਜੋ ਬਾਬਾ ਨਜ਼ਮੀ ਸਾਹਿਬ ਨੇ ਕਿਹਾ ਹੈ ਕਿ ਅਸੀਂ ਸ਼ਰੀਕਾਂ ਨਾਲ ਰਲ ਕੇ ਆਪਣੀ ਕੁੱਲੀ ਵੀ ਲੂਹ ਰਹੇ ਹਾਂ ਤੇ ਸਰਬੱਤ ਦੇ ਭਲੇ ਵਾਲੇ ਸਿਧਾਂਤ ਤੋਂ ਵੀ ਕਿਵੇਂ ਖੁੰਝ ਰਹੇ ਹਾਂ। ਜਿਸ ਕੌਮ ਦਾ ਗੁਰੂ ਹੀ ਸ਼ਬਦ ਹੈ,ਗਿਆਨ ਹੈ, ਉਸ ਕੌਮ ਦੇ ਕੁਝ ਵਾਰਸ ਅਗਿਆਨਤਾ ਦੇ ਰਾਹੇ ਤੁਰਦੇ ਹੋਏ ਗਿਆਨ ਦੇ ਦੀਵੇ ਵੰਡਣ ਵਾਲੇ ਸਥਾਨ ਦਾ ਹੀ ਕਿੰਨਾ ਨੁਕਸਾਨ ਕਰ ਰਹੇ ਨੇ।ਦਿਆਲਪੁਰ ਪਿਂਡ ਚ ਸ਼ਹੀਦ ਸਿਪਾਹੀ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਹੈ, 6ਵੀਂ ਜਮਾਤ ਤੋਂ 12ਵੀਂ ਤੱਕ ਸਾਰੇ ਵਿਸ਼ੇ ਹੀ ਪਡ਼ਾਏ ਜਾਂਦੇ ਨੇ, ਕੁੱਲ 320 ਵਿਦਿਆਰਥੀ ਤੇ 16 ਅਧਿਆਪਕ ਨੇ, ਪ੍ਰਿੰਸੀਪਲ ਮੈਡਮ ਲੀਨਾ ਸ਼ਰਮਾ ਦੀ ਅਗਵਾਈ ਚ ਸਕੂਲ ਚ ਕੋਈ ਕਮੀ ਨਹੀਂ, ਪੂਰਾ ਅਨੁਸ਼ਾਸਨ, ਸਾਫ ਸਫਾਈ ਦਾ ਪੂਰਾ ਖਿਆਲ, ਪੂਰੀਆਂ ਸੂਰੀਆਂ ਪ੍ਰਯੋਗਸ਼ਾਲਾਵਾਂ, ਸਾਰਾ ਸਟਾਫ ਮਿਹਨਤੀ, ਡਿਊਟੀ ਨੂੰ ਮਹਿਜ ਡਿਊਟੀ ਨਹੀਂ, ਬਲਕਿ ਫਰਜ਼ ਸਮਝ ਕੇ ਗਿਆਨ ਦੇ ਦੀਵੇ ਜਗਾਉਂਦੇ ਨੇ।ਇਸ ਸਕੂਲ ਚ ਸਿਰਫ ਕਪੂਰਥਲਾ ਤੇ ਜਲਂਧਰ ਵਾਲੇ ਦੋਵਾਂ ਦਿਆਲਪੁਰ ਪਿਂਡਾਂ ਦੇ ਹੀ ਨਹੀਂ, ਬਲਕਿ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਵਿਦਿਆਰਥੀ ਪੜਦੇ ਨੇ, ਕਿਉਂਕਿ ਨਜ਼ਦੀਕ ਕੋਈ ਹੋਰ ਸਰਕਾਰੀ ਸੈਕੰਡਰੀ ਸਕੂਲ ਨਹੀਂ ਹੈ।